ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’

Saini Sa'aB

K00l$@!n!
ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’​


ਪੰਜਾਬੀ ਫਿਲਮ ਸਨਅਤ ਨੂੰ ਫਿਲਮ ‘ਜੀ ਆਇਆਂ ਨੂੰ’ ਰਾਹੀਂ ਮੰਦੀ ਦੇ ਦੌਰ ‘ਚੋਂ ਕੱਢ ਕੇ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਬਾਲੀਵੁਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਤੇ ਹੁਣ ਉਘੇ ਪੰਜਾਬੀ ਫਿਲਮਸਾਜ਼ ਮਨਮੋਹਣ ਸਿੰਘ ਦੁਆਰਾ ਨਿਰਦੇਸ਼ਤ ਨਵੀਂ ਪੰਜਾਬੀ ਫਿਲਮ ‘ਇੱਕ ਕੁੜੀ ਪੰਜਾਬ ਦੀ’ ਅਗਸਤ ਦੇ ਮਹੀਨੇ ਰਿਲੀਜ਼ ਹੋਣ ਲਈ ਤਿਆਰ-ਬਰ-ਤਿਆਰ ਹੈ। ਮਨ ਜੀ ਦੀ ਹਰ ਫਿਲਮ ਵਾਂਗ ਦਰਸ਼ਕਾਂ ਨੂੰ ਇਸ ਫਿਲਮ ਦੀ ਵੀ ਬੜੀ ਬੇ-ਸਬਰੀ ਨਾਲ ਉਡੀਕ ਹੈ।

‘ਜੀ ਆਇਆਂ ਨੂੰ’ ਤੋਂ ਬਾਅਦ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਯਾਰਾਂ ਨਾਲ ਬਹਾਰਾਂ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀ’, ‘ਮੇਰਾ ਪਿੰਡ’, ਅਤੇ ‘ਮੁੰਡੇ ਯੂ.ਕੇ. ਦੇ’ ਜਿਹੀਆਂ ਸਫਲ ਫਿਲਮਾਂ ਦਾ ਨਿਰਮਾਣ ਕਰਕੇ ਮਨਮੋਹਣ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬੇ ਦੇ ਨਾਲ-ਨਾਲ ਫਿਲਮ ਨਿਰਮਾਣ ਬਾਰੇ ਮੁਕੰਮਲ ਗਿਆਨ ਵੀ ਹੋਵੇ ਤਾਂ ਪੰਜਾਬੀ ਫਿਲਮਾਂ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੋ ਸਕਦੀਆਂ। ਆਪਣੀ ਇਸੇ ਸੋਚ ਨੂੰ ਲੈ ਕੇ ਉਹਨਾਂ ਨੇ ਸਕਾਈਲਿੰਕ ਇੰਟਰਟੇਨਮੈਂਟ ਲਿਮਿਟਿਡ ਅਤੇ ਪੰਜ-ਆਬ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਅਤੇ ਐਸ. ਐਸ. ਜੌਹਲ ਦੀ ਪੇਸ਼ਕਸ਼ ਹੇਠ ਆਪਣੀ ਨਵੀਂ ਪੰਜਾਬੀ ਫਿਲਮ ‘ਇੱਕ ਕੁੜੀ ਪੰਜਾਬ ਦੀ’ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾ ਖੁਦ ਮਨ ਜੀ ਅਤੇ ਰਤਨ ਭਾਟੀਆ ਹਨ।

ਮਨ ਜੀ ਦੀ ਇਸ ਫਿਲਮ ਵਿੱਚ ਹੀਰੋ ਦੀ ਭੂਮਿਕਾ ਉੱਘੇ ਗਾਇਕ ਅਮਰਿੰਦਰ ਗਿੱਲ ਨੇ ਅਦਾ ਕੀਤੀ ਹੈ ਜੋ ਕਿ ਇਸ ਤੋਂ ਪਹਿਲਾਂ ਮਨ ਜੀ ਦੀ ਪਿਛਲੀ ਫਿਲਮ ‘ਮੁੰਡੇ ਯੂ.ਕੇ. ਦੇ’ ਰਾਹੀਂ ਸਫਲਤਾ ਪੂਰਵਕ ਫਿਲਮੀ ਕੈਮਰੇ ਦਾ ਸਾਹਮਣਾ ਕਰਕੇ ਆਪਣੀ ਯੋਗਤਾ ਸਾਬਤ ਕਰ ਚੁੱਕਾ ਹੈ। ਅਮਰਿੰਦਰ ਨਾਲ ਇਸ ਵਾਰ ਹੀਰੋਇਨ ਦੇ ਰੂਪ ਵਿੱਚ ਇੱਕ ਅਸਲੋਂ ਨਵੀਂ ਪਰ ਵਧੀਆ ਅਭਿਨੇਤਰੀ ਜਸਪਿੰਦਰ ਚੀਮਾ ਅਤੇ ਸਹਿ-ਹੀਰੋ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਚੰਗਾ ਨਾਮਣਾ ਖੱਟ ਚੁੱਕਾ ਮਾਲਵੇ ਦਾ ਗੱਭਰੂ ਅਮਨ ਧਾਲੀਵਾਲ ਨਜ਼ਰੀਂ ਆਵੇਗਾ।

ਜਸਪਿੰਦਰ ਚੀਮਾ ਅਤੇ ਅਮਨ ਧਾਲੀਵਾਲ ਲਈ ਵੀ ਇਹ ਫਿਲਮ ਬੜੀ ਅਹਿਮੀਅਤ ਰੱਖਦੀ ਹੈ। ਹੋਰਨਾਂ ਭੂਮਿਕਾਵਾਂ ਵਿੱਚ ਜਿੱਥੇ ਦੀਪ ਢਿੱਲੋਂ, ਕੰਵਲਜੀਤ ਸਿੰਘ, ਗੁੱਗੂ ਗਿੱਲ, ਨਵਨੀਤ ਨਿਸ਼ਾਨ, ਡਾ. ਸੁਰਿੰਦਰ ਸ਼ਰਮਾ, ਨੀਟਾ ਮਹਿੰਦਰਾ, ਬਲਵਿੰਦਰ ਬੇਗੋਵਾਲ, ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਬੀਰ ਵਰਗੇ ਵੱਡੇ ਸਿਤਾਰੇ ਦਰਸ਼ਕਾਂ ਦਾ ਮਨ ਮੋਹਣਗੇ ਉੱਥੇ ਰੰਗਮੰਚ ਅਤੇ ਟੈਲੀਵਿਜ਼ਨ ਦੇ ਜਾਣੇ-ਪਹਿਚਾਣੇ ਕਲਾਕਾਰ ਹਰਿੰਦਰ ਭੁੱਲਰ, ਪਿੰਰਸ ਕੇ.ਜੇ. ਸਿੰਘ, ਗਗਨ ਗਿੱਲ, ਸੁਖਵਿੰਦਰ ਰਾਜ, ਕਰਮਜੀਤ ਸਿਰਸਾ, ਸੁਹਜ ਬਰਾੜ ਅਤੇ ਸੁਰਭੀ ਦਾ ਵੀ ਬੜੇ ਵਧੀਆ ਤਰੀਕੇ ਨਾਲ ਇਸ ਫਿਲਮ ਰਾਹੀਂ ਵੱਡੇ ਪਰਦੇ ‘ਤੇ ਆਗਾਜ਼ ਹੋਣ ਜਾ ਰਿਹਾ ਹੈ।

ਬਾਕੀ ਕਲਾਕਾਰਾਂ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਸੁਖਵੀਰ ਰਜ਼ੀਆ, ਤਰਸ਼ਿੰਦਰ ਸੋਨੀ, ਸਿਮਰਨ, ਜੋਤ ਸੰਧੂ, ਦਿਵਿਆ ਓਹਰੀ, ਕਾਵਿਆ ਸਿੰਘ, ਕੁਲਵੰਤ ਗਿੱਲ, ਜੇ.ਐਸ. ਜੱਗੀ, ਬਿਕਰਮ ਮਾਨ, ਅਵਤਾਰ ਸਿੰਘ, ਮੁਕੇਸ਼ ਗਿੱਦੜਬਾਹਾ ਅਤੇ ਗੁਰਪ੍ਰੀਤ ਸੰਧੂ ਆਦਿ ਸ਼ਾਮਿਲ ਹਨ। ਫਿਲਮ ਨੂੰ ਸੰਗੀਤਕ ਰੰਗ ਨਾਲ ਉੱਘੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ ਰੰਗਿਆ ਹੈ ਅਤੇ ਗੀਤਕਾਰ ਅਮਰਦੀਪ ਗਿੱਲ, ਰਾਣਾ ਰਣਬੀਰ, ਨਿੰਮਾ ਲੁਹਰਕਾ ਅਤੇ ਹਰਜੀਤ ਸਿੱਦੀਕੀ ਦੁਆਰਾ ਰਚਿਤ ਗੀਤਾਂ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਪ੍ਰਸਿੱਧ ਗਾਇਕਾਂ ਅਮਰਿੰਦਰ ਗਿੱਲ, ਲਾਭ ਜੰਜੂਆ, ਰਵਿੰਦਰ ਸਿੰਘ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਚਾਰ ਚੰਨ ਲਾਏ ਹਨ। ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਦੀ ਵਾਗਡੋਰ ਖੁਦ ਮਨ ਜੀ ਨੇ ਸੰਭਾਲੀ ਹੈ। ਡਾਇਲਾਗ ਲਿਖਣ ਦਾ ਸਭ ਤੋਂ ਔਖਾ ਅਤੇ ਕਲਾਤਮਕ ਕੰਮ ਇਸ ਵਾਰ ਵੀ ਪ੍ਰਸਿੱਧ ਕਲਾਕਾਰ ਰਾਣਾ ਰਣਬੀਰ ਦੇ ਹਿੱਸੇ ਆਇਆ ਹੈ। ਫਿਲਮ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਕੈਮਰੈ ‘ਚ ਕੈਦ ਕਰਨ ਦਾ ਸੂਖਮ ਕੰਮ ਵੀ ਇਸ ਵਾਰ ਮਨ ਜੀ ਨੇ ਆਪ ਹੀ ਕੀਤਾ ਹੈ।

ਉਹਨਾਂ ਦੀਆਂ ਪਿਛਲੀਆਂ ਫਿਲਮਾਂ ਵਾਂਗ ਇਸ ਵਾਰ ਵੀ ਇਸ ਫਿਲਮ ਦੇ ਮੁੱਖ ਸਹਾਇਕ ਨਿਰਦੇਸ਼ਕ ਦਰਸ਼ਨ ਦਰਵੇਸ਼ ਹਨ ਅਤੇ ਪੰਜਾਬੀ ਸੀਰੀਅਲ ‘ਦੇਸ ਪ੍ਰਦੇਸ’ ਅਤੇ ਹੋਰ ਕਈ ਮਸ਼ਹੂਰ ਲੜੀਵਾਰਾਂ ਮਗਰੋਂ ਲੰਬਾ ਸਮਾਂ ਚੁੱਪ ਰਹਿਣ ਬਾਅਦ ਦਰਸ਼ਨ ਦਰਵੇਸ਼ ਨੇ ਇਸ ਫਿਲਮ ਰਾਹੀਂ ਫਿਰ ਆਪਣੀ ਅਦਾਕਾਰੀ ਦੀ ਅਗਲੀ ਪਾਰੀ ਦੀ ਸ਼ੁਰੂਆਤ ਵੀ ਕੀਤੀ ਹੈ। ਫਿਲਮ ਵਿਚਲੇ ਕਲਾਕਾਰਾਂ ਨੂੰ ਨਚਾਉਣ ਦਾ ਕੰਮ ਉੱਘੇ ਕੋਰੀਓਗ੍ਰਾਫੀ ਭੂਪੀ ਨੇ ਕੀਤਾ ਹੈ ਅਤੇ ਆਰਟ ਡਾਇਰੈਕਸ਼ਨ ਦਾ ਰਚਨਾਤਮਕ ਕੰਮ ਤੀਰਥ ਗਿੱਲ ਦੇ ਹਿੱਸੇ ਆਇਆ ਹੈ। ਫਿਲਮ ਦੀ ਕਾਂਟ-ਛਾਂਟ (ਐਡੀਟਿੰਗ) ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਡੀਟਰ ਬੰਟੀ ਨਾਗੀ ਨੇ ਕੀਤੀ ਹੈ। ਫਿਲਮ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਲੱਭਣ ਅਤੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਦਰਸ਼ਨ ਔਲਖ ਦੇ ਮਜ਼ਬੂਤ ਮੋਢਿਆਂ ‘ਤੇ ਪਾਈ ਗਈ ਸੀ ਜਿਸਨੂੰ ਉਸਨੇ ਟਿੰਮੀ ਅੰਬਾਲਾ ਅਤੇ ਵਿੱਕੀ ਟਰੈਵਲ ਨਾਲ ਮਿਲ ਕੇ ਬਾਖੂਬੀ ਨਿਭਾਇਆ ਹੈ।

ਇਸ ਫਿਲਮ ਦੀ ਕਹਾਣੀ ਕੁੜੀਆਂ ਦੀ ਸਮਾਜਿਕ ਬਰਾਬਰੀ ਦੇ ਵਿਸ਼ੇ ਨੂੰ ਪੇਸ਼ ਕਰਦੀ ਹੈ। ਫਿਲਮ ਦੀ ਹੀਰੋਇਨ ਮੁੰਡਿਆਂ ਵਾਗ ਹੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹੈ ਜਿਸਦਾ ਕਿ ਸਮਾਜ ਵੱਲੋਂ ਵਿਰੋਧ ਹੁੰਦਾ ਹੈ ਅਜਿਹੇ ਹਾਲਾਤਾਂ ਵਿੱਚ ਉਹ ਕੀ-ਕੀ ਫੈਸਲੇ ਲੈਂਦੀ ਹੈ ਅਤੇ ਕੀ ਘਟਨਾਕ੍ਰਮ ਪੈਦਾ ਹੁੰਦੇ ਹਨ ਇਹ ਦੇਖਣ ਲਾਇਕ ਹੋਵੇਗਾ। ਜਿੱਥੇ ਕਾਮੇਡੀ ਕਲਾਕਾਰ ਡਾ. ਸੁਰਿੰਦਰ ਸ਼ਰਮਾ ਅਤੇ ਰਾਣਾ ਰਣਵੀਰ ਦੀਆਂ ਛੁਰਲੀਆਂ ਦਰਸ਼ਕਾਂ ਨੂੰ ਹਸਾਉਣਗੀਆਂ ਉੱਥੇ ਗੁਰਪ੍ਰੀਤ ਘੁੱਗੀ ਅਤੇ ਗੁੱਗੂ ਗਿੱਲ ਦੀ ਅਦਾਕਾਰੀ ਦਾ ਬਿਲਕੁਲ ਨਵਾਂ ਪਹਿਲੂ ਦੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠਣਗੇ। ਫਿਲਮ ਵਿਚਲੀ ਇੱਕ ਅਹਿਮ ਭੂਮਿਕਾ ਕਿਮੀ ਵਰਮਾ ਨੇ ਇਉਂ ਨਿਭਾਈ ਹੈ ਜਿਸਨੂੰ ਦੇਖ ਕੇ ਲੱਗੇਗਾ ਕਿ ਜਿਵੇਂ ਇਹ ਰੋਲ ਸਿਰ/ ਉਸ ਲਈ ਹੀ ਬਣਿਆ ਹੋਵੇ ਤੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਇਸ ਰੋਲ ‘ਚ ਸਿਰ/ ਉਹੀ ਜਚ ਸਕਦੀ ਸੀ। ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੇ ਮਾਹੌਲ ਦਾ ਚਿਤਰਨ ਵੀ ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਫਿਲਮ ਰਾਹੀਂ ਬਾਖੂਬੀ ਪਰਦੇ ‘ਤੇ ਉਤਾਰਿਆ ਗਿਆ ਹੈ ਜੋ ਇਸ ਫਿਲਮ ਨੂੰ ਨਵੀ ਦਿੱਖ ਪ੍ਰਦਾਨ ਕਰਦਾ ਹੈ। ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀ ਅਤੇ ਐਨੇ ਵਧੀਆ ਕਲਾਕਾਰਾਂ ਵਾਲੀ ਇਸ ਫਿਲਮ ਨੂੰ ਦੇਖ ਕੇ ਹਰ ਪੰਜਾਬੀ ਦਾ ਮਨ ਨਿਸ਼ਚੇ ਹੀ ਟੁੰਬਿਆ ਜਾਵੇਗਾ।

004ikkudi1500-1.jpg


004ikkudi2500-1.jpg


004ikkudi3500-1.jpg


004ikkudi4500-1.jpg


004ikkudi5500-1.jpg


 
Top