'ਤੇ ਮੱਕਾ ਫਿਰ ਘੁੰਮ ਗਿਆ............

https://www.facebook.com/groups/587783657919179/permalink/1000049120025962/'ਤੇ ਮੱਕਾ ਫਿਰ ਘੁੰਮ ਗਿਆ............
ਮੇਰਾ ਇੱਕ ਵਧੀਆ ਤੇ ਉਸਾਰੂ-ਧਾਰਮਿਕ ਸੋਚ ਦਾ ਧਾਰਨੀ ਮਿੱਤਰ ਅਮਿ੍ਤਸਰ ਦੇ ਨਾਮਵਰ ਖ਼ਾਲਸਾ ਕਾਲਜ ਵਿਖੇ ਪੋ੍ਫੈਸਰ ਆ, ਜੀਹਨੇ ਗੁਜ਼ਰ ਚੁੱਕੇ ਦੌਰ 'ਚ ਕਈ ਤਸ਼ੱਦਦ ਝੱਲੇ ਅਤੇ ਪੁਲਿਸ ਕੇਸ ਵੀ ਭੁਗਤੇ। ਸਾਰਾ ਪਰਿਵਾਰ ਹੀ ਜੁਝਾਰੂ ਬਿਰਤੀ ਵਾਲਾ ਗੁਰੂ ਘਰ ਪ੍ਤੀ ਅਥਾਹ ਸ਼ਰਧਾ ਰੱਖਣ ਵਾਲਾ। ਅਕਸਰ ਪਰਿਵਾਰ ਸਮੇਤ ਸੀ੍ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਰਹਿਣਾ ਅਤੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦਿੰਦੇ ਰਹਿਣਾ। ਇੱਕ ਦਿਨ ਉਸਨੇ ਦੋਸਤਾਂ ਦੀ ਮਹਿਫ਼ਿਲ ਦੌਰਾਨ ਇੱਕ ਅਜਿਹੀ ਆਪ-ਬੀਤੀ ਸੁਣਾਈ ਕਿ ਜਿਵੇਂ ਮੱਕਾ ਸਾਡੇ ਸਭ ਦੇ ਸਾਂਹਵੇਂ ਆ ਖੜਾ ਹੋਵੇ। ਹੂਬਹੂ ਘੁੰਮ ਰਿਹਾ ਮੱਕਾ। ਸਿਰਫ਼ ਪਾਤਰ ਅਤੇ ਚਿਹਰੇ ਬਦਲੇ ਹੋਏ। ਬੱਸ ਗੁਰੂ ਬਾਬੇ ਨਾਨਕ ਹੁਰਾਂ ਦੀ ਥਾਂ 'ਤੇ ਇੱਕ ਸਧਾਰਨ ਪੋ੍ਫੈਸਰ।
ਮਿੱਤਰ ਪੋ੍ਫੈਸਰ ਦੱਸੇ ਕਿ ਸਾਲ 2007 ਦੇ ਇੱਕ ਦਿਨ ਉਹ ਆਪਣੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਗਿਆ। ਪਰਿਕਰਮਾ ਕਰਕੇ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਸੀ੍ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਦਰਸ਼ਨੀ ਡਿਉਢੀ ਕੋਲੋਂ ਪ੍ਸ਼ਾਦਿ ਲੇ ਕੇ ਉੱਥੇ ਦੀ ਸ਼ਾਂਤ ਤੇ ਪਵਿੱਤਰ ਫ਼ਿਜ਼ਾ 'ਚ ਗੁਰਬਾਣੀ-ਕੀਰਤਨ ਦਾ ਆਨੰਦ ਮਾਨਣ ਲਈ ਪਰਿਕਰਮਾ 'ਚ ਆ ਬੈਠੇ। ਕਹਿੰਦੈ ਕਿ ਸੀ੍ ਅਕਾਲ ਤਖ਼ਤ ਸਾਹਮਣੇ ਵਿਹੜੇ 'ਚ ਇੱਕ ਪਾਸੇ ਚੌਂਕੜੇ ਲਾ ਬੈਠ ਗਏ। ਆਪਣੇ ਬੱਚੇ ਨੂੰ ਗੋਦੀ 'ਚ ਬਿਠਾਅ ਕੇ ਆਪਣੇ ਹੱਥ 'ਚ ਸਾਂਭਿਆ ਕੜਾਹ-ਪ੍ਸ਼ਾਦਿ ਥੋੜਾ-ਥੋੜਾ ਕਰਕੇ ਬੱਚੇ ਦੇ ਮੂੰਹ ਵਿੱਚ ਪਾਈ ਜਾਵੇ ਅਤੇ ਰਸਭਿੰਨੇ ਕੀਰਤਨ ਦਾ ਮਨਮੋਹਕ ਗਾਇਨ ਜਿਵੇਂ ਧੁਰ ਅੰਦਰ ਤੱਕ ਲਹਿੰਦਾ ਜਾਵੇ। ਦੱਸਦਾ ਕਿ ਸਾਡਾ ਸਾਰੇ ਪਰਿਵਾਰ ਦਾ ਮੂੰਹ ਸੋਨ-ਚਮਕਾਰੇ ਮਾਰਦੇ ਪਾਵਨ ਸੀ੍ ਦਰਬਾਰ ਸਾਹਿਬ ਵੱਲ ਹੋਣ ਕਾਰਨ ਸਰੋਵਰ ਦੇ ਜਲ ਉੱਪਰ ਪ੍ਤੀਬਿੰਬਤ ਹੁੰਦੇ ਸੁਨਹਿਰੀ ਲਿਸ਼ਕਾਂ-ਲਿਸ਼ਕਾਰੇ ਅਜੀਬ ਤਰਾਂ ਨਾਲ ਮੰਤਰਮੁਗ਼ਧ ਕਰੀ ਜਾਣ। ਦੋਹਵੇਂ ਜੀਅ ਅਤੇ ਬੱਚੇ ਕਿਸੇ ਅਲੌਕਿਕ ਤੇ ਅਗੰਮੀ ਅਹਿਸਾਸ 'ਚ ਗੜੁੱਚ ਹੋਏ ਬੈਠੇ ਸਨ ਕਿ ਅਚਾਨਕ ਕਿਸੇ ਨੇ ਪੋ੍ਫੈਸਰ ਦਾ ਮੋਢਾ ਜ਼ੋਰ ਨਾਲ ਫੜ ਕੇ ਹਲੂਣਿਆ ਅਤੇ ਇੱਕ ਹੁਕਮੀ ਲਹਿਜ਼ੇ ਵਾਲੀ ਕਠੋਰਤਾ ਨਾਲ ਲਬਰੇਜ਼ ਆਵਾਜ਼ ਆਈ, " ਤੁਸੀਂ ਲੱਗਦੇ ਤਾਂ ਪੜੇ੍-ਲਿਖੇ ਓ ਪਰ ਤੁਹਾਨੂੰ ਏਨਾ ਨਹੀਂ ਪਤਾ ਕਿ ਸੀ੍ ਅਕਾਲ ਤਖ਼ਤ ਸਾਹਿਬ ਵੱਲ ਪਿੱਠ (ਪਿੱਛਾ) ਕਰਕੇ ਨਹੀਂ ਬਹੀਦੈ ?"
ਪੋ੍ਫੈਸਰ ਕਹਿੰਦੈ ਕਿ ਮੈਂ ਇੱਕਦਮ ਉਸ ਅਜੀਬ ਜਿਹੇ ਸਵਾਲ ਨਾਲ ਝੰਜੋੜਿਆ ਗਿਆ ਅਤੇ ਧੌਣ ਘੁਮਾਅ ਕੇ ਪਿੱਛੇ ਵੇਖਿਆ ਤਾਂ ਇੱਕ ਅੱਧਖੜ ਜਿਹੀ ਉਮਰ ਦਾ ਸਿੱਖ ਸ਼ਰਧਾਲੂ ਉਸ ਨੂੰ ਹੀ ਸੰਬੋਧਿਤ ਹੋ ਰਿਹਾ ਸੀ। ਪੋ੍ਫੈਸਰ ਨੇ ਉਸ ਸ਼ਰਧਾਲੂ ਨੂੰ ਪੁੱਛਿਆ ਕਿ ਕੀ ਹੋ ਗਿਆ ਤਾਂ ਸ਼ਰਧਾਲੂ ਕਹਿੰਦੈ ਕਿ ਏਦਾਂ ਕਰਕੇ ਤੁਸੀਂ ਗੁਰੂ ਹਰਗੋਬੰਦ ਸਾਹਿਬ ਜੀ ਦੇ ਵਰੋਸਾਏ ਸਥਾਨ ਦਾ ਨਿਰਾਦਰ ਪਏ ਕਰਦੇ ਓ। ਪੋ੍ਫੈਸਰ ਕਹਿੰਦੈ " ਬਾਬਾ ਜੀ, ਅਸੀਂ ਤਾਂ ਕੋਈ ਨਿਰਾਦਰ ਨਹੀਂ ਕਰ ਰਹੇ ਜੀ ਅਤੇ ਨਾ ਹੀ ਅਕਾਲ ਤਖ਼ਤ ਸਾਹਿਬ ਤੋਂ ਕਦੇ ਬੇਮੁੱਖ ਹੋਏ ਹਾਂ। ਨਾ ਕਦੇ ਤਖ਼ਤ ਸਾਹਿਬ ਨੂੰ ਪਿੱਠ ਦਿਖਾਈ ਆ ਅਤੇ ਨਾ ਹੀ ਸਮੇਂ ਦੀਆਂ ਹਕੂਮਤੀ-ਚਰਖੜੀਆਂ 'ਤੇ ਚੜ੍ਨ ਤੋਂ ਭੱਜੇ ਆਂ ਜੀ। ਹਾਂ ਏਨਾ ਜ਼ਰੂਰ ਆ ਕਿ ਇਸ ਪਾਵਨ ਅਸਥਾਨ ਸੀ੍ ਹਰਿਮੰਦਰ ਸਾਹਿਬ ਦੀ ਹੋਂਦ-ਹਸਤੀ ਦੇ ਘਾੜਤ-ਘਾੜੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਅਤੇ ਆਸਪਾਸ ਦੇ ਪਾਵਨ ਸਰੋਵਰ ਨੂੰ ਖੁਦਵਾਉਣ ਵਾਲੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਅਲੌਕਿਕ ਕਿਰਤ ਨੂੰ ਨਿਹਾਰ ਕੇ ਗੁਰਸ਼ਬਦ ਨੂੰ ਮਨਾਂ 'ਚ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸਾਂ। ਜੇ ਇਹ ਕੁਤਾਈ ਆ ਤਾਂ ਫਿਰ ਸਾਡੇ ਲਈ ਤਾ ਵੱਡੀ ਦੁਬਿਧਾ ਬਣ ਗਈ ਆ ਬਾਬਾ ਜੀ। ਹੁਣ ਤੁਸੀ ਹੀ ਇਸ ਧਰਮ-ਸੰਕਟ 'ਚੋਂ ਕੱਢੋ ਬਾਬਾ ਜੀ ਕਿ ਅਸੀਂ ਕਿਹੜੇ ਗੁਰੂ ਸਾਹਿਬ ਦੀ ਕਿਰਤ ਵੱਲ ਮੂੰਹ ਕਰੀਏ ?? "
ਬੱਸ ਏਨੇ ਕੁ ਜਵਾਬ ਨਾਲ ਸ਼ਰਧਾਲੂ ਜਿਵੇਂ ਲਾਜਵਾਬ ਹੀ ਹੋ ਗਿਆ ਹੋਵੇ ਅਤੇ ਲੱਗਾ ਉੱਥੋਂ ਖਿਸਕਣ। ਕਹਿੰਦੈ ਤੁਹਾਡੀ ਮਰਜ਼ੀ ਆ ਜੀ, ਤੁਸੀਂ ਸਿਆਣੇ ਓ। ਪੋ੍ਫੇਸਰ ਦੱਸੇ ਕਿ ਉਹਨੇ ਬੜਾ ਉਸ ਸ਼ਰਧਾਲੂ ਨੂੰ ਰੋਕ ਕੇ ਵਿਚਾਰ-ਚਰਚਾ ਨੂੰ ਅੱਗੇ ਤੋਰਨ ਦਾ ਯਤਨ ਕੀਤਾ ਪਰ ਉਹ ਸ਼ਰਧਾਲੂ ਪੱਲਾ ਛੁਡਾਅ ਕੇ ਸੰਗਤ 'ਚ ਕਿਧਰੇ ਗਾਇਬ ਹੋ ਗਿਆ। ਮਿੱਤਰ ਪੋ੍ਫੇਸਰ ਦੀ ਇਹ ਵਾਰਤਾ ਸੁਣ ਕੇ ਮੈਨੂੰ ਹਜ਼ਾਰਾਂ ਮੀਲ ਦੂਰ ਸਥਿਤ ' ਮੱਕਾ' ਸਦੀਆਂ ਬਾਦ ਹੂਬਹੂ ਮੁੜ ਘੁੰਮਦਾ ਪ੍ਤੀਤ ਹੋਇਆ। ਫਿਰ ਮੈਂ ਸੋਚਿਆ ਕਿ ਮੱਕਾ ਘੁੰਮਣੋਂ ਹਟਿਆ ਈ ਕਦੋਂ ਸੀ ?? ਬਾਬੇ ਗੁਰੂ ਨਾਨਕ ਦੇ ਲਾਇਕ ਵਿਦਿਆਰਥੀ ਤਾਂ ਕੰਮ ਈ ਇਹੋ ਕਰਦੇ ਆ ਰਹੇ ਨੇ ਜਦ ਕਿ ਕੁੱਝ ਕੁ ਨਕਲਾਂ ਮਾਰ ਕੇ ਪਾਸ ਹੋਇਆਂ ਦਾ ਤਾਂ ਸਾਰਾ ਜ਼ੋਰ ਹੋਰ ਮੱਕੇ ਬਣਾਉਣ 'ਚ ਲੱਗਾ ਰਹਿੰਦੈ। ਵਾਹ ਬਾਬਾ ਜੀਓ, ਮੱਕੇ ਘੁੰਮਾਉਣ ਦਾ ਵੱਲ ਇਵੇਂ ਹੀ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦੇ ਰਹਿਣਾ ਜੀ........। ਤੁਹਾਡੇ ਰਿਣੀ ਹਾਂ ਅਤੇ ਰਹਾਂਗੇ ਵੀ.....................। Sukhdeep Sidhu
 
Top