ਬਿਰਹਾ ਦਾ ਸੁਲਤਾਨ- ਪਰਮਜੀਤ ਸਿੰਘ ਬਟਾਲਵੀ

Jaswinder Singh Baidwan

Akhran da mureed
Staff member
ਬਿਰਹਾ ਦਾ ਸੁਲਤਾਨ- ਪਰਮਜੀਤ ਸਿੰਘ ਬਟਾਲਵੀ

ਵਿਛੋੜੇ ਦੀ ਤੜਪ, ਬਿਰਹਾ ਦੀ ਅਗਨ ਅਤੇ ਇਕਲਾਪੇ ਦੀ ਪੀੜ ਨਾਲ ਉਮਰ ਭਰ ਸਹਿਕਦਾ ਰਹਿਣ ਵਾਲਾ ਸ਼ਿਵ ਪੰਜਾਬੀ ਦਾ ਸਭ ਤੋਂ ਲਾਡਲਾ ਤੇ ਸਭ ਤੋਂ ਵੱਧ ਪ੍ਰਸਿੱਧੀ ਖੱਟਣ ਵਾਲਾ ਸ਼ਾਇਰ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਹ ਇਸ਼ਕੇ ਦੀ ਸੱਟ ਖਾਧਾ ਸ਼ਾਇਰ ਸੀ। ਉਹ ਆਖਰੀ ਸਾਹ ਤਕ ਆਪਣੀ ਉਸ ਮਹਿਬੂਬਾ ਨੂੰ ਤਲਾਸ਼ਦਾ, ਲੋਚਦਾ ਤੇ ਉਡੀਕਦਾ ਰਿਹਾ ਜੋ ਉਸ ਦੀ ਉਜਾੜ, ਬੀਆਬਾਨ ਅਤੇ ਕੰਡਿਆਲੀਆਂ ਥੋਰ੍ਹਾਂ ਨਾਲ ਭਰੀ ਜ਼ਿੰਦਗੀ ਵਿਚ ਮੁੜ ਮੁਹੱਬਤ ਦਾ ਕੋਈ ਫੁੱਲ ਖਿੜਾ ਦੇਵੇ ਪਰ ਅਫਸੋਸ ਕਿ ਉਸ ਦੀ ਇਹ ਹਸਰਤ ਪੂਰੀ ਨਾ ਹੋ ਸਕੀ ਤੇ ਅਖੀਰ ਮੌਤ ਹੀ ਉਸ ਦੀ ਮਹਿਬੂਬਾ ਹੋ ਨਿੱਬੜੀ ਅਤੇ ਉਸ ਨੇ ਸ਼ਿਵ ਨੂੰ ਆਪਣੀ ਆਗੋਸ਼ ਵਿਚ ਲੈ ਕੇ ਸਭ ਦੁੱਖਾਂ ਅਤੇ ਸਭ ਪੀੜਾਂ ਤੋਂ ਮੁਕਤ ਕਰ ਦਿੱਤਾ। ਮੌਤ ਦੇ ਗਲ ਲੱਗਣ ਨੂੰ ਤਰਸਦੇ ਸ਼ਿਵ ਨੇ ਆਪ ਹੀ ਕਿਹਾ ਸੀ:
‘‘ਆ ਮੌਤੇ ਨੀ ਲੈ ਜਾ ਮੈਨੂੰ
ਨਿਰਾਸ਼ ਹੋ ਕੇ ਕਿਉਂ ਮੁੜ ਚੱਲੀ ਏਂ।’’

ਪੰਜਾਬੀ ਮਾਂ ਬੋਲੀ ਦੇ ਇਸ ਸਿਰਮੌਰ ਸ਼ਾਇਰ ਸ਼ਿਵ ਬਟਾਲਵੀ ਦਾ ਜਨਮ 23 ਜੁਲਾਈ, 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਵਿਚ ਵਗਦੀ ਬਸੰਤਰ ਨਦੀ ਦੇ ਕੰਢੇ ’ਤੇ ਵੱਸੇ ਪਿੰਡ ਲੋਹੱਟੀਆਂ ਦੇ ਵਸਨੀਕ ਪੰਡਤ ਕਿਸ਼ਨ ਗੋਪਾਲ ਦੇ ਘਰ ਹੋਇਆ ਸੀ। ਆਪਣੇ ਦੋ ਭਰਾਵਾਂ ਤੇ ਤਿੰਨ ਭੈਣਾਂ ਵਿਚੋਂ ਉਹ ਮਾਂ ਸ਼ਾਂਤੀ ਦੇਵੀ ਦਾ ਸਭ ਤੋਂ ਲਾਡਲਾ ਬਾਲ ਸੀ। ਉਸ ਦਾ ਨਾਂ ‘ਸ਼ਿਵ’ ਵੀ ਉਸ ਦੀ ਮਾਂ ਨੇ ਹੀ ਰੱਖਿਆ ਸੀ। ਮਾਂ ਵਿਚਾਰੀ ਨੂੰ ਕੀ ਪਤਾ ਸੀ ਕਿ ਜਿਵੇਂ ਭਗਵਾਨ ਸ਼ਿਵ ਨੂੰ ਸਾਗਰ ਮੰਥਨ ’ਚੋਂ ਉਪਜਿਆ ਸਾਰਾ ਜ਼ਹਿਰ ਇਕੱਲਿਆਂ ਹੀ ਪੀਣਾ ਪਿਆ ਸੀ ਉਸੇ ਤਰ੍ਹਾਂ ਹੀ ਸ਼ਿਵ ਬਟਾਲਵੀ ਨੂੰ ਵੀ ਹਿਜਰਾਂ ਦੇ ਜ਼ਹਿਰ ਨਾਲ ਨੱਕੋ ਨੱਕ ਭਰਿਆ ਪਿਆਲਾ ਇਕੱਲਿਆਂ ਹੀ ਪੀਣਾ ਪਵੇਗਾ ਤੇ ਫਿਰ ਤਾ-ਉਮਰ (ਉਮਰ ਭਰ) ਤਿਲ-ਤਿਲ ਕਰਕੇ ਮਰਨਾ ਪਵੇਗਾ। ਪੜ੍ਹਾਈ ਵਿਚ ਹੁਸ਼ਿਆਰ ਸ਼ਿਵ ਨੇ ਚੌਥੀ ਜਮਾਤ ਵਿਚ ਵਜ਼ੀਫਾ ਵੀ ਜਿੱਤਿਆ ਤੇ ਅੱਗੇ ਵੀ ਪੜ੍ਹਿਆ ਪਰ ਪਤਾ ਨਹੀਂ ਕਿਵੇਂ ਉਸ ਨੂੰ ਨਿੱਕੜੀ ਉਮਰੇ ਹੀ ਇਸ਼ਕ ਦਾ ਅਵੱਲੜਾ ਰੋਗ ਲੱਗ ਗਿਆ। ਉਸ ਦੀ ਜ਼ਿੰਦਗੀ ’ਚ ‘ਕਿੱਛੀ’ ਨਾਂ ਦੀ ਕੁੜੀ ਆ ਗਈ ਤੇ ਉਸ ਨਾਲ ਠੀਕਰੀਆਂ ਦੀ ਖੇਡ ਖੇਡਦਾ-ਖੇਡਦਾ ਸ਼ਿਵ ਦਿਲਾਂ ਦੀ ਸਾਂਝ ਪਾ ਬੈਠਾ। ਫਿਰ ਇਕ ਦਿਨ ਆਪਣੇ ਤੋਂ ਬਾਰ੍ਹਾਂ ਵਰ੍ਹੇ ਵੱਡੀ ‘ਵੀਰੋ’ ਨਾਲ ਉਸ ਦਾ ਮੋਹ ਪੈ ਗਿਆ ਤੇ ਉਸ ਦੀ ਇਕ ਝਲਕ ਨੂੰ ਤੱਕਣ ਲਈ ਉਹ ਸਾਰਾ-ਸਾਰਾ ਦਿਨ ਉਡੀਕਦਾ ਰਹਿੰਦਾ। ਪੜ੍ਹਾਈ ਵਿਚੋਂ ਉਸ ਦੀ ਦਿਲਚਸਪੀ ਘਟਦੀ ਗਈ ਤੇ ਉਹ ਮੇਲਿਆਂ, ਰਾਸਾਂ ਤੇ ਤਮਾਸ਼ਿਆਂ ਦਾ ਸ਼ੌਕੀਨ ਹੋ ਗਿਆ। ਸਾਰਾ ਦਿਨ ਬਾਹਰ ਘੁੰਮਣ-ਫਿਰਨ ਤੋਂ ਮਗਰੋਂ ਤਰਕਾਲਾਂ ਢਲਣ ਪਿੱਛੋਂ ਉਹ ਘਰ ਮੁੜਦਾ ਤੇ ਬਾਪ ਕੋਲੋਂ ਝਿੜਕਾਂ ਖਾਂਦਾ।
‘ਕਿੱਛੀ’ ਅਤੇ ‘ਵੀਰੋ’ ਪ੍ਰਤੀ ਉਸ ਦਾ ਮੋਹ ਬਾਲ ਵਰ੍ਹੇਸ ਵਿਚ ਉਪਜਿਆ ਖੂਬਸੂਰਤੀ ਪ੍ਰਤੀ ਆਕਰਸ਼ਣ ਸੀ। ਇਸ਼ਕੇ ਦਾ ਅਸਲ ਤੀਰ ਉਸ ਦੇ ਸੀਨੇ ਦੇ ਆਰਪਾਰ ਉਦੋਂ ਧੱਸਿਆ ਜਦ ਬੈਜਨਾਥ (ਹਿਮਾਚਲ ਪ੍ਰਦੇਸ਼) ਦੇ ਮੇਲੇ ਵਿਚ ਉਸ ਨੂੰ ‘ਮੀਨਾ’ ਨਾਂ ਦੀ ਇਕ ਕੁੜੀ ਮਿਲੀ। ਉਹ ਕਿੰਨਾ ਹੀ ਚਿਰ ਉਸ ਨੂੰ ਤੱਕਦਾ ਰਿਹਾ ਤੇ ਉਹ ਵੀ ਚਿਰੋਕਣੇ ਚਿਰ ਤਾਈਂ ਅੱਖ ਨਾ ਝਪਕ ਸਕੀ। ਪਹਿਲੀ ਨਜ਼ਰ ਦਾ ਪਿਆਰ ਕੱਚੀ ਤੰਦ ਵਾਲਾ ਨਾ ਨਿਕਲਿਆ ਤੇ ਪਿਆਰ ਦੀਆਂ ਗੰਢਾਂ ਦਿਨੋ-ਦਿਨ ਪੀਢੀਆਂ ਹੁੰਦੀਆਂ ਗਈਆਂ। ਖ਼ਤੋ-ਕਿਤਾਬਤ ਹੋਣ ਲੱਗ ਪਈ ਤੇ ਉਮਰਾਂ ਦੀ ਸਾਂਝ ਦੇ ਵਾਅਦੇ ਹੋਣ ਲੱਗ ਪਏ…ਪਰ ਸ਼ਿਵ ਨੇ ਤਾਂ ‘ਬਿਰਹਾ ਦਾ ਸੁਲਤਾਨ’ ਬਣਨਾ ਸੀ, ਉਸ ਦਾ ਇਸ਼ਕ ਭਲਾ ਕਿੰਜ ਪ੍ਰਵਾਨ ਚੜ੍ਹ ਸਕਦਾ ਸੀ? ਹੱਸਦੀ-ਖੇਡਦੀ ਮੀਨਾ ਨੂੰ ਇਕ ਦਿਨ ਮਿਆਦੀ ਬੁਖ਼ਾਰ ਨੇ ਆ ਘੇਰਿਆ ਤੇ ਸ਼ਿਵ ਨੂੰ ਉਮਰ ਭਰ ਦਾ ਗ਼ਮ ਦੇ ਕੇ ਉਹ ਕੁਝ ਦਿਨਾਂ ਮਗਰੋਂ ਇਸ ਜਹਾਨ ਤੋਂ ਸਦਾ ਲਈ ਟੁਰ ਗਈ। ਸ਼ਿਵ ਦੇ ਕਾਲਜੇ ਦਾ ਰੁੱਗ ਭਰਿਆ ਗਿਆ। ਉਹ ਤਿੜਕ ਗਿਆ, ਉਹ ਟੁੱਟ ਗਿਆ। ਖੁਸ਼ੀਆਂ ਤੇ ਹਾਸੇ ਉਸ ਦੀ ਜ਼ਿੰਦਗੀ ’ਚੋਂ ਸਦਾ ਲਈ ਮਨਫੀ ਹੋ ਗਏ ਅਤੇ ਗ਼ਮ ਉਸ ਦੇ ਅਜਿਹੇ ਸਾਥੀ ਹੋ ਨਿੱਬੜੇ ਜਿਨ੍ਹਾਂ ਨੇ ਅੰਤਲੇ ਸਾਹਾਂ ਤਕ ਉਸ ਦਾ ਸਾਥ ਨਿਭਾਇਆ। ਉਸ ਨੇ ਲਿਖਿਆ ਸੀ:

‘‘ਤਾਪ ਤ੍ਰਈਏ ਫ਼ਿਕਰਾਂ ਦੇ ਨੇ
ਮਾਰ ਮੁਕਾਈ ਜ਼ਿੰਦੜੀ ਨੀ
ਲੂਸ ਗਿਆ ਹਰ ਹਸਰਤ ਮੇਰੀ
ਲੱਗਿਆ ਹਿਜਰ ਚੁਮਾਸਾ ਨੀ।’’

ਸੰਨ 1949 ਵਿਚ ਸ਼ਿਵ ਦਾ ਪਿਤਾ ਜੋ ਕਿ ਕਿੱਤੇ ਪੱਖੋਂ ਪਟਵਾਰੀ ਸੀ ਦੀ ਬਦਲੀ ਬਟਾਲਾ ਵਿਖੇ ਹੋ ਗਈ ਤੇ ਸ਼ਿਵ ਪਰਿਵਾਰ ਸਮੇਤ ਇੱਥੇ ਆ ਕੇ ਰਹਿਣ ਲੱਗ ਪਿਆ। ਸ਼ਾਇਰੀ ਦੀ ਚੇਟਕ ਤਾਂ ਸ਼ਿਵ ਨੂੰ ਅੱਲ੍ਹੜ ਵਰ੍ਹੇਸ ਵਿਚ ਹੀ ਲੱਗ ਚੁੱਕੀ ਸੀ ਤੇ ਇੱਥੇ ਆ ਕੇ ਉਸ ਨੇ ਬਟਾਲਾ ਸ਼ਹਿਰ ਦੇ ਨਾਮਵਰ ਸ਼ਾਇਰ ਪੰਡਤ ਬਰਕਤ ਰਾਮ ‘ਯੁਮਨ’ ਨੂੰ ਆਪਣਾ ਉਸਤਾਦ ਧਾਰ ਲਿਆ।
ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀਂ ਪਾਸ ਕਰਨ ਉਪਰੰਤ ਪਿਤਾ ਦੇ ਅਸਰ ਰਸੂਖ ਸਦਕਾ ਸ਼ਿਵ ਨੂੰ ਪਟਵਾਰੀ ਦੀ ਨੌਕਰੀ ਮਿਲ ਤਾਂ ਗਈ ਪਰ ਕੋਈ ਦੱਸੇ ਕਿ ਟੁੱਟੇ ਦਿਲ, ਜ਼ਖ਼ਮੀ ਰੂਹ ਅਤੇ ਵਲੂੰਧਰੀਆਂ ਖਾਹਿਸ਼ਾਂ ਵਾਲਾ ਸ਼ਿਵ ਭਲਾ ਜ਼ਮੀਨ ਦੀਆਂ ਗਿਣਤੀਆਂ-ਮਿਣਤੀਆਂ ਕਿੰਨਾ ਕੁ ਚਿਰ ਕਰ ਸਕਦਾ ਸੀ? ਉਹ ਆਖਦਾ:
‘‘ਰੋਜ਼ ਉਦਾਸ ਸੂਰਜ ਨਦੀਏ ਡੁੱਬ ਕੇ ਮਰਦਾ ਹੈ
ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ।’’
ਉਸ ਨੇ ਪਟਵਾਰੀ ਦੀ ਨੌਕਰੀ ਛੱਡ ਦਿੱਤੀ ਤੇ ਸਰਕਾਰੀ ਕਾਲਜ ਨਾਭਾ ਵਿਖੇ ਜਾ ਕੇ ‘ਪ੍ਰੈਪ’ ਵਿਚ ਦਾਖਲਾ ਲੈ ਲਿਆ। ਇੱਥੇ ਉਹ ਇਕ ਮਸਤਮੌਲਾ ਸ਼ਾਇਰ ਵਜੋਂ ਮਕਬੂਲ ਹੋ ਗਿਆ ਤੇ ਛੇਤੀ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਉਸ ਨੂੰ ਸ਼ੁਹਰਤ ਬੇਸ਼ੁਮਾਰ ਮਿਲੀ ਪਰ ਦਿਲ ਦਾ ਸਕੂਨ ਨਾ ਮਿਲ ਸਕਿਆ ਤੇ ਉਹ ਪੜ੍ਹਾਈ ਅਧਵਾਟਿਉਂ ਹੀ ਛੱਡ ਕੇ ਇੱਥੋਂ ਵੀ ਚਲਾ ਗਿਆ। ਦਰਅਸਲ ਉਹ ਆਪਣੀ ਵਿਛੜੀ ਮਹਿਬੂਬਾ ਨੂੰ ਤਲਾਸ਼ਦਾ ਫਿਰਦਾ ਸੀ ਤੇ ਦਰ-ਬ-ਦਰ ਭਟਕਦਿਆਂ ਫਿਰਦਿਆਂ ਗਾਉਂਦਾ ਫਿਰਦਾ ਸੀ:
ਇਕ ਕੁੜੀ ਜਿਦ੍ਹਾ ਨਾਮ ਮੁਹੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ
ਸਾਦ ਮੁਰਾਦੀ ਸੋਹਣੀ ਫੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ।
ਸ਼ਿਵ ਨੂੰ ਦੁਨਿਆਵੀ ਬੰਧਨਾਂ ’ਚ ਬੰਨ੍ਹਣ ਲਈ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਧਰ ਦਿੱਤਾ। ਮਾਧੋਪੁਰ ਨੇੜੇ ਰਾਵੀ ਬੇਟ ਦੇ ਇਲਾਕੇ ਵਿਚ ਬੜੇ ਹੀ ਖੂਬਸੂਰਤ ਪਿੰਡ ‘ਮੰਗਿਆਲ’ ਦੀ ਇਕ ਸੋਹਣੀ ਜਹੀ ਮੁਟਿਆਰ ‘ਅਰੁਣਾ’ ਨਾਲ ਸ਼ਿਵ ਦਾ ਵਿਆਹ ਹੋ ਗਿਆ ਤੇ ਕਈ ਵਰ੍ਹਿਆਂ ਬਾਅਦ ਉਸ ਦੇ ਮੂੰਹ ’ਤੇ ਖੁਸ਼ੀ ਵਿਖਾਈ ਦਿੱਤੀ ਕਿਉਂਕਿ ਮੰਗਿਆਲ ਉਹੀ ਪਿੰਡ ਸੀ ਜਿੱਥੇ ਮੁਸ਼ਾਇਰਿਆਂ ’ਚ ਸ਼ਿਰਕਤ ਕਰਨ ਉਹ ਅਕਸਰ ਆਇਆ ਕਰਦਾ ਸੀ ਤੇ ਮੁਸ਼ਾਇਰਾ ਹੀ ਲੁੱਟ ਲਿਆ ਕਰਦਾ ਸੀ।
ਵਿਆਹ ਪਿੱਛੋਂ ਸ਼ਿਵ, ਅਰੁਣਾ ਨੂੰ ਲੈ ਕੇ ਬਟਾਲਾ ਵਿਖੇ ਸਥਿਤ ਆਪਣੇ ਜੱਦੀ ਘਰ ’ਚ ਰਹਿਣ ਲੱਗ ਪਿਆ ਤੇ ਸ਼ਾਇਰੀ ਰਚਣ ਲੱਗ ਪਿਆ। ‘ਪੀੜਾਂ ਦਾ ਪਰਾਗਾ’ ਤੋਂ ਲੈ ਕੇ ‘ਮੈਂ ਤੇ ਮੈਂ’ ਤਕ ਦੇ ਕਾਵਿ ਸੰਗ੍ਰਹਿ ਉਸ ਨੇ ਇੱਥੇ ਹੀ ਰਚੇ ਤੇ ਉਸ ਦੀ ਸ਼ਾਹਕਾਰ ਰਚਨਾ ‘ਲੂਣਾ’ ਦਾ ਜਨਮ ਵੀ ਇੱਥੇ ਹੀ ਹੋਇਆ। ਲੂਣਾ ਦਾ ਪੱਖ ਲੈਂਦਿਆਂ ਤੇ ਸਮਾਜ ਦੇ ਮੂੰਹ ’ਤੇ ਕਰਾਰੀ ਚਪੇੜ ਮਾਰਦਿਆਂ ਉਸ ਨੇ ਠੀਕ ਹੀ ਲਿਖਿਆ ਸੀ:
‘‘ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ।’’

ਫਿਰ ਇਕ ਦਿਨ ਬਟਾਲਾ ਸ਼ਹਿਰ ਛੱਡ ਕੇ ਸ਼ਿਵ ਚੰਡੀਗੜ੍ਹ ਚਲਾ ਗਿਆ ਪਰ ‘ਪੱਥਰਾਂ’ ਦੇ ਇਸ ਸ਼ਹਿਰ ਵਿਚ ਉਸ ਨੂੰ ਨਫ਼ਰਤ, ਈਰਖਾ ਤੇ ਸਾੜੇ ਤੋਂ ਸਿਵਾਇ ਕੁਝ ਨਾ ਮਿਲਿਆ। ਉਹ ਇੱਥੇ ਮਕਬੂਲ ਜ਼ਰੂਰ ਰਿਹਾ ਪਰ ਰਿਹਾ ਬੇਚੈਨ ਹੀ। ਇੱਥੇ ਵੀ ਉਹ ਬਹੁਤਾ ਚਿਰ ਨਾ ਟਿਕਿਆ ਤੇ ਭਟਕਦੀ ਰੂਹ ਲੈ ਕੇ ਮਈ, 1972 ਨੂੰ ਇੰਗਲੈਂਡ ਚਲਾ ਗਿਆ। ਆਪਣੀ ਭਟਕਣ ਬਿਆਨਦਿਆਂ ਉਸ ਕਿਹਾ ਸੀ:
‘‘ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਹਾ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ।’’

ਕੁਝ ਚਿਰ ਇੰਗਲੈਂਡ ’ਚ ਰਹਿ ਕੇ ਉਹ ਵਾਪਸ ਬਟਾਲਾ ਆ ਗਿਆ ਜਿੱਥੇ ਜ਼ਿਆਦਾ ਸ਼ਰਾਬ ਅਤੇ ਸਿਗਰਟ ਪੀਣ ਕਰਕੇ ਉਸ ਦੀ ਹਾਲਤ ਕਾਫੀ ਵਿਗੜ ਗਈ ਤੇ ਫਿਰ ਇਕ ਦਿਨ ਅਰੁਣਾ ਨੂੰ ਲੈ ਕੇ ਉਹ ਮੰਗਿਆਲ ਚਲਾ ਗਿਆ। ਇੱਥੇ ਹੀ ਅਰੁਣਾ ਦੀ ਗੋਦ ਵਿਚ ਪੰਜਾਬੀ ਦੇ ਇਸ ਲਾਡਲੇ ਸ਼ਾਇਰ ਨੇ 6 ਮਈ, 1973 ਨੂੰ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ ਤੇ ਆਪਣੇ ਕਰੋੜਾਂ ਪ੍ਰਸੰਸਕਾਂ ਦੀਆਂ ਅੱਖਾਂ ’ਚੋਂ ਹੰਝੂਆਂ ਦੇ ਵਗਦੇ ਦਰਿਆ ਛੱਡ ਕੇ ਸਦਾ-ਸਦਾ ਲਈ ਤੁਰ ਗਿਆ। ਮਰਨ ਤੋਂ ਪਹਿਲਾਂ ਉਸ ਨੇ ਅਰੁਣਾ ਨੂੰ ਕਿਹਾ ਸੀ:‘‘ਅਰੁਣਾ…ਇਹ ਤੇਰਾ ਪਿੰਡ ਜਿਊਣ ਲਈ ਵੀ ਚੰਗਾ ਹੈ…ਤੇ ਮਰਨ ਲਈ ਵੀ…।’’
ਸੈਂਤੀ ਵਰ੍ਹਿਆਂ ਦੀ ਨਿੱਕੀ ਜਿਹੀ ਉਮਰੇ ਯੁੱਗਾਂ ਦਾ ਕੰਮ ਮੁਕਾ ਜਾਣ ਵਾਲੇ ਸ਼ਿਵ ਨੇ ‘ਪੀੜਾਂ ਦਾ ਪਰਾਗਾ’, ‘ਲਾਜਵੰਤੀð, ‘ਆਟੇ ਦੀਆਂ ਚਿੜੀਆਂ’, ‘ਮੈਨੂੰ ਵਿਦਾ ਕਰੋ’, ‘ਬਿਰਹਾ ਤੂੰ ਸੁਲਤਾਨ’, ਦਰਦਮੰਦਾਂ ਦੀਆ ਆਹੀਂ’, ‘ਲੂਣਾ’ (ਮਹਾਂ ਕਾਵਿ), ‘ਮੈਂ ਤੇ ਮੈਂ’, ‘ਆਰਤੀ’, ‘ਬਿਰਹੜਾ’, ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਅਤੇ ‘ਅਲਵਿਦਾ’ ਆਦਿ ਲਾਮਿਸਾਲ ਕਾਵਿ ਸੰਗ੍ਰਹਿ ਰਚੇ ਤੇ ਬਾਕਮਾਲ ਸ਼ਾਇਰੀ ਨਾਲ ਪਾਠਕਾਂ ਦਾ ਕਾਸਾ ਭਰ ਦਿੱਤਾ। ਇੰਨਾ ਕੁਝ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਸ਼ਿਵ ਆਕਾਸ਼ ਵਿਚ ਧਰੂ ਤਾਰਾ ਬਣ ਕੇ ਟਿਕ ਗਿਆ ਕਿਉਂਕਿ ਉਸ ਨੇ ਖੁਦ ਹੀ ਕਿਹਾ ਸੀ:

ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਜੋਬਨ ਰੁੱਤੇ ਜੋ ਕੋਈ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ।

ਸ਼ਿਵ ਦਾ ਸਰੀਰ ਚਲਾ ਗਿਆ ਪਰ ਉਹ ਤਾਰਾ ਬਣ ਕੇ ਅੱਜ ਵੀ ਆਕਾਸ਼ ਵਿਚ ਟਿਮਟਿਮਾ ਰਿਹੈ ਤੇ ਉਸ ਦੀ ਅਮਰ ਹਸਤੀ ਅਤੇ ਪਾਏਦਾਰ ਸ਼ਾਇਰੀ ਦੀਆਂ ਬਾਤਾਂ ਜ਼ਮਾਨਾ ਰਹਿੰਦੀ ਦੁਨੀਆਂ ਤਕ ਪਾਉਂਦਾ ਰਹੇਗਾ।

ਬਟਾਲਾ ਵਿਖੇ ਸ਼ਿਵ ਦੀ ਯਾਦਗਾਰ ਕਾਇਮ ਕਰਨ ਲਈ ਕਰੋੜਾਂ ਰੁਪਏ ਖਰਚੇ ਜਾਣ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਕੌੜਾ ਸੱਚ ਇਹੋ ਹੈ ਕਿ ਉਸ ਦੀ ਵਰ੍ਹਿਆਂ ਤੋਂ ਬਣ ਰਹੀ ਯਾਦਗਾਰ ਅੱਜ ਵੀ ਅਧੂਰੀ ਤੇ ਬੀਆਬਾਨ ਹੈ। ਸ਼ਾਇਦ ਇਸੇ ਕਰਕੇ ਸ਼ਿਵ ਨੇ ਮਰਨ ਤੋਂ ਪਹਿਲਾਂ ਆਪ ਹੀ ਆਖ ਦਿੱਤਾ ਸੀ:
‘‘ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ।’’
 
Top