ਪੰਜਾਬੀ ਪਰਿਵਾਰ ਦੇ ਜੀਓ!

ਪੰਜਾਬੀ ਪਰਿਵਾਰ ਦੇ ਜੀਓ!ਪੰਜਾਬੀ ਮਾਂ-ਬੋਲੀ! ਸਾਡੀ ਸਮੂਹ ਪੰਜਾਬੀ ਬੋਲਣ ਵਾਲਿਆਂ ਦੀ ਮਾਂ। ਮਾਂ ਸਾਰਿਆ ਨੂੰ ਜਾਨੋਂ ਵਧ ਕੇ ਹੁੰਦੀ ਹੈ। ਕੋਈ ਕਿੰਨਾ ਵੀ ਵੱਡਾ ਅਫਸਰ ਬਣ ਜਾਵੇ, ਬਾਦਸ਼ਾਹ ਬਣ ਜਾਵੇ, ਮਾਂ ਤੋਂ ਵੱਡਾ ਨਹੀਂ ਹੋ ਸਕਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ ਸਨ "ਅੱਜ ਮੈਨੂੰ ਮਹਾਰਾਜਾ ਕਹਿਣ ਵਾਲੇ ਤਾਂ ਬਹੁਤ ਨੇ ਪਰ 'ਓਏ ਰਣਜੀਤਿਆ' ਕਹਿਣ ਵਾਲਾ ਕੋਈ ਨੀ ਰਿਹਾ"। ਬਸ ਇਹੋ ਜਿਹੀ ਹੀ ਸਾਂਝ ਹੈ ਸਾਡੀ ਆਪਣੀ ਮਾਂ ਪੰਜਾਬੀ ਨਾਲ। ਅਸੀਂ ਕਿਸੇ ਵੀ ਭਾਸ਼ਾ ਨੂੰ ਸਿੱਖ ਕੇ ਆਪਣੇ ਵਿਚਾਰ ਬੇਹਤਰੀਨ ਤਰੀਕੇ ਨਾਲ ਉਸ ਭਾਸ਼ਾ ਵਿੱਚ ਪ੍ਰਗਟ ਕਰ ਸਕਦੇ ਹਾਂ ਪਰ ਸਾਡੇ ਜਜ਼ਬਾਤਾਂ ਦਾ, ਸਾਡੇ ਵਿਚਾਰਾਂ ਦਾ ਜੋ ਸੱਚ ਸਾਡੀ ਮਾਂ ਬੋਲੀ ਪੇਸ਼ ਕਰਦੀ ਹੈ ਉਸ ਦਾ ਕੋਈ ਵੀ ਮੁਕਾਬਲਾ ਨਹੀਂ। ਓਏ, ਨੀ, ਵੇ, ਤੂੰ ਕਹਿਣ ਦਾ ਜੋ ਸਵਾਦ ਹੈ ਉਹ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਬਦਲਦੇ ਵਕਤ ਨਾਲ ਬਦਲਦੇ ਮਹੌਲ ਵਿੱਚ, ਬਦਲ ਚੁੱਕੇ ਵਿਦਿਅਕ ਅਤੇ ਕਾਰੋਬਾਰੀ ਮਾਹੌਲ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਹੋਰ ਬੋਲੀਆਂ ਨੂੰ ਵਰਤੋਂ ਵਿੱਚ ਲਿਆਉਣ ਲਗੇ ਹਾਂ। ਪੰਜਾਬੀ ਮਾਂ ਦੀ ਔਲਾਦ ਹੁਣ ਸਿਰਫ ਪੰਜਾਬ ਦੀਆ ਹੱਦਾਂ ਵਿੱਚ ਨਹੀਂ ਵਸਦੀ ਸਗੋਂ ਸਮੁੱਚੇ ਵਿਸ਼ਵ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੀ ਹੈ। ਵਲਾਇਤ, ਕਨੇਡਾ, ਅਮਰੀਕਾ, ਯੁਰੋਪ, ਅਰਬ ਦੇਸ਼ਾਂ, ਜਾਪਾਨ, ਚਾਈਨਾ, ਰਸ਼ੀਆ, ਮਲੇਸ਼ੀਆ, ਥਾਈਲੈਂਡ, ਅਸਟ੍ਰੇਲੀਆ, ਦੱਖਣੀ ਅਫਰੀਕਾ, ਚਾਈਲ ਵਰਗੇ ਦੇਸਾਂ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਚੁੱਕਾ ਪੰਜਾਬੀ ਪਰਿਵਾਰ ਅੱਜ ਆਪਣੀਆ ਪੀੜ੍ਹੀਆਂ ਨੂੰ ਪੰਜਾਬੀ ਮਾਂ ਨਾਲ ਜੋੜਨ ਲਈ ਯਤਨਸ਼ੀਲ ਹੈ। ਪੰਜਾਬੀ ਬੋਲੀ ਦੀ ਲਿਪੀ 'ਗੁਰਮੁਖੀ' ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵਿਗਿਆਨਕ ਮਾਪਦੰਡਾਂ ਅਨੁਸਾਰ ਪ੍ਰਭਾਸ਼ਤ ਕੀਤੀ। ਵਾਹਗੇ ਦੇ ਪੱਛਮ ਵੱਲ ਵਸਦੇ ਸਾਡੇ ਮੁਸਲਿਮ ਭਰਾ 'ਸ਼ਾਹਮੁਖੀ' ਲਿਪੀ ਦੀ ਵਰਤੋਂ ਕਰਦੇ ਹਨ। ਪਰ ਦੋਵੇਂ ਆਪਣੀ ਮਾਂ ਦਾ ਹੱਦੋਂ ਵੱਧ ਸਤਿਕਾਰ ਕਰਦੇ ਨੇ। ਕੁਝ ਸਮੇਂ ਲਈ ਮਾਂ ਦਾ ਹਾਲ ਚਾਲ ਨਹੀਂ ਪੁਛਿਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਾਂ ਦੇ ਪੁੱਤ ਕਪੁੱਤ ਨਿਕਲੇ। ਹਾਏ! ਸਾਡੀ ਮਾਂ ਤੇ ਐਨਾ ਵੱਡਾ ਕਲੰਕ ਸਾਡੀ ਮੂਰਖਤਾ ਕਰਕੇ? ਪਰ ਹੁਣ ਅਸੀਂ ਆਪਣੇ ਘਰ ਆ ਗਏ ਹਾਂ ਹੁਣ ਸਾਡੀ ਮਾਂ ਦੀ ਚੁੰਨੀ ਨੂੰ ਕੋਈ ਹੱਥ ਨੀ ਪਾ ਸਕਦਾ। ਸਾਡੀ ਮਾਂ ਦੀ ਸ਼ਾਨ ਬਹੁਤ ਬਹੁਤ ਬੁਲੰਦ ਰਹੀ ਹੈ ਤੇ ਬੁਲੰਦ ਹੋਵੇਗੀ। ਇਸ ਸਾਡਾ ਵਾਅਦਾ ਹੈ ਆਪਣੀ ਮਾਂ ਨਾਲ, ਆਪਣੇ ਆਪ ਨਾਲ।
 

Konvicted_Jatt

S@RP@NCH
ਬਹੁਤ ਵਧੀਆ ਨਵਦੀਪ ਕੌਰ ਭੁੱਲਰ ਜੀ..
ਬਹੁਤ-ਬਹੁਤ ਧੰਨਵਾਦ ਆਪਣੇ ਵਿਚਾਰ ਸਾਝੇ਼ ਕਰਨ ਲਈ... :wah
 
Top