ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ

ਪੰਝੀ ਹਜ਼ਾਰੀ ਗਫੂਰਾ - ਕੁਲਵਿੰਦਰ ਸਿੰਘ ਸੰਧੂ


ਉਹਦੀ ਉਮਰ ਦੇ ਚੌਥੇ ਦਹਾਕੇ ਨੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਸੀ, ਪਰ ਗਫੂਰਾ ਅਜੇ ਤਕ ਆਪਣੇ ਜੀਵਨ ਦੀ ਨਿਸ਼ਾਨਦੇਹੀ ਤੇ ਖੁਸ਼ਹਾਲ ਭਵਿੱਖ ਦਾ ਨਕਸ਼ਾ ਰੱਤੀ ਭਰ ਵੀ ਵਾਹ ਨਹੀਂ ਸੀ ਸਕਿਆ। ¦ਗੜੀ-ਕਮੀਨੀ ਘਰੇਲੂ-ਆਰਥਿਕਤਾ ਨੇ ਵਰਤਮਾਨ ਤੇ ਭਵਿੱਖ ਨੂੰ ਘੱਟੇ ਰੋਲ ਦਿੱਤਾ ਸੀ, ਬਚਿਆ ਸੀ ਤਾਂ ਸਿੱਧਾ-ਸਪਾਟ ਭੂਤਕਾਲ ਹੀ।
ਭੂਤਕਾਲ ਦੀਆਂ ਵਿੰਗੀਆਂ-ਟੇਢੀਆਂ ਡੰਡੀਆਂ ਤੇ ਸਫਲਤਾ ਦਾ ਕੋਈ ਛਾਂਦਾਰ ਫਲਦਾਰ ਰੁੱਖ ਨਜ਼ਰ ਨਹੀਂ ਆਉਂਦਾ ਸੀ। ਧੁੰਦਲੇ ਤੇ ਅਸਪੱਸ਼ਟ ਭਵਿੱਖ ਅਤੇ ਲਾਚਾਰ-ਬੇਵੱਸ ਵਰਤਮਾਨ ਵਿਚ ਅਜਿਹਾ ਕੁਝ ਵੀ ਨਹੀਂ ਸੀ, ਜਿਹੜਾ ਗਫੂਰੇ ਨੂੰ ਹੌਸਲਾ-ਉਤਸ਼ਾਹ ਦਿੰਦਾ। ਕਰਜ਼ਾ, ਗਰੀਬੀ, ਲਾਚਾਰੀ ਤੇ ਸਾਧਨਾਂ ਦੀ ਕਮੀ ਨੇ ਉਹਦਾ ਕਚੂਮਰ ਕੱਢ ਦਿੱਤਾ ਸੀ। ਆਪਣੇ ਕੱਚੇ, ਚੋਂਦੇ ਤੇ ਟੁੱਟੇ-ਫੁੱਟੇ ਕੋਠੇ ਵਿਚ ਪਿਆ, ਗਫੂਰਾ ਕਿੰਨੇ-ਕਿੰਨੇ ਦਿਨ ਸੋਚਦਾ ਰਹਿੰਦਾ, ਉਹ ਆਪਣੇ ਸਾਥੀ ਉਮਰ ਦੇ ਚੌਥੇ ਦਹਾਕੇ ਨਾਲ ਸਾਮਾਨ ਬੰਨ੍ਹਣ ਵਿਚ ਇਮਦਾਦ ਕਰਦਾ ਰਹਿੰਦਾ।
ਜਦੋਂ ਜ਼ੋਰ ਦੀ ਸਿਰ ਦੁੱਖਦਾ ਤਾਂ ਉਹ ਦੋਵੇਂ ਹੱਥਾਂ ਦੇ ਅੰਗੂਠਿਆਂ ਨੂੰ ਅੱਖਾਂ ਨੂੰ ਤੇ ਉਂਗਲਾਂ ਨਾਲ ਸਿਰ ਨੂੰ ਦਬਾਉਂਦਾ ਰਹਿੰਦਾ। ਦੱਬੀਆਂ ਅੱਖਾਂ ਵਿਚ ਵੀ ਉਨ੍ਹਾਂ ਨੂੰ ਕਾਲੇ-ਡਰਾਉਣੇ ਘੁੱਪ-ਹਨੇਰੇ ਵਿਚ ਤਾਰੇ ਟਿਮਟਿਮਾਉਂਦੇ ਦਿੱਸਦੇ। ਉਹ ਇਨ੍ਹਾਂ ਤਾਰਿਆਂ ਨੂੰ ਨਿਹਾਰਦਾ ਰਹਿੰਦਾ ਤੇ ਉਹ ਦੀ ਸੋਚ ਕਈ-ਕਈ ਮੀਲ ਪਿਛਾਂਹ ਨੂੰ ਨੱਸ ਤੁਰਦੀ। ਇੰਨੀ ਤੇਜ਼ ਕੇ ਉਸ ਤੋਂ ਦੌੜ ਕੇ ਵੀ ਨਾ ਫੜੀ ਜਾਂਦੀ ਤੇ ਸੋਚਾਂ ਦੇ ਉਂਗਲੀ ਲੱਗਾ ਉਹ ਆਪਣੇ ਬਚਪਨ ਦੇ ਦਿਨਾਂ ਵਿਚ ਪਹੁੰਚ ਜਾਂਦਾ।
ਉਹ ਵੇਖਦਾ, ਦੋ ਭੈਣਾਂ ਤੇ ਦੋ ਭਰਾਵਾਂ ਤੋਂ ਛੋਟਾ ਗਫੂਰਾ, ਫੱਟੀ-ਬਸਤਾ ਚੁੱਕੀ ਸਕੂਲ ਜਾ ਰਿਹਾ ਹੁੰਦਾ। ਘਰ ਪਰਤਦਿਆਂ, ਨਿੱਕੇ-ਨਿੱਕੇ ਢੇਰ ਸਾਰੇ ਕੰਮ ਉਹ ਨੂੰ ਆਪਣੇ ਹੇਠਾਂ ਨੱਪ ਲੈਂਦੇ। ਪਸ਼ੂਆਂ ਦੇ ਪੱਠੇ ਤੇ ਖੇਤ ਦੀ ਚਾਹ-ਰੋਟੀ ਸਭ ਉਹਦੇ ਜ਼ਿੰਮੇ ਹੁੰਦਾ ਸੀ। ਛੇਵੀਂ ਪਿੰਡ ਦੇ ਹਾਈ ਸਕੂਲ ਵਿਚ ਕਰਦਿਆਂ, ਪੜ੍ਹਾਈ ਵਧੀ, ਉਮਰ ਵਧੀ ਤੇ ਨਾਲ ਹੀ ਨਿੱਕੇ ਕੰਮ ਵੱਡੇ ਹੋ ਗਏ। ਚੰਗੀ ਨਸਲ ਦੇ ਨੁਕਰੇ ਘੋੜੇ ਤੇ ਸਵਾਰ ਸਮਾਂ ਸਰਪਟ ਦੌੜਦਾ ਰਿਹਾ ਤੇ ਪਿੱਛੇ ਉ¤ਡਦੀ ਧੂੜ ਵਿਚ ਹੀ ਗਫੂਰਾ ਦਸਵੀਂ ਵੀ ਕਰ ਗਿਆ। ਗਰਦੋ-ਗੁਬਾਰ ਵਿਚ ਨੰਬਰ ਦਿੱਸਦੇ ਹੀ ਕਿੱਥੇ ਨੇ?
ਪਿਤਾ ਅਬਦੁਲਾ ਖ਼ਾਂ ਨੇ ਵੱਡੇ ਪੁੱਤਰ ਨੂੰ ਆਖਿਆ, ‘ਕਰੀਮਿਆ, ਏਹਨੂੰ ਸ਼ਹਿਰ ਦੇ ਕਿਸੇ ਵੱਡੇ ਸਕੂਲ ’ਚ ਮੁੜ ਦਾਖਲ ਤਾਂ ਕਰਾ ਸੂ। ਚਾਰ ਜਮਾਤ ਹੋਰ ਪੜ੍ਹਸੀ ਤੇ ਕੋਈ ਪਟਵਾਰੀ-ਸ਼ਟਵਾਰੀ ਲੱਗ ਜਾਸੀ।’’ ਤੇ ਕਰੀਮਾ, ਪਿੰਡੋਂ ਸੇਠਾਂ ਦੇ ਮੁੰਡੇ ਨੂੰ ਨਾਲ ਲਿਜਾ ਕੇ ਗਫੂਰੇ ਨੂੰ ਕਾਲਜ ਵਿਚ ਦਾਖ਼ਲ ਕਰਵਾ ਆਇਆ। ਜ਼ਿੰਦਗੀ ਤੇ ਅਤਿਕੀਮਤੀ ਸਮੇਂ ਨੂੰ ਗਫੂਰਾ ਬੱਸਾਂ ਉਡੀਕਦਿਆਂ ਤੇ ਸਫ਼ਰ ਕਰਦਿਆਂ ਗਵਾਉਂਦਾ ਰਿਹਾ।
ਠੀਕ ਇਨ੍ਹਾਂ ਦਿਨਾਂ ਵਿਚ ਹੀ ਪਿਤਾ ਅਬਦੁੱਲਾ ਖ਼ਾਂ ਦਾ ਪਰਿਵਾਰ ਕਿਸੇ ਪੁਸ਼ਤੈਨੀ-ਜਾਇਦਾਦ ਦੇ ਕੇਸ ਵਿਚ ਫਸ ਗਿਆ। ਐਸਾ ਸ਼ੁਰੂ ਹੋਇਆ ਤੀਰਥਾਂ ਦਾ ਸਿਲਸਿਲਾ, ਖਤਮ ਹੋਣ ਦਾ ਨਾਂਅ ਹੀ ਨਾ ਲੈਂਦਾ। ਤਹਿਸੀਲ, ਜ਼ਿਲ੍ਹੇ ਤੇ ਛੋਟੀ ਤੇ ਵੱਡੀ ਰਾਜਧਾਨੀ ਦੀਆਂ ਸੜਕਾਂ ਦਾ ਨਕਸ਼ਾ, ਪਰਿਵਾਰ ਦੇ ਚੇਤਿਆਂ ’ਚ ਖੁਣਿਆ ਗਿਆ। ਘਰ ਦੀ ਕਮਾਈ ਵਕੀਲਾਂ, ਮੁਨਸ਼ੀਆਂ ਤੇ ਮੁਨਸਫਾਂ ਦੀਆਂ ਕੋਠੀਆਂ ਮੂਹਰੇ ਕਿੱਕਲੀ ਪਾਉਣ ਲੱਗੀ। ਇਸੇ ਪ੍ਰੇਸ਼ਾਨੀ ਤੇ ਤੰਗੀ ਦੀ ਚੜ੍ਹੀ ਹਨੇਰੀ ਨੇ ਗਫੂਰੇ ਨੂੰ ਪਤਾ ਹੀ ਨਾ ਲੱਗਣ ਦਿੱਤਾ ਕਿ ਉਹ ਬੀ. ਐ¤ਡ. ਤੇ ਐ¤ਮ. ਏ. ਵੀ ਕਰ ਗਿਆ। ਇਥੇ ਵੀ ਕੰਮਾਂ, ਕੇਸਾਂ ਤੇ ਤਾਰੀਖਾਂ ਨੇ ਨੰਬਰਾਂ ਨਾਲ ਇਨਸਾਫ ਨਾ ਹੋਣ ਦਿੱਤਾ।
ਵਕਤੀ ਘੋੜੇ ਨੇ ਪਤਾ ਨੀਂ ਕਿਹੜੇ ਖੇਤ ਦੇ ਕਾਲੇ ਛੋਲੇ ਖਾਧੇ ਸੀ ਕਿ ਉਹ ਸਰਪਰਟ ਦੌੜੀ ਹੀ ਜਾ ਰਿਹਾ ਸੀ। ਕੇਸਾਂ ਤੇ ਤਾਰੀਖਾਂ ਦੇ ਸਤਾਏ ਗਫੂਰੇ ਨੂੰ ਕਿਸੇ ਨਿੱਜੀ ਸਕੂਲ ਵਿਚ ਮਾਮੂਲੀ ਉ¤ਜਰ ’ਤੇ ਨੌਕਰੀ ਮਿਲ ਗਈ। ਪਰ ਮਧਰੀ ਤੇ ਪੇਤਲੀ ਤਨਖਾਹ ਘਰ ਦੀ ਲਕਵੇ ਮਾਰੀ ਆਰਥਿਕਤਾ ਨੂੰ ਕੋਈ ਸਹਾਰਾ ਨਾ ਦੇ ਸਕੀ, ਸਗੋਂ ਉਸ ਦੇ ਬਾਕੀ ਬਚਦੇ ਅੰਗ ਵੀ ਹੌਲੀ-ਹੌਲੀ ਨਕਾਰਾ ਹੋ ਰਹੇ ਸਨ।
ਪਰ ਇਸੇ ਅੰਨ੍ਹੀ ਕਮਜ਼ੋਰ ਨੌਕਰੀ ਸਦਕਾ ਗਫੂਰੇ ਨੂੰ ਸ਼ਹਿਰੋਂ ਪੜ੍ਹੇ-ਲਿਖੇ ਤੇ ਸਰਦੇ ਘਰ ਦਾ ਰਿਸ਼ਤਾ ਹੋ ਗਿਆ। ਪਰ ਹੋਣੀ ਕਿਤੇ ਹੋਰ ਹੀ ਰਾਜ਼ੀ ਸੀ। ਗਫੂਰੇ ਹੋਰਾਂ ਚਾਰਾਂ ਪਿਓ-ਪੁੱਤਰਾਂ ਨੂੰ ਉਸੇ ਕੇਸ ਵਿਚ ਸਾਲ-ਸਾਲ ਦੀ ਕੈਦ ਹੋ ਗਈ। ਇਹ ਸਮਾਂ ਪਰਿਵਾਰ ਦੀ ਤਬਾਹੀ ਦਾ ਸਿਖ਼ਰ ਸੀ।
ਜਿਹੜੀ ਆਰਥਿਕਤਾ ਨੂੰ ਤੰਦਰੁਸਤ ਕਰਨ ਲਈ ਗਫੂਰੇ ਨੇ ਆਪਣੀ ਪੜ੍ਹਾਈ ਦਾ ਖਰਚਾ, ਕੁੱਕੜ-ਕੁੱਕੜੀਆਂ ਰੱਖ ਕੇ ਤੋਰਿਆ ਸੀ, ਉਸੇ ਆਰਥਿਕਤਾ ਨੂੰ ਪੱਕੇ ਪੈਰੀਂ ਕਰਨ ਲਈ ਗਫੂਰੇ ਨੇ ਸਰਕਾਰੀ ਕਰਜ਼ਾ ਲੈ ਕੇ ਵੱਡਾ ਮੁਰਗੀਖਾਨਾ ਵੀ ਬਣਾ ਲਿਆ ਸੀ ਪਰ ਪਤਾ ਨੀਂ ਕਿਉਂ ਉਖੜੇ ਸਾਹ ਵਾਂਗ ਇਹ ਮੁਰਗੀਖਾਨਾ ਵੀ ਉਹਦੀ ਬਾਂਹ ਨਾ ਫੜ ਸਕਿਆ। ਜੇਲ੍ਹ ਜਾਣ ਸਮੇਂ ਇਹ ਵੀ ਬੰਦ ਹੋ ਗਿਆ। ਕਿਸ਼ਤਾਂ ਟੁੱਟ ਕੇ ਵਿਸ਼ਾਲ ਰੂਪ ਵਿਚ ਜੁੜ ਗਈਆਂ। ਬੈਂਕਾਂ ਦੀਆਂ ਜੀਪਾਂ ਦੇ ਹੂਟਰ, ਅਫ਼ਸਰਾਂ ਦੀਆਂ ਝਿੜਕਾਂ ਤੇ ਫੜੋ-ਫੜੀ ਸ਼ੁਰੂ ਹੋ ਗਈ। ਆਖਰ ਗਫੂਰੇ ਦੇ ਹਿੱਸੇ ਦੀ ਦੋ ਕਿੱਲੇ ਜ਼ਮੀਨ ਵੇਚ ਕੇ ਬੈਂਕ ਤੋਂ ਖਲਾਸੀ ਕਰਾਈ। ਵਿਚਲੇ ਭਰਾ ਰਹੀਮੇ ਤੇ ਭਰਜਾਈ ਨੂਰਾਂ ਨੇ ਜੱਦੀ ਜ਼ਮੀਨ ਆਪੇ ਹੀ ਵੰਡ ਲਈ। ਸਾਂਝੇ ਘਰ ’ਚੋਂ ਵਿੱਕੀ ਦੋ ਕਿੱਲੇ ਜ਼ਮੀਨ ਗਫੂਰੇ ਦੇ ਹਿੱਸੇ ਪਾਈ ਗਈ ਤੇ ਬਾਕੀ ਬਚਦੀ ਸਵਾ ਕਿੱਲਾ ਗਫੂਰੇ ਨੂੰ ਦੇ ਦਿੱਤੀ ਗਈ। ਵਕਤੀ ਘੋੜਾ ਜ਼ੋਰ ਦੀ ਹਿਣਕਿਆ। ਲਕਵੇ ਮਾਰੀ ਆਰਥਿਕਤਾ ਆਖ਼ਰੀ ਸਾਹਾਂ ’ਤੇ ਆ ਗਈ। ਗਫੂਰੇ ਦਾ ਮੁਰਗੀਖਾਨਾ ਬੰਦ ਹੋ ਗਿਆ, ਨੌਕਰੀ ਜਾਂਦੀ ਰਹੀ ਤੇ ਸਵਾ ਕਿੱਲੇ ਜ਼ਮੀਨ ਵਿਚੋਂ ਵੀ ਇੱਕ ਕਿੱਲਾ ਕੇਸ ’ਤੇ ਹੋਣ ਵਾਲੇ ਖਰਚੇ ਲਈ, ਭਰਾਵਾਂ ਨੂੰ ਛੱਡਣੀ ਪਈ। ਬਾਕੀ ਬਚਦੀ ਤਿੰਨ ਕਨਾਲਾਂ ਜ਼ਮੀਨ ਵਿਚ ਬੀਜੇ ਨਰਮੇ ਦੇ ਬੂਟਿਆਂ ਨੇ ਭਾਵੇਂ ਆਪਣਾ ਪੂਰਾ ਟਿੱਲ ਲਾਇਆ ਪਰ ਤੰਦਰੁਸਤੀ, ਆਰਥਿਕਤਾ ਦੇ ਨੇੜੇ ਨਾ ਆਈ। ਪਤਨੀ ਦੀਆਂ ਹੁਸੀਨ ਇੱਛਾਵਾਂ ਤੇ ਪੁੱਤਰ ਦੀਆਂ ਸੱਧਰਾਂ, ਗਫੂਰੇ ਨੂੰ ਦਮ ਤੋੜਦੀਆਂ ਜਾਪੀਆਂ। ਇਸ ਬੇਵੱਸੀ ਤੇ ਲਾਚਾਰੀ ਦੇ ਆਲਮ ਵਿਚ ਗਫੂਰੇ ਨੇ ਲਾਟਰੀ ਖਰੀਦਣੀ ਸ਼ੁਰੂ ਕੀਤੀ, ਪਰ ਕਈ ਵਰ੍ਹਿਆਂ ਤਕ ਵੀ ਲਾਟਰੀ ਦੇ ਨੰਬਰਾਂ ਨੂੰ ਗਫੂਰੇ ਦੇ ਘਰ ਦਾ ਸਿਰਨਾਵਾਂ ਨਾ ਲੱਭਿਆ।
‘ਅੱਬਾ, ਆਪਾਂ ਕਾਰ ਕਦੋਂ ਲਵਾਂਗੇ? ਮਾਨੇ ਹੋਰੀਂ ਤਾਂ ਇੱਕ ਹੋਰ ਕਾਰ ਲਿਆਏ ਨੇ।’’ ਛੋਟੇ ਰਾਜੇ ਪੁੱਤ ਦੀ ਮਾਸੂਮ ਆਵਾਜ਼ ਨੇ ਗਫੂਰ ਨੂੰ ਪੂਹ ਕੇ ਵਰਤਮਾਨ ਵਿਚ ਲੈ ਆਂਦਾ। ਰਾਜੇ ਪੁੱਤ ਦੀਆਂ ਅੱਖਾਂ ਵਿਚ ਲਚਾਰੀ, ਹੀਣਤਾ ਤੇ ਖਾਲੀਪਣ ਵੇਖ ਕੇ ਗਫੂਰੇ ਦਾ ਦਿਲ ਹਿੱਲਣੋਂ ਇਨਕਾਰੀ ਹੋ ਗਿਆ।
ਸਰਕਾਰੀ ਹਸਪਤਾਲਾਂ ਵਿਚ ਕਈ ਹਫ਼ਤੇ ਰੁਲਣ ’ਤੇ ਅੱਧੇ-ਪਚੱਧੇ ਠੀਕ ਹੋਣ ਤੋਂ ਬਾਅਦ ਅੱਜ ਗਫੂਰਾ ਪਤਨੀ ਨਾਲ ਘਰ ਪਰਤ ਆਇਆ। ਘਰ ਦਾ ਦਰ ¦ਘਦਿਆਂ ਹੀ ਪਰ੍ਹਾਂ ਜਾਮਣ ਦੇ ਰੁੱਖ ਹੇਠਾਂ ਗਫੂਰੇ ਨੂੰ ਲਾਚਾਰੀ, ਗਰੀਬੀ ਤੇ ਬੇਵਸੀ ਕਾਨਾਫੂਸੀ ਕਰਕੇ ਹੱਸਦੀਆਂ ਨਜ਼ਰੀਂ ਪਈਆਂ ਤੇ ਦੂਜੇ ਪਾਸੇ ਮੂਧੇ-ਮੂੰਹ ਕੋਈ-ਕੋਈ ਸਾਹ ਲੈਂਦੀ ਆਰਥਿਕਤਾ ਡਿੱਗੀ ਪਈ ਦਿੱਸੀ।
‘‘ਅੱਬਾ, ਮੈਂ ਹੁਣ ਕਦੇ ਕਾਰ ਨਹੀਂ ਮੰਗਦਾ। ਤੁਸੀਂ ਹਸਪਤਾਲ ਨਾ ਜਾਇਓ, ਮੈਂ ਇਕੱਲਾ ਰਹਿ ਜਾਨਾ ਘਰੇ। ਆਪੇ ਵੱਡਾ ਹੋ ਕੇ ਮੈਂ ਵਾਧੂ ਸਾਰੇ ਪੈਸੇ ਲੈ ਆਵਾਂਗਾਂ।’’ ਰਾਜਾ ਪੁੱਤਰ ਗਫੂਰੇ ਦੀਆਂ ਲੱਤਾਂ ਨੂੰ ਚਿੰਬੜਿਆ ਹੁਬਕੀ-ਹੁਬਕੀ ਰੋ ਰਿਹਾ ਸੀ। ਪਤਨੀ ਗਫੂਰੇ ਨੂੰ ਮੰਜੇ ’ਤੇ ਲਿਟਾ ਕੇ ਆਪ ਉਜੜੇ ਘਰ ਨੂੰ ਸੰਭਾਲਣ ਤੁਰ ਗਈ-ਬਿਨਾਂ ਕਿਸੇ ਸ਼ਿਕਵੇ ਤੋਂ। ਸ਼ਾਇਦ ਸੋਚਦੀ ਹੋਵੇਗੀ ਕਿ ‘‘ਗਫੂਰ ਰਾਜ਼ੀ ਹੋਵੇਗਾ, ਕਮਾਈ ਕਰੇਗਾ, ਸਭ ਧੋਣੇ ਧੋਤੇ ਜਾਣਗੇ।’’
ਮੰਜੇ ’ਤੇ ਪਏ-ਪਏ ਗਫੂਰ ਨੇ ਵੇਖਿਆ, ਉਸ ਦੀ ਉਮਰ ਦਾ ਚੌਥਾ ਦਹਾਕਾ ਤੁਰਿਆ ਜਾ ਰਿਹਾ ਸੀ। ਘਬਰਾ ਕੇ ਉਹਨੇ ਦੂਜੇ ਕੱਚੇ ਪਹੇ ਵੱਲ ਵੇਖਿਆ, ਉਹਦਾ ਤੇ ਉਹਦੇ ਪਰਿਵਾਰ ਦਾ ਭਵਿੱਖ-ਮੂੰਹ ਧਿਆਨੇ ਕਾਹਲੇ ਕਦਮੀਂ ਤੁਰਿਆ ਜਾ ਰਿਹਾ ਸੀ? ਤੇ ਵਰਤਮਾਨ ਗੂੜ੍ਹੀ ਨੀਂਦੇ ਸੁੱਤਾ ਪਿਆ ਸੀ।
ਗਫੂਰਾ ਬੜਾ ਘਬਰਾ ਗਿਆ, ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗ ਪਏ। ਉਹ ਝਟਕੇ ਨਾਲ ਉ¤ਠਿਆ ਤੇ ਲੜਖੜਾਉਂਦੇ ਕਦਮਾਂ ਨਾਲ ਗੋਨੀ ਗਾਂ ਕੋਲ ਗਿਆ। ਉਹਦਾ ਰੱਸਾ ਖੋਲ੍ਹ ਦਿੱਤਾ। ਗਾਂ ਨੇ ਹੈਰਾਨੀ ਨਾਲ ਗਫੂਰੇ ਨੂੰ ਵੇਖਿਆ ਤੇ ਉਹਦੇ ਦੋ ਮੋਟੇ ਹੰਝੂ ਖਾਲੀ ਖੁਰਲੀ ਵਿਚ ਡਿੱਗ ਪਏ। ਕਾਲਾ ਜੱਤਲ ਕੁੱਤਾ ਘਰੋਂ ਬਾਹਰ ਨਿਕਲ ਕੇ ਬੜਾ ਰੋਇਆ।
ਸਭ ਪਾਸਿਓਂ ਬੇਖ਼ਬਰ ਗਫੂਰਾ ਰੱਸਾ ਹੱਥ ਵਿਚ ਫੜੀ, ਡੰਗਰਾਂ ਦੀ ਸਬਾਤ ਵਿਚ ਵੜ ਗਿਆ। ਪਤਾ ਨਹੀਂ ਭਵਿੱਖ ਲਈ ਕੋਈ ਯੋਜਨਾ ਤਿਆਰ ਕਰਨੀ ਚਾਹੁੰਦਾ ਸੀ ਜਾਂ ਵਰਤਮਾਨ ਨੂੰ ਰੱਸੇ ਨਾਲ ਨੂੜਦਾ ਹੋਵੇ ਜਾਂ ਖੌਰੇ ਗ਼ੁਰਬਤ ਦਾ ਗਲ ਘੁੱਟਣ ਦਾ ਮਨ ਹੋਵੇ, ਕੀ ਪਤਾ, ਕੁਝ ਨਹੀਂ ਕਿਹਾ ਜਾ ਸਕਦਾ, ਖੁਦਾ ਹੀ ਜਾਣੇ, ਪਰ ਬੜੀ ਸ਼ਾਂਤੀ, ਸਹਿਜਤਾ ਤੇ ਹਲਕੀ ਜਿਹੀ ਸੰਤੁਸ਼ਟੀ ਨਾਲ ਗਫੂਰਾ ਆਪਣੇ ਕੰਮ ਵਿਚ ਰੁੱਝ ਗਿਆ ਸੀ।
ਮੇਰੇ ਹੱਥਾਂ ਵਿਚ ਸਵੇਰੇ ਜਿਹੜਾ ਅਖ਼ਬਾਰ ਸੀ, ਉਹਦੀ ਇੱਕ ਖ਼ਬਰ ਇਹ ਵੀ ਸੀ, ‘‘ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਕੀਤੀ ਆਤਮ-ਹੱਤਿਆ।’’ ਤੇ ਹੇਠਾਂ ਖ਼ਬਰ ਦੇ ਵਿਸਥਾਰ ਵਿਚ ਲਿਖਿਆ ਸੀ-‘‘ਸਰਕਾਰ ਨੇ ਪਰਿਵਾਰ ਲਈ ਫੌਰੀ ਤੌਰ ’ਤੇ ਪੰਝੀ ਹਜ਼ਾਰ ਦੀ ਇਮਦਾਦ ਦਾ ਐਲਾਨ ਕੀਤਾ ਹੈ।’’
ਮੈਂ ਅਖ਼ਬਾਰ ਮਰੋੜ ਕੇ ਹੱਥਾਂ ਵਿਚ ਫੜ ਲਈ। ਉਫ! ਇੱਕ ਬੰਦੇ ਦੀ ਕੀਮਤ ਸਿਰਫ਼ ਪੰਝੀ ਹਜ਼ਾਰ। ਅਗਲੇ ਹੀ ਪਲ ਮੈਂ ਸੋਚਿਆ ਕਿ ਮੇਰਾ ਗੁਆਂਢੀ ਗਫੂਰਾ ਭਲਾ ਕਿਹੜੀਆਂ ਯੋਜਨਾਵਾਂ ਤਿਆਰ ਕਰਨੀਆਂ ਚਾਹੁੰਦਾ ਸੀ?
ਤੇ ਅਖ਼ਬਾਰ ਹੱਥ ਵਿਚ ਫੜੀ ਮੈਂ ਗਫੂਰੇ ਦੇ ਘਰ ਇਹ ਵੇਖਣ ਤੁਰ ਗਿਆ-‘‘ਕੀ ਵਾਕਿਆ ਹੀ ਸਰਕਾਰੀ ਪੰਝੀ ਹਜ਼ਾਰ ਇੱਕ ਪਤਨੀ ਦੇ ਪਤੀ ਤੇ ਬੱਚੇ ਦੇ ਪਿਤਾ ਦੀ ਥਾਂ ਲੈ ਰਿਹਾ ਹੈ?’’
ਜੇ ਸਰਕਾਰ ਤੇ ਸਮਾਜ ਸੋਚਦਾ ਹੈ ਤਾਂ ਸ਼ਾਇਦ ਠੀਕ ਹੀ ਹੋਵੇਗਾ ਨਾ ਕੀ ਪਤਾ….?
 
Top