ਕਾਲੀ ਤੇਰੀ ਗੁੱਤ ਤੇ ਪਰਾਂਦਾ…………

[JUGRAJ SINGH]

Prime VIP
Staff member
ਪੰਜਾਬੀ ਮੁਟਿਆਰ ਦੀ ਸੁੰਦਰਤਾ ਦਾ ਸ਼ਿੰਗਾਰ ਹੈ, ਪਰਾਂਦਾ। ਪੰਜਾਬੀ ਮੁਟਿਆਰਾਂ ਦੇ ਲੰਬੇ ਵਾਲ ਉਹਨਾਂ ਦੀ ਸੁੰਦਰਤਾ ਨੂੰ ਹੋਰ ਵੀ ਅਕਾਰਸ਼ਤ ਕਰਦੇ ਹਨ। ਵਾਲ ਜਿੱਥੇ ਔਰਤ ਦੇ ਸਹੁਪਣ ਨੂੰ ਚਾਰ ਚੰਨ ਲਗਾਉਂਦੇ ਹਨ, ਉੱਥੇ ਪਰਾਂਦਾ ਉਸ ਨੂੰ ਪੰਜਾਬਣ ਹੋਣ ਦਾ ਮਾਣ ਵੀ ਦਿਵਾਉਂਦਾ ਹੈ। ਜੇਕਰ ਮੁਟਿਆਰ ਦਾ ਕੱਦ ਸਰੁ ਵਰਗਾ, ਗੋਰਾ ਰੰਗ ਅਤੇ ਪੈਰੀ ਮੁਲਤਾਨੀ ਜੁੱਤੀ ਤੇ ਗੁੱਤ ਵਿੱਚ ਲਾਲ ਪਰਾਂਦਾ ਪਾਇਆ ਹੋਵੇ, ਇੱਕ ਗੀਤਕਾਰ ਦੀ ਕਲਮ ਤਾਂ ਇੰਝ ਲਿਖਣੋ ਰਹਿ ਨਹੀਂ ਸਕਦੀ:-

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ,
ਰੂਪ ਦੀਏ ਰਾਣੀਏ ਰੁਪ ਨੂੰ ਸੰਭਾਲ ਨੀ।


hair-decorating-accessory.jpg
ਪਰਾਂਦੇ ਦੀ ਬਣਤਰ ਰੇਸ਼ਮੀ ਧਾਗੇ ਅਤੇ ਸੂਤੀ ਧਾਗੇ ਦੇ ਨਾਲ ਵੱਖ-ਵੱਖ ਰੰਗਾਂ ਦੇ ਧਾਗੇ ਵਰਤ ਕੇ ਕੀਤੀ ਜਾਂਦੀ ਹੈ। ਪਰਾਂਦੇ ਦੇ ਕਈ ਰੰਗ ਹੁੰਦੇ ਹਨ, ਪਰੰਤੂ ਲਾਲ ਰੰਗ ਦਾ ਪਰਾਂਦਾ ਕਾਫ਼ੀ ਚਰਚਿਤ ਹੈ।ਪਰਾਂਦਾ ਪੰਜਾਬ ਵਿੱਚ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਆਦਿ ਖੇਤਰਾਂ ਵਿੱਚ ਮਹੱਤਤਾ ਰੱਖਦਾ ਹੈ। ਇਹ ਜਿਆਦਾ ਤਰ ਇੰਨ੍ਹਾਂ ਹੀ ਜਿਲਿਆਂ ਦੀ ਪਦਾਇਸ਼ ਹੈ। ਪਰਾਂਦਾ ਸ਼ਹਿਰਾ ਨਾਲੋਂ ਪੇਂਡੂ ਇਲਾਕਿਆਂ ਵਿੱਚ ਜਿਆਦਾ ਵਰਤੋਂ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਪੰਜਾਬੀ ਸਲਵਾਰ ਕਮੀਜ਼, ਮੁਲਤਾਨੀ ਜੁੱਤੀ ਸ਼ਿੰਗਾਰ ਦਾ ਪਹਿਰਾਵਾ ਹੈ। ਉਸੇ ਤਰ੍ਹਾਂ ਪਰਾਂਦਾ ਵਾਲਾ ਨੂੰ ਸ਼ਿਗਾਰਨ ਵਾਲੀ ਇੱਕ ਡੋਰੀ ਹੈ, ਪਰਾਂਦਾ। ਇਹ ਵਿਆਹ ਸਮੇਂ ਅਕਸਰ ਕੁੜੀਆਂ ਪਹਿਣਦੀਆਂ ਹਨ ਤੇ ਫਿਰ ਗਿੱਧੇ ਵਿੱਚ ਬੋਲੀ ਪਾਉਂਦੀਆਂ ਹਨ:-

ਕਾਲੇ ਰੰਗ ਦਾ ਪਰਾਂਦਾ ਮੇਰੇ ਸਜਣਾ ਲਿਆਂਦਾ,
ਨੀ ਮੈਂ ਚੁੰਮ- ਚੁੰਮ ਰੱਖਦੀ ਫਿਰਾਂ।
ਨੀ ਮੈਂ ਪੱਬਾਂ ਭਾਰ ਨੱਚਦੀ ਫਿਰਾਂ,
ਨੀ ਮੈਂ ਪੱਬਾਂ ਭਾਰ …………।


ਪਰਾਂਦੇ ਹੋਰ ਵੀ ਸੋਹਣੇ ਲੱਗਦੇ ਹਨ, ਜਦੋਂ ਪਰਾਂਦੇ ਤੇ ਸ਼ੀਸੇ ਜਾਂ ਫਿਰ ਮੋਤੀ, ਮਣਕੇ ਲੱਗੇ ਹੋਣ। ਪਰਾਂਦਾ ਸਗਨਾਂ ਦੇ ਰੂਪ ਵਿੱਚ ਲੜਕੀ ਨੂੰ ਭੇਜਿਆ ਵੀ ਜਾਂਦਾ ਹੈ।ਪਿਆਰ ਦੀ ਨਿਸ਼ਾਨੀ ਵੀ ਹੈ, ਪਰਾਂਦਾ ਜਦੋਂ ਕਿਸੇ ਮੁਟਿਆਰ ਨੂੰ ਕਿਸੇ ਇਨਸਾਨ ਨਾਲ ਪਿਆਰ ਹੋ ਜਾਵੇ ਤਾਂ ਫਿਰ ਉਹ ਖ਼ੁਸ਼ੀ ਖੀਵੀ ਹੋਈ ਮਸਤੀ ਵਿੱਚ ਇੰਝ ਕਹਿੰਦੀ ਹੈ:-

ਜੁਲਫ਼ ਤੇ ਕੁੰਢਲਾਂ ਲਾਲ ਪਰਾਂਦਾ, ਹਰ ਵੇਲੇ ਕਹਿੰਦਾ,
ਬਾਬੂ ਜੀ ਮੈਨੂੰ ਪਿਆਰ ਹੋ ਗਿਆ….।


ਗਿੱਧੇ ਅਤੇ ਭੰਗੜੇ ਦਾ ਸ਼ਿੰਗਾਰ ਵੀ ਹੈ, ਪਰਾਂਦਾ। ਅਕਸਰ ਕਈ ਲੋਕ ਬੋਲੀਆਂ ਵਿੱਚ ਇਸ ਦਾ ਜਿਕਰ ਹੁੰਦਾ ਹੈ, ਜੇਕਰ ਗਿੱਧਾ ਪਾਉਂਦੀਆਂ ਮੁਟਿਆਰਾਂ ਦੀ ਟੋਲੀ ਨੂੰ ਸੁਣਿਆ ਜਾਵੇ ਤਾਂ ਗਿੱਧਾ ਅਧੂਰਾ ਹੋਵੇਗਾ ਜੇਕਰ ਬੋਲੀਕਾਰ ਨੇ ਬੋਲੀ ਵਿੱਚ ਪਰਾਂਦਾ ਬਾਰੇ ਬੜੇ ਸੁੰਦਰ ਸ਼ਬਦਾਂ ਵਿੱਚ ਪਰਾਂਦੇ ਦਾ ਜਿਕਰ ਨਾ ਕੀਤਾ ਹੋਵੇ:-

ਬੋਲੀ ਪਾ ਕੇ ਜਦੋਂ ਮੈਂ ਗਿੱਧੇ ਵਿੱਚ ਦਿੱਤਾ ਗੇੜਾ,
ਅੱਡੀ ਦੀ ਧਮਕ ਨਾਲ ਹਿਲਾ ਦਿੱਤਾ ਵਿਹੜਾ।
ਮੇਰੇ ਗੋਰੇ ਪੈਰਾਂ ਵਿੱਚ ਨੱਚਦਾ ਭੁਚਾਲ ਵੇ,
ਨਹੀਂ ਖੁੱਲਦਾ ਗੱਭਰੂਆ ਗੁੰਦਿਆ ਪਰਾਂਦਾ ਰੀਝਾਂ ਨਾਲ ਵੇ।


ਜਦ ਕੋਈ ਗੱਭਰੂ ਆਪਣੇ ਹਾਣ ਦੀ ਮੁਟਿਆਰ ਨੂੰ ਪਿਆਰ ਜਿਤਾਉਂਦਾ ਹੋਇਆ, ਉਸਦੇ ਪਰਾਂਦੇ ਦੀ ਤਰੀਫ਼ ਕਰਦਾ ਹੋਇਆ ਇੰਝ ਬੋਲੀ ਪਾਉਂਦਾ ਹੈ:-

ਤੇਰੀ ਗੁੱਤ ਦਾ ਪਰਾਂਦਾ ਭੁੰਜੇ ਡਿੱਗਿਆ,
ਨੀ ਸੱਪ ਵਾਂਗੂ ਵਲ ਪਿਆ ਖਾਂਵਦਾ


ਅੱਗੋ ਮੁਟਿਆਰ ਵਲੋਂ ਪਿਆਰ ਅਤੇ ਮਜਾਕ ਭਰੇ ਲਹਿਜੇ ਵਿੱਚ ਬੋਲੀ ਦਾ ਜਵਾਬ ਇੰਝ ਦਿੱਤਾ ਜਾਂਦਾ ਹੈ:-
ਮੇਰੇ ਹੱਥ ਚੁੱਕ ਕੇ ਫੜਾਦੇ ਵੇ, ਤੈਨੂੰ ਕਿਹੜੀ ਵਲੋਂ ਡਰ ਆਂਵਦਾ.........।

ਪੰਜਾਬ ਦੀ ਸ਼ਾਨ ਇਸ ਪਰਾਂਦੇ ਦੀ ਸ਼ਾਨੋ ਸੌਕਤ ਅੱਜ ਵੀ ਪੰਜਾਬੀ ਮੁਟਿਆਰਾਂ ਦੀ ਸੁੰਦਰਤਾ ਨੂੰ ਨਿਖ਼ਾਰ ਦਿੰਦੀ ਹੈ, ਜਦ ਉਹ ਪਰਾਂਦਾ ਪਾ ਕੇ ਆਉਂਦੀ ਹੈ। ਭਾਵੇ ਪੱਛਮੀ ਪਹਿਰਾਵੇ ਦੀ ਨਕਲ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕਾਫੀ ਬਦਲਾਵ ਆਇਆ ਹੈ, ਪਰੰਤੂ ਫਿਰ ਵੀ ਪਰਾਂਦਾ ਅਜੇ ਵੀ ਜੀਵਤ ਹੈ। ਪ੍ਰਮਾਤਮਾਂ ਕਰੇ ਸਾਡੀਆਂ ਮੁਟਿਆਰਾਂ ਆਪਣੇ ਵਾਲਾਂ ਅਤੇ ਪਰਾਂਦੇ ਨੂੰ ਸੰਭਾਲ ਕੇ ਰੱਖਣ ਕਿੱਤੇ ਇੰਝ ਨਾ ਹੋਵੇ:-
ਟੰਗੇ ਰਹਿੰਦੇ ਕਿੱਲੀਆਂ ਨਾਲ ਪਰਾਂਦੇ ਜਿੰਨ੍ਹਾਂ ਦੇ ਰਾਤੀ…………….।
[/img][/I]
 
Top