ਹੁਣ ਅਸੀਂ ਠੀਕ-ਠਾਕ ਹਾਂ

ਅਮੀਨਾ ਨੂੰ ਹਸਪਤਾਲ ਦੇ ਕੰਮ ਤੋਂ ਦਸਾਂ ਦਿਨਾਂ ਬਾਅਦ ਛੁੱਟੀ ਮਿਲੀ ਸੀ। ਉਹ ਵੀ ਪੂਰੇ ਤਿੰਨਾਂ ਦਿਨਾਂ ਦੀ। ਉਸਦੀ ਸ਼ਿਫਟ ਵੀ ਅਹੁੜੀ ਜਿਹੀ ਸੀ। ਰਾਤ ਨੂੰ ਦਸ ਵਜੇ ਕੰਮ ਸ਼ੁਰੂ ਕਰਨਾ ਅਤੇ ਸਵੇਰੇ ਅੱਠ ਵਜੇ ਰਾਹਤ ਮਿਲਣੀ। ਕਦੀ ਉਹ ਇਸ ਸ਼ਿਫਟ ਨੂੰ ਪਸੰਦ ਕਰਦੀ ਅਤੇ ਕਦੀ ਇਸ ਤੋਂ ਅੱਕ-ਥੱਕ ਜਾਂਦੀ। ਉਹ ਜਦੋਂ ਥੱਕੀ-ਟੁੱਟੀ ਘਰ ਵੜਦੀ ਤਾਂ ਦਿਨ ਦੀ ਲੋਅ ਵਿਚ ਉਸਨੂੰ ਨੀਂਦ ਨਾ ਆਉਂਦੀ। ਖਾਸ ਤੌਰ ‘ਤੇ ਗਰਮੀਆਂ ਦੇ ਦਿਨਾਂ ‘ਚ, ਜਦੋਂ ਲੋਹੜੇ ਦੀ ਗਰਮੀ ਪੈਂਦੀ। ਚਮਕਦੀ ਧੁੱਪ ਪਰਦਿਆਂ ਦੇ ਬੰਦ ਕਰਨ ਨਾਲ਼ ਵੀ, ਝੀਥਾਂ ਵਿਚੀਂ ਝਾਤੀਆਂ ਮਾਰਦੀ। ਉਸਦਾ ਉੱਸਲਵੱਟੇ ਲੈਂਦੀ ਦਾ, ਜਿਸਮ ਥੱਕ-ਟੁੱਟ ਜਾਂਦਾ। ਉਹ ਉੱਠਦੀ ਅਤੇ ਕੌਫ਼ੀ ਦੀ ਪਿਆਲੀ ਬਣਾ ਕੇ, ਆਪਣੀ ਸਿਲਵਰ ਦੀ ਟਰੇ ਵਿਚ ਕੌਫ਼ੀ ਪੌਟ ਸਜਾ ਕੇ, ਖੰਡ ਅਤੇ ਦੁੱਧ ਵਾਲੇ ਭਾਂਡੇ ਨਾਲ਼ ਰੱਖਕੇ, ਬਾਹਰ ਪੋਰਚ (ਬਰਾਂਡੇ) ਵਿਚ ਆ ਬੈਠਦੀ। ਗਰਮੀ ਦੀ ਰੁੱਤ ਵਿੱਚ ਵੀ ਉਹ ਗਰਮ ਕੌਫ਼ੀ ਪੀਂਦੀ। ਠੰਡਾ ਪੀਣ ਦੀ ਉਸਦੀ ਆਦਤ ਬਣੀ ਹੀ ਨਾ। ਉਹ ਕਾਲ਼ੀ ਕੌਫ਼ੀ ਦੀਆਂ ਚੁਸਕੀਆਂ ਭਰਦੀ ਤੇ, ਕੋਈ ਰੁਮਕਦੀ ਹਵਾ ਦਾ ਬੁੱਲਾ, ਉਸ ਨਾਲ਼ ਖਰਮਸਤੀ ਕਰਦਾ ਲੰਘ ਜਾਂਦਾ। ਅੰਦਰਲੇ ਹੁੰਮ ਨਾਲ਼ੋਂ ਉਸਨੂੰ ਪੋਰਚ ਵਿੱਚ ਬੈਠਣਾ ਚੰਗਾ-ਚੰਗਾ ਲਗਦਾ। ਇੱਥੇ ਉਹ ਆਉਂਦੀ ਜਾਂਦੀ ਦੁਨੀਆਂ ਨੂੰ ਦੇਖ ਸਕਦੀ ਸੀ। ਪੋਰਚ ਦੇ ਆਲ਼ੇ-ਦੁਆਲ਼ੇ ਉਗਾਏ ਹੋਏ ਫੁੱਲਾਂ ਨੂੰ ਵੀ ਉਹ ਦੇਖਦੀ ਅਤੇ ਉਨ੍ਹਾਂ ਦਾ ਆਨੰਦ ਮਾਣਦੀ। ਉਨ੍ਹਾਂ ਨਾਲ਼ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਜਿਵੇਂ ਉਹ ਉਸਦੇ ਧੀਆਂ-ਪੁੱਤ ਹੋਣ। ਕੋਈ ਆਂਢ-ਗੁਆਂਢ ਦਾ ਬੰਦਾ ਜਦੋਂ ਉਸਨੂੰ ਮਿਲ ਪੈਂਦਾ ਤਾਂ ਉਹ ਉਸ ਨਾਲ਼ ਗੱਲੀਂ-ਬਾਤੀਂ ਰੁੱਝ ਜਾਂਦੀ, ਦੁੱਖ-ਸੁੱਖ ਸੁਣਦੀ ਅਤੇ ਫਰੋਲਦੀ। ਅਮੀਨਾ ਦੀ ਗੁਆਂਢਣ ‘ਮੈਗੀ’ ਆਪਣਾ ਕੁੱਤਾ ਲੈ ਕੇ ਹਰ ਰੋਜ਼ ਤੁਰਨ ਜਾਂਦੀ। ਜਦੋਂ ਵਾਪਿਸ ਪਰਤਦੀ ਤਾਂ ਅਮੀਨਾ ਨਾਲ਼ ਗੱਲੀਂ ਜੁੱਟ ਜਾਂਦੀ। ਕਈ ਵੇਰਾਂ ਗੱਲਾਂ ਕਰਦਿਆਂ ਦੁਪਹਿਰਾ ਹੋ ਜਾਂਦਾ। ਫੇਰ ਕੋਈ ਹੋਰ ਗੁਆਂਢਣ ਆ ਟਪਕਦੀ ਤੇ ਉਨ੍ਹਾਂ ਦੀਆਂ ਜਿਵੇਂ ਗੱਲਾਂ ਨਾ ਮੁੱਕਦੀਆਂ। ਅਮੀਨਾ ਗੱਲਾਂ ਕਰਦੀ-ਕਰਦੀ ਕਦੀ ਜੰਗਲੇ ਕੋਲ ਆਣ ਖੜ੍ਹਦੀ ਅਤੇ ਕਦੀ ਆਪਣੀ ਕੁਰਸੀ ‘ਚ ਆ ਬੈਠਦੀ।

ਜਦੋਂ ਧੁੱਪ ਰੀਣ-ਰੀਣ ਕਰਕੇ ਬਰਾਂਡੇ ਦੀਆਂ ਪੌੜੀਆਂ ਚੜ੍ਹਦੀ ਹੋਈ ਅਮੀਨਾ ਦੇ ਦੁੱਧ ਚਿੱਟੇ ਪੈਰਾਂ ਨੂੰ ਚੁੰਮਦੀ ਤਾਂ ਉਹ ਧੁੱਪ ਦੀ ਤਪਸ਼ ਝੱਲ ਨਾ ਸਕਦੀ ਅਤੇ ਮੈਗੀ ਨੂੰ ਜਾਂ ਹੋਰਨਾਂ ਗੁਆਂਢਣਾਂ ਨੂੰ ‘ਗੁੱਡ-ਬਾਏ’ ਕਰਦੀ ਹੋਈ ਆਪਣੇ ਘਰ ਦੇ ਅੰਦਰ ਆ ਵੜਦੀ। ਫੈਮਿਲੀ ਰੂਮ ਵਿਚ ਵੜਦਿਆਂ ਉਹ ਟੈਲੀਵੀਯਨ ਦਾ ਬਟਨ ਦੱਬ ਦਿੰਦੀ। ਟੀ.ਵੀ. ਔਨ ਕਰਨ ਨਾਲ਼ ਘਰ ਅਵਾਜ਼ ਨਾਲ਼ ਭਰ ਜਾਂਦਾ ਅਤੇ ਉਸਨੂੰ ਮਹਿਸੂਸ ਹੋਣ ਲੱਗ ਪੈਂਦਾ ਜਿਵੇਂ ਉਹ ਘਰ ਵਿੱਚ ਇੱਕਲੀ ਨਾ ਹੋਵੇ। ਤੇ ਫੇਰ ਉਹ ਟੈਲੀਵੀਯਨ ਦੀ ਦੁਨੀਆਂ ਨਾਲ਼ ਜੁੜਨਾ ਵੈਸੇ ਹੀ ਪਸੰਦ ਕਰਦੀ ਸੀ, ਜਿਸ ਨਾਲ਼ ਉਸਨੂੰ ਹਰ ਖ਼ਬਰ ਦਾ ਪਤਾ ਲੱਗ ਜਾਂਦਾ ਸੀ। ਜਿਵੇਂ ਸਾਰੀ ਦੁਨੀਆਂ ਸਿਮਟ ਕੇ ਉਸਦੇ ਘਰ ਅੰਦਰ ਬੰਦ ਹੋ ਗਈ ਹੋਵੇ।

ਅਮੀਨਾ ਬੱਚਿਆਂ ਨੂੰ ਵੀ ਹਫ਼ਤੇ ਬਾਅਦ ਹੀ ਦੇਖ ਸਕਦੀ ਸੀ। ਉਸਦੇ ਵੱਡੇ ਦੋਨੋਂ ਪੁੱਤਰ ‘ਸ਼ੈਨਨ’ ਅਤੇ ‘ਕਿਨਨ’ ਆਪਣੇ ਕੰਮਾਂ-ਕਾਰਾਂ ਜਾਂ ਪਾਰਟ ਟਾਈਮ ਕਾਲਜ ਚਲੇ ਜਾਂਦੇ। ਛੋਟੇ ਦੋਨੋਂ ‘ਅਹਿਮਦ’ ਅਤੇ ‘ਅਲੀ’ ਸਕੂਲ ਵੀ ਆਪ ਹੀ ਤਿਆਰ ਹੋ ਕੇ ਜਾਂਦੇ। ਅਮੀਨਾ ਨੇ ਮੁੱਢ ਤੋਂ ਉਨ੍ਹਾਂ ਨੂੰ ਆਦਤ ਪਾ ਦਿੱਤੀ ਸੀ ਕਿ ਉਹ ਆਪਣਾ ਕੰਮ ਆਪ ਕਰਨ। ਘਰ ਵਿਚ ਜਿਵੇਂ ਅਨੁਸ਼ਾਸਨ ਚਲਦਾ ਸੀ। ਹਰ ਕੋਈ ਲੋੜ ਅਨੁਸਾਰ ਆਪਣਾ ਕੰਮ ਆਪ ਸਾਂਭਦਾ ਸੀ। ਜੇ ਕਰ ਕਿਸੇ ਛੋਟੇ ਬੱਚੇ ਦਾ ਕੰਮ ਹੋਵੇ ਤਾਂ ਵੱਡਿਆਂ ਦੀ ਜਿੰਮੇਵਾਰੀ ਬਣਦੀ ਸੀ ਕਿ ਜਿਹੜਾ ਬੰਦਾ ਵੀ ਘਰ ਹੋਵੇ ਉਹੋ ਹੀ ਸਾਂਭ-ਸੰਭਾਲ ਕਰੇ। ਅਹਿਮਦ ਤੇਰ੍ਹਾਂ ਵਰਿਆਂ ਦਾ ਹੋ ਗਿਆ ਸੀ ਪਰ ਛੋਟਾ ਅਲੀ ਮਸਾਂ ਛੇਆਂ-ਸੱਤਾਂ ਵਰ੍ਹਿਆਂ ਦਾ ਸੀ। ਅਲੀ ਦਾ ਗੋਭਲਾ ਜਿਹਾ ਚਿਹਰਾ, ਮੋਟੀਆਂ-ਮੋਟੀਆਂ ਅੱਖਾਂ ਜਿਵੇਂ ਅਮੀਨਾ ਦੇ ਧੁਰ ਅੰਦਰ ਤੱਕ ਖੁੱਭਿਆ ਘੁੰਮਦਾ ਰਹਿੰਦਾ। ਅਲੀ ਨੂੰ ਆਪਣੇ ਹੱਥੀਂ ਤਿਆਰ ਕਰਕੇ ਸਕੂਲ ਨਾ ਛੱਡ ਸਕਣ ਦੀ ਧੁਖਧੁਖੀ ਵੀ ਅਮੀਨਾ ਦੇ ਅੰਦਰ ਨੂੰ ਕੁਰੇਦਦੀ ਰਹਿੰਦੀ। ਭਾਵੇਂ ਬੱਚੇ ਡਸਿਪਲਿਨ ਅਨੁਸਾਰ ਚੱਲਦੇ ਪਰ ਉਸਦੇ ਅੰਦਰ ਅਲੀ ਦੀਆਂ ਲੋੜਾਂ ਸ਼ੋਰ ਮਚਾਉਂਦੀਆਂ ਰਹਿੰਦੀਆਂ। ਉਹ ਮਹਿਸੂਸ ਕਰਦੀ ਜਿਵੇਂ ਉਹ ਮਾਂ ਦਾ ਕਰਤੱਵ ਨਾ ਨਿਭਾ ਰਹੀ ਹੋਵੇ। ਉਸਦਾ ਔਰਤਤਵ ਅਧੂਰਾ-ਅਧੂਰਾ ਹੀ ਰਹਿੰਦਾ ਹੋਵੇ। ਉਸਦਾ ਪਤੀ ‘ਹਬੀਬ’ ਅਕਸਰ ਉਸਨੂੰ ਆਖਦਾ, ”ਭਲੀਏ ਲੋਕੇ! ਇਹ ਕੈਨੇਡਾ ਹੈ। ਇੱਥੇ ਜ਼ਿੰਦਗੀ ਏਸੇ ਤਰ੍ਹਾਂ ਚੱਲਣੀ ਐ। ਘਰ-ਘਾਟ ਏਸੇ ਤਰ੍ਹਾਂ ਬਣਨੈ। ਮੇਰਾ ਕਿਹੜਾ ਦਿਲ ਕਰਦੈ ਕਿ ਬੱਚਿਆਂ ਨੂੰ ਰੋਲ਼ਾਂ। ਫੇਰ ਦੇਖ ਆਪਣੇ ਆਲ਼ੇ-ਦੁਆਲ਼ੇ ਕਿੰਨੇ ਲੋਕ ਹਨ ਜਿਹੜੇ ਸਾਥੋਂ ਵੀ ਔਖੇ ਹਨ।”

ਹਬੀਬ ਦੀ ਗੱਲ ਸੁਣ ਕੇ ਅਮੀਨਾ ਚੁੱਪ ਕਰ ਜਾਂਦੀ। ਪਰ ਮਾਂ ਦੀ ਮਮਤਾ ਜਿਵੇਂ ਦਮ ਤੋੜ ਰਹੀ ਹੁੰਦੀ। ਨਿੱਕੇ-ਨਿੱਕੇ ਕੰਮ ਜੋ ਉਹ ਆਪਣੇ ਪੁੱਤਰਾਂ ਵਾਸਤੇ, ਆਪਣੇ ਹੱਥੀਂ ਕਰਨਾ ਲੋਚਦੀ ਸੀ, ਉਹ ਕਰ ਨਾ ਸਕਦੀ। ਉਸ ਵੇਲੇ ਉਹ ਆਪਣੇ ਸਾਮ੍ਹਣੇ ਘਰ ਵੱਸਦੀ ਕਰਿਸਟੀਨਾ ਨੂੰ ਚੇਤੇ ਕਰਦੀ। ਕਰਿਸਟੀਨਾ ਇੱਕਲੀ ਰਹਿੰਦੀ ਸੀ। ਬਚਪਨ ਵਿੱਚ ਹੀ ਉਹ ਆਪਣੀ ਮਾਂ ਨਾਲ਼ ਪੋਲੈਂਡ ਤੋਂ ਕੈਨੇਡਾ ਆਈ ਸੀ। ਕੈਨੇਡਾ ਵਿਚ ਪਲ਼ੀ ਵੱਡੀ ਹੋਈ ਕਰਿਸਟੀਨਾ ਨੇ ਵਿਆਹ ਵੀ ਕਨੇਡੀਅਨ ਮੁੰਡੇ ‘ਹੈਰੀ’ ਨਾਲ਼ ਕਰਾਇਆ ਸੀ। ਪਰ ਹੁਣ ਉਸਨੂੰ ਇਕੱਲੀ ਨੂੰ ਘਰ-ਘਾਟ ਸਾਂਭਣ ਦੀ ਚਿੰਤਾ ਹੋ ਗਈ ਸੀ। ਉਸਦੀ ਮਾਂ ਵੀ ਕੁੱਝ ਵਰ੍ਹੇ ਪਹਿਲਾਂ ਉਸਦਾ ਸਾਥ ਛੱਡ ਕੇ ਰੱਬ ਦੇ ਘਰ ਚਲੀ ਗਈ ਸੀ ਅਤੇ ਉਸਦਾ ਆਦਮੀ ਕਿਸੇ ਹੋਰ ਜੁਆਨ ਕੁੜੀ ਦੇ ਚੱਕਰ ਵਿਚ ਉਸ ਤੋਂ ਅੱਡ ਹੋ ਗਿਆ ਸੀ। ਕਰਿਸਟੀਨਾ ਦੇ ਦੋ ਬੱਚੇ ਸਨ ਜਿਨ੍ਹਾਂ ਨੂੰ ਉਹ ਇਕੱਲੀ ਪਾਲ਼ ਰਹੀ ਸੀ। ਉਸਦੀ ਧੀ ‘ਸੈਰਾ’, ‘ਅਲੀ’ ਦੀ ਉਮਰ ਦੀ ਸੀ। ‘ਸੈਰਾ’ ਅਤੇ ‘ਅਲੀ’ ਦੋਨੋਂ ਇਕੱਠੇ ਖੇਡਦੇ। ਡਰਾਈਵ ਵੇਅ ਵਿਚ ਅੱਡੇ-ਖੱਡੇ ਬਣਾਉਂਦੇ।

ਉਸ ਦਿਨ ਪੋਰਚ ਵਿਚ ਬੈਠਿਆਂ ਜਦੋਂ ਅਮੀਨਾ ਦੀ ਨਜ਼ਰ ਡਰਾਇਵ ਵੇਅ ਵਿਚ ਰੰਗ-ਬਿਰੰਗੇ ਡੱਬਿਆਂ ‘ਤੇ ਪਈ ਤਾਂ ਉਹ ਆਪਣੇ ਆਪ ਵਿਚ ਹੱਸੀ। ਉਸਨੂੰ ਉਹ ਦਿਨ ਚੇਤੇ ਆਇਆ, ਜਿਸ ਦਿਨ ‘ਸੈਰਾ’ ਅਤੇ ‘ਅਲੀ’ ਨੇ ਗੁੱਡੇ-ਗੁੱਡੀ ਦੇ ਵਿਆਹ ਦੀ ਥਾਂ ਆਪਣਾ ਵਿਆਹ ਰਚਾਇਆ ਸੀ। ਗਾਰਡਨ ਵਿਚ ਕੁਰਸੀਆਂ ਦੀ ਪਾਲ਼ ਲਾ ਕੇ ਘਾਹ ਵਿੱਚ ਉੱਗੇ ਹੋਏ ਜੰਗਲੀ ਪੀਲ਼ੇ ਅਤੇ ਨੀਲੇ ਫੁੱਲਾਂ ਨੂੰ ਹੱਥ ਵਿਚ ਫੜ ਕੇ, ਉਹ ਦੋਨੋਂ ਵਿਆਹ ਕਰਾਉਣ ਖੜ੍ਹ ਗਏ ਸਨ। ਅਮੀਨਾ ਦੀ ਗੁਆਂਢਣ ਦਲਜੀਤ ਦੀਆਂ ਦੋਹਾਂ ਧੀਆਂ, ‘ਰੂਪੀ’ ਅਤੇ ‘ਟੀਨਾ’, ਜਿਹੜੀਆਂ ਆਪ ਵੀ ਅੱਠਾਂ-ਦਸਾਂ ਵਰ੍ਹਿਆਂ ਦੀਆਂ ਹੀ ਸਨ, ਉਨ੍ਹਾਂ ਨੇ ਦੋਹਾਂ ਨੂੰ ਵਿਆਹ ਕਰਾਉਣ ਲਈ ਤਿਆਰ ਕਰਕੇ, ਸਜਾ ਕੇ ਖੜ੍ਹੇ ਕੀਤਾ ਸੀ। ਉਨ੍ਹਾਂ ਨੇ ਆਂਢ-ਗੁਆਂਢ ਦੇ ਹੋਰ ਕਈ ਬੱਚੇ ਇਕੱਠੇ ਕਰ ਲਏ ਸਨ। ਦਰਖ਼ਤਾਂ ਦੀਆਂ ਟਾਹਣੀਆਂ ਨਾਲ਼ੋਂ ਕਰੂੰਬਲਾਂ ਤੋੜ ਕੇ ਇਕ ਤਾਜ ਬਣਾਇਆ ਸੀ, ਜਿਹੜਾ ਸੈਰਾ ਨੂੰ ਪਹਿਨਾਇਆ ਸੀ। ਤੇ ਅਲੀ ਦੇ ਗਲ਼ ਵਿਚ ਵੀ ਆਪਣੇ ਡੈਡੀ ਦੀ ਨੈਕਟਾਈ ਲਿਆ ਕੇ ਫਸਾਈ ਸੀ। ਉਨ੍ਹਾਂ ਨੇ ਆਪ ਹੀ ‘ਸੈਰਾ’ ਅਤੇ ‘ਅਲੀ’ ਦਾ ਵਿਆਹ ਕਰ ਦਿੱਤਾ ਸੀ। ਅਮੀਨਾ ਨੇ ਕਰਿਸਪ ਟੋਕਰੀ ਵਿਚ ਪਾ ਦਿੱਤੇ ਅਤੇ ਦਲਜੀਤ ਨੇ ਬਲੈਕ ਕਰੰਟ ਦਾ ਜੂਸ ਬਣਾ ਦਿੱਤਾ। ਸਾਰੇ ਬੱਚਿਆਂ ਨੇ ਰਲ਼ ਕੇ ਕਰਿਸਪ ਖਾਧੇ ਅਤੇ ਜੂਸ ਪੀਤਾ। ਘੰਟਾ ਕੁ ਭਰ ਬੱਚਿਆਂ ਦੀ ਪਾਰਟੀ ਚਲਦੀ ਰਹੀ ਸੀ। ਸਾਰਾ ਆਂਢ-ਗਵਾਂਢ ਵੀ ਬੱਚਿਆਂ ਦੇ ਇਸ ਖੇਲ ਤੇ ਹੱਸਦਾ ਰਿਹਾ ਸੀ।

ਤੇ ਫੇਰ ਘੰਟੇ ਕੁ ਬਾਅਦ ‘ਸੈਰਾ’ ਨੇ ਫੁੱਲ ਸਿੱਟ ਦਿੱਤੇ ਸਨ, ਤਾਜ ਵੀ ਲਾਹ ਦਿੱਤਾ ਸੀ ਅਤੇ ਉਹ ‘ਰੂਪੀ’ ਨੂੰ ਕਹਿਣ ਲੱਗ ਪਈ ਸੀ, ”ਮੈਨੂੰ ਹੁਣੇ ਤਲਾਕ ਚਾਹੀਦੈ। ਮੈਨੂੰ ਇਕ ਘੰਟਾ ਹੋ ਗਿਐ ਵਿਆਹੀ ਨੂੰ। ਇਟਸ ਟੂ ਲੌਂਗ। ਆਈ ਵਾਂਟ ਟੂ ਵੀ ਫਰੀਅ। ਆਈ ਡੌਂਟ ਵਾਂਟ ਟੂ ਬੀ ਮੈਰਿਡ।”

ਇਹ ‘ਫਰੀਅ’ ਦਾ ਖਿਆਲ ਆਉਂਦਿਆਂ ਹੀ ਅਮੀਨਾ ਦੇ ਅੰਦਰ ਜਿਵੇਂ ਕੁੱਝ ਟੁੱਟਿਆ ਸੀ। ਬੱਚਿਆਂ ਦੇ ਖੇਲ ਦੀ ਗੱਲ ਕਿੰਨੀ ਭਿਆਨਕ ਸੀ। ਆਜ਼ਾਦੀ ਦੇ ਅਰਥ ਬੱਚੇ ਵੀ ਜਾਣਦੇ ਸਨ। ਇਸ ਆਜ਼ਾਦੀ ਦੀ ਟੁੱਟ-ਭੱਜ ਵਿਚ ਜਿਵੇਂ ਅਮੀਨਾ ਨੇ ਸਭ ਕੁਝ ਗੁਆ ਦਿੱਤਾ ਸੀ।

‘ਸੈਰਾ’ ਦੀ ਮਾਂ ਵੀ ਫਰੀਅ ਹੋ ਗਈ ਸੀ। ਪੋਲੈਂਡ ਤੋਂ ਵੀ ਅਤੇ ਨਾਲ਼ ਦੇ ਰਿਸ਼ਤੇ ਤੋਂ ਵੀ। ਕਰਿਸਟੀਨਾ ਜਦੋਂ ਵੀ ਅਮੀਨਾ ਨਾਲ਼ ਗੱਲਾਂ ਕਰਦੀ ਤਾਂ ਆਖਿਆ ਕਰਦੀ, ”ਇਨਸਾਨ ਨੂੰ ਸੰਪੂਰਨ ਆਜ਼ਾਦ ਹੋਣਾ ਚਾਹੀਦੈ। ਉਹ ਰਿਸ਼ਤਾ ਹੀ ਕੀ, ਜਿਸ ਨੂੰ ਇਕ ਬੋਝ ਵਾਂਗ ਆਪਣੀ ਪਿੱਠ ਉੱਤੇ ਲੱਦੀ ਫਿਰੋ।” ਉਹ ਬੱਚਿਆਂ ਦੇ ਨਾਲ਼ ਇਕੱਲੀ ਰਹਿੰਦੀ ਸੀ। ਹਰ ਸਵੇਰ ਉਹ ਬੱਚਿਆਂ ਨੂੰ ਸਕੂਲ ਛੱਡਦੀ ਅਤੇ ਕੰਮ ਤੇ ਤੁਰ ਜਾਂਦੀ। ਕੰਮੋਂ ਪਰਤਦੀ ਤਾਂ ਚੱਕੀ ਦੇ ਗੇੜ ਵਾਂਗ ਫੇਰ ਉਸਦੀ ਜ਼ਿੰਦਗੀ ਘੁੰਮਦੀ। ਬੱਚਿਆਂ ਦਾ ਹੋਮਵਰਕ, ਘਰ ਦੀ ਸਾਫ਼-ਸਫ਼ਾਈ, ਖਾਣਾ ਬਣਾਉਣ ਦਾ ਆਹਰ, ਕੁੱਤੇ ਨੂੰ ਤੋਰਨ ਲੈ ਕੇ ਜਾਣਾ।

ਅਮੀਨਾ ਨੇ ਕਈ ਵੇਰਾਂ ਉਸਨੂੰ ਆਖਿਆ ਸੀ, ”ਕਰਿਸਟੀ! ਜ਼ਿੰਦਗੀ ਵਿਚ ਕੋਈ ਸਾਥ ਤਾਂ ਚਾਹੀਦੈ? ਉਸਨੂੰ ਨਾਲ਼ ਰੱਖਦੀ ਤਾਂ ਸ਼ਾਇਦ ਤੈਨੂੰ ਕੋਈ ਸਹਾਰਾ ਹੀ ਹੁੰਦਾ।”

ਕਰਿਸਟੀਨਾ ਖ਼ਮੋਸ਼ ਹੋ ਜਾਂਦੀ। ਉਸਦੀਆਂ ਭਵਾਂ ਤਣ ਜਾਂਦੀਆਂ। ਉਹ ਆਪਣੇ ਬੀਤੇ ਪਲ ਚੇਤੇ ਕਰਦੀ। ਕਿਵੇਂ ਉਹ ‘ਹੈਰੀ’ ਨੂੰ ਉਡੀਕਦਿਆਂ ਆਪਣੀਆਂ ਸ਼ਾਮਾਂ ਗੁਜਾਰਿਆ ਕਰਦੀ ਸੀ। ਕਿਵੇਂ ਹੈਰੀ ਦੇ ਘਰ ਹੁੰਦਿਆਂ ਲੜਾਈ ਦੋਹਾਂ ਵਿਚਾਲ਼ੇ ਨੱਚਦੀ ਰਹਿੰਦੀ ਸੀ। ਕਿਵੇਂ ਬੱਚਿਆਂ ਦੀ ਮਾਨਸਿਕਤਾ ਡਰ ਦੇ ਪ੍ਰਛਾਂਵਿਆਂ ਹੇਠਾਂ ਮਧੋਲ ਹੋ ਰਹੀ ਸੀ। ਇਹ ਸਭ ਸੋਚ ਕੇ ਉਹ ਸਹਿਜ ਜਿਹੀ ਹੁੰਦੀ ਆਖ਼ਦੀ, ”ਅਮੀਨਾ ਮਾਈ ਡੀਅਰ! ਦੋ ਬੇੜੀਆਂ ਵਿਚ ਪੈਰ ਪਾਉਣ ਵਾਲਾ ਇਨਸਾਨ ਕਦੀ ਤੁਹਾਡਾ ਸਾਥ ਨਹੀਂ ਦੇ ਸਕਦੈ। ਉਹ ਤੇ ਆਪ ਸਹਾਰਾ ਭਾਲ਼ ਰਿਹਾ ਹੁੰਦੈ। ਉਹ ਕੀ ਮੈਨੂੰ, ਤੇ ਕੀ ਮੇਰੇ ਬੱਚਿਆਂ ਨੂੰ ਪਾਰ ਲਗਾਏਗਾ?”

ਉਸ ਵਲ ਦੇਖਦਿਆਂ ਅਮੀਨਾ ਚੁੱਪ ਹੋ ਜਾਂਦੀ। ਇਹ ਵੀ ਸੋਚਦੀ ਕਿ, ‘ਮੈਨੂੰ ਕੀ ਪਤੈ ਕਿ ਇਹ ਬਿਚਾਰੀ ਕਿਸ ਬਿਪਤਾ ਦੀ ਮਾਰੀ ਹੈ। ਉਹ ਆਪਣੇ ਵੱਲ ਝਾਤ ਮਾਰਦੀ ਤਾਂ ਉਸਨੂੰ ਆਪਣਾ ਆਪ ਠੀਕ-ਠਾਕ ਲਗਦਾ। ਉਹ ਸੋਚਦੀ, ਜਿਹੜੇ ਜ਼ਿੰਦਗੀ ਦੇ ਝੱਖੜ ਸਨ, ਉਹ ਹੁਣ ਤਕ ਝੁੱਲ ਚੁੱਕੇ ਸਨ। ਹਬੀਬ ਦੇ ਪੂਰਨ ਸਾਥ ਨੇ ਵੀ ਉਸਦੀ ਜ਼ਿੰਦਗੀ ਦਾ ਰਸਤਾ ਕਟਾ ਦਿੱਤਾ ਸੀ। ਹੁਣ ਵੀ ਥੱਕੀ-ਹਾਰੀ ਉਹ ਹਬੀਬ ਦੇ ਮੋਢੇ ‘ਤੇ ਸਿਰ ਧਰ ਕੇ ਥਕਾਵਟ ਲਾਹ ਲੈਂਦੀ ਹੈ।’

ਉਹ ਫੇਰ ਸੋਚਦੀ ਕਿ ‘ਹਬੀਬ ਦਾ ਸਾਥ ਵੀ ਮੈਨੂੰ ਛੁੱਟੀ ਵਾਲੇ ਦਿਨ ਹੀ ਨਸੀਬ ਹੁੰਦਾ ਹੈ।’ ਉਸਦੇ ਅੰਦਰੋਂ ਹਉਕੇ ਜਿਹੇ ਦੀ ਚਿਣਗ ਫੁੱਟੀ ਤੇ ਫੇਰ ਉਹ ਉਸ ਦਿਨ ਬਾਰੇ ਸੋਚਣ ਲੱਗੀ ਜਦੋਂ ਛੁੱਟੀ ਵਾਲੇ ਦਿਨ ਉਹ ਦੋਨੋਂ ਰਲ਼ ਕੇ ਕੰਮ ਕਰਦੇ। ਘਰ ਦੀ ਸਾਫ਼-ਸਫ਼ਾਈ, ਕੱਪੜਿਆਂ ਦੀ ਧੋ-ਧੁਆਈ ਵਿੱਚ ਦਿਨ ਨਿੱਕਲ ਜਾਂਦਾ। ਬੱਚਿਆਂ ਦਾ ਹੋਮ-ਵਰਕ ਕਰਾਉਂਦਿਆਂ ਹੋਇਆਂ ਜਿਵੇਂ ਉਹ ਦੋਨੋਂ ਇਕੱਠੇ ਦੋ ਪਲ ਜੀਅ ਲੈਂਦੇ। ਭਾਵੇਂ ਉਸਦੀ ਸੱਭਿਅਤਾ ਵਿਚ ਮਨੁੱਖ ਘਰ ਦਾ ਕੰਮ ਨਹੀਂ ਸਨ ਕਰਦੇ, ਪਰ ਹਬੀਬ ਨੇ ਹਮੇਸ਼ਾ ਉਸਦਾ ਸਾਥ ਦਿੱਤਾ ਸੀ। ਜਦੋਂ ਉਹ ਵਿਹਲੇ ਹੁੰਦੇ ਤਾਂ ਹਲਵਾ ਬਣਾਉਂਦੇ ਅਤੇ ਬੱਚਿਆਂ ਦੇ ਨਾਲ਼ ਇਕੱਠੇ ਰਲ਼ ਕੇ ਨਮਾਜ਼ ਪੜ੍ਹਦੇ। ਅਮੀਨਾ ਨੂੰ ਕਦੀ ਹਲਵਾ ਬਣਾਉਣਾ ਆਇਆ ਹੀ ਨਹੀਂ ਸੀ। ਹਬੀਬ ਬਹੁਤ ਸਵਾਦ ਹਲਵਾ ਬਣਾਉਂਦਾ ਸੀ। ਜਦੋਂ ਹਬੀਬ ਦਾ ਬਣਾਇਆ ਹੋਇਆ ਹਲਵਾ ਉਹ ਦੋਨੋਂ ਰਲ਼ ਕੇ ਖਾਂਦੇ ਜਾਂ ਬੱਚਿਆਂ ਨੂੰ ਖਿਲਾਉਂਦੇ ਤਾਂ ਹਬੀਬ ਨੂੰ ਆਪਣੀ ਅੰਮੀ ਚੇਤੇ ਆ ਜਾਂਦੀ। ਹਬੀਬ ਆਖਦਾ, ”ਅਮੀਨੂੰ! ਅੰਮੀ ਵਰਗਾ ਹਲਵਾ ਕੋਈ ਨ੍ਹੀ ਬਣਾ ਸਕਦੈ। ਮੈਂ ਵੀ ਨਹੀਂ।”

ਅਮੀਨਾ ਹਬੀਬ ਦੀ ਹਾਂਅ ਵਿਚ ਹਾਂਅ ਮਿਲਾਉਂਦੀ ਹੋਈ ਉੱਤਰ ਦਿੰਦੀ, ”ਚੇਤਾ ਈ ਬਾਬਾ! ਜਦੋਂ ਤੇਰੀ ਅੰਮੀ ਹਲਵਾ ਬਣਾਉਂਦੀ ਸੀ ਤਾਂ ਤੂੰ ਥੋੜ੍ਹਾ ਚੁਰਾ ਕੇ ਮੇਰੇ ਵਾਸਤੇ ਲਈ ਆਉਂਦਾ ਸੈਂ। ਆਪਾਂ ਰਲ਼ ਕੇ ਕਿਸੇ ਕੋਨੇ ਵਿੱਚ ਬੈਠ ਕੇ ਖਾਂਦੇ ਸਾਂ। ਚੋਰੀਂ। ਮੇਰੇ ਘਰ ਅੰਗੂਰਾਂ ਦੀ ਵੇਲ ਹੇਠਾਂ ਆਪਾਂ ਲੁਕ ਜਾਂਦੇ ਸਾਂ। ਸਾਰੇ ਆਪਾਂ ਨੂੰ ਭਾਲ਼ਦੇ। ਆਂਢ-ਗੁਆਂਢ ਨੂੰ ਵੀ ਪੁੱਛਦੇ। ਪਰ ਉਨ੍ਹਾਂ ਨੂੰ ਸਾਡੀ ਕੋਈ ਉੱਘ-ਸੁੱਘ ਹੀ ਨਾ ਮਿਲਦੀ।” ਤੇ ਫੇਰ ਲੰਮਾ ਸਾਹ ਲੈਂਦੀਂ ਹੋਈ ਆਖਦੀ, ”ਆਪਣੇ ਨਿਕਾਹ ਤੋਂ ਪਹਿਲਾਂ ਦਾ ਵਕਤ ਕਿੰਨਾ ਚੰਗਾ ਸੀ, ਹੈ ਨਾ?” ਆਖ ਕੇ ਉਹ ਆਪੇ ਸਵਾਲ ਪੁੱਛਦੀ।

”ਉਹ ਵੀ ਦਿਨ ਸਨ ਅਮੀਨੂੰ। ਬਹੁਤ ਪਿਆਰੇ ਦਿਨ। ਉਸ ਤੋਂ ਬਾਅਦ ਤਾਂ ਜਿਵੇਂ” ਤੇ ਹਬੀਬ ਗੱਲ ਅਧੂਰੀ ਛੱਡ ਕੇ ਸਿਗਰਟ ਦਾ ਕਸ਼ ਖਿੱਚਦਾ ਹੋਇਆ ਸਿਰ ਸਿੱਟ ਕੇ ਬੈਠ ਜਾਂਦਾ। ਜਿਵੇਂ ਉਸ ਸਮੇਂ ਦੇ ਹਾਲਾਤ ਉਸ ਨੂੰ ਆਪਣੇ ਵਿੱਚ ਲਪੇਟੀ ਜਾ ਰਹੇ ਹੋਣ। ਉਹ ਫੇਰ ਸੰਭਲਦਾ ਅਤੇ ਅਮੀਨਾ ਨੂੰ ਉਸੇ ਵਕਤ ਵਲ ਲੈ ਤੁਰਦਾ ਹੋਇਆ ਆਖਦਾ, ”ਤੈਨੂੰ ਪਤੈ ਅਮੀਨੂੰ, ਉਸ ਚੋਰੀ ਦੇ ਹਲਵੇ ਦਾ ਸਵਾਦ ਹੋਰ ਵੀ ਮਿੱਠਾ ਲਗਦਾ ਸੀ।” ਉਹ ਗੱਲਾਂ ਕਰਦੇ ਅੱਖਾਂ ਹੀ ਅੱਖਾਂ ਵਿਚ ਇਕ ਦੂਜੇ ਨੂੰ ਨਿਹਾਰਦੇ। ਇਕ ਮੱਠੀ ਜਿਹੀ ਮੁਸਕਾਨ ਦੋਹਾਂ ਦੇ ਚਿਹਰਿਆਂ ਉੱਤੇ ਆ ਚਿਪਕਦੀ।

ਉੱਥੇ ਬੈਠਿਆਂ ਹੋਇਆਂ ਅਮੀਨਾ ਨੂੰ ਮਹਿਸੂਸ ਹੋਇਆ ਜਿਵੇਂ ਹੁਣੇ-ਹੁਣੇ ਹਬੀਬ ਨੇ ਇਹ ਗੱਲਾਂ ਉਸਦੇ ਕੰਨ ਵਿੱਚ ਆਖ ਕੇ ਹਲਵੇ ਦੀ ਗਰਾਹੀ ਉਸਦੇ ਮੂੰਹ ਵਲ ਵਧਾਈ ਹੋਵੇ। ਉਸਦਾ ਮੂੰਹ ਅੱਡ ਹੁੰਦਾ ਹੀ ਰਹਿ ਗਿਆ ਹੋਵੇ। ਜਦੋਂ ਨੂੰ ਪੋਰਚ ਵਿਚ ਖੜੋਤੀ ਤੇ, ਕਾਰ ਦੀ ਗੂੰਜ ਉਸਦੇ ਕੋਲੋਂ ਘਰਰ ਕਰਕੇ ਲੰਘ ਗਈ।

ਉਹ ਮਨ ਵਿਚ ਹੀ ਹੱਸੀ, ‘ਸੋਚਾਂ ਤਾਂ ਐਂਵੇ ਭਟਕੀ ਜਾਂਦੀਆਂ ਹਨ। ਇਹ ਦਿਮਾਗ ਵੀ ਪਤਾ ਨਹੀਂ ਕੇਹਾ ਕੰਪਿਊਟਰ ਹੈ ਜਿਹੜਾ ਸਕਿੰਟ ਦੇ ਵਕਫ਼ੇ ਨਾਲ਼ ਦੇਸ-ਦੇਸਾਂਤਰ ਘੁੰਮ ਆਉਂਦਾ ਹੈ।’ ਕਾਰ ਲੰਘ ਜਾਣ ਤੋਂ ਬਾਅਦ ਆਲ਼ੇ-ਦੁਆਲ਼ੇ ਫੇਰ ਸੁੰਨ-ਮਸਾਣ ਸੀ। ਧੁੱਪ ਦੀ ਚਿਲਕੋਰ ਅੱਖਾਂ ‘ਚ ਰੜਕ ਰਹੀ ਸੀ। ਘਰ ਦੀ ਛੱਤ ਨਾਲ਼ ਬਣੇ ਗਟਰ ਵਿੱਚ, ਚਿੱੜੀਆਂ ਦੇ ਬਣਾਏ ਹੋਏ ਆਲ੍ਹਣੇ ਵਿੱਚੋਂ ਕਿਸੇ ਚਿੜੀ ਦੇ ਚੀਂ-ਚੀਂ ਕਰਨ ਦੀ ਆਵਾਜ਼ ਨੇ ਉਸਦੀ ਸੁਰਤ ਆਪਣੇ ਵਲ ਮੋੜ ਲਈ। ਉਸਨੇ ਉੱਠ ਕੇ ਸਿਰ ਉੱਪਰ ਕਰਕੇ ਤੱਕਿਆ। ਗਟਰ ਵਿੱਚ ਤੀਲੇ ਲਟਕ ਰਹੇ ਸਨ। ਅਮੀਨਾ ਨੂੰ ਮਹਿਸੂਸ ਹੋਇਆ ਜਿਵੇਂ ਉਹ ਚਿੜੀਆਂ ਵੀ ਤੀਲਾ-ਤੀਲਾ ‘ਕੱਠਾ ਕਰਕੇ, ਆਪਣਾ ਘਰ ਬਣਾ ਕੇ, ਆਪਣੇ ਬੱਚੇ ਬੈਠੀਆਂ ਲੁਕੋ ਰਹੀਆਂ ਹੋਣ। ਸ਼ਾਇਦ ਬੱਚਿਆਂ ਨੂੰ ਖਤਰਾ ਮਹਿਸੂਸ ਹੋਇਆ ਹੋਣੈ ਜਿਹੜਾ ਇੰਜ ਰੌਲ਼ਾ ਪਾ ਰਹੀਆਂ ਹਨ, ਉਸਨੇ ਸੋਚਿਆ ਸੀ।

ਇਹ ਦੇਖਦਿਆਂ ਹੋਇਆਂ ਉਸਦੀ ਸੋਚ ਉਨ੍ਹਾਂ ਵੇਲਿਆਂ ਵਲ ਪਰਤੀ ਜਦੋਂ ਉਹ ਆਪ ਵੀ, ਆਪਣੇ ਬੱਚੇ ਲੁਕੋ ਰਹੀ ਸੀ। ਉਸਨੂੰ ਉਨ੍ਹਾਂ ਦਿਨਾਂ ਤੋਂ ਲੈ ਕੇ ਅੱਜ ਦੇ ਦਿਨਾਂ ਤਕ ਕੋਈ ਜੰਗਲ ਵਿੱਛ ਗਿਆ ਮਹਿਸੂਸ ਹੋਇਆ। ਉਸਦੀ ਹਿੱਕ ਵਿਚ ਤਿੱਖੀ ਸੂਲ਼ ਵਾਂਗ ਦਰਦ ਦੀ ਟੀਸ ਉੱਠੀ। ਚੇਤੇ ਦੀ ਸਲੇਟ ‘ਤੇ ਉੱਕਰਿਆ ਸਮਾਂ ਉਸਦੇ ਸਾਮ੍ਹਣੇ ਫੇਰ ਆ ਖੜੋਤਾ ਸੀ। ਉਸਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਸੀ ਜਦੋਂ ਉਹ ਦੋਨੋਂ ਮੀਆਂ-ਬੀਵੀ ਗੁਆਚੇ ਹੋਏ, ਥਾਂ-ਕੁਥਾਂ ਭਟਕਦੇ ਹੋਏ, ਬੱਚਿਆਂ ਨੂੰ ਲੁਕੋ ਰਹੇ ਸਨ।

ਅਮੀਨਾ ਦੀ ਸੋਚ ਇਤਿਹਾਸ ਦੇ ਪੰਨਿਆਂ ਵਿਚ ਜਾ ਖੁੱਭੀ। ਇਹ ਉਸ ਵੇਲੇ ਦੀ ਗੱਲ ਸੀ, ਜਦੋਂ ਯੁਗੋਸਲਾਵੀਆ ਦੀਆਂ ਕੌਮਾਂ ਰਲ਼ ਕੇ ਕੌਮਨਿਜ਼ਮ ਨੂੰ ਢਾਅ ਲਾ ਰਹੀਆਂ ਸਨ। ਸਭ ਦੀ ਸਾਂਝੀ ਬਣੀ ਕੁਲੀਸ਼ਨ (ਜੱਥੇਬੰਦੀ) ਵੀ ਬਹੁਤਾ ਚਿਰ ਨਾ ਚੱਲੀ। ਉਹ ਤਾਂ ਚੌਧਰ ਦੇ ਮਾਰੇ ਧਰਮਾਂ ਦੇ ਪਾੜ ਪਾ ਕੇ, ਆਪੋ ਵਿੱਚੀਂ ਪਾਟਣ ਲੱਗ ਪਏ ਸਨ। ਤੇ ਫੇਰ ਅੱਡ-ਅੱਡ ਜੱਥੇਬੰਦੀਆਂ ਬਣਾ ਬੈਠੇ ਸਨ। ਕੋਈ ਕਿਸੇ ਨਾਲ਼ ਜਾ ਰਲ਼ਿਆ ਤੇ ਕੋਈ ਕਿਸੇ ਨਾਲ਼। ਲੜਾਈ ਦੇਸ਼ ਜਾਂ ਉਸਦੀ ਸਿਆਸਤ ਦੀ ਨਹੀਂ ਸੀ ਰਹੀ। ਇਹ ਧਰਮਾਂ ਦੀ ਲੜਾਈ ਹੋ ਗਈ ਸੀ। ਮੁਸਲਿਮ, ਕਰਿਸਚੀਅਨ ਆਪੋ ਵਿਚ ਖਹਿਣ ਲੱਗ ਪਏ ਸਨ। ਇਕੱਠੇ ਵਸਦੇ, ਇਕੱਠੇ ਖਾਂਦੇ-ਪੀਂਦੇ, ਹੱਸਦੇ-ਖੇਲਦੇ, ਭੈਣਾਂ-ਭਰਾਵਾਂ ਵਾਂਗ ਮੋਹ-ਪਿਆਰ ਪਾਲ਼ਦੇ, ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਲੋਕ, ਇਕ ਦੂਜੇ ਦੇ ਵੈਰੀ ਹੋ ਗਏ ਸਨ। ਘੱਟ ਗਿਣਤੀ ਦੇ ਲੋਕ ਧੜਾ-ਧੜ ਮਾਰੇ ਜਾਣ ਲੱਗ ਪਏ ਸਨ। ਪਹਿਲਾਂ ਸਰਬੀਆ ਦੇ ਲੋਕਾਂ ਨੇ ਕਰੋਸ਼ੀਆ ਦੇ ਲੋਕਾਂ ਨੂੰ ਹਥਿਆਰ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ। ਉਨ੍ਹਾਂ ਨੂੰ ਉਕਸਾਇਆ ਵੀ ਕਿ ਆਪਣੀ ਸਵੈ-ਆਜ਼ਾਦੀ ਦੀ ਜੰਗ ਲੜਨ। ਜਦੋਂ ਕਰੋਸ਼ੀਆ ਦੀ ਤਾਕਤ ਵਧੀ ਤਾਂ ਉਸਨੇ ਬੌਸਨੀਆਂ ਨੂੰ ਹਥਿਆਰ ਦੇ ਦਿੱਤੇ ਤਾਂਕਿ ਉਹ ਵੀ ਆਪਣੀ ਆਜ਼ਾਦੀ ਦਾ ਐਲਾਨ ਕਰ ਦੇਣ। ਬੌਸਨੀਆਂ ਦੇ ਲੋਕਾਂ ਨੇ ਉਨ੍ਹਾਂ ਹਥਿਆਰਾਂ ਨੂੰ ਸਰਬੀਆ ਦੇ ਸਿਪਾਹੀਆਂ ਵਿਰੁੱਧ ਵਰਤਿਆ। ਕਈ ਸੌ ਸਿਪਾਹੀ ਮਾਰੇ ਗਏ। ਜਿਹੜੇ ਲੋਕ ਪਹਿਲਾਂ ‘ਕੱਠੇ ਵਸਦੇ ਸਨ, ਉਹ ਇਕ ਦੂਜੇ ਦੇ ਦਿਨਾਂ ਵਿਚ ਦੁਸ਼ਮਣ ਬਣ ਗਏ।

ਸਰਬੀਆ ਨੇ ਆਪਣੇ ਉੱਪਰ ਹੋਏ ਹਮਲੇ ਨੂੰ ਧਾਰਮਿਕ ਜੰਗ ਬਣਾ ਕੇ ਬੌਸਨੀਆਂ ਅਤੇ ਹਰਸੋਗੋਵਾਇਨਾ ਨਾਲ਼ ਜੋ ਕੀਤਾ ਉਹ ਦੁਨੀਆਂ ਦੇ ਇਤਿਹਾਸ ਵਿਚ ਸ਼ਰਮਨਾਕ ਸਾਕੇ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਬੌਸਨੀਆ ਦੇ ਪਿੰਡ ਅਤੇ ਸ਼ਹਿਰ ਤਬਾਹ ਕਰਨੇ ਸ਼ੁਰੂ ਕਰ ਦਿੱਤੇ। ਸਰਬੀਆ ਦੀ ਪੁਲਸ ਅਤੇ ਮਿਲਟਰੀ ਨੇ ਰਲ਼ ਕੇ ਅਵਾਮ ਨੂੰ ਗੋਲ਼ੀਆਂ ਨਾਲ਼ ਭੁੰਨ ਦਿੱਤਾ। ਲੋਕਾਂ ਦੇ ਘਰਾਂ-ਅਪਾਰਟਮੈਂਟਾਂ ਦੇ ਅੰਦਰੀਂ ਜਾ ਕੇ ਉਨ੍ਹਾਂ ਨੂੰ ਤਸੀਹੇ ਦਿੱਤੇ। ਔਰਤਾਂ ਦੀ ਬੇਪੱਤੀ ਕੀਤੀ। ਇਹ ਸਭ ਸੋਚਦਿਆਂ ਹੋਇਆਂ ਅਮੀਨਾ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਉਸਨੇ ਬਥੇਰਾ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਗਲ਼ ਜਿਵੇਂ ਬੰਦ ਹੋ ਗਿਆ ਹੋਵੇ ਅਤੇ ਸੋਚਾਂ ਨੇ ਉਸਦੇ ਵਜੂਦ ਨੂੰ ਆਪਣੇ ਵਿੱਚ ਸਮੇਟ ਲਿਆ ਹੋਵੇ।

ਉਸ ਦਿਨ ਪਤਾ ਨਹੀਂ ਕਿਉਂ ਉਹ ਬੈਠੀ ਸੋਚੀ ਜਾ ਰਹੀ ਸੀ। ਹਮੇਸ਼ਾਂ ਛੁੱਟੀ ਦਾ ਦਿਨ ਉਸ ਵਾਸਤੇ ਮਨ ਉੱਤੇ ਬੋਝ ਲੈ ਕੇ ਆਉਂਦਾ। ਉਸ ਬੋਝ ਹੇਠਾਂ ਉਸਦੀਆਂ ਸੋਚਾਂ ਕੰਧਾਂ-ਕੋਠੇ ਫਰੋਲਦੀਆਂ, ਪਿੰਡ ਦੀ ਗਲ਼ੀਆਂ ਫਰੋਲਦੀਆਂ।

ਉਸਦੀ ਸਟਰੀਟ ਦੀ ਸਫ਼ਾਈ ਕਰਨ ਵਾਲਾ ਟਰੱਕ ਸਰੜ-ਸਰੜ ਦੀ ਆਵਾਜ਼ ਕਰ ਰਿਹਾ ਸੀ। ਉਸਨੂੰ ਉਹ ਵੇਲਾ ਚੇਤੇ ਆਇਆ ਜਦੋਂ ਬੌਸਨੀਆਂ ਵਿਚ ਹੋਰ ਹੀ ਕਿਸਮ ਦੀ ਸਫ਼ਾਈ ਸ਼ੁਰੂ ਹੋ ਗਈ ਸੀ। ‘ਐਥਨਿਕ ਕਲੈਂਜ਼ਿੰਗ’ ਭਾਵ ਸਮਾਜਿਕ ਸਫ਼ਾਈ ਸ਼ੁਰੂ ਹੁੰਦਿਆਂ ਬੌਸਨੀਆਂ ਦੇ ਆਦਮੀਆਂ ਅਤੇ ਤੀਂਵੀਆਂ ਨੂੰ ਵੀ ਇਕ-ਦੂਜੇ ਤੋਂ ਵੱਖੋ-ਵੱਖ ਕਰ ਦਿੱਤਾ ਗਿਆ ਸੀ। ਔਰਤਾਂ ਨੂੰ ਕਿੱਥੇ-ਕਿੱਥੇ ਭੇਜਿਆ ਗਿਆ ਇਹ ਖ਼ਬਰਾਂ ਬਾਅਦ ਵਿਚ ਨਿੱਕਲਣ ਲੱਗੀਆਂ ਸਨ। ਉਸਦੇ ਗੁਆਂਢ ਵਸਦੀ ਸ਼ਾਹੀਨ ਨੂੰ ਪਤਾ ਨਹੀਂ ਕਿੱਥੇ ਪਹੁੰਚਾ ਦਿੱਤਾ ਗਿਆ ਸੀ। ਸ਼ਾਹੀਨ ਦੀ ਮਾਂ ਸਿਰ ਭੰਨ-ਭੰਨ ਪਾਗਲ ਹੋ ਗਈ ਸੀ। ਪਰ ਸ਼ਾਹੀਨ ਦਾ ਕੋਈ ਖੁਰਾ-ਖੋਜ ਨਹੀਂ ਸੀ ਲੱਭਾ। ਹੋਰ ਵੀ ਬਹੁਤ ਸਨ ਜਿਨ੍ਹਾਂ ਨੂੰ ‘ਫੋਸ਼ਾ’ ਦੇ ‘ਕਰਮਨ ਹਾਊਸ’ ਵਰਗੇ ਥਾਵਾਂ ‘ਤੇ ਲਿਜਾਇਆ ਗਿਆ, ਜਿਹੜੀਆਂ ਥਾਵਾਂ ਇੱਜ਼ਤਦਾਰ ਘਰਾਣਿਆਂ ਵਾਸਤੇ ਊਂ ਹੀ ਕਾਲਾ ਧੱਬਾ ਸਨ। ਉੱਥੋਂ ਹਰ ਰਾਤ ਔਰਤਾਂ ਅਤੇ ਬੱਚੀਆਂ ਨੂੰ ਬਾਹਰ ਲਿਜਾਇਆ ਜਾਂਦਾ ਅਤੇ ਉਨ੍ਹਾਂ ਦੇ ਗੈਂਗ ਰੇਪ ਕੀਤੇ ਜਾਂਦੇ। ਇੱਥੋਂ ਤਕ ਕਿ ਨਿੱਕੀਆਂ-ਨਿੱਕੀਆਂ ਬੱਚੀਆਂ ਵੀ ਨਹੀਂ ਸਨ ਬਖ਼ਸ਼ੀਆਂ ਗਈਆਂ। ਕਈ ਵੇਰਾਂ ਔਰਤਾਂ ਅਤੇ ਬੱਚੀਆਂ ਦੀਆਂ ਲਾਸ਼ਾਂ ਸੜਕਾਂ ਦੇ ਦੁਆਲ਼ੇ ਬਣੀਆਂ ਖੱਡਾਂ ਵਿੱਚੋਂ ਮਿਲਦੀਆਂ। ਅਖ਼ਬਾਰਾਂ ਦੀਆਂ ਸੁਰਖ਼ੀਆਂ ਜਿਵੇਂ ਦੁਹਾਈ ਪਾ ਰਹੀਆਂ ਹੁੰਦੀਆਂ। ਨਿੱਕੇ ਬੱਚਿਆਂ ਨੂੰ ਭੁੱਖਣ-ਭਾਣੇ ਰੱਖ ਕੇ ਤਸੀਹੇ ਦਿੱਤੇ ਜਾਂਦੇ ਸਨ। ਆਦਮੀਆਂ ਨੂੰ ਉਨ੍ਹਾਂ ਦਾ ਹੀ ਪਿਸ਼ਾਬ ਪਿਲਾਇਆ ਜਾਂਦਾ। ਉਨ੍ਹਾਂ ਦੇ ਮੂੰਹਾਂ ਵਿਚ ਵਾਰ-ਵਾਰ ਥੁੱਕਿਆ ਜਾਂਦਾ।

ਇਹ ਸੋਚਦਿਆਂ ਹੋਇਆਂ ਅਮੀਨਾ ਨੂੰ ਹਮੇਸ਼ਾ ਦੀ ਤਰ੍ਹਾਂ ਇਕ ਕੰਬਣੀ ਛਿੜ ਪਈ। ਉਸਦੀਆਂ ਅੱਖਾਂ ਵਿੱਚੋਂ ਤਤੀਰੀ ਵਹਿ ਤੁਰੀ। ਉਸਨੇ ਟਰੇਅ ਵਿਚ ਪਏ ਸਰਬੀਐੱਟ ਨੂੰ ਚੁੱਕ ਕੇ ਆਪਣਾ ਮੂੰਹ ਪੂੰਝ ਸੁੱਟਿਆ। ਉਸਨੇ ਆਲ਼ੇ-ਦੁਆਲ਼ੇ ਵੀ ਦੇਖਿਆ ਤਾਂਕਿ ਕੋਈ ਉਸਨੂੰ ਦੇਖ ਨਾ ਰਿਹਾ ਹੋਵੇ। ਜਿਵੇਂ ਉਹ ਆਪਣੇ ਦਰਦ ਨੂੰ ਸੋਚਾਂ ਅੰਦਰ ਹੀ ਦੱਬ ਦੇਣਾ ਚਾਹੁੰਦੀ ਹੋਵੇ। ਉਸਨੇ ਆਪਣੀ ਪਾਟਦੀ ਜਾਂਦੀ ਹਿੱਕ ਨੂੰ ਹੱਥਾਂ ਨਾਲ਼ ਦੱਬਿਆ।

ਉਸ ਦਿਨ ਉੱਥੇ ਬੈਠਿਆਂ ਉਸਦੀ ਸੋਚ ਜਿਵੇਂ ਟੁੱਟਦੀ ਹੀ ਨਹੀਂ ਸੀ। ਮਸਤਕ ਵਿੱਚ ਹਬੀਬ ਦਾ ਖਿਆਲ ਆਉਂਦਿਆਂ ਹੀ, ਉਸ ਵੇਲੇ ਦੀ ਉੱਠੀ ਹਨ੍ਹੇਰ-ਗਰਦੀ ਮਨ ਵਿੱਚ ਉੱਭਰ ਆਈ। ਧੂੰਏਂ ਦੇ ਗੁਬਾਰ ਨਸਾਂ ਰਾਹੀਂ ਦਿਮਾਗ ਦੀਆਂ ਨਾੜਾਂ ਵਿਚ ਘੁੰਮ ਰਹੇ ਸਨ। ਉਸਦਾ ਅੰਦਰ ਭਖ ਉੱਠਿਆ। ਉਸਨੂੰ ਚੇਤੇ ਆਇਆ ਕਿ, ਉਸ ਦਿਨ ਵੀ ਗਰਮੀ ਨੇ ਅੱਜ ਵਾਂਗ ਅੱਤ ਚੁੱਕੀ ਹੋਈ ਸੀ। ਪਸੀਨਾ ਜਿਵੇਂ ਉਸਦੀਆਂ ਕਾਲੀਆਂ ਲਟਾਂ ਵਿੱਚੋਂ ਕਿਰ ਕੇ ਹਿਜਾਬ ਨੂੰ ਭਿਉਂਦਾ ਹੋਇਆ ਉਸਦੀ ਧੌਣ ਉੱਤੇ ਡਿੱਗ ਰਿਹਾ ਸੀ। ਹਬੀਬ ਦਾ ਪੂਰਾ ਟੱਬਰ ਅੱਤਵਾਦ ਦੀ ਭੇਂਟ ਚੜ੍ਹ ਗਿਆ ਸੀ। ਸਰਬੀਆ ਦੇ ਧਾੜਵੀਆਂ ਨੇ ਇਕ-ਇਕ ਨੂੰ ਚੁਣ-ਚੁਣ ਕੇ ਮਾਰਿਆ ਸੀ। ਹਬੀਬ ਆਪਣੇ ਟੱਬਰ ਨਾਲ਼ੋਂ ਅੱਡ ਰਹਿੰਦਾ ਸੀ ਤਾਂ ਬਚ ਗਿਆ ਸੀ। ਇਨ੍ਹਾਂ ਹੀ ਦਿਨਾਂ ਵਿੱਚ ਅਮੀਨਾ ਦੀ ਮਾਂ ਵੀ ਦੁਕਾਨੋਂ ਪਰਤਦੀ ਹੋਈ ਮਾਰੀ ਗਈ ਸੀ। ਅਮੀਨਾ ਰਹਿ ਗਈ ਸੀ ਇਕੱਲੀ। ਅੰਮਾ ਜਾਇਆ ਵੀ ਕੋਈ ਹੈ ਨਹੀਂ ਸੀ ਜਿਸ ਨਾਲ਼ ਦੁੱਖ ਸਾਂਝਾ ਕਰ ਸਕਦੀ। ਪਿੰਡ ਵਿਚ ਕਿਹੜਾ ਐਸਾ ਘਰ ਸੀ ਜਿਸ ਵਿਚ ਮਾਤਮ ਨਾ ਛਾਇਆ ਹੋਵੇ। ਸਭ ਲੋਕ ਖੂਨ ਦੇ ਅੱਥਰੂ ਰੋਏ ਸਨ।

ਸੜਕ ਵਿਚ ਖੜ੍ਹੇ ਮੁੰਡੇ ਨੇ ਹਫ਼ਤਾਵਾਰੀ ਮੁਫ਼ਤ ਅਖ਼ਬਾਰ ਦਾ ਪੁਲੰਦਾ ਉਸਦੇ ਪੈਰਾ ਵਿਚ ਜਿਵੇਂ ਵਗਾਹ ਮਾਰਿਆ, ਜਿਸਨੇ ਉਸਦੀ ਸੋਚ ਫੇਰ ਤੋੜ ਦਿੱਤੀ। ਅਮੀਨਾ ਨੇ ਉਸ ਮੁੰਡੇ ਨੂੰ ਮਨ ਵਿਚ ਜਿਵੇਂ ਗਾਲ਼ ਕੱਢੀ ਹੋਵੇ। ਉਸਨੂੰ ਮਹਿਸੂਸ ਹੋਇਆ ਕਿ ਉਹ ਮੁੰਡਾ ਵੀ ਉਸਦੀਆਂ ਸੋਚਾਂ ਦਾ ਕਤਲ ਕਰ ਰਿਹਾ ਹੋਵੇ।

ਉਹ ਫੇਰ ਸੋਚਣ ਲੱਗੀ ਕਿ ਉਸ ਵੇਲੇ ਦੇ ਕਤਲ ਤੋਂ ਡਰਦੇ ਹੀ, ਸਭ ਕੁਝ ਗੁਆ ਕੇ, ਅਮੀਨਾ ਅਤੇ ਹਬੀਬ ਆਪਣਾ ਘਰ-ਘਾਟ ਛੱਡ ਕੇ ਜਰਮਨੀ ਦਾ ਬਾਰਡਰ ਪਾਰ ਕਰ ਆਏ ਸਨ। ਬਦਲਦੇ ਹਾਲਾਤਾਂ ਵਿਚ ਜੋ ਕੁਝ ਉਹ ਪਹਿਲਾਂ ਬਾਹਰ ਕੱਢ ਸਕੇ, ਉਨ੍ਹਾਂ ਨੇ ਕੱਢ ਲਿਆ ਸੀ। ਪੈਸਾ ਬਾਹਰਲੀਆਂ ਬੈਂਕਾਂ ਵਿਚ ਟਰਾਂਸਫਰ ਕਰ ਦਿੱਤਾ ਸੀ। ਕੁੱਝ ਫਰਨੀਚਰ ਵੀ ਭੇਜ ਦਿੱਤਾ ਸੀ। ਜਰਮਨੀ ਵਿੱਚ ਕੁੱਝ ਰਿਸ਼ਤੇਦਾਰ ਰਹਿੰਦੇ ਸਨ। ਬਸੀਮਿਆਂ ਦਾ ਬਹੁਤਾ ਅੰਤਰ ਨਾ ਹੋਣ ਕਾਰਨ ਉਨ੍ਹਾਂ ਦੋਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਪਹਿਲਾਂ ਸੋਚਿਆ ਸੀ ਕਿ ਉਹ ਜਿੱਥੇ ਵੀ ਜਾਣ-ਰਹਿਣ, ਬੱਚਿਆਂ ਦਾ ਢਿੱਡ ਭਰ ਸਕਣ। ਉਨ੍ਹਾਂ ਨੂੰ ਹਰ ਸਹੂਲਤ ਦੇ ਸਕਣ। ਕੀ ਕਰਨਾ ਸੀ ਉਨ੍ਹਾਂ ਨੇ ਬੌਸਨੀਆਂ ਵਿਚ ਜਿੱਥੇ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਹੋ ਗਏ ਸਨ। ਜਿੱਥੇ ਇਹ ਪਤਾ ਨਾ ਹੁੰਦਾ ਕਿ ਬਾਹਰ ਗਿਆ ਹੋਇਆ ਬੰਦਾ ਕਦੀ ਘਰ ਪਰਤੇਗਾ ਜਾਂ ਨਹੀਂ।

ਏਸੇ ਵਕਤ ਦੀ ਘੁੰਮਣਘੇਰੀ ਨੇ, ਉਨ੍ਹਾਂ ਨੂੰ ਪੈਰੋਂ ਉਖੇੜ ਦਿੱਤਾ ਸੀ। ਉਹ ਭਟਕਦੇ ਪੱਤੇ ਵਾਂਗ, ਪਹਿਲਾਂ ਜਰਮਨੀ ਅਤੇ ਫੇਰ ਕੈਨੇਡਾ ਦੀਆਂ ਬਰੂਹਾਂ ‘ਤੇ ਆਣ ਪਹੁੰਚੇ ਸਨ।

ਜਦੋਂ ਦੇ ਉਹ ਕੈਨੇਡਾ ਆਏ ਸਨ, ਉਸ ਵੇਲੇ ਤੋਂ ਉਨ੍ਹਾਂ ਦੀ ਹੋਰ ਹੀ ਜੱਦੋਜਹਿਦ ਤੁਰ ਪਈ ਸੀ। ਦਿਨੇ ਰਾਤ ਕੰਮ। ਭਾਵੇਂ ਪਿਛਲੇ ਲਿਆਂਦੇ ਪੈਸੇ ਨਾਲ਼ ਘਰ ਖਰੀਦ ਹੋ ਗਿਆ ਸੀ, ਫੇਰ ਵੀ ਘਰ ਦੇ ਖਰਚੇ, ਬਿੱਲ ਬੱਤੀਆਂ, ਸਥਾਪਤ ਹੋਣ ਦੀ ਚਿੰਤਾ, ਬੱਚਿਆਂ ਦੀਆਂ ਲੋੜਾਂ। ਇਸ ਸਭ ਵਿਚ ਉਹ ਦੋਨੋਂ ਗੁਆਚ ਜਿਹੇ ਗਏ ਸਨ। ਪਿਛਲਾ ਵਕਤ ਭਾਵੇਂ ਸੂਈ ਵਾਂਗ ਚੁੱਭਦਾ ਰਹਿੰਦਾ ਸੀ ਪਰ ਉਸ ਬਾਰੇ ਸੋਚਣ ਦੀ, ਛੁੱਟੀ ਵਾਲੇ ਦਿਨ ਤੋਂ ਬਿਨਾਂ ਜਿਵੇਂ ਫੁਰਸਤ ਹੀ ਨਹੀਂ ਸੀ ਰਹੀ।

ਅਮੀਨਾ ਜਾਣਦੀ ਸੀ ਕਿ ਹਬੀਬ ਵੀ ਕਿਨ੍ਹਾਂ ਵਕਤਾਂ ਵਿੱਚੋਂ ਨਿੱਕਲਿਆ ਹੈ। ਕਿਵੇਂ ਆਪਣੀ ਜਾਨ ਨੂੰ ਮਾਰ ਕੇ ਉਹ ਕੰਮ ਕਰ ਰਿਹਾ ਹੈ। ਤੇ ਹਬੀਬ ਦਾ ਟੀਚਾ ਟੱਬਰ ਨੂੰ ਇੱਕਠਾ ਰੱਖਣਾ ਵੀ ਸੀ। ਜਿਵੇਂ ਉਹ ਬੌਸਨੀਆਂ ਵਿਚ ਰਹਿੰਦੇ ਸਨ। ਸੰਯੁਕਤ ਪਰਿਵਾਰ। ਉਸਨੂੰ ਇਹ ਫ਼ਿਕਰ ਵੀ ਰਹਿੰਦਾ ਸੀ ਕਿ ਕਨੇਡੀਅਨ ਦੁਨੀਆਂ ਵਿਚ ਸਭ ਕੁਝ ਖੇਰੂੰ-ਖੇਰੂੰ ਨਾ ਹੋ ਜਾਵੇ। ਵੱਡੇ ਦੋਨਾਂ ਬੱਚਿਆਂ ਦੀਆਂ ਉਮਰਾਂ ਵੀ ਉਸ ਪੜਾਅ ਤੇ ਸਨ ਜਿੱਥੇ ਬੱਚੇ ਨਵੀਂ ਸੱਭਿਅਤਾ ਵਿਚ ਬਿੱਖਰ ਸਕਦੇ ਸਨ। ਭਾਵੇਂ ਉਸਦੇ ਬੱਚੇ ਕਹਿਣੇਕਾਰ ਸਨ, ਫੇਰ ਵੀ ਉਹ ਆਲ਼ੇ-ਦੁਆਲ਼ੇ ਦੀ ਦੁਨੀਆਂ ਤੋਂ ਅਭਿੱਜ ਨਹੀਂ ਸੀ। ਬੱਚਿਆਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਸਨ ਜਾਂ ਆ ਸਕਦੀਆਂ ਸਨ, ਉਨ੍ਹਾਂ ਤੋਂ ਵੀ ਉਹ ਜਾਣੂੰ ਸੀ। ਦੁਨੀਆਂ ਵਿਚ ਕੀ ਹੋ ਰਿਹਾ ਹੈ, ਉਸਦਾ ਨਤੀਜਾ ਆਮ ਆਦਮੀ ਭੁਗਤ ਰਿਹਾ ਸੀ। ਉਹ ਆਪਣੇ ਬੱਚਿਆਂ ਨੂੰ ਜਿੱਥੇ ਆਪਣੇ ਧਰਮ ਨੂੰ ਕਾਇਮ ਰੱਖਣ ਦੀ ਸਿੱਖਿਆ ਦਿੰਦਾ ਉੱਥੇ ਉਹ ਉਨ੍ਹਾਂ ਨੂੰ ਇਨਸਾਨੀਅਤ ਦੇ ਫ਼ਰਜ਼ ਵੀ ਸਮਝਾਉਂਦਾ। ਆਂਢ-ਗੁਆਂਢ ਨਾਲ਼ ਵੀ ਉਨ੍ਹਾਂ ਦਾ ਸਲੂਕ ਬਹੁਤ ਵਧੀਆ ਸੀ। ਕਈ ਧਰਮਾਂ ਦੇ ਲੋਕ ਉਨ੍ਹਾਂ ਦੀ ਗਲ਼ੀ ਵਿੱਚ ਰਹਿੰਦੇ ਸਨ ਜੋ ਉਨ੍ਹਾਂ ਦੇ ਮਿੱਤਰ ਦੋਸਤ ਬਣ ਚੁੱਕੇ ਸਨ। ਕਰਿਸਟੀਨਾ ਪੋਲਿਸ਼ ਸੀ। ਉਸਨੇ ਵੀ ਪੋਲੈਂਡ ਵਿਚ ਰਹਿੰਦਿਆਂ ਹੋਇਆਂ ਉਹ ਸਭ ਕੁਝ ਅੱਖਾਂ ਰਾਹੀਂ ਕੱਢਿਆ ਸੀ ਜਿਹੜਾ ਅਮੀਨਾ ਅਤੇ ਹਬੀਬ ਨੇ ਝੱਲਿਆ ਸੀ। ਜਰਮਨ ਅਤੇ ਸੋਵੀਅਤ ਯੂਨੀਅਨ ਦੇ ਹੇਠਾਂ ਵਸਦਿਆਂ ਅਤੇ ਆਜ਼ਾਦੀ ਦੀ ਜੰਗ ਲੜਦਿਆਂ ਹੋਇਆਂ ਜਿਹੜੀਆਂ ਮੌਤਾਂ ਉਸਦੇ ਬਾਲ ਮਨ ਨੇ ਦੇਖੀਆਂ ਸਨ ਉਨ੍ਹਾਂ ਦੇ ਸੁਫ਼ਨੇ ਹਾਲੀਂ ਤਕ ਉਸਨੂੰ ਤੰਗ ਕਰਦੇ ਸਨ।

ਅਮੀਨਾ ਦੇ ਦੂਜੇ ਗੁਆਂਢੀ ‘ਮੈਗੀ ਅਤੇ ਡੇਵਿਡ’ ਆਇਰਸ਼ ਸਨ। ਜਿਹੜੇ ਬੈਲਫਾਸਟ ਤੋਂ ਛੋਟੇ ਹੁੰਦੇ ਆਪਣੇ-ਆਪਣੇ ਮਾਂ-ਬਾਪ ਦੇ ਨਾਲ਼ ਕੈਨੇਡਾ ਆਏ ਸਨ। ਡੇਵਿਡ ਦੇ ਮਾਂ-ਬਾਪ ਵੀ ਆਇਰਲੈਂਡ ਦੀ ਧਾਰਮਿਕ ਲੜਾਈ ਤੋਂ ਤੰਗ ਆ ਗਏ ਸਨ। ਉੱਥੇ ਬੈਠਿਆਂ, ਅਮੀਨਾ ਦੀ ਸੋਚ ਮੈਗੀ ਦੀ ਦੱਸੀ ਹੋਈ ਕਹਾਣੀ ਵਿੱਚ ਉਲਝ ਗਈ ਜਦੋਂ ਮੈਗੀ ਨੇ ਦੱਸਿਆ ਸੀ ਕਿ, ”ਉੱਤਰੀ ਆਇਰਲੈਂਡ ਦੇ ਸ਼ਹਿਰ ਬੈਲਫਾਸਟ ਵਿਚ ਰਹਿੰਦਿਆਂ ਹੋਇਆਂ, ਦਿਨ-ਰਾਤ ਗੋਲੀਆਂ ਦੀ ਆਵਾਜ਼ ਨੇ ਉਨ੍ਹਾਂ ਦੇ ਕੰਨ ਪਾੜ ਦਿੱਤੇ ਸਨ। ਆਲ਼ੇ-ਦੁਆਲ਼ੇ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਪਏ ਹੁੰਦੇ। ਘਰਾਂ ਵਾਲੇ ਘਰ ਛੱਡ ਕੇ ਹੋਰਨਾਂ ਇਲਾਕਿਆਂ ਵਿਚ ਚਲੇ ਜਾਂਦੇ। ਗਲ਼ੀਆਂ ਉਜਾੜ ਬਣ ਗਈਆਂ। ਮਿਲਟਰੀ ਵਾਲ਼ਿਆਂ ਦੇ ਬੂਟਾਂ ਤੋਂ ਬਿਨਾਂ ਕਿਸੇ ਦੇ ਪੈਰਾਂ ਦਾ ਖੜਾਕ ਸੁਣਦਾ ਹੀ ਨਹੀਂ ਸੀ। 1972 ਵਿਚ ਆਈ.ਆਰ.ਏ (ਆਇਰਸ਼ ਰਿਪਬਲਿਕ ਆਰਮੀ) ਨੇ ਸ਼ੁਕਰਵਾਰ ਦੇ ਦਿਨ 22 ਬੰਬ ਇਸ ਸ਼ਹਿਰ ਵਿਚ ਚਲਾਏ ਸਨ। ਜਿਸ ਨਾਲ਼ ਅਨੇਕਾਂ ਲੋਕ ਜ਼ਖ਼ਮੀ ਅਤੇ ਅਨੇਕਾਂ ਮਾਰੇ ਗਏ ਸਨ। ਇਹੋ ਸ਼ੁੱਕਰਵਾਰ ਬਲੱਡੀ ਫਰਾਈਡੇ ਦੇ ਨਾਂ ਨਾਲ਼ ਮਸ਼ਹੂਰ ਹੋਇਆ ਸੀ। ਹੋਰ ਵੀ ਜਥੇਬੰਦੀਆਂ ਅਲਸਟਰ ਵਾਲੰਟੀਅਰਜ਼, ਅਲਸਟੱ ਡਿਫੈਂਸ ਗਰੁੱਪ, ਸ਼ੈਨਕਿਲ ਬੁੱਚਰਜ਼ ਜਿਨ੍ਹਾਂ ਨੇ ਤਰਥੱਲ ਮਚਾਇਆ ਹੋਇਆ ਸੀ। ਖ਼ੂਬਸੂਰਤ ਦੇਸ਼ ਤਬਾਹ ਹੋ ਰਿਹਾ ਸੀ। ਤੇ ਡੇਵਿਡ ਦੇ ਮਾਂ-ਬਾਪ ਮਿਸਟਰ ਐਂਡ ਮਿਸਜ਼ ‘ਟੇਲਰ’ ਤੋਂ ਇਹ ਸਭ ਸਹਿਨ ਨਹੀਂ ਸੀ ਹੋ ਰਿਹਾ। ਉਹ, ਉਸਨੂੰ ਛੋਟੇ ਹੁੰਦਿਆਂ ਹੀ ਕੈਨੇਡਾ ਲੈ ਆਏ। ”ਮੈਗੀ ਨੇ ਇਹ ਵੀ ਦੱਸਿਆ ਸੀ ਕਿ ਮੇਰੇ ਮਾਂ-ਬਾਪ ਵੀ ‘ਅਲਸਟਰ’ ਤੋਂ ਉੱਠ ਕੇ ਇਸੇ ਬਿਪਤਾ ਦਾ ਸਾਮ੍ਹਣਾ ਕਰਦੇ ਕੈਨੇਡਾ ਆਣ ਵਸੇ ਸਨ। ਰੋਮਨ ਕੈਥੋਲਿਕਾਂ ਅਤੇ ਪਰੌਟੈਸਟੈਂਟਾ ਵਿਚਾਲੇ ਹੁੰਦੀ ਲੜਾਈ ਨੇ ਜਿੱਥੇ ਦੇਸ਼ ਤਬਾਹ ਕਰ ਦਿੱਤਾ ਸੀ ਉੱਥੇ ਘਰਾਂ ਦੇ ਘਰ ਵੀ ਉਜਾੜ ਦਿੱਤੇ ਸਨ। ਆਈ.ਆਰ.ਏ. ਦੀ ਸਿੱਧੀ ਟੱਕਰ ਜਿੱਥੇ ਆਇਰਲੈਂਡ ਦੀ ਸਰਕਾਰ ਨਾਲ਼ ਸੀ ਉੱਥੇ ਬਰਤਾਨਵੀ ਸਰਕਾਰ ਨਾਲ਼ ਵੀ ਸੀ। ਬਰਤਾਨੀਆਂ ਦੇ ਕਈ ਸ਼ਹਿਰਾਂ ਵਿਚ ਵੀ ਉਨ੍ਹਾਂ ਨੇ ਬੰਬ ਚਲਾਏ ਸਨ। ਸੱਤਾ ਨੂੰ ਹਥਿਆਉਣ ਵਿਚ ਧਰਮ ਮੋਹਰਾ ਬਣ ਗਿਆ ਸੀ। ਗੁੰਡਾਗਰਦੀ ਵਧ ਗਈ ਸੀ। ਅੱਤਵਾਦ ਨੇ ਕੋਈ ਇਨਸਾਨ ਆਇਰਲੈਂਡ ਦੇ ਇੱਧਰਲੇ ਪਾਸੇ ਸੁਰੱਖਿਅਤ ਰਹਿਣ ਹੀ ਨਹੀਂ ਸੀ ਦਿੱਤਾ। ਦੋਹਾਂ ਧਰਮਾਂ ਵਿਚਾਲੇ ਬਰਤਾਨੀਆਂ ਫੇਰ ਵੀ ਆਪਣੀ ਧਾਂਕ ਜਮਾਈ ਬੈਠਾ ਸੀ।”

ਅਮੀਨਾ ਦੀ ਸੋਚ ਸਟਰੀਟ ਵਿਚ ਰਹਿੰਦੇ ਦੋ ਪੰਜਾਬੀ ਪਰਿਵਾਰਾਂ ਵਲ ਪਰਤ ਗਈ। ਇਕ ਪਰਿਵਾਰ ਨਾਲ਼ ਤਾਂ ਬਹੁਤੀ ਗੱਲ ਬਾਤ ਨਾ ਹੁੰਦੀ ਪਰ ਦੂਜਾ ਪਰਿਵਾਰ ਦਿੱਲੀ ਤੋਂ ਆਇਆ ਹੋਇਆ ਸੀ, ਜਿਨ੍ਹਾਂ ਨਾਲ਼ ਘਰੇਲੂ ਸੰਬੰਧ ਬਣ ਗਏ ਸਨ। ਦਲਜੀਤ ਅਕਸਰ ਆਪਣੇ ਆਦਮੀ ਦੀ ਕਹਾਣੀ ਅਮੀਨਾ ਨੂੰ ਦੱਸਦੀ ਹੋਈ ਆਖਦੀ, ”ਸੂਰਤ ਸਿੰਘ ਦਾ ਟੱਬਰ ਵੀ ਚੁਰਾਸੀ ਦੇ ਦੰਗਿਆਂ ਦਾ ਸ਼ਿਕਾਰ ਹੋ ਚੁਕੈ। ਐਂਟੀ ਸਿੱਖ ਰਾਇਟ ਵੇਲੇ ਸੂਰਤ ਸਿੰਘ ਦੇ ਬਾਪ ਦੇ ਗਲ ਵਿਚ ਟਾਇਰ ਪਾ ਕੇ ਉਸਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ। ਸੂਰਤ ਨੇ ਇਹ ਸਭ ਅੱਖੀਂ ਦੇਖਿਆ। ਉਸਦੀ ਉਮਰ ਉਸ ਵੇਲੇ ਸੋਲ਼ਾਂ-ਸਤਾਰਾਂ ਵਰ੍ਹਿਆਂ ਦੀ ਸੀ। ਉਸਦੇ ਜਾਨਣ ਵਾਲਿਆਂ ਨੇ ਉਸਨੂੰ ਫੜ ਕੇ ਲੁਕੋ ਲਿਆ ਸੀ। ਉਸਦਾ ਜੁਆਨ ਖ਼ੂਨ ਖੌਲਦਾ ਸੀ। ਉਹ ਬਥੇਰਾ ਆਪਣਾ ਆਪ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ ਤਾਂਕਿ ਉਹ ਆਪਣੇ ਭਾਪਾ ਜੀ ਨੂੰ ਬਚਾ ਸਕੇ। ਪਰ ਉਨ੍ਹਾਂ ਦੇ ਗੁਆਂਢੀ ਮੋਹਣ ਲਾਲ ਨੇ ਉਸਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ। ਤੇ ਉਸਦੀ ਜਾਨ ਬਚ ਗਈ।”

ਦਲਜੀਤ ਫੇਰ ਆਖਦੀ, ”ਅਮੀਨਾ! ਸੂਰਤ ਦੀ ਭੂਆ ਕੈਨੇਡਾ ਰਹਿੰਦੀ ਸੀ ਜਿਸਨੇ ਮੇਰੇ ਨਾਲ਼ ਰਿਸ਼ਤਾ ਕਰਕੇ ਸੂਰਤ ਨੂੰ ਕੈਨੇਡਾ ਮੰਗਵਾ ਲਿਆ। ਜਦੋਂ ਦਾ ਉਹ ਕੈਨੇਡਾ ਆਇਆ, ਉਹ ਮੁੜ ਕੇ ਕਦੀ ਇੰਡੀਆ ਗਿਆ ਹੀ ਨਹੀਂ। ਤੇ ਨਾ ਹੀ ਜਾਣਾ ਚਾਹੁੰਦਾ ਹੈ।”

ਅਮੀਨਾ ਸਭ ਕੁਝ ਸੁਣ ਕੇ ਜਿਵੇਂ ਆਪਣੇ ਅੰਦਰ ਦੱਬ ਲੈਂਦੀ।

ਇਸ ਗਲ਼ੀ ਵਿਚ ਰਹਿਣ ਵਾਲੇ ਸਭ ਜੋੜੇ ਆਪਣੀ ਜਾਨ ਮਾਰ ਕੇ ਕੰਮ ਕਰ ਰਹੇ ਸਨ। ਹਬੀਬ ਵੀ ਮਿਹਨਤ ਨਾਲ਼ ਕੰਮ ਕਰ ਰਿਹਾ ਸੀ ਤਾਂਕਿ ਉਸਦੇ ਬੱਚੇ ਚੰਗੀ ਜ਼ਿੰਦਗੀ ਜੀਅ ਸਕਣ। ਹਰ ਚੀਜ਼ ਵਸਤ ਉਨ੍ਹਾਂ ਨੂੰ ਮਿਲ ਸਕੇ, ਜੋ ਆਮ ਕਨੇਡੀਅਨ ਬੱਚਿਆਂ ਨੂੰ ਮਿਲਦੀ ਹੈ। ਇਸੇ ਵਾਸਤੇ ਅਮੀਨਾ ਵੀ ਹਬੀਬ ਦੇ ਬਰਾਬਰ ਕੰਮ ਕਰਦੀ ਸੀ ਤਾਂਕਿ ਉਹ ਆਪਣੇ ਪਰਿਵਾਰ ਨੂੰ ਗੰਢੀ ਰੱਖਣ। ਅਮੀਨਾ ਦਾ ਕੰਮ ਕਰਨਾ ਪਹਿਲਾਂ ਹਬੀਬ ਨੂੰ ਚੰਗਾ ਨਹੀਂ ਸੀ ਲਗਦਾ। ਜਦੋਂ ਉਹ ਪਿੱਛੇ ਰਹਿੰਦੇ ਸਨ ਤਾਂ ਹਬੀਬ ਦੀ ਆਪਣੀ ਛੋਟੀ ਜਿਹੀ ਪਲੰਬਿੰਗ ਦੀ ਬਿਜ਼ਨੈੱਸ ਸੀ। ਉਸਦੇ ਮੋਹਰੇ ਦੋ-ਚਾਰ ਕਾਮੇ ਕੰਮ ਕਰਦੇ ਸਨ। ਅਮੀਨਾ ਵੀ ਵਕੀਲ ਸੀ। ਤੇ ਹੁਣ ਅਮੀਨਾ ਨੂੰ ਬਾਹਰ ਕੰਮ ਕਰਨਾ ਪੈ ਰਿਹਾ ਸੀ। ਬਕਸਿਆਂ ਦੀ ਚੱਕ-ਥੱਲ ਕਰਨੀ ਪੈ ਰਹੀ ਸੀ। ਵਕਾਲਤ ਕਰਨ ਵਾਸਤੇ ਉਸਨੂੰ ਕਨੇਡੀਅਨ ਡਿਗਰੀ ਦੀ ਲੋੜ ਪੈਂਦੀ ਸੀ। ਜਿਸ ਵਾਸਤੇ ਉਸਦੇ ਦੋ ਕੁ ਸਾਲ ਲੱਗ ਜਾਣੇ ਸਨ। ਇਸ ਵੇਲੇ ਤਾਂ ਸਥਾਪਤ ਹੋਣ ਦੀ ਚਿੰਤਾ ਸੀ। ਬੱਚਿਆਂ ਨੂੰ ਪਾਲਣ ਦੀ ਚਿੰਤਾ ਸੀ। ਤੇ ਫੇਰ ਹੌਲੀ-ਹੌਲੀ ਹਬੀਬ ਦੀ ਸੋਚ ਵੀ ਬਦਲਣ ਲੱਗ ਪਈ ਸੀ। ਸਮੇਂ ਦੇ ਨਾਲ਼ ਚੱਲਣ ਦਾ ਗੁਰ ਅਮੀਨਾ ਨੇ ਹੀ ਉਸਨੂੰ ਸਮਝਾਇਆ ਸੀ। ਉਹ ਕਹਿੰਦੀ ਸੀ, ”ਬਾਬਾ! ਕੰਮ, ਕੰਮ ਹੈ। ਕੀ ਫ਼ਰਕ ਪੈਂਦੈ ਮੈਂ ਡੈਸਕ ਦੇ ਪਿੱਛੇ ਬੈਠਦੀ ਹਾਂ ਜਾਂ ਤੁਰੀ ਫ਼ਿਰਦੀ ਕਸਟਮਰਾਂ ਨੂੰ ਸਰਵ ਕਰਦੀ ਹਾਂ। ਮੈਨੂੰ ਹਮੇਸ਼ਾ ਬਕਸੇ ਤਾਂ ਨਹੀਂ ਚੁੱਕਣੇ ਪੈਂਦੇ। ਕਦੀ-ਕਦਾਈਂ, ਇਕ-ਅੱਧਾ ਬਕਸਾ ਲਿਆ ਕੇ ਸਮਾਨ ਟਿਕਾ ਦਿੱਤਾ ਤਾਂ ਕੀ ਲੋਹੜਾ ਆ ਗਿਐ। ਆਖ਼ਰ ਹੱਥੀਂ ਕਮਾ ਕੇ ਆਪਾਂ ਇੱਜ਼ਤ ਦੀ ਰੋਟੀ ਖਾਂਦੇ ਹਾਂ।”

ਇਹ ਸਭ ਸੋਚਦਿਆਂ ਉਹ ਫੇਰ ਆਪਣੇ ਗਾਰਡਨ ਵਲ ਪਰਤੀ। ਖੱਟੇ ਰੰਗ ਦੀਆਂ ਕਲੀਆਂ ਵਰਗੇ ਫੁੱਲਾਂ ਦੀਆਂ ਟਾਹਣੀਆਂ ਜਿਵੇਂ ਝੂਲ ਰਹੀਆਂ ਸਨ। ਚਿੱਟੇ ਗੁਲਾਬ ਦਾ ਬੂਟਾ ਵੀ ਭਰਿਆ ਪਿਆ ਸੀ। ਉਨ੍ਹਾਂ ਵੱਲ ਦੇਖਦਿਆਂ ਉਹ ਆਪਣੇ ਅੰਦਰ ਵਲ ਝਾਤੀ ਮਾਰਨ ਲੱਗ ਪਈ। ਉਸਨੂੰ ਆਪਣਾ ਅੰਦਰ ਵੀ ਬਿਲਕੁਲ ਏਸੇ ਤਰ੍ਹਾਂ ਦਾ ਜਾਪਿਆ।

ਲੰਘਦੀ ਜਾਂਦੀ ਇਕ ਹੋਰ ਕਾਰ ਦੇ ਹੌਰਨ ਨੇ ਅਮੀਨਾ ਦੀ ਸੋਚ ਫੇਰ ਤੋੜ ਦਿੱਤੀ। ਪੋਰਚ ਵਿਚ ਬੈਠਿਆਂ ਉਹ ਪਤਾ ਨਹੀਂ ਕਿੱਥੇ-ਕਿੱਥੇ ਪਹੁੰਚ ਗਈ ਸੀ। ਉਸਨੇ ਦੇਖਿਆ, ਉਸਦੀ ਕੌਫ਼ੀ ਠੰਡੀ ਹੋ ਗਈ ਸੀ। ਕੌਫ਼ੀ ਉੱਤੇ ਚਿੱਟੀ ਜਿਹੀ ਝਿੱਲੀ ਵੀ ਵਿਛ ਗਈ ਸੀ। ਉਸਨੇ ਕੱਪ ਵੱਲ ਦੇਖਿਆ ਅਤੇ ਸੋਚਿਆ ਜਿਵੇਂ ਇਹ ਝਿੱਲੀ ਉਸਦੀਆਂ ਸੋਚਾਂ ਉੱਤੇ ਵੀ ਵਿਛ ਗਈ ਹੋਵੇ। ਖੜੇਪੜਾਂ ਵਰਗੇ ਲੇਅ ਚੜ੍ਹ ਗਏ ਹੋਣ। ਅੱਜ ਦੀ ਛੁੱਟੀ ਦਾ ਖਿਆਲ ਆਉਂਦਿਆਂ ਹੀ ਉਹ ਜਿਵੇਂ ਨੇਸਤੀ ਜਿਹੀ ਹੋ ਗਈ ਸੀ। ਘਰ ਦਾ ਕੰਮ ਕਰਨ ਨੂੰ ਵੀ ਉਸਦਾ ਜੀ ਨਹੀਂ ਸੀ ਕੀਤਾ। ਇਸੇ ਵਾਸਤੇ ਉਹ ਬਾਹਰ ਆ ਬੈਠੀ ਸੀ। ਜਦੋਂ ਧੁੱਪ ਨੇ ਉਸਨੂੰ ਆਪਣੇ ਵਿਚ ਲਪੇਟ ਲਿਆ ਤਾਂ ਉਹ ਘਰ ਦੇ ਅੰਦਰ ਜਾ ਵੜੀ।

ਅੰਦਰ ਆ ਕੇ ਉਸਨੇ ਟੀ.ਵੀ. ਔਨ ਕਰ ਦਿੱਤਾ। ਚੈਨਲ ਘੁਮਾਉਂਦਿਆਂ ਹੋਇਆਂ ਉਹ ਗਲੋਬਲ ਚੈਨਲ ਦੇਖਣ ਲੱਗ ਪਈ। ਉਸਦਾ ਧਿਆਨ ਗਲੋਬਲ ਚੈਨਲ ‘ਤੇ ਆ ਰਹੀਆਂ ਦੁਪੈਹਿਰ ਦੀਆਂ ਇੰਟਰਨੈਸ਼ਲ ਖ਼ਬਰਾਂ ਨੇ ਆਪਣੇ ਵੱਲ ਖਿੱਚ ਲਿਆ।

ਖ਼ਬਰਾਂ ਦੇਖਦਿਆਂ ਹੋਇਆਂ ਵੀ, ਉਸਨੂੰ ਉਹ ਖ਼ਬਰਾਂ ਚੇਤੇ ਆਈਆਂ ਜਿਹੜੀਆਂ ਕੁਝ ਮਹੀਨੇ ਪਹਿਲਾਂ ਉਸਨੇ ਦੇਖੀਆਂ ਸਨ। ਉਹ ਖ਼ਬਰਾਂ ਦੇਖਦਿਆਂ ਹੋਇਆਂ ਜਿਵੇਂ ਰਿਮੋਟ ਉਸਦੇ ਹੱਥਾਂ ਵਿੱਚੋਂ ਕਿਰ ਗਿਆ ਸੀ। ਫਰਵਰੀ ਦਾ ਮਹੀਨਾ ਸੀ, ਬਾਹਰ ਬਰਫ਼ ਪੈ ਰਹੀ ਸੀ, ਜਦੋਂ ਕਿ ਉਸਨੂੰ ਅੰਦਰਲਾ ਤਾਪਮਾਨ ਚੜ੍ਹ ਗਿਆ ਮਹਿਸੂਸ ਹੋਇਆ ਸੀ। ਕੌਸਵੋ ਨੇ ਯੁਗੋਸਲਾਵੀਆਂ ਦੇ ਟੁੱਟਣ ਤੋਂ ਸਤਾਰਾਂ ਸਾਲ ਬਾਅਦ ਆਪਣੀ ਸਵੈ ਆਜ਼ਾਦੀ ਦਾ ਐਲਾਨ ਧੂਮ-ਧੜੱਕੇ ਨਾਲ਼ ਕੀਤਾ ਸੀ। ਉੱਧਰ ਸਰਬੀਅਨ ਲੀਡਰ ਇਸਦਾ ਵਿਰੋਧ ਕਰ ਰਹੇ ਸਨ। ਲੋਕੀਂ ਗਲੀਆਂ ਬਾਜ਼ਾਰਾਂ ਵਿਚ ਨੱਚ ਰਹੇ ਸਨ। ਖੁਸ਼ੀਆਂ ਮਨਾ ਰਹੇ ਸਨ। ਭੰਗੜੇ ਪਾ ਰਹੇ ਸਨ।

ਲੋਕਲ ਖ਼ਬਰਾਂ ਨੇ ਵੀ ਟੋਰਾਂਟੋ ਦੀਆਂ ਗਲੀਆਂ ਵਿਚ ਜਨਤਾ ਨੂੰ ਖੁਸ਼ੀ ਦਾ ਇਜ਼ਹਾਰ ਕਰਦਿਆਂ ਦਿਖਾਇਆ ਸੀ। ਕੁਈਨਜ਼ ਪਾਰਕ ਵਿਖੇ ਹਜ਼ੂਮ ਦੇ ਇਕੱਠ ਨੂੰ ਨਾਅਰੇ ਲਾਉਂਦੇ ਹੋਏ ਵੀ ਦਿਖਾਇਆ ਸੀ। ਇਹ ਦੇਖਦਿਆਂ ਹੋਇਆਂ, ਸ਼ਿਕਨ ਨੇ ਉਸਦੇ ਮੱਥੇ ਦੀਆਂ ਤ੍ਰੇੜਾਂ ਵਿਚ ਰੋਹ ਭਰ ਦਿੱਤਾ ਸੀ। ਉਹ ਮਨ ਵਿਚ ਹੀ ਸੋਚਣ ਲੱਗੀ, ”ਕਿਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਇਹ ਲੋਕ? ਕੀ ਭੁੱਲ ਗਏ ਨੇ ਸਭ ਕੁਝ ਜੋ ਉਨ੍ਹਾਂ ਨਾਲ ਵਾਪਰਿਆ ਸੀ? ਕਿਵੇਂ ਲੋਕ ਘਰੋਂ ਬੇਘਰ ਹੋਏ ਸਨ? ਕਿਵੇਂ ਮਾਂਵਾਂ ਨੇ ਪੁੱਤ ਗੁਆਏ ਸਨ? ਕਿਵੇਂ ਔਰਤਾਂ ਦੀ ਬੇਪਤੀ ਹੋਈ ਸੀ। ਤੇ ਇਹ ਆਜ਼ਾਦੀ ਦਾ ਐਲਾਨ? ਕਿਹੜੀ ਆਜ਼ਾਦੀ? ਆਪੂੰ ਐਲਾਨ ਕਰਨ ਨਾਲ਼ ਕੋਈ ਆਜ਼ਾਦੀ ਥੋੜ੍ਹੈ ਮਿਲਦੀ ਐ?”

ਖ਼ਬਰਾਂ ਦੇਖਦਿਆਂ ਹੋਇਆਂ ਵੀ ਉਹ ਬੀਤੇ ਸਮੇਂ ਵਿਚ ਬੈਠੀ ਸੀ। ਉਸਨੇ ਤਾਂ ਸਭ ਕੁਝ ਆਪਣੇ ਅੱਖੀਂ ਤੱਕਿਆ ਸੀ ਅਤੇ ਜਿਸਮ ‘ਤੇ ਹੰਢਾਇਆ ਸੀ। ਤੇ ਹੁਣ ਵਰ੍ਹਿਆਂ ਬਾਅਦ ਫੇਰ ਉਹ ਸਮਾਂ ਉਸਦੇ ਸਾਮ੍ਹਣੇ ਆ ਖਲੋਇਆ ਸੀ। ਸਾਮ੍ਹਣੇ ਹੀ ਨਹੀਂ ਉਸਦੀ ਹਿੱਕ ਵਿਚ ਜੰਮ ਕੇ ਬੈਠ ਗਿਆ ਸੀ।

ਉਸਨੇ ਸੋਚਿਆ ਸੀ ਕਿ ਪੂਰੇ ਸਤਾਰਾਂ ਵਰ੍ਹੇ ਦਾ ਲੰਮਾ ਸਮਾਂ, ਉਸ ਨਾ-ਮੁਰਾਦ ਵਕਤ ਨੂੰ ਮੇਟ ਦੇਵੇਗਾ। ਪੋਚਾ ਦੇ ਦੇਵੇਗਾ ਉਸ ਸਮੇਂ ਉੱਤੇ। ਉਹ ਟੋਆ ਜਿਹੜਾ ਸੀਨੇ ਵਿਚ ਪੁੱਟਿਆ ਗਿਆ ਸੀ, ਉਸਨੂੰ ਭਰ ਦੇਵੇਗਾ। ਪਰ ਨਹੀਂ, ਯਾਦਾਂ ਦੇ ਗਲੋਟੇ ਤਾਂ ਉਸੇ ਤਰ੍ਹਾਂ ਤਰੋ-ਤਾਜ਼ਾ ਸਨ। ਐਂਵੇਂ ਉੱਧੜਣ ਲੱਗ ਪੈਂਦੇ ਸਨ। ਇਨ੍ਹਾਂ ਵਰ੍ਹਿਆਂ ਵਿਚ ਉਸ ਰੁਦਨ ਨੂੰ ਭੁਲਾਉਣ ਵਾਸਤੇ ਉਸਨੇ ਵਕਤ ਨੂੰ ਪੋਟਾ-ਪੋਟਾ ਕੇਰਿਆ ਸੀ। ਉਹ ਸੋਚਣ ਲੱਗੀ ਕਿ ਇਹ ਸਭ ਛਲਾਵਾ ਸੀ। ਹਾਦਸੇ ਤਾਂ ਨਿੱਤ ਦਿਨ ਬੀਤ ਰਹੇ ਸਨ। ਕਦੀ ਨੌਂ-ਗਿਆਰਾਂ ਦੇ ਰੂਪ ਵਿਚ ਅਤੇ ਕਦੀ ਬਸੀਮਿਆਂ ਨੂੰ ਪਾਰ ਕਰਨ ਦੇ ਰੂਪ ਵਿਚ। ਕਦੀ ਅਫਿਗਾਨਿਸਤਾਨ ਵਿਚ ਤਾਲਿਬਨ ਦੀ ਤਾਨਾਸ਼ਾਹੀ। ਕਦੀ ਇਰਾਨ ਅਤੇ ਇਰਾਕ ਦੀਆਂ ਜੰਗਾਂ। ਬੇਦੋਸ਼ਿਆਂ ਦੇ ਖੂਨ, ਤੇ ਬੰਦੂਕਾਂ ਦੀ ਠਾਹ-ਠਾਹ ਵੀ ਉਸਦੇ ਕੰਨਾਂ ਵਿਚ ਉਸੇ ਤਰ੍ਹਾਂ ਗੂੰਜ ਰਹੀ ਸੀ। ਪੱਛਮ ਦੀਆਂ ਵੱਡੀਆਂ ਤਾਕਤਾਂ ਤਾਨਾਸ਼ਾਹੀ ਨਾਲ਼ ਮੁਲਕਾਂ ਦੇ ਅੰਦਰ ਵੜ ਕੇ ਉਨ੍ਹਾਂ ਹੀ ਦੇਸ਼ਾਂ ਨੂੰ ਤਬਾਹ ਕਰ ਰਹੀਆਂ ਸਨ। ਤੇ ਫੇਰ ਉਸੇ ਨੂੰ ਉਸਾਰਨ ਦੇ ਵਾਅਦੇ ਵੀ ਕਰ ਰਹੀਆਂ ਸਨ। ਪਰੈਜੀਡੈਂਟ ‘ਬੁਸ਼’ ਆਪਣਾ ਰੌਲਾ ਪਾ ਰਿਹਾ ਹੁੰਦਾ। ਬਰਤਾਨੀਆਂ ਦਾ ਪ੍ਰਧਾਨ ਮੰਤਰੀ ‘ਟੋਨੀ ਬਲੇਅਰ’ ਆਪਣੀ ਬੋਲੀ ਬੋਲ ਰਿਹਾ ਹੁੰਦਾ। ਤੇ ਫੇਰ ਕਨੇਡੀਅਨ ਪਰਾਈਮ ਮਨਿਸਟਰ ਦੋਹਾਂ ਦੀ ਰਲਵੀਂ-ਮਿਲਵੀਂ ਬੋਲੀ ਬੋਲ ਰਿਹਾ ਹੁੰਦਾ ਸੀ।

ਉਸਨੇ ਆਪਣਾ ਸਿਰ ਛੰਡਿਆ। ਸੋਚ ਨੂੰ ਵੀ ਤੋੜਨਾ ਚਾਹਿਆ। ਪਰ ਕਿੱਥੇ? ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਨੇ ਉਸਦੇ ਅੱਲੇ ਜ਼ਖ਼ਮਾਂ ਨੂੰ ਉਚੇੜ ਦਿੱਤਾ ਹੋਵੇ। ਉਹੀ ਸਮਾਂ, ਉਹੀ ਚੀਖ਼ਾਂ ਉਸਦੇ ਅੰਦਰ ਵੜ ਬੈਠੀਆਂ ਹੋਣ। ਆਲ਼ਾ ਦੁਆਲਾ ਵੀ ਉਦਾਸ ਤੇ ਪਰੇਸ਼ਾਨ ਹੋਇਆ ਪਿਆ ਜਾਪਿਆ। ਘਰ ਦਾ ਹਰ ਕੋਨਾ ਜਿਵੇਂ ਉਦਾਸੀ ਵਿਚ ਗਲਤਾਨ ਹੁੰਦਾ ਜਾ ਰਿਹਾ ਹੋਵੇ।

ਉਹ ਉੱਠੀ ਅਤੇ ਫੈਮਿਲੀ ਰੂਮ ਵਿਚ ਘੁੰਮਣ ਲੱਗ ਪਈ। ਉਸਨੂੰ ਲਗਦਾ ਸੀ ਜਿਵੇਂ ਉਹੀ ਦਿਨ ਉਸਦੇ ਫੈਮਿਲੀ ਰੂਮ ਵਿਚ ਮੁੜ ਆਏ ਹੋਣ। ਫਰਵਰੀ ਦਾ ਉਹ ਠੰਢਾ-ਠਾਰ ਦਿਨ ਉਸਨੂੰ ਚੰਗੀ ਤਰ੍ਹਾਂ ਚੇਤੇ ਸੀ, ਜਦੋਂ ਬਾਹਰਲੇ ਦਰਵਾਜ਼ੇ ਦੇ ਖੜਾਕ ਨੇ ਉਸਦੀ ਸੋਚ ਤੋੜੀ ਸੀ। ਸਿਰ ਘੁੰਮਾ ਕੇ ਉਸਨੇ ਦਰ ਵਲ ਤੱਕਿਆ ਸੀ। ਸ਼ੈਨਨ ਕਾਲਜ ਤੋਂ ਵਾਪਿਸ ਪਰਤਿਆ ਸੀ। ਦਰ ਦੇ ਖੁੱਲ੍ਹਣ ਨਾਲ਼ ਤੇਜ਼ ਹਵਾ ਦਾ ਬੁੱਲਾ ਜਿਵੇਂ ਉਸਦੇ ਪਿੰਡੇ ਵਿਚੀਂ ਇਕ ਝੁਣਝੁਣੀ ਜਿਹੀ ਛੇੜ ਕੇ ਨਿੱਕਲ ਗਿਆ ਸੀ।

ਸ਼ੈਨਨ ਨੇ ਪੈਰਾਂ ਦੇ ਬੂਟਾਂ ਤੋਂ ਸਨੋਅ ਝਾੜ ਕੇ, ਹਾਲ ਵਿਚ ਪਏ ਸ਼ੂਅ ਕੇਸ ਵਿਚ ਰੱਖ ਦਿੱਤੇ ਸਨ ਅਤੇ ਆਪ ਸਿੱਧਾ ਫੈਮਿਲੀ ਰੂਮ ਵਲ ਤੁਰ ਪਿਆ ਸੀ।

ਅਮੀਨਾ ਨੇ ਸ਼ੈਨਨ ਨੂੰ ਦੇਖਦਿਆਂ ਹੀ, ਚਾਹ-ਪਾਣੀ ਪੁੱਛਣ ਦੀ ਥਾਂ ਟੀ.ਵੀ. ਉੱਤੇ ਆਈ ਖ਼ਬਰ ਦੀ ਗੱਲ ਤੋਰ ਲਈ ਸੀ। ਢਾਕਾਂ ‘ਤੇ ਹੱਥ ਧਰੀ ਖੜੀ ਅਮੀਨਾ ਕਹਿਣ ਲੱਗੀ ਸੀ, ”ਸ਼ੈਨਨ! ਦੇਖ ਕੌਸਵੋ ਨੇ ਕੀ ਐਲਾਨ ਕੀਤੈ।”

”ਅੰਮਾ ਜਾਣਦਾ ਹਾਂ। ਸੁਣਦਾ ਆਇਆ ਹਾਂ ਰੇਡੀਓ ‘ਤੇ। ਪਰ ਅੰਮਾ! ਸਾਨੂੰ ਹੁਣ ਕੀ ਫ਼ਰਕ ਪੈਂਦੈ। ਤੁਸੀਂ ਨਿਸਚਿੰਤ ਰਹੋ।” ਸ਼ੈਨਨ ਨੇ ਬੇਫ਼ਿਕਰੀ ਜਿਹੀ ਨਾਲ਼ ਆਪਣੇ ਚਿਹਰੇ ਨੂੰ ਵਿਗਾੜ ਕੇ ਆਖਿਆ ਸੀ ਜਿਵੇਂ ਬੀਤੇ ਦੀ ਮਿੱਟੀ ਝੜ ਚੁੱਕੀ ਹੋਵੇ।

”ਫ਼ਰਕ ਪੈਂਦੈ ਮੱਖਣਾ। ਬਹੁਤ ਫ਼ਰਕ ਪੈਂਦੈ। ਜਿਹੜਾ ਦੁੱਖ-ਕਸ਼ਟ ਅਸੀਂ …” ਤੇ ਉਸਨੇ ਗੱਲ ਅਧੂਰੀ ਛੱਡ ਦਿੱਤੀ ਸੀ।

”ਅੰਮਾ! ਫੇਰ ਉਹੀ ਗੱਲ। ਮੈਂ ਕਿਹਾ ਭੁੱਲ ਜਾਵੋ ਸਭ ਕੁਝ। ਬੀਤੇ ‘ਤੇ ਮਿੱਟੀ ਪਾ ਦਿਓ। ਇਹ ਸੋਚੋ! ਹੁਣ ਅਸੀਂ ਠੀਕ ਠਾਕ ਹਾਂ। ਕਿਸ ਗੱਲ ਦੀ ਚਿੰਤਾ ਹੈ? ਬਾਬਾ (ਡੈਡ) ਦਾ ਕੰਮ ਵਧੀਆ ਹੈ। ਮੈਂ ਤੇ ਕਿਨਨ ਠੀਕ ਹਾਂ। ਮੈਨੂੰ ਪਾਰਟ ਟਾਈਮ ਕੰਮ ਮਿਲ ਗਿਐ। ਕੁਝ ਸਮੇਂ ਤਕ ਮੈਂ ਅਕਾਊਂਟੈਂਟ ਬਣ ਜਾਵਾਂਗਾ। ਕਿਨਨ ਨੇ ਆਪਣਾ ਕੰਮ ਸ਼ੁਰੂ ਕਰ ਲੈਣੈ। ਅਲੀ ਅਤੇ ਅਹਿਮਦ ਵੀ ਚੰਗਾ ਪੜ੍ਹ ਲਿਖ ਜਾਣਗੇ। ਹੂ ਕੇਅਰਜ਼ ਨਾਓ।”

ਸ਼ੈਨਨ ਦੀਆਂ ਗੱਲਾਂ ਸੁਣ ਕੇ ਜਿਵੇਂ ਉਸਦੇ ਅੰਦਰਲੀ ਟੀਸ ਹੋਰ ਵੀ ਡੂੰਘੀ ਹੋ ਗਈ ਸੀ। ਹੂ ਕੇਅਰਜ਼? ਹਵਾ ਵਿਚ ਗੂੰਜਿਆ ਸੀ। ਜਿਵੇਂ ਸਾਰੇ ਘਰ ਵਿਚ ਉਸਦਾ ਸ਼ੋਰ ਮਚਿਆ ਹੋਵੇ।

ਉਹ ਫੇਰ ਬੋਲੀ ਸੀ, ”ਸ਼ੈਨਨ! ਮੈਂ ਕੇਅਰ ਕਰਦੀ ਹਾਂ। ਇਹ ਨਾ ਹੋਵੇ ਜਦੋਂ ਬੌਸਨੀਆਂ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ, ਜੋ ਸਾਡੇ ਨਾਲ਼ ਬੀਤਿਆ, ਉਹੋ ਕੁੱਝ ਹੋਰਨਾਂ ਨਾਲ਼ ਵੀ ਬੀਤੇ। ਫੇਰ ਕੀ ਕਸੂਰ ਸੀ ਸਾਡਾ? ਸਰਕਾਰਾਂ ਦੇ ਐਲਾਨ ਨਾਮਿਆਂ ਕਾਰਨ ਜਨਤਾ ਨੇ ਜਾਨਾਂ ਗੁਆਈਆਂ। ਕਿਉਂ ਸਾਨੂੰ ਘਰੋਂ ਬੇਘਰ ਹੋਣਾ ਪਿਐ? ਕਿਉਂ ਪਰਵਾਸ ਧਾਰਨ ਕਰਨਾ ਪਿਐ? ਕਿਉਂ ਮੇਰੀ ਮਾਂ ਦਾ ਕਤਲ ਹੋਇਐ?” ਤੇ ਉਹ ਜਿਵੇਂ ਗੁੱਸੇ ਵਿਚ ਭਖ਼ ਗਈ ਸੀ। ਅੱਖਾਂ ਵਿਚ ਰੋਹ ਦੇ ਨਾਲ਼ ਪਾਣੀ ਭਰ ਆਇਆ ਸੀ।

ਸ਼ੈਨਨ ਨੇ ਮਾਂ ਦੀ ਪਿੱਠ ਤੇ ਹੱਥ ਫੇਰਦਿਆਂ ਆਖਿਆ ਸੀ, ”ਅੰਮਾ! ਬਸ ਹੋਰ ਨਹੀਂ। ਸ਼ਾਂਤ ਹੋ ਜਾਓ।”

ਸ਼ੈਨਨ ਜਾਣਦਾ ਸੀ ਕਿ ਜਦੋਂ ਵੀ ਪਿਛਲੀਆਂ ਯਾਦਾਂ ਦਾ ਤੱਕਲ਼ਾ ਘੁੰਮਦਾ ਹੈ ਤਾਂ ਉਸਦੀ ਮਾਂ ਬਹੁਤ ਗੁੱਸੇ ਵਿਚ ਭਖ਼ ਜਾਂਦੀ ਹੈ। ਭਖ਼ੇ ਵੀ ਕਿਉਂ ਨਾ? ਸ਼ੈਨਨ ਨੇ ਆਪ ਵੀ ਸਭ ਕੁਝ ਅੱਖੀਂ ਡਿੱਠਾ ਸੀ। ਉਸਦੇ ਆਪਣੇ ਬਾਲ ਮਨ ‘ਤੇ ਜੋ ਅਸਰ ਹੋਇਆ ਸੀ, ਉਹ ਉਸਨੂੰ ਹੀ ਪਤੈ। ਪਰ ਉਸਦੇ ਬਾਬਾ ਦੀ ਹਿੰਮਤ ਸਦਕਾ ਉਨ੍ਹਾਂ ਦੋਹਾਂ ਭਰਾਵਾਂ ਨੇ ਮਨ ਗੰਢ ਲਏ ਸਨ। ਫੇਰ ਵੀ ਕਿਸੇ ਨਾ ਕਿਸੇ ਹਾਦਸੇ ਨਾਲ਼ ਜ਼ਖ਼ਮਾਂ ਦੇ ਤੋਪੇ ਉੱਚੜ ਜ਼ਰੂਰ ਜਾਂਦੇ ਸਨ।

ਉਸ ਦਿਨ ਅਮੀਨਾ ਸੀ ਕਿ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਹੀ। ਬੀਤੇ ਦੇ ਪਲ ਉਸਦੇ ਘਰ ਅੰਦਰ ਹੀ ਨਹੀਂ ਉਸਦੇ ਮਨ ਵਿਚ ਡੇਰਾ ਜਮਾ ਕੇ ਬੈਠ ਗਏ ਸਨ। ਪਰਤਾਂ-ਦਰ-ਪਰਤਾਂ ਲੇਅ ਚੜ੍ਹੇ ਹੋਏ। ਉਸਦੀ ਸੋਚ ਉਨ੍ਹਾਂ ਦਿਨਾਂ ਵਲ ਪਰਤ ਗਈ ਜਦੋਂ ਯੁਗੋਸਲਾਵੀਆਂ ਵਿਚ ਵੱਖਰੀ-ਵੱਖਰੀ ਹੋਂਦ ਲਈ ਸਭ ਆਪਣੀ-ਆਪਣੀ ਜ਼ਮੀਨ ਦੇ ਟੋਟੇ ਕਰਕੇ ਕਈ ਕੌਮਾਂ ਬਣਾ ਕੇ ਬੈਠ ਗਏ ਸਨ। ਉਹ ਫੇਰ ਸੋਚਣ ਲੱਗੀ, ਯੁਗੋਸਲਾਵੀਆ ਇਕ ਕੌਮ ਬਣਨ ਤੋਂ ਪਹਿਲਾਂ ਵੀ ਤਾਂ ਅੱਡ ਹੀ ਵਸਦੇ ਸਨ। ਉਹ ਤਾਂ ਬਾਹਰਲੀਆਂ ਵੱਡੀਆਂ ਤਾਕਤਾਂ ਦਾ ਸਾਮ੍ਹਣਾ ਕਰਨ ਲਈ ਹੀ ‘ਕੱਠੇ ਹੋਏ ਸਨ। ਫੇਰ ਵਰ੍ਹਿਆਂ ਬਾਅਦ ਜਦੋਂ ਮੁੜ ਕੇ ਵੱਖ ਹੋਣ ਲੱਗੇ ਤਾਂ ਕਿਉਂ ਐਨੀ ਕਤਲੋ ਗਾਰਤ ਹੋਈ ਸੀ? ਕਿਉਂ ਨਹੀਂ ਸਭ ਨੇ ਰਲ਼ ਕੇ, ਬੈਠ ਕੇ ਫ਼ੈਸਲਾ ਕਰ ਲਿਆ। ਸਰਬੀਆ, ਕਰੋਸ਼ੀਆ, ਸਲੋਵਨਜ਼, ਬੌਸਨੀਆ, ਮੈਸੇਡੋਨੀਆ, ਅਲਬੇਨੀਆ, ਇਨ੍ਹਾਂ ਸਭ ਦਾ ਆਪਣਾ-ਆਪਣਾ ਇਤਿਹਾਸ ਸੀ। ਆਪਣਾ ਸਭਿਆਚਾਰ ਸੀ। ਰਹੁ ਰੀਤਾਂ ਸਨ। ਜੀਵਨ ਦਾ ਢਾਂਚਾ ਸੀ। ਉਹ ਤਾਂ ਸਦੀਆਂ ਭਰ ਕਦੀ ਅਸਟਰੀਆ ਦੀ ਸੱਤਾ ਹੇਠਾਂ ਤੇ ਕਦੀ ਹੰਗਰੀ ਦੀ ਸੱਤਾ ਹੇਠਾਂ ਜੀਵਨ ਬਸਰ ਕਰਦੇ ਰਹੇ। ਬਾਹਰਲੇ ਤੁਰਕੀ ਲੋਕਾਂ ਦੇ ਹਮਲੇ ਵੀ ਸਹਿੰਦੇ ਰਹੇ। ਬੌਸਨੀਆ ਦੇ ਲੋਕ ਵੀ ਹਰਸੀਗੋਵਿਇਨਾ ਦੇ ਲੋਕਾਂ ਨਾਲ਼ ਜਾ ਮਿਲੇ ਤਾਂਕਿ ਉਹ ਬਾਹਰਲੇ ਹਮਲਾਆਵਰਾਂ ਤੋਂ ਵੱਧ ਅੰਦਰੂਨੀ ਸਿਆਸਤ ਅਤੇ ਧਾਰਿਮਕ ਸੱਤਾ ਤੋਂ ਬਚ ਸਕਣ। ਇਹ ਸੋਚਦਿਆਂ ਹੋਇਆਂ ਉਸਦੇ ਅੰਦਰ ਇਕ ਹੂਕ ਜਿਹੀ ਉੱਠੀ ਜਿਵੇਂ ਆਖ ਰਹੀ ਹੋਵੇ, ‘ਸਦੀਆਂ ਬੀਤ ਗਈਆਂ ਇਸੇ ਜੱਦੋ-ਜਹਿਦ ਵਿਚ। ਮੁੱਠੀ ਭਰ ਲੋਕਾਂ ਨੇ ਹਜ਼ਾਰਾਂ ਜਾਨਾਂ ਭੰਗ ਦੇ ਭਾੜੇ ਗੁਆ ਦਿੱਤੀਆਂ।’

ਉਹ ਫੈਮਿਲੀ ਰੂਮ ਵਿੱਚੋਂ ਉੱਠੀ ਅਤੇ ਕਿਚਨ ਵਿੱਚੋਂ ਪਾਣੀ ਦਾ ਗਲਾਸ ਚੁੱਕ ਲਿਆਈ। ਘੁੱਟ ਪਾਣੀ ਦਾ ਪੀ ਕੇ ਉਸਨੇ ਆਪਣੀ ਹਿੱਕ ‘ਚ ਉੱਠੇ ਉਬਾਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਾਣੀ ਦਾ ਘੁੱਟ ਭਰਦਿਆਂ ਜਿਵੇਂ ਉਸਦੀ ਸੋਚ ਉਸਨੂੰ ਉਸ ਸਮੇਂ ਵਲ ਫੇਰ ਲੈ ਤੁਰੀ ਜਦੋਂ ਬੌਸਨੀਆਂ ਨੇ ਆਜ਼ਾਦੀ ਦਾ ਐਲਾਨ ਕੀਤਾ ਸੀ। ਉਸ ਵੇਲੇ ਇਸੇ ਤਰ੍ਹਾਂ ਪਾਣੀ ਦਾ ਗਲਾਸ ਉਸਦੇ ਹੱਥੋਂ ਛੁੱਟ ਗਿਆ ਸੀ। ਆਜ਼ਾਦੀ ਦਾ ਐਲਾਨ ਹੁੰਦਿਆਂ ਹੀ ਕਿਵੇਂ ਸਿਆਸਤਦਾਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕੀਤਾ ਸੀ। ਸਰਬੀਆ ਦੀ ਮਿਲਟਰੀ ਨੇ ਸਾਡੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਉਸ ਵੇਲੇ ਇਹ ਦੇਸ਼ਾਂ ਦੇ ਵੰਡ ਦੀ ਗੱਲ ਨਹੀਂ ਸੀ ਰਹਿ ਗਈ। ਮੁਸਲਿਮ ਅਤੇ ਕਰਿਚੀਅਨ ਵੈਰੀ ਬਣ ਗਏ ਸਨ। ਅੱਤਵਾਦ ਦਾ ਬੋਲਬਾਲਾ ਹੋ ਗਿਆ ਸੀ। ਜਿਨ੍ਹਾਂ ਨੇ ਘਰਾਂ ਦੇ ਘਰ ਜਲਾ ਦਿੱਤੇ। ਘਰਾਂ, ਅਪਾਰਟਮੈਂਟਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਸਾੜ-ਫੂਕ ਦਿੱਤਾ ਗਿਆ। ਦੁਕਾਨਾਂ ਜਲਾ ਦਿੱਤੀਆਂ ਗਈਆਂ। ਬੱਚੇ ਮਾਵਾਂ ਦੇ ਸਾਮ੍ਹਣੇ ਮਾਰ ਦਿੱਤੇ। ਇਹ ਸੋਚਦਿਆਂ ਹੋਇਆਂ ਅਮੀਨਾ ਦੇ ਸਾਹਾਂ ਦੀ ਧੌਂਖੜੀ ਫੇਰ ਤੇਜ਼ ਹੋ ਗਈ। ਅੰਦਰੋਂ ਜਿਵੇਂ ਲੇਰ ਨਿੱਕਲ ਗਈ ਹੋਵੇ। ਉਸਨੇ ਕਿਚਨ ਵਿੱਚ ਤੁਰਦਿਆਂ-ਫਿਰਦਿਆਂ ਪਾਣੀ ਦੇ ਦੋ ਘੁੱਟ ਹੋਰ ਅੰਦਰ ਲੰਘਾਏ। ਲੰਮੇ-ਲੰਮੇ ਸਾਹ ਲਏ। ਡਾਇਨਿੰਗ ਰੂਮ ਵਿਚ ਗੇੜੇ ਕੱਢੇ। ਗੇੜੇ ਕੱਢਦਿਆਂ ਹੋਇਆਂ ਉਸਦੀ ਨਜ਼ਰ ਨਾਲ਼ ਦੇ ਘਰ ਵਲ ਪਰਤ ਗਈ। ਦਲਜੀਤ ਗਲੱਬ ਪਾਈ ਬੂਟਿਆਂ ਵਿੱਚੋਂ ਘਾਹ ਕੱਢ ਰਹੀ ਸੀ। ਉਸ ਵੇਲੇ ਉਸਦੇ ਦਿਮਾਗ ਵਿਚ ਦਲਜੀਤ ਦੀ ਦੱਸੀ ਹੋਈ ਗੱਲ ਟੱਲੀ ਵਾਂਗ ਖੜਕੀ। ਦਲਜੀਤ ਨੇ ਦੱਸਿਆ ਸੀ ਕਿ ਕਿਵੇਂ ਦਿੱਲੀ ਦੰਗਿਆਂ ਵਿਚ ਆਦਮੀ ਅੱਗਾਂ ਦੇ ਹਵਾਲੇ ਕਰ ਦਿੱਤੇ ਗਏ ਸਨ। ਦਲਜੀਤ ਨੇ ਹੀ ਸੂਰਤ ਸਿੰਘ ਦੇ ਬਾਪ ਦੀ ਕਹਾਣੀ ਵੀ ਅਮੀਨਾ ਨੂੰ ਦੱਸੀ ਸੀ। ਇਹ ਸੋਚਦਿਆਂ ਹੋਇਆਂ ਉਸਦੇ ਅੰਦਰੋਂ ਹੀ ਸਵਾਲ ਉੱਠਿਆ ਕਿ, ‘ਕਦੋਂ ਤਕ ਦੁਨੀਆਂ ਵਿਚ ਕਤਲੋ-ਗਾਰਤ ਹੁੰਦੀ ਰਹੇਗੀ? ਕਿਹੜਾ ਧਰਮ, ਕਿਹੜੀ ਸਿਆਸਤ ਹੈ ਜੋ ਇਨਸਾਨ ਨੂੰ ਇਨਸਾਨ ਨਾਲ਼ੋਂ ਨਿਖੇੜ ਕੇ ਉਸੇ ਦਾ ਵੈਰੀ ਬਣਾ ਦਿੰਦਾ ਹੈ?’

ਉਸਦੀ ਸੋਚ ਆਪਣੇ ਪਿੰਡ ਦੀਆਂ ਗਲੀਆਂ ਵਿਚ ਫੇਰ ਪਰਤ ਗਈ। ਬੀਹਵੀਂ ਸਦੀ ਦਾ ਅੱਠਵਾਂ ਦਹਾਕਾ ਸੀ। ਹਰ ਕੌਮ ਆਪਣੀ ਪਛਾਣ ਕਾਇਮ ਕਰਨ ਲਈ ਦੂਜੀ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਰਬੀ ਮਿਲਟਰੀ ਵਾਲੇ ਹਥਿਆਰਾਂ ਨਾਲ਼ ਲੈਸ ਹੋ ਕੇ ਗਲ਼ੀਆਂ ਬਜ਼ਾਰਾਂ ਵਿਚ ਘੁੰਮ ਫਿਰ ਰਹੇ ਸਨ। ਉਸਦੀ ਮਾਂ ਵੀ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਪਰਤ ਰਹੀ ਸੀ। ਰਸਤੇ ਵਿਚ ਵਧ ਰਹੇ ਹਜ਼ੂਮ ਵਿਚ ਉਹ ਫਸ ਗਈ ਸੀ। ਉਸੇ ਹਜ਼ੂਮ ਨੇ ਉਸਦੇ ਕੱਪੜੇ ਉਤਾਰ ਦਿੱਤੇ ਸਨ। ਉਹ ਉਨ੍ਹਾਂ ਲੋਕਾਂ ਨੂੰ ਜਿਹੜੇ ਉਸਦੇ ਹੀ ਗਲ਼ੀ-ਮੁਹੱਲੇ ਵੱਸਦੇ ਸਨ, ਦੇ ਤਰਲੇ ਕਰ ਰਹੀ ਸੀ, ”ਵੇ ਪੁੱਤਾ! ਵੇ ਮੈਂ ਮਾਂ ਹਾਂ ਤੁਹਾਡੀ।” ਪਰ ਕਿਸੇ ਨੇ ਉਸਦੀ ਇਕ ਨਾ ਸੁਣੀ। ਬੜੀ ਬੇਰਹਿਮੀ ਨਾਲ਼ ਉਸਨੂੰ ਬੇਇੱਜ਼ਤ ਕਰਕੇ ਮਾਰਿਆ ਗਿਆ ਸੀ।

ਅਮੀਨਾ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਮਾਂ ਹਾਲੀਂ ਵੀ ਉਸਦੀਆਂ ਬਾਹਵਾਂ ਵਿਚ ਦਮ ਤੋੜ ਰਹੀ ਹੋਵੇ। ਤੇ ਲਿਵਿੰਗਰੂਮ ਵਿੱਚ ਉਸਦੀ ਲਾਸ਼ ਅਮੀਨਾ ਦੇ ਪੈਰਾਂ ਵਿਚ ਪਈ ਹੋਵੇ। ਇਕ ਬਿਜਲੀ ਦੀ ਚਮਕ ਨਾਲ਼ ਉਸਦੀ ਸੋਚ ਉਨ੍ਹਾਂ ਹੀ ਗਲ਼ੀਆਂ ਵਿੱਚ ਪਰਤ ਗਈ। ਹਜ਼ੂਮ ਦੇ ਤੁਰ ਜਾਣ ਬਾਅਦ ਉਹ ਆਪਣੀ ਮਾਂ ਕੋਲ ਪਹੁੰਚੀ ਸੀ। ਅਮੀਨਾ ਅੰਮੀ-ਅੰਮੀ ਆਖਦੀ ਹੀ ਪਈ ਸੀ। ਆਖ਼ਰੀ ਸਾਹ ਤੋਂ ਬਿੰਦ ਕੁ ਪਹਿਲੋਂ ਮਾਂ ਦੇ ਮੁੰਹੋਂ ਮਸਾਂ ਨਿੱਕਲਿਆ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਿਆ ਸੀ, ”ਬੱਚੀਏ ਕਿੱਧਰੇ ਚਲੀ ਜਾ। ਜਿੱਥੇ ਆਪਣੀ ਜਾਨ ਅਤੇ ਇੱਜ਼ਤ ਬਚਾ ਸਕੇਂ।” ਆਖਦਿਆਂ ਉਸਦੀ ਗਰਦਨ ਲੁਟਕ ਗਈ ਸੀ। ਅਮੀਨਾ ਨੇ ਆਪਣਾ ਹਿਜਾਬ ਉਤਾਰ ਕੇ ਉਸਦੇ ਪਿੰਡੇ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਸੀ।

ਇਕ ਸ਼ੋਰ ਹੋਰ ਹਨੇਰੀ ਦੀ ਤਰ੍ਹਾਂ ਵਧਦਾ ਉਸੇ ਦੀ ਤਰਫ਼ ਆ ਰਿਹਾ ਉਸਨੂੰ ਸੁਣਾਈ ਦਿੱਤਾ ਸੀ। ਪਿਛ੍ਹਾਂ ਮੁੜ ਕੇ ਦੇਖਦਿਆਂ ਸਾਰ ਹੀ ਇਕ ਬੰਦੂਕ ਦੀ ਮੁੱਠ ਉਸਦੇ ਪੇਟ ਵਿੱਚ ਤੇਜ਼ ਤਰਾਰ ਦਰਦ ਫੇਰ ਗਈ ਹੋਵੇ। ਉਸਦੀਆਂ ਲੱਤਾਂ ਵਿਚਾਲਿਓਂ ਵਹਿੰਦਾ ਖੂਨ, ਤੇ ਉਸਦੀ ਕੁੱਖ਼ ਵਿਚ ਪਲਦਾ ਉਸਦਾ ਬੱਚਾ, ਚੱਪਾ ਕੁ ਦਾ ਲੋਥੜਾ, ਉਸਦੇ ਪੈਰਾਂ ਵਿੱਚ ਡਿੱਗ ਪਿਆ ਹੋਵੇ। ਉਹ ਥਾਂ ਹੀ ਢੇਰੀ ਹੋ ਗਈ ਸੀ। ਜਦੋਂ ਉਸਨੂੰ ਸੁਰਤ ਆਈ ਸੀ ਤਾਂ ਉਸਦਾ ਬੇਟਾ ‘ਕਿਨਨ’ ਉਸਨੂੰ ਪਾਣੀ ਪਿਲਾ ਰਿਹਾ ਸੀ। ਕਿਨਨ ਦੇ ਸਿਰ ਵਿੱਚੋਂ ਵੀ ਖੂਨ ਵਹਿ ਰਿਹਾ ਸੀ। ਕਿਨਨ ਦੇ ਨਿੱਕੇ-ਨਿੱਕੇ ਹੱਥ ਉਸਨੂੰ ਪਲੋਸ ਰਹੇ ਸਨ।

ਅਮੀਨਾ ਨੇ ਆਪਣੇ ਆਲ਼ੇ-ਦੁਆਲ਼ੇ ਦੇਖਿਆ, ਉਸਦੀ ਕਿਚਨ, ਲਿਵਿੰਗਰੂਮ ਵਿਚ ਤਾਂ ਕੁੱਝ ਵੀ ਨਹੀਂ ਸੀ। ਉਹ ਇੱਕਲੀ ਸੀ। ਸ਼ੈਨਨ ਆਪਣੇ ਕਮਰੇ ਨੂੰ ਜਾ ਚੁੱਕਾ ਸੀ। ਉਸਨੂੰ ਖੁਸ਼ੀ ਸੀ ਕਿ ਬੀਤੇ ਦੇ ਜ਼ਖ਼ਮ ਬੱਚਿਆਂ ਦੇ ਮਨਾਂ ‘ਤੇ ਡੂੰਘੇ ਘਾ ਨਹੀਂ ਸੀ ਛੱਡ ਗਏ। ਪਰ ਉਹ ਆਪ, ਉੱਥੇ ਖੜੋਤਿਆਂ ਹੋਇਆਂ ਵੀ ਜਿਵੇਂ ਕਿਨਨ ਦਾ ਹੱਥ ਫੜੀ ਪਿੰਡ ਦੀ ਗਲੀ ਵਿਚ ਤੁਰੀ ਜਾਂਦੀ ਹੋਵੇ।

ਉਸ ਵੇਲੇ ਮਾਂ-ਪੁੱਤ, ਇਕ ਦੂਜੇ ਨੂੰ ਆਸਰਾ ਦਿੰਦੇ ਹੋਏ ਲੁਕਦੇ-ਲੁਕਾਉਂਦੇ ਹੋਏ ਘਰ ਪਹੁੰਚੇ ਸਨ।

ਇਨ੍ਹਾਂ ਦਿਨਾਂ ਦੀ ਮਾਰ ਤੋਂ ਹੀ ਸਹਿਮੀ ਹੋਈ, ਉਸਨੇ ਹਬੀਬ ਨੂੰ ਆਖਿਆ ਸੀ ਕਿ ਮੈਨੂੰ ਕਿਸੇ ਹੋਰ ਹਵਾ ਵਿਚ ਲੈ ਚੱਲ। ਜਿੱਥੇ ਉਹ ਆਪਣੇ ਦੋਹਾਂ ਬੱਚਿਆਂ ਨਾਲ਼ ਜੀ ਸਕੇ। ਨਹੀਂ ਰਹਿਣਾ ਸੀ ਉਸਨੇ ਉੱਥੇ। ਉਸਨੇ ਇਹ ਵੀ ਆਖਿਆ ਸੀ ਕਿ, ”ਇਹ ਹਵਾ ਹੁਣ ਜ਼ਹਿਰੀਲੀ ਹੋ ਚੁੱਕੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਇਸ ਵਿਚ ਸਾਹ ਲੈਣ।” ਅਮੀਨਾ ਦਾ ਬਾਬਾ ਪਹਿਲਾਂ ਮਰ ਗਿਆ ਸੀ। ਉਸ ਵੇਲੇ ਉਹ ਮਸਾਂ ਛੇਆਂ-ਸੱਤਾਂ ਵਰ੍ਹਿਆਂ ਦੀ ਸੀ। ਮਾਂ ਹੁਣ ਮਾਰ ਦਿੱਤੀ ਗਈ ਸੀ। ਭੈਣ-ਭਰਾ ਹੈ ਕੋਈ ਨਹੀਂ ਸੀ।

ਤੇ ਉਹ ਦੋਨੋਂ ਮੀਆਂ-ਬੀਵੀ ਹੋਰ ਲੋਕਾਂ ਵਾਂਗ ਆਪਣੀਆਂ ਜਾਨਾਂ ਬਚਾਉਂਦੇ ਹੋਏ, ਆਪਣੇ ਪੁੱਤਾਂ ਨੂੰ ਨਾਲ਼ ਲੈ ਕੇ ਦੂਜੇ ਦੇਸ਼ ਨੂੰ ਤੁਰ ਪਏ ਸਨ।

ਜਰਮਨੀ ਵਿਚ ਉਹ ਤਿੰਨ ਵਰ੍ਹੇ ਰਹੇ ਸਨ। ਇੱਥੇ ਹੀ ਅਹਿਮਦ ਦਾ ਜਨਮ ਹੋਇਆ ਸੀ। ਅਹਿਮਦ ਦੇ ਜਨਮ ਤੋਂ ਬਾਅਦ ਅਮੀਨਾ ਬੀਤੇ ਵਿੱਚੋਂ ਨਿਕਲ ਕੇ ਅਹਿਮਦ ਦੁਆਲੇ ਪਰਚਣ ਲੱਗੀ। ਉਸਨੂੰ ਸਾਂਭਦੀ-ਸੰਭਾਲਦੀ, ਪਿਆਰਦੀ-ਦੁਲਾਰਦੀ। ਸ਼ੈਨਨ ਅਤੇ ਕਿਨਨ ਵੱਡੇ ਸਨ। ਉਨ੍ਹਾਂ ਦੇ ਸਕੂਲ ਦੇ ਕੰਮਾਂ ਵਿਚ ਵੀ ਉਹ ਮਦਦ ਕਰਦੀ।

ਜਰਮਨੀ ਵਿਚ ਵੀ ਉਨ੍ਹਾਂ ਦਾ ਜੀ ਨਾ ਲੱਗਾ। ਉਨ੍ਹਾਂ ਨੂੰ ਮਹਿਸੂਸ ਹੁੰਦਾ ਜਿਵੇਂ ਨਸਲਵਾਦ ਦੀ ਹਨੇਰੀ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਚਿਹਰੇ ਕੁਮਲਾ ਰਹੇ ਹੋਣ। ਹਬੀਬ ਜਦੋਂ ਬੌਸਨੀਆਂ ਵਿਚ ਸੀ ਤਾਂ ਉਸਦੀ ਆਪਣੀ ਕੰਪਨੀ ਸੀ। ਤੇ ਹੁਣ ਉਸਨੂੰ ਕੰਮ ਹੋਰ ਲੋਕਾਂ ਦੇ ਹੇਠਾਂ ਕਰਨਾ ਪੈਂਦਾ ਸੀ। ਜਰਮਨੀ ਵਿਚ ਕੰਮ ਤਾਂ ਮਿਲ ਗਿਆ। ਉਸਦੇ ਚੰਗੇ ਵਿਵਹਾਰ ਕਾਰਨ, ਉਹ ਕੰਮ ਤੇ ਟਿਕਿਆ ਵੀ ਰਿਹਾ। ਉਸਨੂੰ ਅੰਗਰੇਜ਼ੀ ਅਤੇ ਫਰੈਂਚ ਦੀ ਮੁਹਾਰਤ ਬਹੁਤੀ ਨਹੀਂ ਸੀ ਅਤੇ ਜਰਮਨ ਬੋਲੀ ਦਾ ਵੀ ਇਹੋ ਹਾਲ ਸੀ। ਉੱਪਰੋਂ ਲੋਹੜੇ ਦੀ ਮਹਿੰਗਾਈ। ਤਿੰਨਾਂ ਬੱਚਿਆਂ ਦੇ ਨਾਲ਼ ਉਨ੍ਹਾਂ ਦਾ ਗੁਜ਼ਾਰਾ ਨਾ ਹੁੰਦਾ। ਪਿੱਛੋਂ ਲਿਆਂਦਾ ਪੈਸਾ ਵੀ ਉਹ ਵਰਤਣਾ ਨਹੀਂ ਸੀ ਚਾਹੁੰਦੇ। ਉਹ ਚਾਹੁੰਦੇ ਸਨ ਕਿ ਜਿੱਥੇ ਵੀ ਉਹ ਪੱਕੇ ਸੈਟਲ ਹੋਣ ਉੱਥੇ ਉਸ ਨਾਲ਼ ਘਰ ਖਰੀਦ ਸਕਣ।

ਹਬੀਬ ਦਾ ਦੋਸਤ ਕੈਨੇਡਾ ਵਿਚ ਰਹਿੰਦਾ ਸੀ। ਉਸਦੇ ਕਹਿਣ ਤੇ ਉਨ੍ਹਾਂ ਨੇ ਵੀ ਕੈਨੇਡਾ ਦੀ ਇੰਮੀਗਰੇਸ਼ਨ ਵਾਸਤੇ ਅਪਲਾਈ ਕਰ ਦਿੱਤਾ। ਹੋਰ ਕਈ ਰਿਸ਼ਤੇਦਾਰ ਵੀ ਕੈਨੇਡਾ ਰਹਿੰਦੇ ਸਨ। ਕੋਈ ਛੇ-ਅੱਠ ਮਹੀਨੇ ਲੱਗੇ ਵੀਜ਼ਾ ਮਿਲਣ ਵਾਸਤੇ। ਸਦੀ ਦੇ ਬਦਲਦਿਆਂ ਹੀ ਉਹ ਆਪਣਾ ਪਰਿਵਾਰ ਲੈ ਕੇ ਕੈਨੇਡਾ ਦੇ ਓਨਟੈਰੀਓ ਸੂਬੇ ਵਿਚ ਆਣ ਵਸੇ। ਭਾਵੇਂ ਉਹ ਪਹਿਲਾਂ ਓਨਟੈਰੀਓ ਦੇ ”ਬੈਰੀ” ਸ਼ਹਿਰ ਵਿਚ ਪਹੁੰਚੇ ਸਨ। ਬੈਰੀ ਦਾ ਸੁੰਦਰ ਇਲਾਕਾ ਅਤੇ ‘ਜੌਰਜੀਅਨ ਬੇਅ’ ਦਾ ਤੱਟ ਵੀ ਉਨ੍ਹਾਂ ਨੂੰ ਉੱਥੇ ਬੰਨ੍ਹ ਨਾ ਸਕਿਆ। ਉੱਥੇ ਕੰਮ ਦੀ ਘਾਟ ਹੋਣ ਕਾਰਨ ਉਹ ਛੇਤੀਂ ਹੀ ਟੋਰਾਂਟੋ ਦੇ ਲਾਗੇ ‘ਮਿਸੀਸਾਗਾ’ ਦੇ ਅਪਾਰਟਮੈਂਟਾਂ ਵਿਚ ਆਣ ਵਸੇ। ਇੱਥੇ ਹਬੀਬ ਨੂੰ ਕੰਮ ਵੀ ਝੱਟ ਮਿਲ ਗਿਆ। ਵੱਡਾ ਸ਼ੈਨਨ ਵੀ ਸਕੂਲ ਜਾਣ ਦੇ ਨਾਲ਼, ਪਾਰਟ ਟਾਈਮ ਕੰਮ ਕਰਨ ਲੱਗ ਪਿਆ। ਕਿਨਨ ਸਕੂਲ ਜਾਣ ਲੱਗ ਪਿਆ। ਜ਼ਿੰਦਗੀ ਦੀ ਰਫ਼ਤਾਰ ਆਪਣੀ ਤੋਰੇ ਤੁਰ ਪਈ। ਛੋਟਾ ਅਲੀ ਟੱਬਰ ਵਿਚ ਹੋਰ ਵਾਧਾ ਹੋ ਗਿਆ। ਉਸਦੇ ਨਾਲ਼ ਹੀ ਪਿੱਛੋਂ ਲਿਆਂਦੇ ਪੈਸੇ ਨਾਲ਼ ਉਨ੍ਹਾਂ ਨੇ ਘਰ ਵੀ ਖਰੀਦ ਲਿਆ।

ਅਮੀਨਾ ਬੱਚੇ ਪਾਲ਼ਦੀ ਅਤੇ ਹਬੀਬ ਕੰਮ ਕਰਦਾ। ਪਿਛਲਾ ਵਕਤ ਚੇਤੇ ਦੀ ਚੰਗੇਰ ਤੇ ਉੱਭਰਦਾ ਵੀ ਤਾਂ ਉਹ ਭੁਲਾਉਣ ਦੀ ਕੋਸ਼ਿਸ਼ ਕਰਦੇ। ਬੌਸਨੀਆਂ ਤੋਂ ਜਰਮਨੀ ਅਤੇ ਜਰਮਨੀ ਤੋਂ ਕੈਨੇਡਾ ਲਿਆਂਦਾ ਘਰ ਦਾ ਸਮਾਨ ਉਹ ਸਜਾਉਂਦੇ, ਘਰ ਸੰਵਾਰਦੇ। ਕਈ ਵਰ੍ਹੇ ਉਨ੍ਹਾਂ ਦੇ ਜ਼ਿੰਦਗੀ ਨੂੰ ਤੋਰਦਿਆਂ ਬੀਤ ਗਏ। ਅਲੀ ਜਦੋਂ ਸਕੂਲ ਜਾਣ ਲੱਗਾ ਤਾਂ ਅਮੀਨਾ ਵੀ ਕੰਮ ‘ਤੇ ਲੱਗ ਗਈ। ਪਹਿਲਾਂ ‘ਵਾਲਮਾਰਟ’ ਸਟੋਰ ਵਿਚ ਦੋ-ਤਿੰਨ ਕੁ ਸਾਲ ਕੰਮ ਕੀਤਾ ਅਤੇ ਫੇਰ ਹਸਪਤਾਲ ਵਿਚ ਉਸਨੂੰ ਕੰਮ ਮਿਲ ਗਿਆ। ਉਹ ਨਾਲ਼ ਹੀ ਆਪਣੀ ‘ਲਾਅ’ ਦੀ ਪੜ੍ਹਾਈ ਵਿਚ ਧਿਆਨ ਦੇਣ ਲੱਗ ਪਈ। ਰਾਤ ਦੀਆਂ ਸ਼ਿਫ਼ਟਾਂ ਉਸਨੇ ਏਸੇ ਲਈ ਲੈ ਲਈਆਂ ਸਨ ਕਿ ਉਹ ਦਿਨ ਨੂੰ ਜਦੋਂ ਉੱਠਦੀ ਤਾਂ ਕੁਝ ਵਕਤ ਪੜ੍ਹਾਈ ਵਾਸਤੇ ਉਸਨੂੰ ਮਿਲ ਜਾਂਦਾ।

ਵਿਹਲੀ ਹੁੰਦੀ ਤਾਂ ਉਹ ਆਪਣੀ ਪੋਰਚ ਵਿਚ ਬੈਠਦੀ, ਕਿਤਾਬ ਪੜ੍ਹਦੀ। ਆਪਣੀ ਪੜ੍ਹਾਈ ਦਾ ਕੰਮ ਕਰਦੀ। ਆਉਂਦੀ ਜਾਂਦੀ ਦੁਨੀਆਂ ਨੂੰ ਵੀ ਦੇਖਦੀ। ਆਂਢ-ਗੁਆਂਢ ਨਾਲ਼ ਗੱਲਾਂ-ਬਾਤਾਂ ਕਰਦੀ। ਪਰ ਛੁੱਟੀ ਦਾ ਇਕ ਹੋਰ ਨੁਕਸਾਨ ਵੀ ਹੁੰਦਾ। ਉਸ ਦਿਨ ਉਸਦੀਆਂ ਸੋਚਾਂ ਨਾ ਪੜ੍ਹਨ ਵਿਚ ਲਗਦੀਆਂ ਅਤੇ ਨਾ ਹੀ ਕਿਸੇ ਕੰਮ ਵਿਚ। ਬੀਤੇ ਦੀ ਰੀਲ ਉਸਦੇ ਅੰਦਰ ਘੁੰਮਦੀ ਰਹਿੰਦੀ।

ਪਾਣੀ ਦਾ ਖਾਲੀ ਗਲਾਸ ਟੇਬਲ ਉੱਤੇ ਰੱਖਦਿਆਂ ਹੋਇਆ ਅਮੀਨਾ ਦਾ ਧਿਆਨ ਲਿਵਿੰਗ ਰੂਮ ਵਿਚ ਚਲ ਰਹੇ ਟੀ.ਵੀ ਦੀਆਂ ਖ਼ਬਰਾਂ ਵਲ ਮੁੜਿਆ। ਟੋਰਾਂਟੋ ਵਿਚ ਹੋ ਰਹੀ ‘ਜੀ 20′ ਦੀ ਕਾਨਫਰਾਂਸ ਮੋਹਰੇ ਕਿਵੇਂ ਲੋਕਾਂ ਦਾ ਘਿਰਾਓ ਸੀ। ਫਿਰਕੂ ਫਸਾਦੀ ਛੋਕਰੇ ਕਿਵੇਂ ਭੰਨ-ਤੋੜ ਕਰ ਕੇ ਦੁਕਾਨਾਂ ਦੇ ਸ਼ੀਸ਼ੇ ਤੋੜ ਰਹੇ ਸਨ। ਇਕ ਦੂਜੇ ਦੇ ਸੱਟਾਂ ਮਾਰ ਰਹੇ ਸਨ। ਪੁਲੀਸ ਦੀਆਂ ਕਈ ਕਾਰਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਸਨ। ਕਈ ਸੈਂਕੜੇ ਤੀਂਵੀਆਂ-ਆਦਮੀਆਂ ਦੇ ਹੱਥੀਂ ਹੱਥ-ਕੜੀਆਂ ਲੱਗ ਰਹੀਆਂ ਸਨ। ਇਕ ਹੋਰ ਰਿਪੋਰਟਰ ਅਗਲੀ ਖ਼ਬਰ ਦੱਸ ਰਿਹਾ ਸੀ, ਪਾਕਿਸਤਾਨ ਵਿਚ ਵੀ ਬੰਬ ਫਟ ਰਹੇ ਸਨ। ਜ਼ਮੀਨ ਉੱਤੇ ਖ਼ੂਨ ਹੀ ਖ਼ੂਨ ਡੁੱਲਿਆ ਹੋਇਆ ਸੀ। ਉਸ ਤੋਂ ਅਗਲੀ ਖ਼ਬਰ ਕਨੇਡੀਅਨ ਸਿਪਾਹੀ ਦੀਆਂ ਅਸਥੀਆਂ ਅਫ਼ਿਗਾਨਸਤਾਨ ਤੋਂ ਪਰਤ ਰਹੀਆਂ ਸਨ। ਇਕ ਹੋਰ ਜਵਾਨ ਆਪਣੀ ਜਾਨ ਗੁਆ ਬੈਠਾ ਸੀ। ਲੋਕਲ ਖ਼ਬਰਾਂ ਸ਼ੁਰੂ ਹੁੰਦਿਆਂ ਹੀ, ਰਿਪੋਰਟਰ ਦੱਸ ਰਿਹਾ ਸੀ ਕਿ, ਟੋਰਾਂਟੋ ਦੇ ਲਾਗੇ ‘ਮਿਸੀਸਾਗਾ’ ਵਿਚ ਇਕ ਪਿਓ ਅਤੇ ਪੁੱਤਰ ਨੇ ਰਲ਼ ਕੇ ਧੀ ਦਾ ਕਤਲ ਕਰ ਦਿੱਤਾ ਸੀ। ਕਿਉਂਕਿ ਉਨ੍ਹਾਂ ਦੀ ਧੀ ਨੇ ਸਕੂਲ ਜਾਂਦਿਆਂ ਹਿਜਾਬ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਿਓ-ਪੁੱਤਰ ਵਾਸਤੇ ਇਹ ਇੱਜ਼ਤ ਦਾ ਮਸਲਾ ਬਣ ਬੈਠਾ ਸੀ ਕਿ ਕੁੜੀ ਕਨੇਡੀਅਨ ਸਭਿਆਚਾਰ ਦੇ ਪ੍ਰਭਾਵ ਹੇਠਾਂ ਆ ਰਹੀ ਸੀ। ਉਨ੍ਹਾਂ ਨੇ ਕੁੜੀ ਨੂੰ ਰਾਤੋ-ਰਾਤ ਮਾਰ ਦਿੱਤਾ ਸੀ। ਇਹ ਸਭ ਦੇਖਦਿਆਂ-ਸੁਣਦਿਆਂ ਅਮੀਨਾ ਦੇ ਅੰਦਰੋਂ ਅਵਾਜ਼ ਆਈ, ‘ਯਾ-ਖੁਦਾ ਇਹ ਕੀ?’

ਉਸਦੀ ਖਮੋਸ਼ੀ ਵਿਚ ਸੋਚਾਂ ਦਾ ਤਾਂਡਵ ਚੱਲੀ ਜਾ ਰਿਹਾ ਸੀ। ਚੁੱਪ ਵੀ ਜਿਵੇਂ ਉਸਦੇ ਅੰਦਰ ਹੀ ਜੰਮ ਰਹੀ ਸੀ ਤੇ ਸ਼ੈਨਨ ਦੇ ਆਖੇ ਬੋਲ ਉਸਦੇ ਕੰਨਾਂ ਵਿਚ ਹੋਰ ਸ਼ੋਰ ਮਚਾ ਰਹੇ ਸਨ, ”ਹੁਣ ਅਸੀਂ ਠੀਕ ਠਾਕ ਹਾਂ?” ਉਸਨੇ ਕੰਨਾਂ ਉੱਤੇ ਹੱਥ ਧਰ ਲਏ ਜਿਵੇਂ ਉਹ ਕੁਝ ਸੁਣਨਾ ਹੀ ਨਾ ਚਾਹੁੰਦੀ ਹੋਵੇ।

-ਬਲਬੀਰ ਕੌਰ ਸੰਘੇੜਾਅਮੀਨਾ ਨੂੰ ਹਸਪਤਾਲ ਦੇ ਕੰਮ ਤੋਂ ਦਸਾਂ ਦਿਨਾਂ ਬਾਅਦ ਛੁੱਟੀ ਮਿਲੀ ਸੀ। ਉਹ ਵੀ ਪੂਰੇ ਤਿੰਨਾਂ ਦਿਨਾਂ ਦੀ। ਉਸਦੀ ਸ਼ਿਫਟ ਵੀ ਅਹੁੜੀ ਜਿਹੀ ਸੀ। ਰਾਤ ਨੂੰ ਦਸ ਵਜੇ ਕੰਮ ਸ਼ੁਰੂ ਕਰਨਾ ਅਤੇ ਸਵੇਰੇ ਅੱਠ ਵਜੇ ਰਾਹਤ ਮਿਲਣੀ। ਕਦੀ ਉਹ ਇਸ ਸ਼ਿਫਟ ਨੂੰ ਪਸੰਦ ਕਰਦੀ ਅਤੇ ਕਦੀ ਇਸ ਤੋਂ ਅੱਕ-ਥੱਕ ਜਾਂਦੀ। ਉਹ ਜਦੋਂ ਥੱਕੀ-ਟੁੱਟੀ ਘਰ ਵੜਦੀ ਤਾਂ ਦਿਨ ਦੀ ਲੋਅ ਵਿਚ ਉਸਨੂੰ ਨੀਂਦ ਨਾ ਆਉਂਦੀ। ਖਾਸ ਤੌਰ ‘ਤੇ ਗਰਮੀਆਂ ਦੇ ਦਿਨਾਂ ‘ਚ, ਜਦੋਂ ਲੋਹੜੇ ਦੀ ਗਰਮੀ ਪੈਂਦੀ। ਚਮਕਦੀ ਧੁੱਪ ਪਰਦਿਆਂ ਦੇ ਬੰਦ ਕਰਨ ਨਾਲ਼ ਵੀ, ਝੀਥਾਂ ਵਿਚੀਂ ਝਾਤੀਆਂ ਮਾਰਦੀ। ਉਸਦਾ ਉੱਸਲਵੱਟੇ ਲੈਂਦੀ ਦਾ, ਜਿਸਮ ਥੱਕ-ਟੁੱਟ ਜਾਂਦਾ। ਉਹ ਉੱਠਦੀ ਅਤੇ ਕੌਫ਼ੀ ਦੀ ਪਿਆਲੀ ਬਣਾ ਕੇ, ਆਪਣੀ ਸਿਲਵਰ ਦੀ ਟਰੇ ਵਿਚ ਕੌਫ਼ੀ ਪੌਟ ਸਜਾ ਕੇ, ਖੰਡ ਅਤੇ ਦੁੱਧ ਵਾਲੇ ਭਾਂਡੇ ਨਾਲ਼ ਰੱਖਕੇ, ਬਾਹਰ ਪੋਰਚ (ਬਰਾਂਡੇ) ਵਿਚ ਆ ਬੈਠਦੀ। ਗਰਮੀ ਦੀ ਰੁੱਤ ਵਿੱਚ ਵੀ ਉਹ ਗਰਮ ਕੌਫ਼ੀ ਪੀਂਦੀ। ਠੰਡਾ ਪੀਣ ਦੀ ਉਸਦੀ ਆਦਤ ਬਣੀ ਹੀ ਨਾ। ਉਹ ਕਾਲ਼ੀ ਕੌਫ਼ੀ ਦੀਆਂ ਚੁਸਕੀਆਂ ਭਰਦੀ ਤੇ, ਕੋਈ ਰੁਮਕਦੀ ਹਵਾ ਦਾ ਬੁੱਲਾ, ਉਸ ਨਾਲ਼ ਖਰਮਸਤੀ ਕਰਦਾ ਲੰਘ ਜਾਂਦਾ। ਅੰਦਰਲੇ ਹੁੰਮ ਨਾਲ਼ੋਂ ਉਸਨੂੰ ਪੋਰਚ ਵਿੱਚ ਬੈਠਣਾ ਚੰਗਾ-ਚੰਗਾ ਲਗਦਾ। ਇੱਥੇ ਉਹ ਆਉਂਦੀ ਜਾਂਦੀ ਦੁਨੀਆਂ ਨੂੰ ਦੇਖ ਸਕਦੀ ਸੀ। ਪੋਰਚ ਦੇ ਆਲ਼ੇ-ਦੁਆਲ਼ੇ ਉਗਾਏ ਹੋਏ ਫੁੱਲਾਂ ਨੂੰ ਵੀ ਉਹ ਦੇਖਦੀ ਅਤੇ ਉਨ੍ਹਾਂ ਦਾ ਆਨੰਦ ਮਾਣਦੀ। ਉਨ੍ਹਾਂ ਨਾਲ਼ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ, ਜਿਵੇਂ ਉਹ ਉਸਦੇ ਧੀਆਂ-ਪੁੱਤ ਹੋਣ। ਕੋਈ ਆਂਢ-ਗੁਆਂਢ ਦਾ ਬੰਦਾ ਜਦੋਂ ਉਸਨੂੰ ਮਿਲ ਪੈਂਦਾ ਤਾਂ ਉਹ ਉਸ ਨਾਲ਼ ਗੱਲੀਂ-ਬਾਤੀਂ ਰੁੱਝ ਜਾਂਦੀ, ਦੁੱਖ-ਸੁੱਖ ਸੁਣਦੀ ਅਤੇ ਫਰੋਲਦੀ। ਅਮੀਨਾ ਦੀ ਗੁਆਂਢਣ ‘ਮੈਗੀ’ ਆਪਣਾ ਕੁੱਤਾ ਲੈ ਕੇ ਹਰ ਰੋਜ਼ ਤੁਰਨ ਜਾਂਦੀ। ਜਦੋਂ ਵਾਪਿਸ ਪਰਤਦੀ ਤਾਂ ਅਮੀਨਾ ਨਾਲ਼ ਗੱਲੀਂ ਜੁੱਟ ਜਾਂਦੀ। ਕਈ ਵੇਰਾਂ ਗੱਲਾਂ ਕਰਦਿਆਂ ਦੁਪਹਿਰਾ ਹੋ ਜਾਂਦਾ। ਫੇਰ ਕੋਈ ਹੋਰ ਗੁਆਂਢਣ ਆ ਟਪਕਦੀ ਤੇ ਉਨ੍ਹਾਂ ਦੀਆਂ ਜਿਵੇਂ ਗੱਲਾਂ ਨਾ ਮੁੱਕਦੀਆਂ। ਅਮੀਨਾ ਗੱਲਾਂ ਕਰਦੀ-ਕਰਦੀ ਕਦੀ ਜੰਗਲੇ ਕੋਲ ਆਣ ਖੜ੍ਹਦੀ ਅਤੇ ਕਦੀ ਆਪਣੀ ਕੁਰਸੀ ‘ਚ ਆ ਬੈਠਦੀ।

-ਬਲਬੀਰ ਕੌਰ ਸੰਘੇੜਾ
 
Top