ਛੋਟੂ ਨਹੀਂ… ਯੁਧਵੀਰ!

*Amrinder Hundal*

Hundal Hunterz
ਜਦ ਪਿੰਡ ਦੀ ਸੱਥ ਚ’ ਬੈਠਾ ਇੱਕ ਬਾਬਾ ਉਤਾਂਹ ਵੱਲ ਨੂੰ ਹੱਥ ਚੱਕ ਕੇ ਕਹਿੰਦਾ ਹੈ “ਓਹ ਵੇਖੋ! ਹੋਰ ਪਾੜਿਆਂ ਦੀ ਕਿਸਮਤ ਖੁੱਲ ਗਈ । ਬਾਹਲਾ ਟੈਮ ਨੀ ਲਗਦਾ… ਕੋਠੀਆਂ ਪੈਣ ਨੂੰ । ਆਇਆ ਤਾਂ ਅਮ੍ਰਿਤਸਰੋਂ ਲਗਦੈ, ਚੱਲਿਆ ਖਣੀ ਕਨੇਡੇ ਆ ਕੇ ਮਰੀਕੇ ।” ਤਾਂ ਅਸੀਂ ਵੀ ਸੀਪ ਦਾ ਹਿਸਾਬ ਕਿਤਾਬ ਛੱਡ, ਬਾਬੇ ਦੀ ਦਿੱਤੀ ਸੇਧ ਨਾਲ ਅੱਖ ਮਿਲਾਉਂਦੇ ਹੋਏ ਬੱਦਲਾਂ ਦੀ ਹਿੱਕ ਚੀਰਦੀ, ਬੱਦਲਾਂ ਜਿਹੀ ਹੀ ਇੱਕ ਸਫੇਦ ਲਕੀਰ ਵੱਲ ਦੇਖਦੇ ਹਾਂ । ਬੇਸ਼ੱਕ ਬੱਦਲ ਨਾ ਹੁੰਦੇ ਹੋਏ, ਇਹ ਜਹਾਜ਼ ਚੋਂ ਨਿਕਲਿਆ ਧੂਆਂ ਹੀ ਸੀ ਪਰ ਪੰਜਾਬ ਦੇ ਲੋਕਾਂ ਦੀ ਇਸ ਧੂਏਂ ਨਾਲ ਸਾਂਝ, ਮੋਰ ਤੇ ਬੱਦਲਾਂ ਦੀ ਸਾਂਝ ਤੋ ਕਿਸੇ ਪੱਖੋਂ ਮਾਰ ਨਹੀਂ ਸੀ ਖਾਂਦੀ ।
ਜਿਉਂ ਬੱਦਲ ਵੇਖ ਮੋਰ ਪੈਲਾਂ ਪਾਉਂਦਾ ਹੈ, ਕੁਝ ਉਸੇ ਤਰਾਂ ਹੀ ਇਸ ਲਕੀਰ ਦੇ ਜਨਮਦਾਤਾ ਦੀ ਅਵਾਜ਼ ਸੁਣ ਪੰਜਾਬੀ ਪੈਲਾਂ ਪਾਉਂਦੇ ਘਰੋਂ ਬਾਹਰ ਆਉਂਦੇ ਸਨ ਅਤੇ ਫਿਰ ਇਸਨੂੰ ਖਿੰਡ ਦੇ ਵੇਖਣਾ ਇੱਕ ਅਜੀਬ ਜਿਹਾ ਪਰ ਸੁਖਮਈ ਅਹਿਸਾਸ ਹੁੰਦਾ । ਸੱਥ ਵਾਂਗ, ਕਈ ਵਾਰ ਇਹ ਨਜ਼ਾਰਾ ਚਰਚਾਦਾ ਵਿਸ਼ਾ ਵੀ ਬਣਦਾ ਤੇ ਇਸ ਨਾਲ ਜੁੜੇ ਜਜਬਾਤ, ਉਮੀਦਾਂ, ਆਦਿ ਬਾਰੇ ਗੱਲਾਂ ਹੁੰਦੀਆਂ ਪਰ ਅਖੀਰ ਗੱਲ 1 ਡਾਲਰ ਤੋਂ 50 ਰੁਪਈਏ ਬਣਨ ਜਾਂ ਉੱਚੀਆਂ ਕੋਠੀਆਂ ਤੇ ਆ ਮੁਕਦੀ । ਇਹ ਕਹਿਣ ਵਿਚ ਕੋਈ ਦੋ-ਰਾਇ ਨਹੀਂ ਕਿ ਕਿਤੇ ਨਾ ਕਿਤੇ ਪੈਸਾ ਅਤੇ ਚੰਗਾ ਭਵਿਖ ਇਹਨਾਂ ਉਡਾਨਾਂ ਦਾ ਮੁੱਖ ਮੰਤਵ ਰਹਿੰਦਾ ਸੀ ।
ਪਰ ਲੋਕਾਂ ਦੀਆਂ ਨਜ਼ਰਾਂ ਤੋਂ ਪਰੇਹ ਪੰਜਾਬ ਲਾਗੇ ਵਸਦੇ ਬਿਹਾਰ ਪ੍ਰਾਂਤ ਵਿਚੋਂ ਰਲਦੀਆਂ ਮਿਲਦੀਆਂ ਉਮੀਦਾਂ ਲੈ ਕੁਝ ਲੋਕ, ਜਿੰਨਾ ਨੂੰ ਅਸੀਂ ਭਈਏ ਕਹਿ ਕੇ ਸੰਭੋਧਿਤ ਕਰਦੇ ਹਾਂ, ਪੰਜਾਬ ਵੱਲ ਨੂੰ ਆਉਂਦੇ ਹਨ । ਸ਼ਾਇਦ ਓਹਨਾਂ ਦਾ ਕਨੇਡਾ ਅਮਰੀਕਾ ਪੰਜਾਬ ਵਿਚ ਹੀ ਵਸਿਆ ਹੈ । ਬੇਸ਼ੱਕ ਜਿੰਨਾ ਰੇਲਗੱਡੀਆਂ ਰਾਹੀਂ ਓਹ ਸਫਰ ਕਰਦੇ ਹਨ, ਓਹ ਜਹਾਜਾਂ ਵਾਂਗ ਖਿਚ ਦਾ ਕੇਂਦਰ ਤਾਂ ਨਹੀਂ ਬਣਦੀਆਂ ਪਰ ਥੰਮ ਦੀਆਂ ਵੀ ਤਾਂ ਨਹੀਂ ! ਸਵੇਰ ਹੁੰਦੇ ਹੀ ਟੇਸ਼ਨ ਮਾਸਟਰ ਝੰਡੀ ਹਰੀ ਕਰ ਦਿੰਦਾ ਹੋਵੇਗਾ ਤੇ ਇਸੇ ਨਾਲ ਆਗਾਜ਼ ਹੁੰਦਾ ਹੋਏਗਾ ਓਹਨਾਂ ਦੀ ਨਵੀਂ ਜਿੰਦਗੀ ਦਾ ਜੋ ਰੁਲਨੀ ਤਾਂ ਕਿਸੇ ਜੱਟ ਦੇ ਖੇਤ ਜਾਂ ਮਝਾਂ-ਗਾਵਾਂ ਦੀ ਚਾਕਰੀ ਕਰਦੇ ਹੀ ਹੋਣੀ ਆ ਪਰ ਫੇਰ ਵੀ ਓਹ ਇਸ ਤੋਂ ਮੁੱਖ ਨਹੀਂ ਭੁਆਉਂਦੇ । ਆਖਿਰ ਪਾਪੀ ਭੇਟ ਤੇ ਪਿੱਛੇ ਬਸਰ ਰਹੇ ਆਪਣਿਆਂਦੀਆਂ ਉਮੀਦਾਂ ਦਾ ਸਵਾਲ ਜੁ ਹੋਇਆ ।
ਕੁੱਝ ਅਜਿਹੀਆਂ ਹੀ ਉਮੀਦਾਂ ਲੈ ਕੇ ਅੱਜਤੋਂ ਕੁਝ ਸਾਲ ਪਹਿਲਾਂ ‘ਮਨੋਜ’ (ਬਦਲਿਆ ਨਾਮ) ਨਾਂ ਦਾ ਇੱਕ ਸ਼ਕਸ ਬਿਹਾਰ ਤੋਂ ਪੰਜਾਬ ਆ ਬਹੁੜਿਆ ਸੀ | ਪਹਿਲਾਂ ਪਹਿਲ ਤਾਂ ਝੋਨੇ ਦੀ ਕਟਾਈ ਕੀਤੀ ਪਰ ਫਿਰ ਸਾਡੇ ਪਿੰਡ ਕਿਸੇ ਦੇ ਘਰ ਸੀਰੀ ਵਜੋਂ ਕੰਮ ਕਰਨ ਲੱਗਾ । ਕੁੱਝ ਸਮੇਂ ਬਾਅਦ ਉਸਦਾ ਵਿਆਹ ਵੀ ਹੋ ਗਿਆ, ਉਸਦੀ ਘਰਵਾਲੀ ਵਿਆਹ ਵੇਲੇ ਨਾਬਾਲਿਗ ਹੀ ਸੀ ਪਰ ਜੋ ਕਨੂੰਨ ਤੇ ਸਰਕਾਰਾਂ ਆਪ ਹੀ ਸੁੱਤੇ ਪਏ ਨੇ ਓਹ ਪਿਛੜੇ ਹੋਏ ਸਮਾਜ ਨੂੰ ਹਲੂਣਾ ਕਿਥੋਂ ਦੇਣ ? ਚਲੋ ਛੱਡੋ ਸਰਕਾਰਾਂ ਦੀਆਂ ਗੱਲਾਂ | ਸੱਪ ਦੀ ਖੁਡ ਚ ਉਂਗਲ ਟੇਡੀ ਕਰ ਘਿਓ ਤਾਂ ਮਿਲਣੋ ਰਿਹਾ !
ਮਨੋਜ ਦੀ ਧਰਮ ਪਤਨੀ ਰੂਬੀ (ਬਦਲਿਆ ਨਾਮ) ਦੀ ਕੁੱਖੋਂ ੨ ਪੁਤਰਾਂ ਨੇ ਜਨਮ ਲਿਆ ਜਿੰਨਾ ਚੋ ਸੱਭ ਤੋਂ ਚਤਰ ਚਲਾਕ ਕਿਰਦਾਰ ਛੋਟਾ ਪੁੱਤਰ “ਯੁਧਵੀਰ” ਦਾ ਸੀ । ਹਾਂ ਜੀ ਤੁਸੀਂ ਸਹੀ ਪੜਿਆ ! ਉਸਦਾ ਨਾਂ ਯੁਧਵੀਰ ਹੀ ਸੀ ! ਇੱਕ ‘ਭਈਏ’ ਦੇ ਪੁੱਤਰ ਦਾ ਨਾਂ ਯੁਧਵੀਰ ਕਿਵੇਂ ਹੋ ਸਕਦਾ ਹੈ? ਇਹੀ ਸੋਚ ਰਹੇ ਹੋ ਨਾ? ਪਰ ਸੀਤਾਂ ਸੀ । ਮਧਰੇ ਜਿਹੇ ਕੱਦ ਤੇ ਸਾਫ਼ ਰੂਹ ਵਾਲਾ ਯੁਧਵੀਰ ਬਹੁਤ ਘੱਟ ਬੋਲਦਾ ਪਰ ਜਦ ਬੋਲਦਾ ਤਾਂ ਉਸਦੇ ਬੋਲ ਕੰਨਾਂ ਨੂੰ ਇਉਂ ਜਾਪਦੇ ਜਿਵੇਂ ਰੂਹ ਨੂੰ ਗੁਰਬਾਣੀ । ਓਹਦੀਆਂ ਮਿੱਠੀਆਂ ਗੱਲਾਂ ਜੋ ਕੀ ਅਕਸਰ ‘ਪੰਜਾਬੀ’ ਚ ਹੀ ਹੁੰਦੀਆਂ, ਕਿਉਂਕਿ ਉਸਨੂੰ ਹਿੰਦੀ ਨਾ ਮਾਤਰ ਹੀ ਆਉਂਦੀ ਸੀ, ਦਿਲ ਨੂੰ ਛੋਹ ਲੈਂਦੀਆਂ । ਮਨੋਜ ਦਾ ਪੈਰ ਇਕ ਹਾਦਸੇ ਵਿਚ ਕੱਟਿਆ ਗਿਆ ਸੀ ਤਾਂ ਸਾਡੇ ਪਿੰਡ ਦੇ ਇਕ ਭਲੇ ਆਦਮੀ ਨੇ ਤਰਸ ਖਾ ਉਸਨੂੰ ਸਾਡੇ ਘਰ ਨੇੜੇ ਚਾਰ ਦੀਵਾਰੀ ਭੇਂਟ ਕਰ ਦਿੱਤੀ ਸੀ। ਇਸ ਕਰਕੇ ਯੁਧਵੀਰ ਦਾ ਸਾਡੇ ਘਰ ਆਉਣਾ ਜਾਣਾ ਬਣਿਆ ਰਹਿੰਦਾ । ਓਹ ਅਕਸਰ ਸਾਡੇ ਵੇਹੜੇ ਵਿਚ ਆਪਣੇ ਵੱਡੇ ਭਾਈ ਨਾਲ ਖੇਡਦਾ ਜਾਂ ਵਰਾਂਡੇ ਤੇ ਲੱਗੇ ਸ਼ੀਸ਼ਿਆਂ ਰਾਹੀਂ ਹੱਥਾਂ ਨੂੰ ਗੋਲ ਕਰ ‘ਝਾਤੀ’ ਕਰਦਾ ਰਹਿੰਦਾ । ਕਦੇ ਕਦੇ ਸ਼ੀਸ਼ੇ ਚ ਆਪਣਾ ਮੁਖ ਦੇਖ ਖੁਸ਼ ਵੀ ਹੋ ਲੈਂਦਾ । ਉਸਦਾ ਭੋਲਾਪਨ… ਉਸਦੀ ਬੇਫਿਕਰੀ… ਮਨੁਖੀ ਜਿੰਦਗੀ ਦਾ ਇੱਕ ਅਲੱਗ ਹੀ ਪਹਿਲੂ ਬਿਆਨ ਕਰਦੀ ।
ਗੱਲ ਕੁਝ ਮਹੀਨਾ ਕੁ ਪਹਿਲਾਂ ਦੀ ਹੈ, ਯੁਧਵੀਰ ਸਾਡੇ ਵੇਹੜੇ ਬੈਠਾ ਮਿਰਚਾਂ ਦੇ ਬੂਟਿਆਂ ਦੁਆਲੇ ਮਿੱਟੀ ਦੀਆਂ ਢੇਰੀਆਂ ਬਣਾ ਰਿਹਾ ਸੀ ਤੇ ਨੇੜੇ ਹੀ ਮੰਜੇ ਤੇ ਬੈਠੀ ਮੇਰੀ ਭੈਣ ਉਸ ਨਾਲ ਆਪਣਾ ਅੰਦਰਲਾ ਬਚਪਨਾ ਸਾਂਝਾ ਕਰ ਰਹੀ ਸੀ । ਉਸਨੂੰ ਯੁਧਵੀਰ ਵਾਂਗ ਤੋਤਲੀ ਆਵਾਜ਼ ਵਿਚ ਗੱਲਾਂ ਕਰਦੇ ਵੇਖ ਮੇਰੇ ਮੁੱਖ ਤੇ ਵੀ ਨੂਰ ਜਿਹਾ ਆਹ ਬਹੁੜਿਆ ਤੇ ਮੈਂ ਮੱਠਾ ਮੱਠਾ ਮੁਸਕਰਾਉਣ ਲੱਗਾ । ਫਿਰ ਖੌਰੇ ਕੀ ਮਹਿਸੂਸ ਕੀਤਾ ਕਿ ਇਕਦਮ ਇਸ ਨਜ਼ਾਰੇ ਨੂੰ ਕੈਮਰੇ ਵਿਚ ਕੈਦ ਕਰਨ ਦਾ ਖਿਆਲ ਆਇਆ ਤੇ ਝੱਟ ਮੋਬਾਇਲ ਕੱਢ ਯੁਧਵੀਰ ਨੂੰ ਫੋਟੋ ਖਿਚਵਾਉਣ ਲਈ ਕਿਹਾ । ਮੇਰੇ ਕਹਿਣ ਦੀ ਹੀ ਦੇਰ ਸੀ ਕਿ ਉਸਨੇ ਕਪੜਿਆਂ ਤੋਂ ਮਿੱਟੀ ਝਾੜੀ ਤੇ ਹੋ ਗਿਆ ਤਿਆਰ ! ਜਦ ਮੈਂ ਬੇ ਫਿਕਰੇ ਜਿਹੇ ਲਹਿਜੇਚ ਪੁੱਛਿਆ ਕਿ ਫੋਟੋ ਵਿਚ ਕੀ ਕਰੇਂਗਾ ਤਾਂ ਓਹ ਝੱਟ ਬੋਲਿਆ ਸਾ..ਸ..ਰੀ..ਕਾਲ । ਮੈਂ ਹੈਰਾਨ ਹੁੰਦਿਆ ਉਸਦੀਆਂ ਕੁਝ ਤਸਵੀਰਾਂ ਇਹ ਸੋਚਦਿਆਂ ਖਿੱਚ ਲਈਆਂ ਕਿ ਵਧੀਆ ਰੱਖ ਬਾਕੀ ਡਲੀਟ ਕਰ ਦੇਵਾਂਗਾ । ਮੈਂ ਯੁਧਵੀਰ ਨੂੰ ਤਸਵੀਰਾਂ ਦਿਖਾ ਵਰਾਂਡੇ ਤੀਕ ਹੀ ਪੁੱਜਿਆ ਸੀ ਕਿ ਮੈਨੂੰਮੁੜ ਉਸਦੀ ਆਵਾਜ਼ ਸੁਨਾਈ ਦਿੱਤੀ । ਮੈਂਪਿੱਛੇ ਮੁੜ ਵੇਖਿਆ ਤਾਂ ਉਸਦਾ ਵੱਡਾ ਭਾਈ ਵੀ ਉਸਦੇ ਨਾਲ ਹੀ ਸੀ | ਓਹ ਮੈਨੂੰ ਕਹਿਣ ਲੱਗਾ ‘ਲੱਲਾ’ (ਵੱਡੇ ਭਾਈ ਲਈ ਯੁਧਵੀਰ ਵੱਲੋਂ ਵਰਤਿਆ ਜਾਂਦਾ ਨਾਂ) ਮੈਂ ਪੁਛਿਆ ਲੱਲਾ ਦਾ ਕਿ ਕਰਾਂ ਤਾ ਉਸਨੇ ਕਿਹਾ… ਫੋਟੋ । ਮੈਂ ਸਮਝ ਗਿਆ ਤੇਦੋਹਾਂ ਦੀਆਂ ਮੁੜ ਤਸਵੀਰਾਂ ਖਿੱਚੀਆਂ । ਮੈਂ ਦੋਹਾਂ ਵਿਚਲੀ ਏਕਤਾ ਦੇਖ ਹੈਰਾਨਤੇ ਖੁਸ਼ ਤਾਂ ਜਰੂਰ ਸੀ ਪਰ ਉਸਤੋਂ ਵੀ ਜਿਆਦਾ ਖੁਸ਼ੀ ਓਹਦੋ ਹੋਈ ਜਦ ਮੈਂ ਦੋਹਾਂ ਨੂੰ ਮੋਬਾਇਲ ਦਿਖਾਉਂਦੇ ਹੋਏ ਪੁਛਿਆ ਕਿ “ਇਹ ਕੋਣ ਆ?” ਤਾਂ ਦੋਹਾਂ ਨੇਆਪਣੇ ਆਪ ਨੂੰ ਨਕਾਰ ਇੱਕ ਦੂਸਰੇ ਵਾਲ ਇਸ਼ਾਰਾ ਕਰ ਇੱਕ ਦੂਸਰੇ ਦਾ ਹੀ ਨਾਂ ਲਿਆ ।
ਉਸ ਦਿਨ ਇੱਕ ਅਜੀਬ ਜਿਹੇ ਇਹਸਾਸ ਨੇ ਮੈਨੂੰ ਘੇਰੀ ਰੱਖਿਆ ਤੇ ਮੇਰਾ ਸਾਰਾ ਦਿਨ ਗੂਹੜੀਆਂ ਸੋਚਾਂ ਵਿਚ ਲੰਗਿਆ ਕਿ ਜੋ ਏਕਤਾ ਦੀ ਕਮੀ ਕਰਕੇ ਕਈ ਥਾਈਂ ਜ਼ਮੀਨਾ ਵੰਡੀਆਂ ਗਈਆਂ, ਘਰਾਂ ਚ ਕਲੇਸ਼ਪਏ ਓਹ ਇੱਕ 4-5 ਸਾਲਾਂ ਦੇ ਬੱਚਿਆਂ ਚ ਕਿਸ ਕਦਰ ਮੌਜੂਦ ਸੀ । ਇਸ ਤੋਂ ਇਲਾਵਾ, ਤੁਹਾਡੇ ਨਾਲ ਇਹ ਕਿੱਸਾ ਸਾਂਝਾ ਕਰਨ ਦਾਮੇਰਾ ਮੁੱਖ ਮੰਤਵ ਇਹ ਦਸਣਾ ਵੀ ਸੀ ਕਿ ਸਾਡੀ ਬੋਲੀ, ਸਾਡਾ ਵਿਰਸਾ, ਸਾਡੀ ਹੋਂਦ ਏਨੀ ਵੀ ਕਮਜ਼ੋਰ ਨਹੀ ਕਿ ਆਪਾਂ ਖੁਦ ਹੀ ਇਸ ਤੋਂ ਮੁੱਖ ਫੇਰ ਲਈਏ । ਬਲਕੀ ਇਹ ਤਾਂਏਨੀ ਕੁ ਤਾਕਤ ਰੱਖਦੀ ਹੈ ਕਿ ਹੋਰ ਕੇਂਦਰ ਬਿੰਦੁ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ । ਵਿਦੇਸ਼ਾਂ ਵਿਚ ਜਾਣਾ ਕੋਈ ਬੁਰੀ ਗੱਲ ਨਹੀਂ, ਅਖੀਰ ਦੁਨਿਆ ਸਭ ਦੀ ਸਾਂਝੀ ਹੈ । ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ “ਇੱਕੋ ਨੂਰ ਸੇ ਜਗਤ ਉਪਾਇਆ, ਕੁਦਰਤ ਕੇ ਸਭ ਬੰਦੇ”ਪਰ ਵਿਦੇਸ਼ਾਂ ਚ ਜਾ ਕੇ ਆਪਣਾ ਪਿਛੋਕੜ, ਆਪਣਾ ਮੂਲ, ਆਪਣੀ ਬੋਲੀ ਤੇ ਆਪਣਾ ਵਿਰਸਾ ਭੁਲ ਜਾਣਾ ਬੁਰਾ ਹੈ ।
ਕਿਤੇ ਇਹ ਨਾ ਹੋਵੇ ਬੇਗਾਨੀ ਸਭਿਅਤਾ ਅਪਣਾਉਣ ਦੇ ਚੱਕਰ ਵਿਚ ਅਸੀਂ ਆਪਣੀ ਤੋਂਹੱਥ ਧੋ ਦੇਈਏ ਤੇ ਫਿਰ ਬੇਗਾਨੇ ਵੀ ਸਾਨੂੰ ਨਾ ਅਪਣਾਉਣ । ਅਖੀਰ ਹਾਲਤ ਧੋਬੀਦੇ ਕੁੱਤੇ ਵਾਲੀ ਹੋ ਜਾਏ… ਕਿ ਘਰ ਦਾ ਨਾ ਘਾਟ ਦਾ !
ਭੁੱਲ ਚੁੱਕ ਲਈ ਖਿਮਾ ਚਾਹੁੰਦਾ ਹਾਂ ।
jk
 
Top