ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ?

Ginny

VIP
ਸਰਦੀ ਦੀ ਆਮਦ ਵੇਖ ਮਾਂ ਨੇ ਡਾਂਟਦਿਆਂ ਕਹਿਣਾ, 'ਠੰਢ ਆਉਂਦੀ ਜਾਂ ਜਾਂਦੀ ਲੱਗ ਜਾਂਦੀ ਐ', ਉਸ ਨੇ ਸਾਨੂੰ ਨੰਗੇ ਪੈਰਾਂ ਤੋਂ ਵਰਜਣਾ, ਜੁੱਤੀ ਪਾ ਕੇ ਰੱਖਣ ਦੇ ਆਦੇਸ਼ ਹੋਣ ਲਗਦੇ, ਪੂਰੀਆਂ ਬਾਹਾਂ ਦੇ ਝੱਗੇ ਅਤੇ ਸਿਰ ਨੂੰ ਢਕ ਕੇ ਰੱਖਣ ਦੇ ਆਦੇਸ਼ ਸਖ਼ਤੀ ਨਾਲ ਲਾਗੂ ਹੋਣ ਲਗਦੇ | ਬਚਪਨ ਆਦੇਸ਼ਾਂ ਦੇ ਬੰਧਨਾਂ 'ਚ ਕਿੱਥੇ ਬੱਝਿਆਂ ਰਹਿਣ ਵਾਲਾ ਹੁੰਦੈ | ਘਰੋਂ ਬਾਹਰ ਨਿਕਲਦਿਆਂ ਜਿਵੇਂ ਮੁਕਤੀ ਮਿਲ ਜਾਂਦੀ, ਬਾਂਦਰ ਟਪੂਸੀਆਂ ਲਾਉਣ ਲੱਗਣਾ ਪਰ ਘਰ ਵੜਦਿਆਂ ਹੀ ਘਰਦਿਆਂ ਕੰਨ ਖਿੱਚਣੇ | ਮਾਂ ਨੇ ਗਰਮੀਆਂ 'ਚ ਹੱਥੀਂ ਵੱਟੀਆਂ-ਗੁੜ ਦੇ ਮਿੱਠੇ ਅਤੇ ਦੁੱਧ 'ਚ ਰਿੱਝੀਆਂ ਸੇਵੀਆਂ ਰਾਤ ਨੂੰ ਖਾਣ ਲਈ ਦੇਣੀਆਂ ਜੋ ਅਜੋਕੇ ਪਕਵਾਨਾਂ ਤੋਂ ਵੀ ਲਾਜਵਾਬ ਸੁਆਦਲੀਆਂ ਅਤੇ ਲਾਹੇਵੰਦ ਹੁੰਦੀਆਂ ਸਨ | ਪਰ ਬਚਪਨ ਦਾ ਨਸ਼ਾ ਸੀ ਜਾਂ ਅਣਥੱਕ ਉਮਰ ਦਾ ਪੱਖ, ਥਕਾਵਟ ਜਾਂ ਕਿਸੇ ਮੁਸ਼ਕਿਲ ਦੀ ਸੋਚ ਨੇੜ-ਤੇੜ ਨਹੀਂ ਹੁੰਦੀ ਸੀ | ਦੀਵੇ ਦੀ ਮੱਧਮ ਰੋਸ਼ਨੀ 'ਚ ਜਦੋਂ ਮਾਂ ਨੇ ਪੜ੍ਹਨ ਬਿਠਾ ਦੇਣਾ ਤਾਂ ਨੀਂਦ ਨੇ ਜ਼ੋਰ ਦੇ ਝੂਟੇ ਦੇਣੇ, ਕੋਲ ਬੈਠੀ ਮਾਂ ਸਲਾਈਆਂ ਨਾਲ ਉੱਨ ਦੇ ਸਵੈਟਰ ਬੁਣਦੀ-ਬੁਣਦੀ ਮਮਤਾ ਭਰੀ ਆਵਾਜ਼ ਨਾਲ ਉੱਠ ਕੇ ਬੈਠਣ ਅਤੇ ਢੰਗ ਨਾਲ ਪੜ੍ਹਨ ਨੂੰ ਕਹਿੰਦੀ ਪਰ ਜਦੋਂ ਸੁਣਿਆ-ਅਣਸੁਣਿਆ ਕਰਕੇ ਨੀਂਦ ਦਾ ਸਰੂਰ ਲੈਂਦੇ ਰਹਿਣਾ ਤਾਂ ਅਚਾਨਕ ਪਏ ਮਾਂ ਦੇ ਕਰਾਰੇ ਜਿਹੇ ਥੱਪੜ ਨੇ ਨੀਂਦ ਦੀਆਂ ਰੜਕਾਂ ਕੱਢ ਦੇਣੀਆਂ | ਗੱਲ੍ਹ 'ਤੇ ਪਏ ਥੱਪੜ ਦੀ ਲਾਲੀ ਕਿਤੇ ਦੂਜੇ ਦਿਨ ਨਾ ਰਹੇ, ਇਸ ਲਈ ਅਸੀਂ ਗੱਲ੍ਹ ਨੂੰ ਮਲਦੇ ਰਹਿਣਾ ਅਤੇ ਪੜ੍ਹਨ ਲੱਗਣਾ | ਸਵੇਰੇ ਉੱੱਠਦਿਆਂ ਨਹਾਉਣਾ, ਘਰ ਦੇ ਕੰਮ ਕਰਵਾਉਣੇ ਫਿਰ ਮਾਂ ਨੇ ਲਾਡ ਅਤੇ ਧੱਕੇ ਨਾਲ ਅਲਸੀ, ਮੇਥੇ, ਖਸਖਸ, ਸੁੰਢ, ਵੇਸਣ ਆਦਿ ਗੁਣਕਾਰੀ ਵਸਤਾਂ ਦੀ ਬਣੀ ਪੰਜੀਰੀ ਖਾਣ ਨੂੰ ਧੱਕੇ ਨਾਲ ਦੇਣੀ, ਜਿਹੜੀ ਕੌੜੀ-ਜਿਹੀ ਹੋਣ ਕਰਕੇ ਅੰਦਰ ਨਾ ਲੰਘਣੀ | ਅਸੀਂ ਬਹਾਨੇ ਬਣਾਉਣੇ ਪਰ ਘਰਦਿਆਂ ਦੇ ਧੱਕੇ ਸਾਹਮਣੇ ਪੇਸ਼ ਨਾ ਜਾਣੀ | ਬੇਬੇ (ਪੜਦਾਦੀ) ਨੇ ਕਹਿਣਾ 'ਠੰਢ ਤੋਂ ਬਚੇ ਰਹੋਗੇ, ਸਿਆਲਾਂ 'ਚ ਖਾਲੋ ਮੱਲ ਬਣ ਕੇ' | ਲੰਘੇ ਵੇਲਿਆਂ 'ਚ ਬਜ਼ੁਰਗਾਂ ਦਾ ਸਰੀਰ ਦੇ ਪਾਚਣ ਤੰਤਰ ਸਿਸਟਮ ਦੀ ਕਮਜ਼ੋਰੀ ਦੂਰ ਕਰਨ ਦਾ ਬਹੁਤ ਹੀ ਕਾਮਯਾਬ ਉਪਰਾਲਾ ਹੁੰਦਾ ਸੀ ਜਿਸ ਨਾਲ ਬਦਲਦੇ ਮੌਸਮ 'ਚ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਸੀ |
ਉਮਰ ਦੇ ਇਸ ਪੜਾਅ 'ਚ ਜਦੋਂ ਆਪਣੇ ਦੋਵੇਂ ਬੱਚਿਆਂ ਤਨਮਨ ਤੇ ਹਰਮਨ ਨੂੰ ਆਉਂਦੀ ਸਰਦੀ ਦੀ ਰੁੱਤ ਸਬੰਧੀ ਉਨ੍ਹਾਂ ਦੇ ਕੱਪੜਿਆਂ ਅਤੇ ਖੁਰਾਕ ਸਬੰਧੀ ਹਦਾਇਤ ਕਰਦਾ ਹਾਂ ਤਾਂ ਬਚਪਨ ਦੇ ਉਹ ਦਿਨ ਯਾਦ 'ਚੋਂ ਨਿਕਲ ਆਉਂਦੇ ਨੇ ਜਦੋਂ ਇਨ੍ਹਾਂ ਵਾਂਗੂੰ ਟਪੂਸੀਆਂ ਲਾਉਂਦੇ, ਖੰਘ ਨਾਲ ਖਊਾ-ਖਊਾ ਕਰਦੇ ਹਥੇਲੀ 'ਤੇ ਸ਼ਹਿਦ 'ਚ ਪਾਇਆ ਕਾਲੀ ਮਿਰਚ ਪਾਊਡਰ ਚਟਦੇ ਧੁੜਤੜੀਆਂ ਲੈ ਕੇ ਖਾਂਦੇ ਸਾਂ, ਤਾਂ ਆਪ-ਮੁਹਾਰੇ ਮੰੂਹੋਂ ਨਿਕਲ ਆਇਆ 'ਜਿੰਦੇ ਨੀ ਹੁਣ ਬਚਪਨ ਕਿੱਥੋਂ ਲੱਭੇ?'

bljIq isMG iF`lON
 
Top