ਮਹਿੰਦੀ ਦਾ ਰੰਗ ਹੱਥਾਂ ’ਤੇ ਚੜ੍ਹਿਆ

ਕੁੜੀਆਂ ਰਾਤ ਭਰ ਲਈ ਮਹਿੰਦੀ ਲਾਈ ਰੱਖਦੀਆਂ ਹਨ ਤੇ ਸਵੇਰ ਹੋਣ ਉੱਤੇ ਜਦੋਂ ਹੱਥ-ਪੈਰ ਧੋਤੇ ਜਾਂਦੇ ਹਨ ਤਾਂ ਹਥੇਲੀਆਂ, ਪੈਰਾਂ ਅਤੇ ਬਾਹਾਂ ’ਤੇ ਮਹਿੰਦੀ ਦਾ ਚੜ੍ਹਿਆ ਲਾਲ ਸੁਰਖ ਰੰਗ ਵੇਖ ਕੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਅਤੇ ਉਹ ਹੋਰ ਮਹਿੰਦੀ ਲੈਣ ਦੀ ਮੰਗ ਕਰਦੀਆਂ ਹਨ:

ਨੀਂ ਲੈ ਦੇ ਮਾਏ,

ਕਾਲਿਆਂ ਬਾਗ਼ਾਂ ਦੀ ਮਹਿੰਦੀ
ਗਲੀ ਗਲੀ ਮੈਂ ਪੱਤਰ ਚੁਣਦੀ,
ਪੱਤਰ ਚੁਣਦੀ ਰਹਿੰਦੀ।
ਮਹਿੰਦੀ ਦਾ ਰੰਗ ਸੂਹਾ ਤੇ ਸਾਵਾ,
ਸੋਹਣੀ ਬਣ ਬਣ ਪੈਂਦੀ
ਘੋਲ ਮਹਿੰਦੀ ਮੈਂ ਹੱਥਾਂ ’ਤੇ ਲਾਈ,
ਵਹੁਟੀ ਬਣ ਬਣ ਬਹਿੰਦੀ
ਮਹਿੰਦੀ ਦਾ ਰੰਗ ਹੱਥਾਂ ’ਤੇ ਚੜ੍ਹਿਆ,
ਸੋਹਣੀ ਲੱਗ ਲੱਗ ਪੈਂਦੀ
ਜਿਨ੍ਹਾਂ ਦੇ ਕੰਤ ਧੀਏ ਨਿੱਤ ਪਰਦੇਸੀ,
ਉਨ੍ਹਾਂ ਨੂੰ ਮਹਿੰਦੀ ਕੀ ਕਹਿੰਦੀ।

ਵਿਆਹ ਦੇ ਦਿਨ ਤੋਂ ਪੂਰਬਲੀਆਂ ਕਈ ਰਾਤਾਂ ਨੂੰ ਵਿਆਹ ਵਾਲੇ ਘਰ ਵਿੱਚ ਗਾਉਣ ਬਿਠਾਉਣ ਦੀ ਰਸਮ ਨਿਭਾਈ ਜਾਂਦੀ ਸੀ, ਜਿਸ ਦੌਰਾਨ ਕੁੜੀ ਤੇ ਮੁੰਡੇ ਦੇ ਘਰ ਸੁਹਾਗ, ਘੋੜੀਆਂ ਆਦਿ ਗੀਤ ਗਾਏ ਜਾਂਦੇ ਸਨ। ਵਿਆਹ ਦੀ ਪੂਰਬਲੀ ਸ਼ਾਮ ਨੂੰ ਗੀਤ ਗਾਉਣ ਉਪਰੰਤ ਵਿਆਂਹਦੜ ਦੇ ਹੱਥਾਂ-ਪੈਰਾਂ ’ਤੇ ਸ਼ਗਨ ਵਜੋਂ ਰਸਮੀ ਤੌਰ ’ਤੇ ਮਹਿੰਦੀ ਲਾਈ ਜਾਂਦੀ ਸੀ ਤੇ ਨਾਲ-ਨਾਲ ਗੀਤ ਗਾਏ ਜਾਂਦੇ ਸਨ। ਇੱਕ ਲੋਕ ਵਿਸ਼ਵਾਸ ਅਨੁਸਾਰ ਕੁੜੀ ਦਾ ਮੂੰਹ ਪੂਰਬ ਦਿਸ਼ਾ ਵੱਲ ਕਰ ਕੇ, ਉਸ ਨੂੰ ਇੱਕ ਚੌਕੀ ’ਤੇ ਬਿਠਾ ਦਿੱਤਾ ਜਾਂਦਾ ਸੀ। ਵਿਆਹ ਦੇ ਦਿਨੀਂ ਘਰ ਵਿੱਚ ਕੰਮ ਕਰਨ ਆਉਣ ਵਾਲੀ ਲਾਗਣ ਜਾਂ ਕੁੜੀ ਦੀ ਭੈਣ ਜਾਂ ਸਹੇਲੀਆਂ ਵਿਆਹ ਦੇ ਗੀਤ ਗਾਉਂਦਿਆਂ-ਗਾਉਂਦਿਆਂ ਉਸ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਂਦੀਆਂ ਜਾਂਦੀਆਂ। ਪਹਿਲੇ ਸਮਿਆਂ ਵਿੱਚ ਕੁੜੀ ਮਹਿੰਦੀ ਲੱਗੇ ਦੋਵਾਂ ਹੱਥਾਂ ਨੂੰ ਪਿਛਲੇ ਪਾਸੇ ਵੱਲ ਨੂੰ ਕਰ ਕੇ ਦੀਵਾਰ ਉੱਤੇ ਮਹਿੰਦੀ ਦੇ ਥਾਪੇ ਲਾਉਂਦੀ ਜਾਂਦੀ ਸੀ। ਲੋਕ ਵਿਸ਼ਵਾਸ ਅਨੁਸਾਰ ਇਹ ਥਾਪੇ ਵਿਆਂਹਦੜ ਕੁੜੀ ਦੀ ਪ੍ਰੇਤ-ਰੂਹਾਂ ਤੋਂ ਰੱਖਿਆ ਕਰਨ ਵਿੱਚ ਸਹਾਈ ਹੁੰਦੇ ਸਨ। ਜਿਸ ਬਰਤਨ ਵਿੱਚ ਮਹਿੰਦੀ ਦਾ ਘੋਲ ਬਣਾਇਆ ਜਾਂਦਾ ਸੀ, ਉਸ ਵਿੱਚ ਔਰਤਾਂ ਸ਼ਗਨ ਵਜੋਂ ਪੈਸੇ ਟਕੇ ਤੇ ਸਿੱਕੇ ਪਾਉਂਦੀਆਂ ਸਨ। ਬਾਅਦ ਵਿੱਚ ਇਹ ਪੈਸੇ ਲਾਗੀ ਨੂੰ ਦੇ ਦਿੱਤੇ ਜਾਂਦੇ ਸਨ। ਵਿਆਹ ਵਾਲੀ ਕੁੜੀ ਦੇ ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਪਿੱਛੋਂ ਬਾਕੀ ਹਾਜ਼ਰ ਕੁੜੀਆਂ ਵੀ ਮਹਿੰਦੀ ਲਾਉਂਦੀਆਂ ਸਨ। ਇਸ ਮੌਕੇ ’ਤੇ ਵਿਆਹ ਦੇ ਗੀਤਾਂ ਦੀ ਛਹਿਬਰ ਲੱਗਦੀ ਸੀ। ਇਸ ਨੂੰ ਮਹਿੰਦੀ ਵਾਲੀ ਰਾਤ ਕਿਹਾ ਜਾਂਦਾ ਸੀ। ਵਿਆਹ ਵਾਲੀ ਕੁੜੀ ਅਤੇ ਮੁੰਡੇ ਦੇ ਘਰ ਮਹਿੰਦੀ ਲਾਉਣ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਮਹਿੰਦੀ ਦੇ ਗੀਤ ਕਿਹਾ ਜਾਂਦਾ ਸੀ।
* ਮਹਿੰਦੀ ਮਹਿੰਦੀ ਸਭ ਜਗ ਕਹਿੰਦਾ,
ਮੈਂ ਵੀ ਆਖ ਦਿਆਂ ਮਹਿੰਦੀ
ਬਾਗ਼ਾਂ ਦੇ ਵਿੱਚ ਸਸਤੀ ਵਿਕਦੀ,
ਵਿੱਚ ਹੱਟੀਆਂ ਦੇ ਮਹਿੰਗੀ
ਹੇਠਾਂ ਕੂੰਡੀ ਉੱਤੇ ਘੋਟਣਾ,
ਚੋਟ ਦੋਹਾਂ ਦੀ ਸਹਿੰਦੀ
ਘੋਟ ਘੋਟ ਕੇ ਹੱਥਾਂ ਨੂੰ ਲਾਈ,
ਫੋਲਕ ਬਣ ਬਣ ਲਹਿੰਦੀ
ਮਹਿੰਦੀ ਸ਼ਗਨਾਂ ਦੀ,
ਧੋਤਿਆਂ ਕਦੀ ਨਾ ਲਹਿੰਦੀ।

* ਮੌਲੀਏ ਨੀਂ ਰੰਗ ਰੱਤੀਏ!

ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਮਹਿੰਦੀ ਨੂੰ ਪੁੱਛੋ।
ਮਹਿੰਦੀਏ ਨੀਂ ਰੰਗ ਰੱਤੀਏ!
ਕਿਸ ਮੇਰੀ ਨਾਜੋ ਸ਼ਿੰਗਾਰੀ?
ਮੈਂ ਕੀ ਜਾਣਾ ਬਉਰੀ, ਜਾ ਪੰਸਾਰੀ ਨੂੰ ਪੁੱਛੋ।

ਵਿਆਹ ਵਾਲੇ ਮੁੰਡੇ ਨੂੰ ਵੀ ਸ਼ਗਨ ਵਜੋਂ ਮਹਿੰਦੀ ਲਾਈ ਜਾਂਦੀ ਹੈ:
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ, ਤੇਰੇ ਚਾਚੇ ਕੂ ਸਦਾਵਾਂ।
ਉਰ੍ਹਾਂ ਕਰ ਵੇ ਰੱਤੜਾ ਹੱਥ,
ਤੈਨੂੰ ਮਹਿੰਦੀ ਲਾਵਾਂ।
ਮਹਿੰਦੀ ਲਾਵਾਂ ਤੇਰੇ ਭਾਈਏ ਕੂ ਸਦਾਵਾਂ।

ਮੁੰਡੇ ਵਾਲਿਆਂ ਵੱਲੋਂ ਸ਼ਗਨ ਵਜੋਂ ਭੇਜੀ ਗਈ ਮਹਿੰਦੀ ਸਬੰਧੀ ਕੁੜੀ-ਪੱਖ ਦੀਆਂ ਔਰਤਾਂ ਮੁੰਡੇ-ਪੱਖ ਵਾਲਿਆਂ ਨੂੰ ਸਿੱਠਣੀਆਂ ਰਾਹੀਂ ਠਿੱਠ ਕਰਦੀਆਂ ਹਨ:
ਮਹਿੰਦੜੀ ਅਣਘੋਲ ਆਂਦੀ,
ਮੌਲੀ ਅਣਰੰਗ ਆਂਦੀ।
ਜੋੜਾ ਅਣਸੀਤਾ ਆਂਦਾ,
ਸੋਨਾ ਅਣਘੜਤ ਆਂਦਾ।
ਮੌਲੀ ਰੰਗਾ ਲਿਆਵਾਂ,
ਮਹਿੰਦੀ ਘੁਲਾ ਲਿਆਵਾਂ।
ਜੋੜਾ ਸਵਾ ਲਿਆਵਾਂ,
ਝਿੰਮੀ ਛੁਪੀ ਛੁਪਾ ਲਿਆਵਾਂ।
ਹੁਣ ਸਿੱਠਣੀਆਂ ਸੁਣਾਈਆਂ ਸੁਣੀਆਂ ਨਹੀਂ ਜਾਂਦੀਆਂ। ਸਮੇਂ ਦੇ ਬਦਲਣ ਨਾਲ ਵਿਆਹ ਸਮੇਂ ਗਾਉਣ ਬਿਠਾਉਣ ਦੀ ਰਸਮ ਹੁਣ ਮਹਿਜ਼ ‘ਲੇਡੀਜ਼ ਸੰਗੀਤ’ ਵਿੱਚ ਬਦਲ ਕੇ ਸਿਮਟ ਗਈ ਹੈ। ਮਹਿੰਦੀ ਹੱਥਾਂ, ਪੈਰਾਂ, ਬਾਹਾਂ ਦੇ ਨਾਲ-ਨਾਲ ਵਾਲਾਂ ਨੂੰ ਵੀ ਲਾਈ ਜਾਣ ਲੱਗੀ ਹੈ। ਮਹਿੰਦੀ ਲਾਉਣ ਵਾਲੀਆਂ ਕੁੜੀਆਂ ਨੇ ਇਸ ਨੂੰ ਕਿੱਤੇ ਵਜੋਂ ਅਪਣਾਅ ਕੇ ਪਾਰਲਰ ਖੋਲ੍ਹ ਲਏ ਹਨ। ਕੁੜੀ ਦੇ ਘਰ ਆ ਕੇ ਮਹਿੰਦੀ ਲਾਉਣ ਅਤੇ ਹਾਰ ਸ਼ਿੰਗਾਰ ਕਰਨ ਲਈ ਵੱਡੀਆਂ ਰਕਮਾਂ ਦਿੱਤੀਆਂ ਜਾਣ ਲੱਗ ਪਈਆਂ ਹਨ। ਵਿਆਹ, ਦਿਨ-ਤਿਉਹਾਰਾਂ, ਕਰਵਾ ਚੌਥ ਆਦਿ ਦੇ ਮੌਕੇ ’ਤੇ ਮਹਿੰਦੀ ਲਾਉਣ ਦੇ ਕਾਰੋਬਾਰ ਵਿੱਚ ਲੋਕ ਚੰਗੀ ਕਮਾਈ ਕਰਦੇ ਹਨ। ਮਹਿੰਦੀ ਦੇ ਭਾਂਤ-ਸੁਭਾਂਤੇ ਡਿਜ਼ਾਈਨ ਬਣਾਉਣ ਲਈ ਬਣੇ-ਬਣਾਏ ਸਾਂਚਿਆਂ ਦਾ ਪ੍ਰਯੋਗ ਕੀਤਾ ਜਾਣ ਲੱਗ ਪਿਆ ਹੈ।
ਸਮੇਂ ਦੇ ਫੇਰਬਦਲ ਨਾਲ ਮਹਿੰਦੀ ਲਾਉਣ ਦੀ ਕਲਾ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ। ਕਾਰੋਬਾਰੀ ਲੋਕ ਮਹਿੰਦੀ ਵਿੱਚ ਮਿਲਾਵਟ ਵੀ ਕਰਦੇ ਹਨ। ਵੱਖ-ਵੱਖ ਰੰਗਾਂ ਨੂੰ ਲਿਸ਼ਕਵੀਂ ਪੈਕਿੰਗ ਵਿੱਚ ਬੰਦ ਕਰ ਕੇ ਉਸ ਨੂੰ ਵੀ ਮਹਿੰਦੀ ਦਾ ਨਾਂ ਦਿੱਤਾ ਜਾਣ ਲੱਗਿਆ ਹੈ। ਮਹਿੰਦੀ ਦਾ ਸੁਭਾਅ ਤਾਂ ਠੰਢ ਪ੍ਰਦਾਨ ਕਰਨ ਵਾਲਾ ਹੈ। ਜਦੋਂ ਮਹਿੰਦੀ ਦੇ ਨਾਂ ਹੇਠ ਕਈ ਰੰਗ ਅਤੇ ਰਸਾਇਣ ਵੇਚੇ ਜਾਂਦੇ ਹਨ ਤਾਂ ਤਕਲੀਫ਼ ਹੁੰਦੀ ਹੈ। ਅਜਿਹੇ ਰਸਾਇਣ ਚਮੜੀ ਲਈ ਹਾਨੀਕਾਰਕ ਹੁੰਦੇ ਹਨ। ਮਹਿੰਦੀ ਦੇ ਅਮੋਲਵੇਂ ਕੁਦਰਤੀ ਪਦਾਰਥ ਦੀ ਸ਼ੁੱਧਤਾ ਬਣੀ ਰਹਿਣੀ ਚਾਹੀਦੀ ਹੈ ਅਤੇ ਇਸ ਨਾਲ ਜੁੜੀਆਂ ਰਸਮਾਂ ਨੂੰ ਸਿਮ੍ਰਿਤੀਆਂ ਵਿੱਚ ਵਸਾਈ ਰੱਖਣਾ ਚਾਹੀਦਾ ਹੈ। ਦੁਆ ਕਰਨੀ ਚਾਹੀਦੀ ਹੈ ਕਿ ਕਿਸੇ ਦੇ ਹੱਥਾਂ ’ਤੇ ਲੱਗੀ ਮਹਿੰਦੀ ਦਾ ਰੰਗ ਉਦਾਸ ਨਾ ਹੋਵੇ।
 
Top