ਲੈ ਜਾ ਛੱਲੀਆਂ ਭੁਨਾ ਲਈਂ ਦਾਣੇ…

ਮੱਕੀ ਮੂਲ ਰੂਪ ਵਿੱਚ ਅਮਰੀਕੀ ਫ਼ਸਲ ਹੈ। ਸਾਉਣੀ ਦੀ ਇਸ ਤਿੰਨ ਕੁ ਮਹੀਨੇ ਦੀ ਫ਼ਸਲ ਨੂੰ ਨਵੀਆਂ ਖੋਜਾਂ ਅਤੇ ਹਾਈਬ੍ਰਿਡ ਬੀਜਾਂ ਨੇ ਕਿਸੇ ਵੀ ਰੁੱਤ ਵਿੱਚ ਉਗਾਈ ਜਾ ਸਕਣ ਵਾਲੀ ਫ਼ਸਲ ਬਣਾ ਦਿੱਤਾ ਹੈ। ਮੱਕੀ ਸਾਡੇ ਸੱਭਿਆਚਾਰ ਦੀ ਰਗ-ਰਗ ਵਿੱਚ ਪਰੋਈ ਹੋਈ ਹੈ। ਮੌਜੂਦਾ ਮਸ਼ੀਨੀਕਰਨ ਦੇ ਦੌਰ ਤੋਂ ਕੁਝ ਦਹਾਕੇ ਪਹਿਲਾਂ ਬੀਜ-ਬਿਜਾਈ ਕਿਸਾਨ ਬਲਦਾਂ ਜਾਂ ਊਠਾਂ ਨਾਲ ਕਰਦਾ ਸੀ ਅਤੇ ਬਲਦ ਜੋੜ ਕੇ ਪੋਰ ਨਾਲ ਮੱਕੀ ਬੀਜੀ ਜਾਂਦੀ ਸੀ। ਉਸ ਸਮੇਂ ਦੀ ਤਸਵੀਰ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਵੇਖਣ ਨੂੰ ਮਿਲਦੀ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਲੱਲੀਆਂ।
ਉੱਥੋਂ ਦੇ ਦੋ ਬਲਦ ਸੁਣੀਂਦੇ, ਗਲ਼ ਉਨ੍ਹਾਂ ਦੇ ਟੱਲੀਆਂ।
ਨੱਠ ਨੱਠ ਕੇ ਉਹ ਮੱਕੀ ਬੀਜਦੇ, ਹੱਥ ਹੱਥ ਲੱਗੀਆਂ ਛੱਲੀਆਂ।
ਬੰਤੇ ਦੇ ਬੈਲਾਂ ਨੂੰ, ਪਾਵਾਂ ਗੁਆਰੇ ਦੀਆਂ ਫਲੀਆਂ।
ਕਿਸਾਨ ਕੋਲ ਉਸ ਸਮੇਂ ਭਾਵੇਂ ਬਹੁਤੇ ਸਾਧਨ ਨਹੀਂ ਸਨ ਪਰ ਉਹ ਖੇਤਾਂ ਦੀ ਗੁੱਡ-ਗੁਡਾਈ, ਵਹਾਈ ਅਤੇ ਬੀਜ-ਬਿਜਾਈ ਪੂਰੇ ਸ਼ੌਕ ਅਤੇ ਕਲਾ ਨਾਲ ਕਰਦਾ ਸੀ। ਸਾਡੀਆਂ ਪੰਜਾਬੀ ਲੋਕ ਕਾਵਿ ਵੰਨਗੀਆਂ ਵਿੱਚ ਮੱਕੀ ਦੇ ਕਿਆਰਿਆਂ ਦੇ ਸੁਹੱਪਣ ਦੀ ਤੁਲਨਾ ਔਰਤ ਦੀ ਸੁੰਦਰਤਾ ਨਾਲ ਇੰਜ ਕੀਤੀ ਹੋਈ ਹੈ:
ਮੱਥਾ ਤੇਰਾ ਚੌਰਸ ਖੂੰਜਾ, ਜਿਉਂ ਮੱਕੀ ਦੇ ਕਿਆਰੇ।
ਉੱਠ ਖੜ੍ਹ ਸੋਹਣੀਏ ਨੀਂ, ਮਹੀਂਵਾਲ ਹਾਕਾਂ ਮਾਰੇ।
ਜਦੋਂ ਮੱਕੀ ਦੇ ਟਾਂਡੇ ਨੂੰ ਛੱਲੀਆਂ ਲੱਗਦੀਆਂ ਹਨ ਤਾਂ ਸ਼ੁਰੂ ਵਿੱਚ ਛੱਲੀਆਂ ਦੇ ਪਰਦਿਆਂ ਵਿੱਚੋਂ ਚਿੱਟੇ ਵਾਲ ਨਿਕਲਦੇ ਹਨ ਜਿਸ ਨੂੰ ‘ਤੰਦ ਕੱਢਣਾ’ ਜਾਂ ‘ਬੁੜ੍ਹੀ ਸੂਤ ਕੱਤਣ ਲੱਗ ਪਈ’ ਕਹਿੰਦੇ ਹਨ। ਮੱਕੀ ਦੇ ਬਾਬੂ ਨਿਕਲਣ ਅਤੇ ਦੋਧੇ ਤਿਆਰ ਹੋਣ ਸਬੰਧੀ ਬੁਝਾਰਤ ਹੈ:
ਉਜਾੜ ਬੀਆਬਾਨ ਵਿੱਚ, ਬੁੜ੍ਹੀ ਸੂਤ ਕੱਤੇ।
ਸਾਡੇ ਪੁਰਖਿਆਂ ਨੇ ਸਾਨੂੰ ਕਿਰਤ ਦਾ ਸੱਭਿਆਚਾਰ ਦਿੱਤਾ। ਉਸ ਸਮੇਂ ਦੀ ਇਲਾਕਾਈ ਵੰਨ-ਸਵੰਨਤਾ ਲੋਕ ਕਾਵਿ ਵੰਨਗੀਆਂ ਰਾਹੀਂ ਇਹ ਵੀ ਦਰਸਾਉਂਦੀ ਹੈ ਕਿ ਜਿੱਥੇ ਮਾਲਵੇ ਵਿੱਚ ਔਰਤਾਂ ਖੇਤੀਬਾੜੀ ਦੇ ਕੰਮ ਵਿੱਚ ਕੰਮ ਹੱਥ ਨਹੀਂ ਵਟਾਉਂਦੀਆਂ, ਉੱਥੇ ਪੁਆਧ ਵਿੱਚ ਉਹ ਮਰਦਾਂ ਦੇ ਨਾਲ ਜਾਂ ਇਕੱਲੀਆਂ ਵੀ ਖੇਤੀਬਾੜੀ ਸੰਭਾਲਦੀਆਂ ਸਨ। ਜਦੋਂ ਕਦੇ ਮਾਲਵੇ ਦੀ ਜੰਮੀ ਜਾਈ ਪੁਆਧ ਵਿੱਚ ਵਿਆਹੀ ਜਾਂਦੀ ਹੈ ਤਾਂ ਉਹ ਨਿਵੇਕਲੇ ਰਿਵਾਜਾਂ ਅਤੇ ਮੱਕੀ ਗੁੱਡਣ ਜਾਣ ਤੋਂ ਤਲਖ਼ੀ ਮਹਿਸੂਸ ਕਰਦੀ ਹੈ:
ਜੰਗਲ (ਮਾਲਵੇ) ਦੀ ਮੈਂ ਜੰਮੀ ਜਾਈ,
ਚੰਦਰੇ ਪੁਆਧ ਵਿਆਹੀ।
ਹੱਥ ਵਿੱਚ ਖੁਰਪਾ ਮੋਢੇ ਚਾਦਰ, ਮੱਕੀ ਗੁੱਡਣ ਲਾਈ।
ਦੇਸੀ ਮੱਕੀ ਦੇ ਟਾਂਡੇ ਨੂੰ ਇੱਕ ਛੱਲੀ ਲੱਗਦੀ ਸੀ ਪਰ ਅੱਜ-ਕੱਲ੍ਹ ਨਵੇਂ ਬੀਜਾਂ ਵਾਲੀ ਮੱਕੀ ਦੇ ਇੱਕ ਟਾਂਡੇ ਨੂੰ ਤਿੰਨ-ਤਿੰਨ ਛੱਲੀਆਂ ਲੱਗਦੀਆਂ ਹਨ। ਕੌਮਾਂਤਰੀ ਮੰਡੀ ਇੱਕ ਹੋਣ ਨਾਲ ਹੁਣ ਮੱਕੀ ਦੀ ਹੋਰ ਕਿਸਮ ‘ਬੇਬੀ ਕੌਰਨ’ ਵੀ ਉਗਾਈ ਜਾਣ ਲੱਗ ਪਈ ਹੈ। ਇਹ ਫ਼ਸਲ 60-62 ਦਿਨ ਦੀ ਹੈ। ਮੱਕੀ ਦੀ ਇਸ ਕਿਸਮ ਦਾ ਸਿਰਫ਼ ਕੱਚਾ ਦੋਧਾ ਹੀ ਤਿਆਰ ਕੀਤਾ ਜਾਂਦਾ ਹੈ ਜੋ 50-60 ਰੁਪਏ ਕਿਲੋ ਵਿਕਦਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਹੈ। ਇਹ ਦੋਧਾ ਭੁੰਨਣ ਦੀ ਥਾਂ ਕੱਚਾ ਹੀ ਖਾਧਾ ਜਾਂਦਾ ਹੈ।
ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਆਮ ਉਗਾਈ ਜਾਣ ਵਾਲੀ ਮੱਕੀ ਦਾ ਵੀ ਭਾਵੇਂ ਕੱਚਾ ਦੋਧਾ ਖਾਧਾ ਜਾ ਸਕਦਾ ਹੈ ਪਰ ਇਸ ਫ਼ਸਲ ਨੂੰ ਪਕਾਇਆ ਜਾਂਦਾ ਹੈ। ਸੁਨਹਿਰੀ ਦਾਣਿਆਂ ਨਾਲ ਮੋਤੀਆਂ ਵਾਂਗ ਜੜੀ ਅਤੇ ਹਰੇ ਤੋਤੇ ਰੰਗੇ ਪਰਦਿਆਂ ਵਿੱਚ ਵਲ੍ਹੇਟੀ ਦੇਸੀ ਛੱਲੀ ਦੇ ਸੁਹੱਪਣ ਨੂੰ ਲੋਕ ਬੁਝਾਰਤ ਰਾਹੀਂ ਇੰਜ ਬਿਆਨ ਕੀਤਾ ਗਿਆ ਹੈ:
ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਜੜੀ ਸੀ।
ਬਾਬਾ ਜੀ ਦੇ ਖੇਤ ਵਿੱਚ, ਲੈ ਦੁਸ਼ਾਲਾ ਖੜ੍ਹੀ ਸੀ।
ਸਾਉਣੀ ਦੀਆਂ ਫ਼ਸਲਾਂ ਸਿਆਲ ਵਿੱਚ ਪੱਕਦੀਆਂ ਹਨ। ਪੁਰਾਣੇ ਵੇਲਿਆਂ ਵਿੱਚ ਜਾਨਵਰਾਂ, ਪਸ਼ੂਆਂ, ਪੰਛੀਆਂ ਤੋਂ ਮੱਕੀ ਦੀ ਰਾਖੀ ਲਈ ਖੇਤਾਂ ਵਿੱਚ ਮਣ੍ਹੇ ਗੱਡੇ ਜਾਂਦੇ ਸਨ। ਓਦੋਂ ਪੱਕਣ ਯੋਗ ਹੋਈ ਮੱਕੀ ਦੀ ਰਾਖੀ ਲਈ ਜੱਟ ਸਾਰੀ ਰਾਤ ਮਣ੍ਹੇ ’ਤੇ ਪਏ ਜੁੱਬੜਾਂ ਵਿੱਚ ਕੱਟਦਾ ਸੀ:
ਛੜੇ ਬਹਿਣਗੇ ਮੱਕੀ ਦੀ ਰਾਖੀ, ਰੰਨਾਂ ਵਾਲੇ ਘਰ ਸੌਣਗੇ।
ਸਵੇਰ ਵੇਲੇ ਖੇਤੋਂ ਘਰ ਆਉਂਦਾ ਜੱਟ ਦੋਧੀਆਂ ਛੱਲੀਆਂ ਭੁੰਨ ਕੇ ਚੱਬਣ ਲਈ ਕੱਪੜੇ ਵਿੱਚ ਲਪੇਟ ਘਰ ਲੈ ਆਉਂਦਾ ਸੀ। ਰੁੱਤ ਦੇ ਮੇਵੇ ਨੂੰ ਲੋਕੀਂ ਚੁੱਲ੍ਹੇ ਵਿੱਚ ਅੱਗ ’ਤੇ ਭੁੰਨ ਕੇ ਚਾਈਂ-ਚਾਈਂ ਖਾਂਦੇ ਸਨ। ਛੱਲੀਆਂ ਦੀ ਰੁੱਤ ਵੇਲੇ ਆਏ ਰਿਸ਼ਤੇਦਾਰ ਨੂੰ ਵੀ ਝੋਲਾ ਛੱਲੀਆਂ ਦਾ ਭਰ ਦਿੱਤਾ ਜਾਂਦਾ ਸੀ। ਲੋਕੀਂ ਆਪਣੇ ਸੀਰੀ, ਪਾਲੀ, ਕਾਮੇ, ਅਤੇ ਲੈਣ-ਦੇਣ ਵਾਲੇ ਘਰ ਵੀ ਛੱਲੀਆਂ ਭੇਜਦੇ ਸਨ।
‘ਗੰਦਲਾਂ ਦਾ ਸਾਗ ਅਤੇ ਮੱਖਣ ਮਕੱਈ’ ਵਰਗੇ ਸ਼ਬਦ ਜਿੱਥੇ ਮੱਕੀ ਦੇ ਆਟੇ ਦੀ ਰੋਟੀ ਦਾ ਲੁਤਫ਼ ਬਿਆਨ ਕਰਦੇ ਹਨ, ਉੱਥੇ ਮੱਕੀ ਦੀ ਰੋਟੀ ਸਬੰਧੀ ਇਹ ਲੋਕ ਬੋਲੀ ਵੀ ਮਸ਼ਹੂਰ ਹੈ:
ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ,
ਡੌਲ਼ੇ ਕੋਲੋਂ ਬਾਂਹ ਟੁੱਟ ਗਈ।
ਪੁਰਾਣੇ ਵੇਲਿਆਂ ’ਚ ਪੱਕ ਚੁੱਕੀ ਮੱਕੀ ਵੱਢ ਕੇ ਉਸ ਦੇ ਮੁਹਾਰੇ ਬਣਾ ਕੇ ਖੇਤਾਂ ਦੇ ਪਿੜ ਵਿੱਚ ਖੜ੍ਹੀ ਕਰ ਦਿੱਤੀ ਜਾਂਦੀ ਸੀ। ਫ਼ਸਲ ਸੁੱਕਣ ’ਤੇ ਛੱਲੀਆਂ ਦੇ ਪਰਦੇ ਲਾਹ ਕੇ ਛੱਲੀਆਂ ਨੂੰ ਕਿੱਕਰ ਦੇ ਜਾਤੂ ਨਾਲ ਕੁੱਟ ਕੇ ਦਾਣੇ ਕੱਢੇ ਜਾਂਦੇ ਸਨ। ਬਾਅਦ ਵਿੱਚ ਡਰੰਮੀਆਂ ਆ ਗਈਆਂ ਅਤੇ ਅੱਜ-ਕੱਲ੍ਹ ਤਾਂ ਕੰਬਾਈਨਾਂ ਖੜ੍ਹੀ ਫ਼ਸਲ ਕੱਟ ਕੇ ਦਾਣੇ ਅਤੇ ਵਾਧੂ ਪਦਾਰਥ ਵੱਖਰੋ-ਵੱਖਰੇ ਕਰ ਦਿੰਦੀਆਂ ਹਨ।
ਜਿੱਥੇ ਅੱਜ-ਕੱਲ੍ਹ ਦੀ ਪੀੜ੍ਹੀ ਹਾਨੀਕਾਰਕ ਕੁਰਕਰੇ, ਚਿਪਸ, ਪੀਜ਼ੇ, ਬਰਗਰ, ਬੰਦ ਬੋਤਲ ਜੂਸ ਅਤੇ ਕੁਲਚਿਆਂ ਵਰਗੀਆਂ ਚੀਜ਼ਾਂ ਖਾ ਕੇ ਬੀਮਾਰੀਆਂ ਸਹੇੜ ਰਹੀ ਹੈ, ਉੱਥੇ ਕੁਝ ਦਹਾਕੇ ਪਹਿਲਾਂ ਹੀ ਛੋਲੇ, ਹੋਲ਼ਾਂ, ਮੱਕੀ ਦੀਆਂ ਛੱਲੀਆਂ, ਖਿੱਲਾਂ, ਮੱਕੀ ਦੇ ਦਾਣੇ, ਗੁੜ ਪਾ ਕੇ ਤਿਆਰ ਕੀਤੇ ਮੱਕੀ ਦੇ ਭੂਤ ਪਿੰਨੇ, ਜੌਂਆਂ ਦੀ ਘਾਠ ਪੰਜਾਬੀਆਂ ਦੇ ਗੁਣਕਾਰੀ ਅਤੇ ਸੁਆਦਲੇ ਪਕਵਾਨ ਹੁੰਦੇ ਸਨ। ਸ਼ਾਮ ਦੇ ਚਾਰ ਵੱਜਣ ਨਾਲ ਹੀ ਬੱਚੇ ਦਾਨੇ ਲੈ ਕੇ ਭੱਠੀਆਂ ਵੱਲ ਚੱਲ ਪੈਂਦੇ ਪਰ ਹੁਣ ਨਾ ਤਾਂ ਭੱਠੀਆਂ ਤੇ ਭੱਠੀ ਵਾਲੀਆਂ ਰਹੀਆਂ ਹਨ ਅਤੇ ਨਾ ਹੀ ਕੁਦਰਤੀ ਖ਼ੁਰਾਕਾਂ। ਮੌਜੂਦਾ ਸਥਿਤੀ ਨੂੰ ਇਹ ਸਤਰਾਂ ਇੰਜ ਬਿਆਨ ਕਰਦੀਆਂ ਹਨ:
ਛੱਲੀਆਂ ਛੱਲੀਆਂ ਛੱਲੀਆਂ, ਮੱਕੀ ਦਾਣੇ ਵਿੱਸਰ ਗਏ,
ਭੱਠੀ ਵਾਲੀਆਂ ਕੈਨੇਡਾ ਚੱਲੀਆਂ।
ਮੱਕੀ ਵਿੱਚ ਨਾਈਟਰੋਜਨ, ਗੰਧਕ, ਫਾਸਫੋਰਸ, ਵਿਟਾਮਿਨ ਸੀ, ਵਿਟਾਮਿਨ ਬੀ ਕੰਪਲੈਕਸ, ਕਾਰਬੋਹਾਈਡਰੇਟਸ, ਵਿਟਾਮਿਨ ਈ ਅਤੇ ਪ੍ਰੋਟੀਨ ਚੋਖੀ ਮਾਤਰਾ ਵਿੱਚ ਮਿਲਦੇ ਹਨ। ਅੱਜ ਦੇ ਵਪਾਰੀਕਰਨ ਦੇ ਯੁੱਗ ਨੇ ਮੱਕੀ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ। ਅੱਜ ਮੱਕੀ ਦੀ ਬੀਅਰ ਤਿਆਰ ਹੋਣ ਲੱਗ ਪਈ ਹੈ। ਅੱਜ ਕੋਈ ਯਾਰ ਬੇਲੀ ਸੌਗਾਤ ਵਜੋਂ ਮੱਕੀ ਦੀਆਂ ਛੱਲੀਆਂ ਕਿਸੇ ਨੂੰ ਨਹੀਂ ਦਿੰਦਾ ਸਗੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੱਕੀ ਦੀਆਂ ਭੁੰਨੀਆਂ ਭੁਨਾਈਆਂ ਛੱਲੀਆਂ ਰੇਹੜੀਆਂ ’ਤੇ ਵਿਕਦੀਆਂ ਹਨ। ਖੇਤੋਂ ਲਿਆਂਦੇ ਦੇਸੀ ਮੱਕੀ ਦੇ ਦੋਧੇ ਇੱਕ ਅਭੁੱਲ ਯਾਦ ਬਣ ਕੇ ਰਹਿ ਗਏ ਹਨ। ਸਾਡੇ ਅਮੀਰ ਸੱਭਿਆਚਾਰ ਦਾ ਇਹ ਮਾਹੀਆ ਸਾਨੂੰ ਅਜਿਹਾ ਹੀ ਅਹਿਸਾਸ ਕਰਾਉਂਦਾ ਹੈ:
ਦਾਣੇ-ਦਾਣੇ ਦਾਣੇ, ਦੋਧੀਆਂ ਛੱਲੀਆਂ ਨੂੰ,
ਅੱਜ ਘਰ ਘਰ ਰੋਣ ਨਿਆਣੇ।
-ਡਾ. ਲਖਵੀਰ ਸਿੰਘ ਨਾਮਧਾਰੀ
 
Top