ਵਿਚਾਰਾ ਰੱਬ - ਜਗਮੀਤ ਸਿੰਘ ਪੰਧੇਰ

ਵਿਚਾਰਾ ਰੱਬ - ਜਗਮੀਤ ਸਿੰਘ ਪੰਧੇਰ


ਧੀਰੇ ਦੀ ਵਿਦੇਸ਼ ਜਾਣ ਦੀ ਹਿੰਡ ਨੇ ਦੁੱਲਾ ਸਿਉਂ ਦੀ ਨਿਆਈਂ ਵਾਲੀ ਜ਼ਮੀਨ ਨੂੰ ਛੱਡ ਕੇ ਲਗਭਗ ਸਾਰੀ ਜ਼ਮੀਨ ਹੀ ਏਜੰਟਾਂ ਦੇ ਢਿੱਡੀਂ ਪਾ ਦਿੱਤੀ। ਚੰਗਾ ਵਸਦਾ-ਰਸਦਾ ਪਰਿਵਾਰ ਕੱਖੋਂ ਹੌਲਾ ਹੋ ਗਿਆ। ਏਜੰਟਾਂ ਦੇ ਮਕੜਜਾਲ ਵਿਚ ਫਸੇ ਧੀਰੇ ਨੇ ਜੋ ਸਬਜ਼ਬਾਗ ਘਰਦਿਆਂ ਨੂੰ ਦਿਖਾਏ ਸੀ, ਉਹ ਪੂਰੀ ਤਰ੍ਹਾਂ ਉ¤ਜੜ ਚੁੱਕੇ ਸੀ। ਘਰ ਵਿਚ ਹਰ ਰੋਜ਼ ਆਥਣ-ਸਵੇਰੇ ਕਿਸੇ ਨਾ ਕਿਸੇ ਬਹਾਨੇ ਕਲੇਸ਼ ਛਿੜਿਆ ਰਹਿੰਦਾ। ਧੀਰਾ ਸਾਰੇ ਟੱਬਰ ਦੇ ਨੱਕੋਂ-ਬੁੱਲ੍ਹੋਂ ਲਹਿ ਚੁੱਕਿਆ ਸੀ ਅਤੇ ਹੁਣ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਘਰੋਂ ਟਲਿਆ ਹੀ ਰਹਿੰਦਾ ਸੀ। ਮਿਹਨਤ ਨਾਲ ਬਣਾਏ ਖੇਤੀ ਦੇ ਸੰਦਾਂ ਦੇ ਸਿਰ ’ਤੇ ਦੁੱਲਾ ਸਿਉਂ ਅਤੇ ਉਸ ਦਾ ਧੀਰੇ ਤੋਂ ਛੋਟਾ ਪੁੱਤਰ ਹਿੱਸੇ, ਠੇਕੇ ਤੇ ਲਈ ਜ਼ਮੀਨ ਵਿਚ ਟੱਕਰਾਂ ਮਾਰ ਕੇ ਗੁਜ਼ਾਰਾ ਕਰ ਰਹੇ ਸਨ। ਕੋਠੇ ਜਿੱਡੀ ਮੁਟਿਆਰ ਧੀ ਦੀ ਚਿੰਤਾ ਦਾ ਮਾਪਿਆਂ ਨੂੰ ਅੱਡ ਝੋਰਾ ਖਾਈ ਜਾ ਰਿਹਾ ਸੀ। ਦਿਸ਼ਾਹੀਣ ਹੋਇਆ ਸਾਰਾ ਟੱਬਰ ਇਕ-ਦੂਜੇ ਤੋਂ ਬੇਗਾਨਾ ਜਿਹਾ ਹੋਇਆ ਸਿਰ ਸੁੱਟੀ ਚੁੱਪ-ਚੁਪੀਤੇ ਸਮੇਂ ਨੂੰ ਧੱਕਾ ਦੇ ਰਿਹਾ ਸੀ।
ਨੀਰਸ ਅਤੇ ਅਕੇਵੇਂ ਭਰਪੂਰ ਜੀਵਨ ਵਿਚ ਅੱਜ ਅਚਾਨਕ ਚਮਕੀ ਖੁਸ਼ੀ ਦੀ ਕਿਰਨ ਨੇ ਦੁੱਲਾ ਸਿਉਂ ਦੇ ਪਰਿਵਾਰ ਨੂੰ ਕਾਫ਼ੀ ਵੱਡੀ ਢਾਰਸ ਦਿੱਤੀ। ਢਾਈ ਤਿੰਨ ਸਾਲਾਂ ਤੋਂ ਲਟਕਦਾ ਊਠ ਦਾ ਬੁੱਲ੍ਹ ਕੈਨੇਡਾ, ਅਮਰੀਕਾ ਤੋਂ ਹੁੰਦਾ ਹੋਇਆ ਅਖੀਰ ਡੁਬਈ ਆ ਕੇ ਡਿਗ ਪਿਆ। ਧੀਰੇ ਦਾ ਡੁਬਈ ਦੇ ਵੀਜ਼ੇ ਵਾਲਾ ਲਿਫ਼ਾਫ਼ਾ ਅੱਜ ਡਾਕੀਆ ਘਰ ਫੜਾ ਕੇ ਅਤੇ ਗੱਲ ਗੁਪਤ ਰੱਖਣ ਦਾ ਵਾਅਦਾ ਕਰਕੇ, ਵਧਾਈ ਲੈ ਗਿਆ ਸੀ। ਸਾਰੇ ਟੱਬਰ ਨੇ ਭਾਵੇਂ ਰੌਲਾ ਪਾ ਕੇ ਖੁਸ਼ੀ ਸਾਂਝੀ ਨਹੀਂ ਕੀਤੀ ਪਰ ਚੁੱਪ-ਚਾਪ ਤੁਰੇ-ਫਿਰਦੇ ਹਰੇਕ ਜੀਅ ਦੀ ਤੋਰ ਤੇ ਅੱਖਾਂ ’ਚੋਂ ਨਿਕਲੀ ਖੁਸ਼ੀ ਘਰ ਦੇ ਅੰਦਰ-ਬਾਹਰ ਡੁੱਲ੍ਹਦੀ ਫਿਰਦੀ ਸੀ। ਅੱਜ ਬੜੀ ਬੇਸਬਰੀ ਨਾਲ ਘਰ ਵਿਚ ਧੀਰੇ ਦੀ ਉਡੀਕ ਹੋ ਰਹੀ ਸੀ। ਅਣਗਿਣਤ ਦਿਨਾਂ ਬਾਅਦ ਅੱਜ ਉਸ ਦੀ ਬੇਬੇ ਨੇ ਪ੍ਰਸ਼ਾਦ ਬਣਾਇਆ ਸੀ ਅਤੇ ਵਡੇਰਿਆਂ ਨੂੰ ਮੱਥਾ ਟੇਕ ਕੇ ਢੱਕ ਕੇ ਰੱਖ ਦਿੱਤਾ ਸੀ। ਅੱਜ ਦੁੱਲਾ ਸਿਉਂ ਦਾ ਧੀਰੇ ਦੇ ਕੋਲ ਬੈਠ ਕੇ ਗੱਲਾਂ ਕਰਨ ਨੂੰ ਚਿੱਤ ਕਰਦਾ ਸੀ। ਛੋਟੇ ਵੀਰ ਤੇ ਭੈਣ ਨੂੰ ਤਾਂ ਸੁਝਦਾ ਹੀ ਨਹੀਂ ਸੀ ਕਿ ਉਹ ਆਪਣੀ ਖੁਸ਼ੀ ਕਿਵੇਂ ਅਤੇ ਕੀਹਦੇ ਨਾਲ ਸਾਂਝੀ ਕਰਨ। ਸਭਨਾਂ ਨੂੰ ਧੀਰੇ ਪ੍ਰਤੀ ਗਿਲੇ-ਸ਼ਿਕਵੇ ਭੁੱਲ ਚੁੱਕੇ ਸਨ। ‘ਧੀਰੇ ਦਾ ਕੀ ਪਤੈ ਕਦੋਂ ਆਵੇ?’ ਇਹ ਸੋਚ ਕੇ ਸਭ ਨੇ ਅਣ-ਮੰਨੇ ਜਿਹੇ ਮਨ ਨਾਲ ਅੰਨ-ਪਾਣੀ ਛਕ ਲਿਆ ਸੀ ਪਰ ਧੀਰੇ ਦੀ ਬੇਬੇ ਨੇ ਪ੍ਰਸ਼ਾਦ ਕਿਸੇ ਵੀ ਜੀਅ ਨੂੰ ਨਹੀਂ ਵਰਤਾਇਆ। ਸਾਰਾ ਟੱਬਰ ਆਨੀ-ਬਹਾਨੀਂ ਬਾਹਰਲੇ ਘਰ ਕੋਲ ਗੇੜਾ ਮਾਰ ਕੇ ਧੀਰੇ ਦੀ ਬਿੜਕ ਭੰਨਦਾ ਰਿਹਾ।
ਹਰ ਰੋਜ਼ ਦੀ ਤਰ੍ਹਾਂ ਹਨੇਰੇ ਹੋਏ ਜਦੋਂ ਧੀਰਾ ਘਰ ਵੜਿਆ ਤਾਂ ਚੁੱਲ੍ਹੇ-ਚੌਂਕੇ ਦੇ ਓਟੇ ਕੋਲ ਬਲਬ ਦੀ ਰੌਸ਼ਨੀ ਵਿਚ ਪੀੜ੍ਹੀ ਉਤੇ ਬੈਠੀ ਆਪਣੀ ਬੇਬੇ ਨੂੰ ਦੇਖ ਕੇ ਉਸ ਨੂੰ ਬੜੀ ਹੈਰਾਨੀ ਹੋਈ। ‘ਔਥੇ ਬੈਠਕ ’ਚ ਤੇਰਾ ਬਾਪੂ ਤੈਨੂੰ ਕਦੋਂ ਦਾ ਡੀਕਦੈ, ਡਾਕੀਆ ਕੋਈ ਚਿੱਠੀ ਦੇ ਕੇ ਗਿਐ।’ ਅੰਦਰ ਵੜਦੇ ਧੀਰੇ ਦੇ ਕੰਨਾਂ ਵਿਚ ਪਏ ਆਪਣੀ ਬੇਬੇ ਦੇ ਬੋਲਾਂ ਨੇ ਉਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਬਿਨਾਂ ਕੁਝ ਬੋਲੇ ਉਹ ਬੈਠਕ ਵੱਲ ਨੂੰ ਹੋ ਗਿਆ। ਬੈਠਕ ਵਿਚ ਬਲਬ ਦੀ ਮੱਠੀ ਜਿਹੀ ਰੌਸ਼ਨੀ ਵਿਚ ਮੰਜੇ ’ਤੇ ਬੈਠੇ ਦੁੱਲਾ ਸਿਉਂ ਨੇ ਆਪਣੇ ਹੱਥ ਵਿਚ ਫੜਿਆ ਲਿਫ਼ਾਫ਼ਾ ਝਟ ਉਸ ਵੱਲ ਕਰਦੇ ਹੋਏ ਦੱਸਿਆ, ‘ਆਹ ਡਾਕੀਆ ਦੇ ਕੇ ਗਿਐ ਤੇ ਨਾਲੇ ਪੜ੍ਹ ਕੇ ਦੱਸ ਗਿਐ, ਬਈ ਤੇਰਾ ਡੁਬਈ ਦਾ ਵੀਜ਼ਾ ਲੱਗ ਗਿਐ।’
‘ਚੱਲ ਸ਼ੁਕਰ ਐ ਬਾਪੂ। ਕੁਸ਼ ਤਾਂ ਬਣਿਆ।’ ਤੇਜ਼ੀ ਨਾਲ ਲਿਫ਼ਾਫ਼ਾ ਬਾਪੂ ਦੇ ਹੱਥ ’ਚੋਂ ਫੜਦੇ ਹੋਏ ਧੀਰੇ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ। ਬਹੁਤ ਸਾਰੇ ਦਿਨਾਂ ਬਾਅਦ ਉਸ ਨੇ ਆਪਣੇ ਬਾਪੂ ਨਾਲ ਜ਼ਬਾਨ ਸਾਂਝੀ ਕੀਤੀ ਸੀ।
‘ਲੈ ਪੁੱਤ, ਪਹਿਲਾਂ ਪ੍ਰਸ਼ਾਦ ਦਾ ਕਿਣਕਾ ਮੂੰਹ ’ਚ ਪਾ, ਵਾਖਰੂ ਸੁੱਖ ਰੱਖੇ’ ਬੇਬੇ ਪੋਣੇ ਨਾਲ ਢਕਿਆ ਥਾਲ ਚੁੱਕੀਂ ਧੀਰੇ ਕੋਲ ਆ ਖੜ੍ਹੀ।
ਦੋਵੇਂ ਹੱਥ ਜੋੜ ਕੇ ਆਪਣੀ ਬੇਬੇ ਹੱਥੋਂ ਪ੍ਰਸ਼ਾਦ ਲੈ ਕੇ ਮੱਥੇ ਨੂੰ ਲਾਉਂਦਾ ਹੋਇਆ ਧੀਰਾ ਮਨ ਹੀ ਮਨ ਵਿਚ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋ ਰਿਹਾ ਸੀ। ਡਾਕ ਵਿਚ ਆਏ ਕਾਗਜ਼ਾਂ ਉ¤ਪਰ ਮੋਟੀ ਜਿਹੀ ਨਿਗਾਹ ਮਾਰ ਕੇ ਧੀਰੇ ਨੇ ਆਪਣੀ ਸਮਰੱਥਾ ਮੁਤਾਬਿਕ ਡੁਬਈ ਦਾ ਵੀਜ਼ਾ ਲੱਗਣ ਦੀ ਤਸੱਲੀ ਕਰ ਲਈ।
‘ਗੱਲ ਤਾਂ ਡਾਕੀਏ ਦੀ ਠੀਕ ਈ ਲਗਦੀ ਐ, ਬਾਪੂ। ਪਰ ਕੱਲ੍ਹ ਨੂੰ ਮੈਂ ਏਜੰਟ ਨੂੰ ਕਾਗਜ਼ ਦਿਖਾ ਕੇ ਸਲਾਹ ਲੈ ਲੂੰ’ ਸਾਰੇ ਕਾਗਜ਼ਾਂ ਨੂੰ ਸੰਭਾਲ ਕੇ ਲਿਫ਼ਾਫ਼ੇ ਵਿਚ ਪਾਉਂਦੇ ਹੋਏ ਧੀਰੇ ਨੇ ਆਖਿਆ।
‘ਹਾਲੇ ਵੀ ਏਜੰਟ ਦੀ ਸਲਾਹ ਲੈਣੀ ਪਊ? ਨਾਲੇ ਮੈਂ ਤਾਂ ਸੁਣਿਐ ਬਈ ਵੀਜ਼ਾ ਲੱਗੇ ਤੋਂ ਤਾਂ ਬੱਸ ਟਿਕਟ ਈ ਖਰੀਦਣਾ ਹੁੰਦੈ।’ ਦੁੱਲਾ ਸਿਉਂ ਦੇ ਮਨ ਵਿਚ ਬੈਠਾ ਏਜੰਟ ਦਾ ਡਰ ਬਾਹਰ ਨਿਕਲ ਕੇ ਬੋਲ ਪਿਆ।
‘ਨਹੀਂ ਬਾਪੂ, ਲੈਣਾ ਤਾਂ ਹੁਣ ਟਿਕਟ ਈ ਐ ਪਰ ਫੇਰ ਵੀ… ਸਾਰੇ ਕਾਗਜ਼ ਪੱਤਰ ਦਿਖਾ ਕੇ ਤਸੱਲੀ ਕਰ ’ਲਾਂ ਗੇ ਕੇਰਾਂ।’ ਧੀਰੇ ਦੇ ਬੋਲਾਂ ’ਚੋਂ ਹਾਲੇ ਵੀ ਅੰਦਰਲੀ ਦਹਿਸ਼ਤ ਝਲਕਦੀ ਸੀ।
‘ਆਹੋ, ਇਹਦੀ ਗੱਲ ਠੀਕ ਐ, ਧੀਰੇ ਦੇ ਬਾਪੂ। ਤੂੰ ਬੇਸ਼ੱਕ ਨਾਲ ਜਾਂਦਾ ਰਹੀਂ ਏਹਦੇ।’ ਕੋਲ ਖੜ੍ਹੀ ਧੀਰੇ ਦੀ ਬੇਬੇ ਨੇ ਵੀ ਧੀਰੇ ਦੀ ਗੱਲ ਦੀ ਹਮਾਇਤ ਕੀਤੀ।
‘ਚੱਲ ਚੰਗਾ। ਮੈਂ ਤਾਂ ਕੀ ਕਰਨੈ ਉਥੇ। ਇੱਲ੍ਹ ਤੋਂ ਕੁੱਕੜ ਤਾਂ ਆਉਂਦਾ ਨੀਂ ਮੈਨੂੰ। ਇਹ ਆਪ ਈ ਜਾ ਆਊ।’ ਦੁੱਲਾ ਸਿਉਂ ਨੰਨਾ ਪਾਉਣਾ ਠੀਕ ਨਾ ਸਮਝਦੇ ਹੋਏ ਛੇਤੀ ਹੀ ਸਹਿਮਤ ਹੋ ਗਿਆ। ਧੀਰੇ ਨੂੰ ਅੱਜ ਆਪਦਾ ਬਾਪੂ ਬਹੁਤ ਵਿਚਾਰਾ ਜਿਹਾ ਲੱਗਿਆ।
ਪਤਾ ਨਹੀਂ ਅੱਜ ਕਿੰਨੇ ਚਿਰ ਬਾਅਦ ਧੀਰੇ ਨੇ ਆਪਣੀ ਬੇਬੇ ਦੇ ਗੋਡੇ ਮੁੱਢ ਬੈਠ ਕੇ ਖੁਸ਼ੀ ਭਰੇ ਸ਼ਾਂਤ ਮਨ ਨਾਲ ਰੋਟੀ ਖਾਧੀ। ਟੱਬਰ ਦੇ ਸਾਰੇ ਜੀਆਂ ਦੀ ਅੱਜ ਦੀ ਰਾਤ ਜਾਗੋ-ਮੀਟੀ ਵਿਚ ਤਰ੍ਹਾਂ-ਤਰ੍ਹਾਂ ਦੇ ਸੁਪਨਿਆਂ ਦੀ ਉਧੇੜ-ਬੁਣ ਵਿਚ ਨਿਕਲ ਗਈ।
ਮਨ ਦੀ ਖੁਸ਼ੀ ਨੂੰ ਮਨ ਅੰਦਰ ਬਹੁਤਾ ਚਿਰ ਦਬਾ ਕੇ ਰੱਖਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਕਿਸੇ ਨਾ ਕਿਸੇ ਬੁੱਕਲ ਦੇ ਬੰਦੇ ਨਾਲ ਖੁਸ਼ੀ ਸਾਂਝੀ ਕਰਕੇ ਵੀ ਅਜੀਬ ਆਨੰਦ ਆਉਂਦਾ ਹੈ। ਦੂਜੇ ਦਿਨ ਦੇ ਤੀਜੇ ਪਹਿਰ ਜਦੋਂ ਧੀਰਾ ਸ਼ਹਿਰੋਂ ਏਜੰਟ ਤੋਂ ਤਸੱਲੀ ਕਰਕੇ ਪਿੰਡ ਵੜਿਆ ਤਾਂ ਘਰ ਤੱਕ ਜਾਂਦੇ-ਜਾਂਦੇ ਕਈਆਂ ਨੇ ਵਧਾਈਆਂ ਦਿੱਤੀਆਂ। ਧੀਰੇ ਨੇ ਹਿਸਾਬ ਲਾ ਲਿਆ ਕਿ ‘ਬੱਸ ਬੇਬੇ ਤੋਂ ਨੀਂ ਰਹਿ ਹੋਇਆ।’
ਘਰ ਅੰਦਰ ਵੜਦੇ ਧੀਰੇ ਨੂੰ ਕਾਫ਼ੀ ਕੁਝ ਬਦਲਿਆ ਜਿਹਾ ਮਹਿਸੂਸ ਹੋਇਆ। ਘਰ ਵਿਚ ਖੁਸ਼ੀ ਭਰਪੂਰ ਰੌਣਕ ਚੁੱਪ-ਚੁਪੀਤੇ ਖੇਡਦੀ ਪ੍ਰਤੀਤ ਹੋਈ।
‘ਕੁੜੇ ਨਿੱਕੀਏ ਵੀਰਾ ਆ ਗਿਆ, ਲਿਆ ਪਾਣੀ ਦਾ ਗਿਲਾਸ ਫੜਾ।’ ਅੰਦਰ ਵੜਦੇ ਧੀਰੇ ਨੂੰ ਦੇਖ ਕੇ ਉਸ ਦੀ ਬੇਬੇ ਨੇ ਕੁੜੀ ਨੂੰ ਆਵਾਜ਼ ਮਾਰੀ।
‘ਲੈ ਵੀਰੇ, ਸਾਰਾ ਕੁਸ਼ ਠੀਕ-ਠਾਕ ਐ ਨਾ? ਸਾਰੇ ਕਾਗਜ਼ ਪੱਤਰ…?’ ਪਾਣੀ ਦਾ ਗਿਲਾਸ ਫੜਾਉਂਦੀ ਨਿੱਕੀ ਨੇ ਪੁੱਛ ਲਿਆ।
‘ਹਾਂ, ਹਾਂ ਸਾਰਾ ਕੁਸ਼ ਠੀਕ-ਠਾਕ ਐ। ਹੁਣ ਨਾ ਤੂੰ ਬਹੁਤੀ ਚਿੰਤਾ ਨਾ ਕਰੀਂ। ਬਸ ਟਿਕਟ ਦਾ ਬੰਦੋਬਸਤ ਈ ਕਰਨੈ ਹੁਣ ਤਾਂ।’ ਖਾਲੀ ਗਿਲਾਸ ਫੜਾਉਂਦੇ ਹੋਏ ਧੀਰੇ ਦੇ ਬੋਲਾਂ ’ਚੋਂ ਨਿੱਕੀ ਦੇ ਭਵਿੱਖ ਦੀ ਫਿਕਰਮੰਦੀ ਝਲਕੀ।
ਟਰੰਕ ਵਿਚ ਕਾਗਜ਼ ਸੰਭਾਲ ਕੇ ਧੀਰਾ ਕੋਠੇ ਉਪਰ ਨੂੰ ਪੌੜੀਆਂ ਚੜ੍ਹ ਗਿਆ। ਬੀਹੀ ਉਪਰਲੇ ਦਰਵਾਜ਼ੇ ਸਾਹਮਣੇ ਰੁਕੀ ਜੀਪ ਨੇ ਇਕ ¦ਬਾ ਹਾਰਨ ਮਾਰਿਆ। ਡੰਗਰਾਂ ਨੂੰ ਪੱਠੇ ਪਾਉਂਦਾ ਦੁੱਲਾ ਸਿਉਂ ਜਦੋਂ ਟੋਕਰਾ ਰੱਖ ਕੇ ਬਾਹਰ ਝਾਕਿਆ ਤਾਂ ¦ਬੜਾਂ ਦਾ ਗੇਲਾ ਅਤੇ ਦੁੱਕੀ ਦਾ ਸੇਮਾ ਅੰਦਰ ਆ ਵੜੇ।
‘ਤਾਇਆ, ਕਿੱਥੇ ਐ ਸਾਡਾ ਯਾਰ ਧੀਰਾ ਸਿਉਂ? ਪਾਲਟੀ ਦੇਣ ਦਾ ਮਾਰਾ ਹੁਣ ਲੁਕਦਾ ਫਿਰਦੈ।’ ਗੇਲੇ ਨੇ ਲਲਕਾਰੇ ਵਰਗੀ ਆਵਾਜ਼ ਵਿਚ ਦੁੱਲਾ ਸਿਉਂ ਨੂੰ ਮੇਹਣਾ ਜਿਹਾ ਮਾਰਿਆ।
‘ਓਏ ਕਾਹਨੂੰ ਭਾਈ, ਕਿਥੇ ਲੁਕਦਾ ਫਿਰਦੈ? ਕੋਈ ਫੂਨ ਆ ਗਿਆ ਸੀ, ਸੁਣਦਾ-ਸੁਣਦਾ ਕੋਠੇ ’ਤੇ ਨੂੰ ਚੜ੍ਹ ਗਿਆ।’ ਦੁੱਲਾ ਸਿਉਂ ਨੇ ਗੇਲੇ ਦੀ ਗੱਲ ਦਾ ਜਵਾਬ ਤਾਂ ਦੇ ਦਿੱਤਾ ਪਰ ਉਸ ਨੂੰ ਗੇਲੇ ਦੇ ਬੋਲਾਂ ’ਚੋਂ ਸ਼ਰਾਬ ਦੇ ਨਸ਼ੇ ਦੀ ਲੋਰ ਮਹਿਸੂਸ ਹੋਈ। ਕੋਠੇ ਤੋਂ ਉਤਰਦੇ ਧੀਰੇ ਨੂੰ ਪੌੜੀਆਂ ਵਿਚੋਂ ਹੀ ਗੇਲੇ ਨੇ ਬਾਂਹ ਫੜ ਕੇ ਧੂਹ ਲਿਆ।
‘ਚੱਲ ਬੈਠ ਓਏ ਧੀਰਾ ਸਿਆਂ ਜੀਪ ’ਚ। ਅੱਜ ਪਾਲਟੀ ਲੈਣੀ ਆ ਤੈਥੋਂ, ਤੂੰਬੇ ਤੋੜ।’ ਗੇਲੇ ਨੇ ਧੱਕੇ ਨਾਲ ਹੀ ਧੀਰੇ ਨੂੰ ਜੀਪ ’ਚ ਬਿਠਾ ਲਿਆ। ਸੇਮਾ ਝੱਟ ਦੇਣੇ ਪਿਛਲੀ ਸੀਟ ’ਤੇ ਬੈਠ ਗਿਆ।
‘ਓਏ ਭਾਈ ਸ਼ੇਰੋ! ਇਉਂ ਕਰੋ ਐਥੇ ਘਰੇ ਈ ਕਰ ਲਓ ਜਿਹੜੀ ਪਾਲਟੀ-ਪੂਲਟੀ ਕਰਨੀ ਐ। ਬਾਹਰ ਕਾਹਨੂੰ ਐਸ ਵੇਲੇ ਜਾਣੈ।’ ਦੁੱਲਾ ਸਿਉਂ ਦਾ ਚਿੱਤ ਧੀਰੇ ਨੂੰ ਅੱਜ ਗੇਲੇ ਹੋਰਾਂ ਨਾਲ ਬਾਹਰ ਭੇਜਣ ਤੋਂ ਡਰਦਾ ਸੀ।
‘ਓਏ ਊਈਂ ਕਿਉਂ ਡਰੀ ਜਾਨੈ ਤਾਇਆ ਸਿਆਂ। ਅਸੀਂ ਤਾਂ ਗਏ ਤੇ ਆਏ, ਬੱਸ।’ ਦੁੱਲਾ ਸਿਉਂ ਦੀ ਗੱਲ ਨੂੰ ਹਵਾ ਵਿਚ ਉਡਾਉਂਦੇ ਹੋਏ ਗੇਲੇ ਨੇ ਝਟਕੇ ਨਾਲ ਜੀਪ ਭਜਾ ਲਈ। ਦੁੱਲਾ ਸਿਉਂ ਬੇਵਸੀ ਵਿਚ ਸਿਰ ਮਾਰਦਾ ਹੋਇਆ ਆਪਣੇ ਕੰਮ ਲੱਗ ਗਿਆ।
ਨਹਿਰ ਦੇ ਪੁਲ ਉਪਰ ਠੇਕੇ ਮੂਹਰੇ ਜੀਪ ਲਾ ਕੇ ਗੇਲੇ ਨੇ ਝਾਲ ਮਾਰਦੇ ਹੋਏ ਧੀਰੇ ਨੂੰ ਬੋਲ ਮਾਰਿਆ, ‘ਲੈ ਬਈ ਫੜ ਲੈ ਧੀਰਾ ਸਿਆਂ ਬੋਤਲ ਫੇਰ।’ ਏਨਾ ਕਹਿੰਦੇ ਹੋਏ ਗੇਲਾ ਤੇ ਸੇਮਾ ਇਕ ਪਾਸੇ ਟੁੱਟੇ ਜਿਹੇ ਬੈਂਚ ’ਤੇ ਜਾ ਬੈਠੇ।
ਧੀਰੇ ਦੀ ਲਿਆਂਦੀ ਬੋਤਲ ਤਾਂ ਗੇਲੇ ਨੇ ਦੋ ਗੇੜਿਆਂ ’ਚ ਹੀ ਫੂਕ ਮਾਰ ਕੇ ਪਰ੍ਹਾਂ ਵਗਾਹ ਮਾਰੀ।
‘ਲੈ ਹੁਣ ਤੂੰ ਫੂਕ ਮਾਰੀ ਐ। ਤੈਨੂੰ ਈ ਹੋਰ ਬੋਤਲ ਲੈਣੀ ਪਊ। ਹੁਣ ਗੱਲ ਕਰ।’ ਨਸ਼ੇ ਦੇ ਸਰੂਰ ਵਿਚ ਸੇਮੇ ਨੇ ਆਪਣੀ ਸਿਆਣਪ ਘੋਟਦੇ ਹੋਏ ਗੇਲੇ ਦੇ ਪੱਟ ’ਤੇ ਹੱਥ ਮਾਰਿਆ।
‘ਓਏ ਗੱਲ ਕਿਹੜੀ ਐ? ਆਪਾਂ ਵਾਰ ਦੀਏ ਪੇਟੀਆਂ ਬਾਈ ਧੀਰੇ ਦੇ ਉਤੋਂ ਦੀ।’ ਜੇਬ ’ਚੋਂ ਬਟੂਆ ਕੱਢਦਾ ਹੋਇਆ ਗੇਲਾ ਡਿੱਕ-ਡੋਲੇ ਖਾਂਦਾ ਬੋਤਲ ਲੈਣ ਤੁਰ ਪਿਆ।
ਓਏ ਸੇਮਿਆ ਤੂੰ ਵੀ ਯਾਰ… ਕਾਹਨੂੰ ਉਂਗਲ ਲਾਉਣੀ ਸੀ। ਉਹ ਤਾਂ ਅੱਗੇ ਈ ਨੀ ਮਾਨ।’ ਧੀਰੇ ਨੇ ਸੇਮੇ ’ਤੇ ਰੋਸ ਜਿਹਾ ਜ਼ਾਹਰ ਕੀਤਾ।
‘ਬੱਸ ਕਰ ਯਾਰ। ਕਿਧਰੇ ਨੀਂ ਫਰਕ ਪੈਂਦਾ। ਸਾਲੇ ਦੇ ਅੱਗ ਲਾਈ ਤਾਂ ਲਗਦੀ ਨੀਂ। ਲਿਆਉਣ ਦੇ। ਬਿੰਦ ਝੱਟ ਹੋਰ ਸ਼ੁਗਲ ਕਰ ’ਲਾਂ… ਗੇ’ ਮੁਫਤ ਦੀ ਪੀਣ ਦਾ ਲਾਲਚ ਸੇਮੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ।
‘ਚੱਲ ਇਉਂ ਕਰੋ ਇਹਨੂੰ ਡੱਬ ’ਚ ਟੰਗ ਲਓ। ਘਰ ਚੱਲ ਕੇ ਡੱਫ਼ ਲਿਓ ਜਿਹੜੀ ਡੱਫਣੀ ਹੋਈ। ਤੁਰੋ ਹੁਣ।’ ਧੀਰੇ ਨੇ ਉਠਦੇ ਹੋਏ ਗੇਲੇ ਨੂੰ ਨਾਲ ਤੋਰਨ ਦੀ ਕੋਸ਼ਿਸ਼ ਕੀਤੀ।
‘ਨਹੀਂ ਯਾਰ… ਵੀਰਾ ਬਣ ਕੇ… ਬੱਸ ਇਕ-ਇਕ ਹਾੜਾ ਹੋਰ…. ਬਸ ਇਕੋ। ਨਾਲੇ ਤੂੰ ਤਾਂ ਹੁਣ ਫੁ… ਰ… ਰ…ਰ… ਹੋ ਜਾਣੈ, ਫੇਰ ਪਤਾ ਨੀਂ ਕਦੋਂ….’ ਗੇਲੇ ਨੇ ਇਕ ਅੱਖ ਮੀਚਦੇ ਹੋਏ ਸੱਜੇ ਹੱਥ ਨਾਲ ਹਵਾ ਵਿਚ ਜਹਾਜ਼ ਬਣਾ ਦਿੱਤਾ।
‘ਬੱਸ ਬਈ ਮੈਨੂੰ ਨਾ ਪਾਈਂ।’ ਗਿਲਾਸਾਂ ’ਚ ਪੈ¤ਗ ਪਾਉਣ ਲੱਗੇ ਗੇਲੇ ਨੂੰ ਆਪਣਾ ਗਿਲਾਸ ਚੁੱਕਦੇ ਹੋਏ ਧੀਰੇ ਨੇ ਰੋਕ ਦਿੱਤਾ।
‘ਓਏ ਪਾ ਲੈ ਭੋਰਾ। ਹੁਣ… ਕਾਹਦਾ ਫਿਕਰ ਐ। ਹੁਣ ਤਾਂ ਬਾਈ ਧੀਰਾ ਸਿਉਂ ਓਧਰ ਜਾ ਕੇ ਲੂ ਦਾ ਟਿੱਬੇ… ਰੁਪਈਆਂ ਦੇ।’ ਗੇਲੇ ਨੇ ਆਪਦਾ ਤੇ ਸੇਮੇ ਦਾ ਗਿਲਾਸ ਫੇਰ ਡੱਕ ਲਏ।
‘ਓਏ ਉਥੇ ਕਿਹੜਾ ਦਰੱਖਤਾਂ ਨੂੰ ਲਗਦੇ ਐ… ਬਈ ਤੋੜ ਕੇ ਪੰਡ ਈ ਬੰਨ੍ਹ ਲੈਣੀ ਆ। ਹੱਡ ਭੰਨ ਕੇ ਕੰਮ ਕਰਨਾ… ਪੈਂਦਾ… ਦਿਨ… ਰਾਤ। ਤਾਂ ਜਾ ਕੇ ਚਾਰ ਛਿੱਲੜ ਜੁੜਦੇ ਐ।’ ਸੇਮੇ ਨੇ ਘੁੱਟ ਭਰਦੇ ਹੋਏ ਸੁਣੀ-ਸੁਣਾਈ ਸਿਆਣਪ ਘੋਟੀ।
‘ਚੱਲ ਉਹ ਤਾਂ ਕੋਈ ਨਾ। ਕੰਮ ਤਾਂ ਬੰਦਾ ਬਥੇਰਾ ਕਰ ਲੈਂਦੈ… ਜੇ ਮੁੱਲ ਪਵੇ। ਜੇ ਕੁਸ਼ ਬਣਦਾ ਹੋਵੇ ਤਾਂ ਕੰਮ ਤਾਂ ਬੰਦਾ ਭੱਜ-ਭੱਜ ਕਰਦੈ।’ ਜੀਵਨ ਦੀ ਸਚਾਈ ਸਮਝ ਚੁੱਕਿਆ ਧੀਰੇ ਦਾ ਮਨ ਖੁਸ਼ੀ-ਖੁਸ਼ੀ ਹਰ ਕਸ਼ਟ ਝੱਲਣ ਲਈ ਤਿਆਰ ਸੀ।
‘ਛੱਡੋ ਪਰ੍ਹੇ… ਯਾਰ ਸਿਆਣਪਾਂ ਨੂੰ… ਜੇ ਘੁੱਟ ਪਾਉਣੀ… ਐਂ ਤਾਂ ਹੋਰ ਪਾ ਲਓ, ਨਹੀਂ ਬੱਸ… ਚਲੋ ਉਠੋ।’ ਇਕੋ ਡੀਕ ਖਾਲੀ ਕਰਦੇ ਹੋਏ ਗੇਲੇ ਨੇ ਗਿਲਾਸ ਵਗਾਹ ਕੇ ਮਾਰਿਆ।
ਗੇਲੇ ਦੇ ਪੈਰ ਉਖੜਦੇ ਦੇਖ ਕੇ ਧੀਰੇ ਨੇ ਡਰਦੇ-ਡਰਦੇ ਕਿਹਾ, ‘ਲਿਆ ਬਾਈ ਫੜਾ ਚਾਬੀ।… ਮੈਂ ਚਲਾਉਨਾ ਜੀਪ।’
‘ਲੈ ਵਾਹ ਓਏ… ਤੂੰ ਮੈਨੂੰ ਸ਼ਰਾਬੀ ਸਮਝਦੈਂ…। ਚਲਾਊਂ ਤਾਂ ਮੈਂ ਈ ਈ। ਤੂੰ ਬੈਠ ਟੌਹਰ ਨਾਲ ਆਪਦੇ ਵੀਰ ਦੇ ਬਰੋਬਰ…।’ ਬਾਕੀ ਬਚਦੀ ਬੋਤਲ ਡੱਬ ’ਚ ਟੰਗਦੇ ਹੋਏ ਗੇਲੇ ਨੇ ਔਖਾ-ਸੌਖਾ ਡਰਾਈਵਰ ਦੀ ਸੀਟ ’ਤੇ ਬੈਠਦੇ ਹੋਏ ਸੈਲਫ਼ ਮਾਰ ਦਿੱਤੀ।
‘ਲੈ ਬਈ… ਬਹਿ ’ਗੇ ਤੁਸੀਂ… ਚੱਲੀਏ ਹੁਣ…।’ ਉਤੋਂ ਦੀ ਹੋਏ ਗੇਲੇ ਨੇ ਗਰਦਨ ਘੁਮਾ ਅੱਖਾਂ ਟੱਡਦੇ ਹੋਏ ਪੁੱਛਿਆ।
‘ਚੱਲ… ਪਰ ਦੇਖੀਂ ਕਿਤੇ। ਤੂੰ ਸੂਤ ਐਂ ਊਂ ਤਾਂ?’ ਨਾਲ ਦੀ ਸੀਟ ’ਤੇ ਬੈਠੇ ਧੀਰੇ ਦੇ ਬੋਲਾਂ ਵਿਚ ਚਿੰਤਾ ਸੀ।
‘ਓਏ… ਆਹੋ ਸੂਤ ਆਂ… ਸੂ…ਤ ਨੂੰ ਮੈਨੂੰ… ਕੀ ਗੋਲੀ ਲੱਗੀ ਐ? ਤੂੰ… ਮੈਨੂੰ…’ ਧੀਰੇ ਵੱਲ ਔਖਾ ਜਿਹਾ ਝਾਕਦੇ ਹੋਏ ਗੇਲੇ ਨੇ ਜੀਪ ਭਜਾ ਲਈ।
‘ਹੌਲੀ ਚੱਲ ਯਾਰ। ਆਪਾਂ ਕਿਹੜਾ ਕਿਤੇ….’ ਜੀਪ ਵਿਚ ਬੁੜਕਦੇ ਹੋਏ ਧੀਰੇ ਨੇ ਗੇਲੇ ਨੂੰ ਫੇਰ ਟੋਕਿਆ।
‘ਹੁ…ਰ…ਰ…ਰਾ…।… ਓਏ ਅੱਜ… ਤਾਂ ਜਹਾਜ਼ ਬਣਾ ਦੂੰ…।’ ਧੀਰੇ ਦੀ ਗੱਲ ਅਣਸੁਣੀ ਕਰਕੇ ਗੇਲੇ ਨੇ ਲਲਕਾਰਾ ਮਾਰ ਕੇ ਜੀਪ ਹੋਰ ਤੇਜ਼ ਕਰ ਦਿੱਤੀ ਅਤੇ ਦੋਵੇਂ ਹੱਥ ਸਟੇਅਰਿੰਗ ਤੋਂ ਉਪਰ ਚੁੱਕ ਕੇ ਸੰਘ ਪਾੜਵੀ ਹੇਕ ਲਾਈ….
‘ਓ… ਚਿੱਠੀ… ਡੁਬਈਓਂ ਲਿਖਦਾ ਧੀਰਾ,
ਪਿੰਡ ਦਾ… ਹਾ… ਅ… ਲ… ਸੁਣਾ ਦੇ ਵੀਰਾ…।’
‘ਧੜੱ…ਮ…ਮ’ ਜੀਪ ਗੇੜਾ ਖਾ ਕੇ ਪੂਰੀ ਤੇਜ਼ ਰਫ਼ਤਾਰ ਨਾਲ ਖਤਾਨਾ ’ਚ ਉਤਰ ਕੇ ਸਿੱਧੀ ਟਾਹਲੀ ਨਾਲ ਜਾ ਵੱਜੀ।
ਬਸ… ਸਭ ਖਤਮ। ਦਰੱਖਤਾਂ ਉਪਰ ਆਰਾਮ ਕਰਦੈ ਟਿਕੇ ਬੈਠੇ ਪੰਛੀ ਕਿਸੇ ਅਚਾਨਕ ਆਈ ਆਫ਼ਤ ਦੇ ਡਰ ਨਾਲ ਚੀਕਾਂ ਮਾਰਦੇ ਹਨੇਰੇ ਵਿਚ ਅਲੋਪ ਹੋ ਗਏ। ਲਲਕਾਰੇ ਇਕੋ ਝਟਕੇ ਨਾਲ ਸਦਾ ਲਈ ਖਤਮ ਹੋ ਗਏ ਅਤੇ ਹੇਕਾਂ ਦੀ ਥਾਂ ਵੈਣਾਂ ਨੇ ਲੈ ਲਈ। ਤਿੰਨ ਘਰ ਪੱਟੇ ਗਏ। ਵਸਦੇ-ਰਸਦੇ ਘਰਾਂ ’ਚੋਂ ਉਠੀਆਂ ਚੀਕਾਂ ਨੇ ਅਸਮਾਨ ਕੰਬਾਅ ਦਿੱਤਾ। ਸਾਰੇ ਪਿੰਡ ਵਿਚ ਮਾਤਮ ਛਾ ਗਿਆ। ਧੀਰੇ ਦੇ ਪਰਿਵਾਰ ਦੇ ਸੁਪਨਿਆਂ ਨੂੰ ਮੁੱਦਤਾਂ ਬਾਅਦ ਮਿਲੀ ਢਾਰਸ ਪਲਾਂ ਵਿਚ ਹੀ ਸਦਾ ਲਈ ਖਤਮ ਹੋ ਗਈ। ਸੱਥਰਾਂ ’ਤੇ ਬੈਠੇ ਸੋਗ ਵਿਚ ਡੁੱਬੇ ਭੋਲੇ-ਭਾਲੇ ਲੋਕ ਇਸ ਆਪ ਸਹੇੜੀ ਮੌਤ ਨੂੰ ਧੱਕੇ ਨਾਲ ਵਿਚਾਰੇ ਰੱਬ ਦੇ ਖਾਤੇ ਪਾ ਕੇ ਆਪਣੇ ਮਨਾਂ ਨੂੰ ਝੂਠੀ ਤਸੱਲੀ ਦਿੰਦੇ ਰਹੇ।
 
Top