ਮਾਂਹ ਹੱਥ ਲਾਉਣਾ ( ਰੀਤੀ ਰਿਵਾਜ )

mah300x224-1.jpg


ਅੱਜ ਦੇ ਮਸ਼ੀਨੀ ਯੁੱਗ ਵਿਚ ‘ਮਾਂਹ ਹੱਥ ਲਾਉਣਾ’ ਜਾਂ ਮਾਂਹ ਹੱਥ ਕਰਨ ਵਰਗੀਆਂ ਭਾਈਚਾਰਕ ਸਾਂਝਾਂ ਤੇ ਮੋਹ ਭਰੀਆਂ ਰਸਮਾਂ ਵਿਸਰਦੀਆਂ ਜਾ ਰਹੀਆਂ ਹਨ। ਜਦੋਂ ਵੀ ਕਿਸੇ ਵਿਆਹ ਦਾ ਕਾਰਡ (ਸੱਦਾ ਪੱਤਰ) ਆਉਂਦਾ ਹੈ, ਖਾਸ ਕਰ ਆਪਣੇ ਪਿੰਡ ਜਾਂ ਭਾਈਚਾਰੇ ਦਾ ਤਾਂ ਮੈਨੂੰ ਉਹ ਰਸਮਾਂ ਬੜੀਆਂ ਯਾਦ ਆਉਂਦੀਆਂ ਹਨ ਤੇ ਉਹ ਮੇਰੇ ਜ਼ਿਹਨ ’ਚ ਅੜ ਖਲੋਂਦੀਆਂ ਨੇ। ਪਿੰਡਾਂ ਵਿਚ ਅਜੇ ਵੀ ਮਾੜੇ-ਮੋਟੇ ਰਸਮੋ-ਰਿਵਾਜ ਪੂਰੇ ਕੀਤੇ ਜਾਂਦੇ ਹਨ ਪਰ ਸ਼ਹਿਰੀ ਵਸਦੇ ਪੇਂਡੂ ਲੋਕ ਵੀ ਇਨ੍ਹਾਂ ਰਸਮਾਂ ਨੂੰ ਨਜ਼ਰ-ਅੰਦਾਜ਼ ਕਰੀ ਬੈਠੇ ਹਨ। ਵਿਆਹ ਦੇ ਕੰਮਾਂ ਦਾ ਸ਼ੁਭ ਆਰੰਭ ਕਰਨ ਨੂੰ ‘ਮਾਂਹ ਹੱਥ ਲਾਉਣਾ’ ਕਿਹਾ ਜਾਂਦਾ ਹੈ। ਕਈ ਥਾਈਂ ਇਸ ਨੂੰ ‘ਮਹਾਂ ਹੱਥ ਕਰਨਾ’ ਵੀ ਕਿਹਾ ਜਾਂਦਾ ਹੈ।
ਸਭ ਤੋਂ ਪਹਿਲਾਂ ਵਿਆਹ ਦੀ ਤਾਰੀਖ ਮਿਥ ਕੇ ਦੋਵਾਂ ਧਿਰਾਂ ਵੱਲੋਂ ਸਹਿਮਤੀ ਲਈ ਜਾਂਦੀ। ਕੁੜੀ ਦੇ ਮਾਪਿਆਂ, ਸ਼ਰੀਕੇ ਭਾਈਚਾਰੇ ਅਤੇ ਪੰਚਾਇਤ ਵੱਲੋਂ ਮੁੰਡੇ ਵਾਲਿਆਂ ਨੂੰ ਚਿੱਠੀ ਲਿਖੀ ਜਾਂਦੀ ਜਿਸ ਵਿਚ ਬਰਾਤ ਦੇ ਆਉਣ ਦਾ ਦਿਨ, ਤਾਰੀਖ ਤੇ ਸਮਾਂ ਲਿਖ ਕੇ ਸਮੇਂ ਸਿਰ ਪੁੱਜਣ ਦੀ ਬੇਨਤੀ ਵੀ ਕੀਤੀ ਹੁੰਦੀ। ਇਸ ਚਿੱਠੀ ਨੂੰ ‘ਸਾਹੇ ਚਿੱਠੀ’ ਕਿਹਾ ਜਾਂਦਾ। ਇਹ ਚਿੱਠੀ ਵਿਚੋਲੇ ਜਾਂ ਲਾਗੀ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ। ਚਿੱਠੀ ਭੇਜਣ ਅਤੇ ਅਗਲੇ ਘਰ ਚਿੱਠੀ ਪੁੱਜਣ ਤੋਂ ਬਾਅਦ ਕੋਈ ਚੰਗਾ ਦਿਨ ਤਿੱਥ ਵਿਚਾਰ ਕੇ ਵਿਆਹ ਦੇ ਕਾਰਜ ਆਰੰਭੇ ਜਾਂਦੇ। ਵਿਆਹ ਦੇ ਕੰਮ ਸਾਰਾ ਸ਼ਰੀਕਾ ਭਾਈਚਾਰਾ ਰਲ-ਮਿਲ ਕੇ ਕਰਦਾ।
ਪਿੰਡਾਂ ਵਿਚ ਕਣਕ, ਦਾਲਾਂ, ਚੌਲ, ਗੁੜ-ਸ਼ੱਕਰ ਤੇ ਦੇਸੀ ਖੰਡ ਵੀ ਘਰ ਦੀ ਹੁੰਦੀ। ਘਟੀ-ਵਧੀ ਚੀਜ਼ ਇਕ ਦੂਜੇ ਤੋਂ ਉਧਾਰ-ਸਧਾਰ ਲੈ ਕੇ ਸਾਰ ਲਿਆ ਜਾਂਦਾ। ਕੋਈ ਅਣਸਰਦੇ ਨੂੰ ਹੀ ਸ਼ਹਿਰੋਂ ਬਾਜ਼ਾਰੋਂ ਕੁਝ ਖਰੀਦਦਾ। ਇਹੋ ਕਾਰਨ ਸੀ ਲੋਕ ਕਰਜ਼ਈ ਨਹੀਂ ਸੀ ਹੁੰਦੇ, ਆਪਣੀ ਚਾਦਰ ਦੇਖ ਕੇ ਪੈਰ ਪਸਾਰਦੇ, ਫੋਕੇ ਦਿਖਾਵੇ ਨਾ ਕਰਦੇ ਤੇ ਮੁੜ ਖੁਦਕੁਸ਼ੀਆਂ ਵੀ ਨਾ ਕਰਦੇ। ਘਰਾਂ ਵਿਚ ਵਿਆਹ ਤੋਂ ਪਹਿਲਾਂ ਹੀ ਵਿਆਹ ਵਰਗੀ ਰੌਣਕ ਲੱਗ ਜਾਂਦੀ। ਕੋਈ ਚੰਗਾ ਦਿਨ ਤਿਥ ਵਿਚਾਰ ਕੇ ਵਿਆਹ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾਂਦੀ। ਇਹ ਮਾਂਹ ਦੀ ਦਾਲ ਤੋਂ ਸ਼ੁਰੂ ਹੁੰਦੀ। ਘਰ ਦੀ ਲਾਗਣ ਗਲੀ-ਗੁਆਂਢ ਤੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਨੂੰ ਸੱਦਾ ਦੇ ਆਉਂਦੀ। ਉਹ ਇਕੱਠੀਆਂ ਹੋ ਕੇ ਆ ਜਾਂਦੀਆਂ। ਘਰ ਦੀਆਂ ਸੁਆਣੀਆਂ, ਵਿਆਹੀਆਂ-ਵਰੀਆਂ ਪੰਜ ਜਾਂ ਸੱਤ ਨੂੰਹਾਂ ਧੀਆਂ ਦੇ ਗੁੱਟ ’ਤੇ ਮੌਲੀ ਜਾਂ ਖੰਮਣੀ ਬੰਨ੍ਹ ਦਿੰਦੀਆਂ। ਕਈ ਘਰਾਂ ਵਿਚ ਲੱਕੜ ਦੀ ਭਾਰੀ ਉੱਖਲੀ ਹੁੰਦੀ ਜਾਂ ਫਿਰ ਪੱਥਰ ਜਾਂ ਸੀਮਿੰਟ ਦੀ, ਜੋ ਆਮ ਤੌਰ ’ਤੇ ਕੱਚੇ ਥਾਂ ਗੱਡੀ ਹੋਈ ਹੁੰਦੀ ਜਾਂ ਉਦਾਂ ਹੀ ਰੱਖੀ ਹੁੰਦੀ। ਅਜਿਹੇ ਮੌਕੇ ਉਹਨੂੰ ਚੁੱਕ ਕੇ ਖੁੱਲ੍ਹੇ ਥਾਂ ਵੀ ਰੱਖ ਲਿਆ ਜਾਂਦਾ। ਲੱਕੜ ਦਾ ਪੰਜ ਕੁ ਫੁੱਟ ਗੋਲਾਈਦਾਰ ਡੰਡਾ, ‘ਮੂਹਲਾ’ ਹੁੰਦਾ ਜੋ ਵਿਚਕਾਰੋਂ ਥੋੜ੍ਹਾ ਪਤਲਾ ਹੁੰਦਾ ਤੇ ਸਿਰਿਆਂ ਤੋਂ ਕਾਫੀ ਮੋਟਾ। ਸਾਬਤ ਕਾਲੇ ਮਾਂਹ ਉੱਖਲੀ ਵਿਚ ਪਾਏ ਜਾਂਦੇ ਤੇ ਉਨ੍ਹਾਂ ਨੂੰ ਮੂਹਲੇ ਨਾਲ ਕੁੱਟਿਆ ਜਾਂਦਾ। ਇਸ ਕੰਮ ਨੂੰ ਆਮ ਦਿਨਾਂ ਵਿਚ ‘ਮਾਂਹ ਛੜਨਾ’ ਵੀ ਕਿਹਾ ਜਾਂਦਾ ਹੈ। ਨੂੰਹਾਂ ਧੀਆਂ ਵਾਰੀ-ਵਾਰੀ ਮੂਹਲਾ ਫੜ ਕੇ ਮਾਂਹਾਂ ’ਤੇ ਹੌਲੀ-ਹੌਲੀ ਮਾਰਦੀਆਂ ਜਿਸ ਨਾਲ ਉਨ੍ਹਾਂ ਵਿਚ ਪਈ ਮਾੜੀ-ਮੋਟੀ ਮਿੱਟੀ ਦੀ ਰੋੜੀ ਭੰਨੀ ਜਾਂਦੀ ਤੇ ਥੱਲੇ ਬੈਠ ਜਾਂਦੀ। ਫਿਰ ਸਾਰੇ ਮਾਂਹ ਛਾਣੇ ਜਾਂਦੇ ਜਾਂ ਛੱਜ ਨਾਲ ਛੱਟੇ ਜਾਂਦੇ ਤੇ ਕਿਸੇ ਵੱਡੇ ਭਾਂਡੇ ਜਾਂ ਮਿੱਟੀ ਦੇ ਤੌਲੇ-ਭੜੋਲੀ ਵਿਚ ਪਾ ਦਿੱਤੇ ਜਾਂਦੇ ਤੇ ਸਾਰੀਆਂ ਨੂੰ ਗੁੜ ਵੰਡਿਆ ਜਾਂਦਾ। ਚਾਅ ਮੱਤੀਆਂ ਸੁਆਣੀਆਂ ਘੋੜੀਆਂ ਜਾਂ ਸੁਹਾਗ ਵੀ ਗਾ ਲੈਂਦੀਆਂ। ਕਣਕ ਛੱਟ ਸੁਆਰ ਕੇ ਪੀਹਣ ਕਰਨਾ, ਆਟਾ-ਚੱਕੀ ਪਿੰਡ ਵਿਚ ਹੁੰਦੀ ਤਾਂ ਵੀ ਜੇ ਨਾਲ ਦੇ ਪਿੰਡ ਜਾਂ ਕਸਬੇ ’ਚ ਹੁੰਦੀ ਤਾਂ ਵੀ ਬਲਦਾਂ ਵਾਲੇ ਗੱਡੇ ’ਤੇ ਥੈਲੇ ਬੋਰੀਆਂ ਭਰ ਕੇ ਰੱਖ ਲੈਣੇ। ਗਲੀ-ਮੁਹੱਲੇ ਦੇ ਚੋਬਰ ਹੱਸਦੇ-ਖੇਡਦੇ ਗੱਡੇ ’ਤੇ ਬੈਠ ਜਾਂਦੇ ਤੇ ਆਟਾ ਪਿਹਾ ਲਿਆਉਂਦੇ। ਔਖੇ ਭਾਰੇ ਕੰਮ ਵੀ ਹੌਲੇ ਫੁੱਲ ਬਣ ਜਾਂਦੇ। ਇਕ ਦੋ ਦਿਨਾਂ ਪਿੱਛੋਂ ਆਟਾ ਠੰਢਾ ਹੋ ਜਾਂਦਾ ਤੇ ਵਿਆਹ ਵਾਲੇ ਘਰੋਂ ਸ਼ਰੀਕੇ ਭਾਈਚਾਰੇ ਕੁੜੀਆਂ-ਕੱਤਰੀਆਂ ਤੇ ਸੁਆਣੀਆਂ ਨੂੰ ਘਰ ਦੀ ਲਾਗਣ ਸੱਦਾ ਦੇ ਕੇ ਆਉਂਦੀ ਕਿ ਆਟਾ ਛਾਣਨ ਤੇ ਦਾਲਾਂ-ਚੌਲ ਚੁਗਣ ਦਾ ਸੱਦਾ ਹੈ। ਸਾਰੀਆਂ ਆਪੋ-ਆਪਣੀਆਂ ਛਾਨਣੀਆਂ ਚੁੱਕੀ ਆਉਂਦੀਆਂ। ਸਾਫ਼-ਸੁਥਰੀਆਂ ਚਾਦਰਾਂ ਵਿਛਾ ਕੇ ਆਟੇ ਦੀਆਂ ਬੋਰੀਆਂ ਖੋਲ੍ਹੀ ਜਾਣੀਆਂ ਤੇ ਛਾਣੀ ਜਾਣੀਆਂ। ਬਹੁਤ ਹੀ ਰੌਣਕ ਵਾਲਾ ਤੇ ਮੋਹ ਭਰਿਆ ਮਾਹੌਲ ਹੁੰਦਾ। ਕੁੜੀ ਦੇ ਵਿਆਹ ਵਾਲੇ ਘਰ ਪੰਜ ਜਾਂ ਸੱਤ ‘ਸੁਹਾਗ’ ਗਾਏ ਜਾਂਦੇ ਤੇ ਮੁੰਡੇ ਵਾਲਿਆਂ ਦੇ ‘ਘੋੜੀਆਂ’ ਗਾਈਆਂ ਜਾਂਦੀਆਂ। ਉਹ ਸੁਹਾਗ ਤੇ ਘੋੜੀਆਂ ਮੇਰੇ ਚੇਤਿਆਂ ਵਿਚੋਂ ਕਦੇ ਨਹੀਂ ਵਿਸਰੇ। ਮਿਲਦੀ-ਜੁਲਦੀ ਆਵਾਜ਼ ਵਾਲੀਆਂ ਦੋ ਜਣੀਆਂ ਗਾਉਣਾ ਸ਼ੁਰੂ ਕਰਦੀਆਂ। ਸੁਹਾਗ ਛੋਹਦੀਆਂ -
‘‘ਲੰਮੀਏ ਨੀ ਝੰਮੀਏ ਲਾਲ ਖਜੂਰੇ,
ਕੀਹਨੇ ਵਰ ਟੋਲਿਆ ਨੀਂ ਦੂਰੇ…।’’

ਦੂਜੀ ਜੋੜੀ ਮੋੜਾ ਦਿੰਦੀ- ‘‘ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ, ਉਹਨੇ ਵਰ ਟੋਲਿਆ ਨੀਂ ਦੂਰੇ…।’’
ਇਸ ਸੁਹਾਗ ਵਿਚ ਕ੍ਰਮਵਾਰ ਭਰਾ, ਤਾਏ-ਚਾਚੇ, ਮਾਮੇ ਤੇ ਦਾਦੇ ਦਾ ਨਾਂ ਵੀ ਲਿਆ ਜਾਂਦਾ। ਹਰ ਗੌਣ ਵਿਚ ਸਾਰੇ ਰਿਸ਼ਤੇ ਪਰੋਏ ਜਾਂਦੇ। ਫਿਰ ਦੂਜਾ ਸੁਹਾਗ ਸ਼ੁਰੂ ਹੁੰਦਾ-
‘‘ਉੱਚੀ ਰੋੜੀ ਜਾਈਂ ਬੀਬੀ, ਉੱਥੇ ਬਾਬਲ ਜੋ ਤੇਰਾ,
ਕਿਉਂ ਵੇ ਬਾਬਲ ਸੁੱਤੜਾ, ਘਰ ਕਾਰਜ ਮੇਰਾ…।’’

ਦੂਜੀ ਜੋੜੀ ਬਾਬਲ ਵੱਲੋਂ ਜਵਾਬ ਦੇਂਦੀ ਜਿਹੜਾ ਧੀ ਦੇ ਕਾਰਜ ਦੇ ਫਿਕਰ ’ਚ ਹੁੰਦਾ,
‘‘ਨਾ ਬੀਬੀ ਮੈਂ ਸੁੱਤੜਾ, ਨੈਣੀਂ ਨੀਂਦ ਏ ਨਾ ਆਵੇ…।’’
ਪਹਿਲੀ ਜੋੜੀ ਫਿਰ ਕਹਿੰਦੀ-
‘‘ਉੱਚੀ ਰੋੜੀ ਜਾਈਂ ਬੀਬੀ, ਉੱਥੇ ਵੀਰਨ ਤੇਰਾ…।’’
ਕਿਉਂ ਵੇ ਵੀਰਨ ਸੁੱਤੜਾ, ਘਰ ਕਾਰਜ ਮੇਰਾ…।’’

ਦੂਜੀ ਜੋੜੀ ਵੀਰਨ ਵੱਲੋਂ ਮੋੜਾ ਦੇਂਦੀ, ਉਹ ਵੀ ਬਾਬਲ ਵਾਂਗੂੰ ਫਿਕਰਮੰਦ ਹੁੰਦਾ।
‘‘ਨਾ ਭੈਣੇ ਮੈਂ ਸੁੱਤੜਾ, ਨੈਣੀਂ ਨੀਂਦ ਏ ਨਾ ਆਵੇ…।’’
ਇਹ ਲੰਮੇ ਗੌਣ ਜਾਂ ਸੁਹਾਗ ਸਾਡੀਆਂ ਆਰਥਿਕ ਹਾਲਤਾਂ ਜਾਂ ਮਜਬੂਰੀ ਦੀ ਗੱਲ ਵੀ ਕਰਦੇ ਤੇ ਮੋਹ ਦੀ ਬਾਤ ਵੀ ਪਾਉਂਦੇ। ਤੀਜਾ ਸੁਹਾਗ ਛੋਹਦੀਆਂ-
‘‘ਕੋਠਾ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’’
ਦੂਜੀ ਜੋੜੀ ਜਵਾਬ ਦੇਂਦੀ- ‘‘ਇਸ ਕੋਠੇ ਦੀ ਛੱਤ ਪੁਰਾਣੀ-ਕੋਠਾ ਧਰਮੀ ਤਾਂ ਨਿਵਿਆਂ…।’’
ਸਾਰੇ ਸੁਹਾਗ ਵਾਰੀ ਲੈ-ਲੈ ਕੇ ਗਾਏ ਜਾਂਦੇ। ਪਹਿਲੀ ਜੋੜੀ ਵਾਰੀ ਲੈਂਦੀ-
‘‘ਬਾਬਲ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’
’ਮੋੜਾ ਦਿੱਤਾ ਜਾਂਦਾ- ਇਸ ਬਾਬਲ ਦੀ ਬੇਟੀ ਕੁਆਰੀ-ਬਾਬਲ ਧਰਮੀ ਤਾਂ ਨਿਵਿਆਂ।’’
ਇਸ ਸੁਹਾਗ ਵਿਚ ਬੇਟੀ ਦੇ ਸਾਰੇ ਨੇੜਲੇ ਰਿਸ਼ਤੇਦਾਰਾਂ ਨੂੰ ਨਿਵਾਇਆ ਜਾਂਦਾ। ਧੀ ਵਾਲੇ ਨੂੰ ਸਦਾ ਨੀਵਾਂ ਸਮਝਿਆਂ ਜਾਂਦਾ ਹੈ। ਬਜ਼ੁਰਗ ਦਾਦੇ-ਨਾਨੇ ਨੂੰ ਨਿਵਾਇਆ ਜਾਂਦਾ।
‘‘ਦਾਦਾ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’’
ਦੂਜੀਆਂ ਕੁੜੀਆਂ ਵਾਰੀ ਲੈਂਦੀਆਂ-
‘‘ਇਸ ਦਾਦੇ ਦੀ ਪੋਤੀ ਕੁਆਰੀ-ਦਾਦਾ ਧਰਮੀ ਤਾਂ ਨਿਵਿਆਂ…।’’
ਅੱਜ ਔਰਤ-ਮਰਦ ਦੇ ਬਰਾਬਰ ਦੇ ਹੱਕਾਂ ਵਾਲੇ ਜ਼ਮਾਨੇ ਵਿਚ ਵੀ ਇਹ ਫਰਕ ਨਹੀਂ ਮਿਟਿਆ। ਮਾਦਾ ਭਰੂਣ ਹੱਤਿਆ ਇਸ ਦਾ ਮੂੰਹ ਬੋਲਦਾ ਸਬੂਤ ਹੈ। ਪਰ ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੇ ਸਭਿਆਚਾਰ ਨੂੰ ਪੱਛਮੀ ‘ਹਵਾ’ ਨੇ ਬਹੁਤ ਢਾਅ ਲਾਈ ਹੈ। ਸਾਡੀਆਂ ਧੀਆਂ ਕਹਿੰਦੀਆਂ ਸਨ ਜਿਵੇਂ ਚੌਥਾ ਸੁਹਾਗ ਦੱਸਦਾ ਹੈ-
‘‘ਚੰਦਨ ਦੇ ਓਹਲੇ ਬੇਟੀ ਕਿਉਂ ਖੜ੍ਹੀ…?’’
ਧੀ ਕਹਿੰਦੀ ਹੈ- ‘‘ਮੈਂ ਤਾਂ ਖੜ੍ਹੀ ਸੀ ਬਾਬਲ ਜੀ ਦੇ ਪਾਸ ਬਾਬਲ ਵਰ ਲੋੜੀਏ…।’’
ਅੱਜ ਕਈ ਧੀਆਂ ਮਾਪਿਆਂ ਦੀ ਇੱਜ਼ਤ ਮਿੱਟੀ ’ਚ ਮਿਲਾ ਦਿੰਦੀਆਂ ਹਨ। ‘ਕੋਰਟ ਮੈਰਿਜ’ ਕਰਵਾ ਕੇ ਬਾਬਲ ਦੇ ਹੱਥ ਉਹਦੀ ‘ਫੋਟੋ ਕਾਪੀ’ ਫੜਾ ਦਿੰਦੀਆਂ ਹਨ। ਪੰਜਵਾਂ ਸੁਹਾਗ ਬਹੁ-ਚਰਚਿਤ ਤੇ ਰੂਹ ਨੂੰ ਟੁੰਬ ਲੈਣ ਵਾਲਾ ਛੋਹਿਆ ਜਾਂਦਾ-
‘‘ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ,
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ…।’’

ਇਸ ਸੁਹਾਗ ਨੇ ਸਭ ਦੀਆਂ ਅੱਖਾਂ ਨਮ ਕਰ ਦੇਣੀਆਂ। ਵਿਆਹ ਵਾਲੀ ਕੁੜੀ ਨੇ ਭਰ-ਭਰ ਨੈਣ ਡੋਲ੍ਹਣੇ। ਪੰਜ-ਸੱਤ ਸੁਹਾਗ ਗਾ ਕੇ ਫਿਰ ਉਹ ਆਪਣੇ ਮਨਪਸੰਦ ਗੀਤ ਗਾਉਂਦੀਆਂ। ਇਨ੍ਹਾਂ ਲੰਮੇ ਗੌਣਾਂ ਨੂੰ ‘ਵਿਢੜੇ’ ਕਿਹਾ ਜਾਂਦਾ। ਜੋ ਮੇਰੇ ਖਿਆਲ ਵਿਚ ‘ਬਿਰਹੜੇ’ ਦਾ ਬਦਲਿਆ ਜਾਂ ਵਿਗੜਿਆ ਰੂਪ ਹੈ। ਸਾਰੀਆਂ ਜਣੀਆਂ ਹੱਸਦੀਆਂ-ਖੇਡਦੀਆਂ, ਗਾਉਂਦੀਆਂ ਤੇ ਲੰਮੀਆਂ ਹੇਕਾਂ ਵਾਲੇ ਵਿਢੜੇ ਗਾਉਂਦੀਆਂ, ਬੋਰੀਆਂ ਆਟੇ ਦੀਆਂ ਝੱਟ ਛਾਣ ਦਿੰਦੀਆਂ। ਘਰ ਦੀ ਮਾਲਕਣ ਨਾਲ ਹੱਥੋ-ਹੱਥੀਂ ਉਹ ਆਟਾ ਢੋਲਾਂ-ਡਰੰਮਾਂ ਜਾਂ ਮਿੱਟੀ ਦੇ ਬਣਾਏ ਮੋਰ-ਚਿੜੀਆਂ ਵਾਲੇ ਪੀਪੇ, ਭੜੋਲੇ ਜਾਂ ਭੜੋਲੀਆਂ ’ਚ ਪੁਆ-ਸੰਭਾਲ ਵੀ ਦਿੰਦੀਆਂ। ਕੰਮ ਨਿਪਟਾ ਕੇ ਗੁੜ ਜ਼ਰੂਰ ਵੰਡਿਆ ਜਾਂਦਾ। ਕਈ ਆਪਣੇ ਹੱਥ ਲਾ ਗੁੜ ਆਪਣੀ ਛਾਨਣੀ ’ਚ ਰੱਖ ਲੈਂਦੀਆਂ। ਸਰਦੀ ਦੇ ਦਿਨੀਂ ਚਾਹ ਅਤੇ ਗਰਮੀ ਦੀ ਰੁੱਤੇ ਕੱਚੀ ਮਿੱਠੀ ਲੱਸੀ, ਜੋ ਪਾਣੀ ਵਿਚ ਖੰਡ ਘੋਲ ਕੇ ਥੋੜ੍ਹਾ ਜਿਹਾ ਦੁੱਧ ਪਾ ਕੇ ਬਣਾਈ ਜਾਂਦੀ, ਉਹ ਸਾਰੀਆਂ ਨੂੰ ਪਿਆਈ ਜਾਂਦੀ। ਰੋਜ਼ ਹੀ ਵਿਆਹ ਵਾਲੇ ਘਰ ਰੌਣਕ ਲੱਗੀ ਰਹਿੰਦੀ। ਕਦੇ ਦਾਲ-ਚੌਲ ਚੁਗਣੇ, ਕਦੇ ਮਸਾਲੇ ਛੱਟਣੇ-ਕੁੱਟਣੇ ਤੇ ਕਦੇ ਲੂਣ ਦੇ ਡਲੇ ਭੰਨ ਕੇ ਚੱਕੀ ’ਚ ਪੀਹਣੇ।
ਅੱਜ ਇਸ ਮਸ਼ੀਨੀ ਯੁੱਗ ਵਿਚ ਪੀਹਣ ਕਰਨ, ਆਟਾ ਛਾਨਣ ਤੇ ਦਾਲ-ਚੌਲ ਚੁਗਣ ਤਕ ਦੇ ਕੰਮ ਮਸ਼ੀਨਾਂ ਨੇ ਮੁਕਾ ਦਿੱਤੇ। ਪੀਸੇ ਹੋਏ ਲੂਣ ਤੇ ਮਸਾਲੇ ਥਾਂ-ਥਾਂ ਮਿਲਦੇ ਹਨ। ਇਨ੍ਹਾਂ ਮਸ਼ੀਨਾਂ ਦੀ ਬਦੌਲਤ ਰਲ-ਮਿਲ ਬੈਠਣ ਦੇ ਬਹਾਨੇ ਮੁੱਕ ਗਏ ਹਨ। ਸ਼ਰੀਕੇ-ਭਾਈਚਾਰੇ ਦੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਬਹੁਤ ਨੇੜਲੇ ਰਿਸ਼ਤੇ ਵੀ ਦਿਲਾਂ ਦੀਆਂ ਦੂਰੀਆਂ ਬਣਾਈ ਰੱਖਦੇ ਹਨ। ਸਾਡੇ ਵਿਰਸੇ ਵਿਚੋਂ ਮੁੱਕਦੀਆਂ ਜਾ ਰਹੀਆਂ। ਇਨ੍ਹਾਂ ਰਸਮਾਂ ਨਾਲ ਆਪਸੀ ਮੋਹ-ਮੁਹੱਬਤਾਂ ਵੀ ਮੁੱਕਦੀਆਂ ਜਾ ਰਹੀਆਂ ਹਨ। ਵਿਗਿਆਨਕ ਯੁੱਗ ਵਿਚ ਮਸ਼ੀਨੀ ਸਹੂਲਤਾਂ ਲੈਣੀਆਂ ਮਾੜੀ ਗੱਲ ਨਹੀਂ ਪਰ ਕਿੰਨਾ ਚੰਗਾ ਹੋਵੇ ਜੇ ਪੁਰਾਣੇ ਤੇ ਵਿਰਾਸਤੀ ਰੀਤੀ-ਰਿਵਾਜਾਂ ਵਿਚੋਂ ਚੰਗੀਆਂ ਰਸਮਾਂ ਦਾ ਲੜ ਵੀ ਅਸੀਂ ਫੜੀ ਰੱਖੀਏ। ਘੱਟੋ-ਘੱਟ ਇਕ ਦਿਨ ਹੀ ਅਜਿਹੀ ਰੌਣਕ ਲਾ ਲਈ ਜਾਵੇ। ਸਾਫ-ਸੁਥਰੇ ਦਾਲਾਂ-ਚੌਲ ਤੇ ਪੀਸੇ ਛਾਣੇ ਆਟੇ ਤੇ ਲੂਣ-ਮਸਾਲੇ ਮਿੱਟੀ ਦੇ ਭੜੋਲਿਆਂ ’ਚ ਨਾ ਸਹੀ ਸਟੀਲ ਜਾਂ ਲੋਹੇ ਦੇ ਡਰੰਮਾਂ ’ਚ, ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ ਨੂੰ ਬੁਲਾ ਕੇ ਪਾ ਲਏ ਜਾਣ। ਗੀਤ, ਸੁਹਾਗ, ਘੋੜੀਆਂ ਤੇ ਵਿਢੜੇ ਗਾ ਲਏ ਜਾਣ ਤਾਂ ਜੋ ਇਹ ਸਾਂਝਾਂ ਬਣੀਆਂ ਰਹਿਣ ਜਿਸ ਦਾ ਪ੍ਰਗਟਾਵਾ ਇਹ ਵਿਢੜਾ ਕਰਦਾ ਹੈ -
‘‘ਗੱਡੀ ਦਿਆ ਗੱਡਵਾਲਿਆ,
ਗੱਡੀ ਹੌਲੜੇ-ਹੌਲੜੇ ਤੋਰ ਵੇ
ਇਨ੍ਹਾਂ ਰਾਹਾਂ ਦੇ ਡੂੰਘੇ ਜਿਹੇ ਪੰਧ ਵੇ,
ਭੈਣਾਂ ਮਿਲੀਆਂ ਤੋਂ ਲੱਗ ਜਾਂਦੇ ਰੰਗ ਵੇ,
ਵੀਰਾਂ ਮਿਲਿਆਂ ਤੋਂ ਚੜ੍ਹ ਜਾਂਦੇ ਚੰਦ ਵੇ,
ਕਿਤੇ ਮਿਲ ਨੀਂ ਮਾਏ ਮੇਰੀਏ,
ਦੁੱਖ-ਸੁੱਖ ਦੀਆਂ ਗੱਲਾਂ ਛੇੜੀਏ,
ਵਿਛੋੜਿਆਂ ਤੋਂ ਡਰੀਏ…।’’



-ਪਰਮਜੀਤ ਕੌਰ ਸਰਹਿੰਦ
 
Top