UNP

ਕਲੰਦਰ - ਉਰਦੂ ਕਹਾਣੀ

Go Back   UNP > Contributions > Punjabi Culture

UNP Register

 

 
Old 03-Apr-2012
Mandeep Kaur Guraya
 
ਕਲੰਦਰ - ਉਰਦੂ ਕਹਾਣੀ

ਗਾਜ਼ੀਪੁਰ ਦੇ ਗੌਰਮਿੰਟ ਹਾਈ ਸਕੂਲ ਦੀ ਫੁਟਬਾਲ ਟੀਮ ਦੂਸਰੇ ਸਕੂਲ ਚ ਮੈਚ ਖੇਡਣ ਗਈ। ਉੱਥੇ ਖੇਡ ਤੋਂ ਪਹਿਲਾਂ ਲੜਕਿਆਂ ਚ ਕਿਸੇ ਛੋਟੀ ਜਿਹੀ ਗੱਲ ਤੇ ਝਗੜਾ ਹੋਇਆ ਅਤੇ ਮਾਰਕੁੱਟ ਸ਼ੁਰੂ ਹੋ ਗਈ। ਕਿਉਂਕਿ ਝਗੜਾ ਖੇਡ ਦੇ ਹੀ ਕਿਸੇ ਨੁਕਤੇ ਤੇ ਸ਼ੁਰੂ ਹੋਇਆ ਸੀ, ਇਸ ਕਰਕੇ ਇਸ ਚ ਦਰਸ਼ਕਾਂ ਅਤੇ ਸਟਾਫ਼ ਨੇ ਵੀ ਹਿੱਸਾ ਲਿਆ। ਜਿਨ੍ਹਾਂ ਲੜਕਿਆਂ ਨੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਚ ਮੇਰਾ ਭਰਾ ਵੀ ਸੀ ਜਿਹੜਾ ਕਿ ਗੌਰਮਿੰਟ ਹਾਈ ਸਕੂਲ ਦੀ ਨੌਵੀਂ ਕਲਾਸ ਚ ਪੜ੍ਹਦਾ ਸੀ। ਉਸ ਦੇ ਮੱਥੇ ਤੇ ਸੱਟ ਲੱਗੀ ਅਤੇ ਨੱਕ ਚੋਂ ਖੂਨ ਵਗਣ ਲੱਗਾ। ਹੁਣ ਹੰਗਾਮਾ ਸਾਰੇ ਮੈਦਾਨ ਚ ਫੈਲ ਗਿਆ ਸੀ। ਭਗਦੜ ਮੱਚ ਗਈ। ਜਿਹੜੇ ਲੜਕੇ ਜ਼ਖਮੀ ਹੋਏ ਸੀ ਉਨ੍ਹਾਂ ਦੀ ਇਸ ਭੱਜ-ਦੌੜ ਚ ਕਿਸੇ ਨੇ ਸਾਰ ਨਾ ਲਈ।
ਇਸ ਪੱਛੜੇ ਜ਼ਿਲ੍ਹੇ ਚ ਟੈਲੀਫੋਨ ਨਹੀਂ ਸਨ। ਸਾਰੇ ਸ਼ਹਿਰ ਚ ਕੇਵਲ ਛੇ ਮੋਟਰਾਂ ਸਨ ਅਤੇ ਐਂਬੂਲੈਂਸ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਐਤਵਾਰ ਦਾ ਦਿਨ ਸੀ। ਹਵਾ ਚ ਪੀਲੇ ਪੱਤੇ ਉੱਡ ਰਹੇ ਸਨ। ਮੈਂ ਵੱਡੇ ਸਾਰੇ ਵਿਹੜੇ ਚ ਚੁੱਪਚਾਪ ਬੈਠੀ ਗੁੱਡੀ ਨਾਲ ਖੇਡ ਰਹੀ ਸੀ ਕਿ ਐਨੇ ਚ ਇਕ ਟਾਂਗਾ ਠੱਕ-ਠੱਕ ਕਰਦਾ ਵਿਹੜੇ ਦੀ ਡਿਓੜੀ ਅੱਗੇ ਆ ਕੇ ਖਲ੍ਹੋ ਗਿਆ ਅਤੇ ਇਕ ਸਤ੍ਹਾਰਾਂ-ਅਠ੍ਹਾਰਾਂ ਸਾਲ ਦੇ ਅਜਨਬੀ ਲੜਕੇ ਨੇ ਮੇਰੇ ਭਰਾ ਨੂੰ ਸਹਾਰਾ ਦੇ ਕੇ ਥੱਲੇ ਉਤਾਰਿਆ। ਭਰਾ ਦੇ ਮੱਥੇ ਚੋਂ ਖੂਨ ਵਗਦਾ ਦੇਖ ਮੈਂ ਡਰ ਦੇ ਮਾਰੇ ਤੁਰੰਤ ਖੰਭੇ ਪਿੱਛੇ ਖੜ੍ਹੀ ਹੋ ਗਈ। ਸਾਰੇ ਘਰ ਚ ਕੋਹਰਾਮ ਮੱਚ ਗਿਆ। ਅੰਮਾ ਘਬਰਾਈ ਹੋਈ ਬਾਹਰ ਨਿਕਲੀ। ਅਜਨਬੀ ਲੜਕਾ ਬੜੀ ਨਿਮਰਤਾ ਨਾਲ ਕਹਿਣ ਲੱਗਾ, ਸੁਣੋਂ, ਘਬਰਾਓ ਨਾਘਬਰਾਓ ਨਾਮੈਂ ਕਹਿ ਰਿਹਾ ਹਾਂ। ਫੇਰ ਉਹ ਮੇਰੇ ਵੱਲ ਮੁੜਿਆ ਅਤੇ ਕਹਿਣ ਲੱਗਾ, ਮੁੰਨੀ! ਜ਼ਰਾ ਦੌੜ ਕੇ ਇਕ ਗਲਾਸ ਪਾਣੀ ਤਾਂ ਲੈ ਕੇ ਆ ਆਪਣੇ ਭਰਾ ਵਾਸਤੇ। ਐਨੀ ਗੱਲ ਤੇ ਕੋਈ ਨੌਕਰ ਪਾਣੀ ਦਾ ਜੱਗ ਤੇ ਗਲਾਸ ਲੈ ਕੇ ਭਰਾ ਦੇ ਚਾਰੋਂ ਪਾਸੇ ਆਣ ਖੜ੍ਹੇ ਹੋਏ ਅਤੇ ਲੜਕੇ ਨੇ ਸਵਾਲ ਕੀਤਾ, ਸਾਹਬ ਕਿੱਥੇ ਨੇ?
ਸਾਹਬ ਬਾਹਰ ਗਏ ਹੋਏ ਨੇ। ਕਿਸੇ ਨੇ ਜਵਾਬ ਦਿੱਤਾ।
ਨਹੀਂ ਨਹੀਂਦਫ਼ਤਰ ਚ ਬੈਠੇ ਨੇ। ਦੂਸਰੇ ਨੇ ਕਿਹਾ।
ਲੜਕਾ ਕੁਝ ਹੋਰ ਸੁਣੇ ਬਗੈਰ ਅੱਗੇ ਵਧਿਆ ਅਤੇ ਗੈਲਰੀ ਚੋਂ ਹੁੰਦਾ ਹੋਇਆ ਏਧਰ-ਉਧਰ ਝਾਤੀ ਮਾਰਦਾ ਅੱਬਾਜਾਨ ਦੇ ਆਫ਼ਿਸ ਪਹੁੰਚ ਗਿਆ। ਅੱਬਾਜਾਨ ਦਰਵਾਜ਼ੇ ਬੰਦ ਕਰਕੇ ਕਿਸੇ ਖਾਸ ਮੁਕੱਦਮੇ ਦਾ ਫੈਸਲਾ ਲਿਖਣ ਚ ਰੁਝੇ ਹੋਏ ਸਨ। ਲੜਕੇ ਨੇ ਦਸਤਕ ਦਿੱਤੀ। ਆਫ਼ਿਸ ਦੇ ਅੰਦਰ ਦਾਖਲ ਹੋਇਆ ਅਤੇ ਮੇਜ਼ ਦੇ ਸਾਹਮਣੇ ਜਾ ਕੇ ਪੂੂਰੇ ਵਿਸ਼ਵਾਸ ਅਤੇ ਗੰਭੀਰਤਾ ਨਾਲ ਕਹਿਣ ਲੱਗਾ, ਸਾਹਿਬ, ਤੁਹਾਡੇ ਬੇਟੇ ਸਾਡੇ ਸਕੂਲ ਮੈਚ ਖੇਡਣ ਆਏ ਸਨ। ਉਨ੍ਹਾਂ ਨੂੰ ਥੋੜ੍ਹੀ ਜਿਹੀ ਸੱਟ ਲੱਗ ਗਈ ਏ। ਖੇਡ-ਖੇਡ ਚ ਫਸਾਦ ਹੋ ਗਿਆ ਸੀ। ਮੇਰਾ ਨਾਂ ਇਕਬਾਲ ਬਖ਼ਤ ਹੈ। ਮੈਂ ਮੁਨਸ਼ੀ ਖੁਸ਼ਬਖ਼ਤ ਰਾਏ ਸਕਸੈਨਾ ਦਾ ਬੇਟਾ ਹਾਂ ਜੋ ਸਿਟੀ ਕੋਰਟ ਚ ਮੁਖ਼ਤਾਰ ਹਨ। ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਸਾਡਾ ਸਕੂਲ ਬੰਦ ਕਰਵਾਉਣ ਦਾ ਹੁਕਮ ਨਾ ਦੇਣਾ ਅਤੇ ਲੜਕਿਆਂ ਤੇ ਜੁਰਮਾਨਾ ਵੀ ਨਾ ਕਰਨਾ ਕਿਉਂਕਿ ਇਕ ਤਾਂ ਸਾਡੇ ਇਮਤਿਹਾਨ ਹੋਣ ਵਾਲੇ ਹਨ ਤੇ ਦੂਸਰਾ ਸਾਡੇ ਲੜਕੇ ਬਹੁਤ ਗਰੀਬ ਹਨ।
ਅੱਬਾਜਾਨ ਨੇ ਸਿਰ ਚੁੱਕ ਕੇ ਉਸ ਨੂੰ ਦੇਖਿਆ ਅਤੇ ਉਸ ਦਾ ਦਲੀਲ ਭਰਪੂਰ ਅਤੇ ਵਿਸ਼ਵਾਸ ਭਰਿਆ ਭਾਸ਼ਣ ਸੁਣ ਕੇ ਬੜੇ ਪ੍ਰਭਾਵਿਤ ਹੋਏ। ਉਨ੍ਹਾਂ ਨੇ ਉਸ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬਿਠਾਇਆ।
ਇਸ ਤਰ੍ਹਾਂ ਇਕਬਾਲ ਮੀਆਂ ਦਾ ਸਾਡੇ ਘਰ ਆਉਣਾ-ਜਾਣਾ ਸ਼ੁਰੂ ਹੋਇਆ। ਭਰਾ ਨਾਲ ਉਸ ਦੀ ਪੱਕੀ ਦੋਸਤੀ ਹੋ ਗਈ ਪਰ ਜ਼ਿਆਦਾਤਰ ਉਹ ਘਰ ਦੀਆਂ ਔਰਤਾਂ ਦੇ ਕੋਲ ਬੈਠਦੇ। ਘਰੇਲੂ ਕੰਮਾਂ ਬਾਰੇ ਉਹ ਸਲਾਹਾਂ ਦਿੰਦੇ। ਬਾਜ਼ਾਰ ਦੇ ਭਾਅ ਅਤੇ ਦੁਨੀਆਂ ਭਰ ਦੀਆਂ ਖ਼ਬਰਾਂ ਤੇ ਰੌਸ਼ਨੀ ਪਾਉਂਦੇ ਜਾਂ ਫਿਰ ਚੁਟਕਲੇ ਸੁਣਾਉਂਦੇ ਰਹਿੰਦੇ। ਜਦੋਂ ਉਹ ਦੂਸਰੀ ਵਾਰ ਸਾਡੇ ਘਰ ਆਏ ਤਾਂ ਮੈਂ ਆਪਣੇ ਭਰਾ ਨੂੰ ਆਵਾਜ਼ ਮਾਰੀ, ਇਕਬਾਲ ਮੀਆਂ ਆਏ ਨੇ। ਉਹ ਤੁਰੰਤ ਬੜੀ ਸ਼ਾਨ ਨਾਲ ਮੇਰੇ ਕੋਲ ਆਏ ਤੇ ਡਾਂਟਦੇ ਹੋਏ ਕਹਿਣ ਲੱਗੇ ਦੇਖੋ ਮੁੰਨੀ, ਮੈਂ ਤੇਰੇ ਤੋਂ ਬਹੁਤ ਵੱਡਾ ਹਾਂ। ਮੈਨੂੰ ਇਕਬਾਲ ਭਾਈ ਕਹਿਕੀ ਕਹੇਂਗੀ?
ਇਕਬਾਲ ਭਾਈ ਮੈਂ ਜ਼ਰਾ ਡਰ ਕੇ ਜਵਾਬ ਦਿੱਤਾ।
ਇਕਬਾਲ ਭਾਈ ਸਦਾ ਮੈਨੂੰ ਮੁੰਨੀ ਹੀ ਕਹਿੰਦੇ ਸਨ। ਮੈਨੂੰ ਉਨ੍ਹਾਂ ਵੱਲੋਂ ਦਿੱਤੇ ਇਸ ਨਾਂ ਤੋਂ ਬੜੀ ਚਿੜ ਸੀ ਪਰ ਹਿੰਮਤ ਨਾ ਪੈਂਦੀ ਕਿ ਕਹਾਂ ਕਿ ਮੈਨੂੰ ਮੇਰੇ ਅਸਲੀ ਨਾਂ ਤੋਂ ਬੁਲਾਇਆ ਕਰਨ।
ਹੁਣ ਉਹ ਸਾਰੇ ਘਰਾਂ ਦੇ ਲਈ ਇਕਬਾਲ ਮੀਆਂ, ਇਕਬਾਲ ਭਾਈ, ਇਕਬਾਲ ਭਈਆ ਬਣ ਚੁੱਕੇ ਸਨ। ਨਾਲ ਵਾਲੇ ਲਾਅਨ ਚ ਅਮਲਤਾਸ ਦਾ ਸੰਘਣਾ ਰੁੱਖ ਸਾਡੇ ਲਈ ਬੜਾ ਮਹੱਤਵ ਰੱਖਦਾ ਸੀ। ਇਸ ਦੀ ਛਾਂ ਚ ਮੰਜੀਆਂ ਡਾਹ ਕੇ ਵਿਹਲੇ ਸਮੇਂ ਚ ਮਹਿਫ਼ਲ ਸਜਦੀ। ਇਸ ਦੀ ਪ੍ਰਧਾਨਗੀ ਡਰਾਈਵਰ ਸਾਹਿਬ ਕਰਦੇ। ਇਕਬਾਲ ਭਾਈ ਆਪਣੇ ਆਪ ਮੀਤ ਪ੍ਰਧਾਨ ਬਣ ਗਏ। ਇਸ ਮਹਿਫ਼ਲ ਚ ਦੂਸਰੇ ਲੋਕ ਉਸਤਾਦ ਯੂਸਫ਼ ਖ਼ਾਨ, ਜਮਨਾ ਪਾਂਡੇ, ਮਹਾਰਾਜ ਚਪੜਾਸੀ, ਅਬਦੁਲ, ਹੀਰਾ ਅਤੇ ਭਾਈ ਸਨ। ਮੈਂ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਏਧਰ-ਓਧਰ ਖੇਡਦੀ ਰਹਿੰਦੀ। ਉਸਤਾਦ ਯੂਸਫ਼ ਖ਼ਾਨ ਦੇ ਕਮਰੇ ਦਾ ਸਬੰਧ ਅੰਦਰ ਦੇ ਕਮਰਿਆਂ ਦੇ ਨਾਲ ਨਹੀਂ ਸੀ ਅਤੇ ਉਸ ਦਾ ਦਰਵਾਜ਼ਾ ਇਸੇ ਲਾਅਨ ਵੱਲ ਖੁੱਲ੍ਹਦਾ ਸੀ।
ਉਸਤਾਦ ਪੁਰਾਣੇ ਸਕੂਲ ਚ ਚੰਗੇ ਸੰਗੀਤਕਾਰ ਸਨ। ਰਾਮਪੁਰ ਦਰਬਾਰ ਨਾਲ ਉਨ੍ਹਾਂ ਦਾ ਸਬੰਧ ਰਹਿ ਚੁੱਕਿਆ ਸੀ। ਸ਼ਾਇਰੀ ਵੀ ਕਰਦੇ ਸਨ ਅਤੇ ਦਿਨ ਭਰ ਨਵਲ ਕਿਸ਼ੋਰ ਪ੍ਰੈਸ ਤੋਂ ਛਪੇ, ਕੀੜੇ ਖਾਧੇ ਨਾਵਲ ਪੜ੍ਹਦੇ ਰਹਿੰਦੇ। ਬੁੱਢੇ ਆਦਮੀ ਸਨ ਫੇਰ ਵੀ ਅੱਖਾਂ ਚ ਸੁਰਮਾ ਪਾ ਕੇ ਰੱਖਦੇ ਅਤੇ ਤਿੱਖੀਆਂ ਮੁੱਛਾਂ ਵੀ ਰੱਖਦੇ। ਦੋਨਾਂ ਵੇਲਿਆਂ ਦਾ ਖਾਣਾ-ਨਾਸ਼ਤਾ ਅਤੇ ਚਾਹ ਖਾਸ ਤਰੀਕੇ ਨਾਲ ਸਜਾ ਕੇ ਉਸ ਦੇ ਕਮਰੇ ਚ ਪਹੁੰਚਾ ਦਿੱਤੀ ਜਾਂਦੀ। ਤੀਸਰੇ ਪਹਿਰ ਉਹ ਅੰਦਰ ਆ ਕੇ ਅੰਮਾ ਨੂੰ ਭੈਰਵੀ ਅਤੇ ਭੀਮ ਪਲਾਸੀ ਆਦਿ ਰਾਗ ਸਿਖਾਉਂਦੇ ਸਨ ਅਤੇ ਅੰਮਾਂ ਬੈਠੀ ਸਿਤਾਰ ਤੇ ਟਿਨ-ਟਿਨ ਕਰਦੀ ਰਹਿੰਦੀ। ਇਕਬਾਲ ਭਾਈ ਉਸਤਾਦ ਦੇ ਖਾਸ ਮਿੱਤਰ ਬਣ ਗਏ ਸੀ ਅਤੇ ਅਰਾਇਸ਼ੇ-ਮਹਿਫ਼ਲ, ਤਿਲਸਮੇ-ਹੋਸ਼ਰੂਬਾ, ਅਸਰਾਰੇ ਲੰਦਨ ਅਤੇ ਸ਼ਰਰ ਦੇ ਨਾਵਲਾਂ ਦਾ ਲੈਣ-ਦੇਣ ਉਨ੍ਹਾਂ ਚ ਚੱਲਦਾ ਰਹਿੰਦਾ। ਇਕਬਾਲ ਭਾਈ ਇਸ ਸਾਲ ਗਿਆਰ੍ਹਵੀਂ ਦਾ ਇਮਤਿਹਾਨ ਦੇਣ ਵਾਲੇ ਸਨ।
ਇਕ ਦਿਨ ਮੈਨੂੰ ਇਕ ਟਾਹਣੀ ਨਾਲ ਲਟਕਦੇ ਦੇਖ ਉਨ੍ਹਾਂ ਨੇ ਅੰਮਾ ਨੂੰ ਕਿਹਾ, ਮੁੰਨੀ ਪੜ੍ਹਦੀ-ਲਿਖਦੀ ਬਿਲਕੁਲ ਨਹੀਂ, ਹਰ ਵਕਤ ਡੰਡੇ ਵਜਾਉਂਦੀ ਰਹਿੰਦੀ ਏ।
ਇੱਥੇ ਕੋਈ ਸਕੂਲ ਨਹੀਂ, ਪੜ੍ਹੇ ਕਿੱਥੇ? ਅੰਮਾ ਨੇ ਜਵਾਬ ਦਿੱਤਾ। ਪਿਛਲੇ ਦਿਨਾਂ ਚ ਭੂਆ ਦੇ ਇਕ ਬੇਟੇ ਨੇ ਮੈਨੂੰ ਹਿਸਾਬ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਹੋ ਗਏ। ਹੁਣ ਇਕਬਾਲ ਭਾਈ ਤੁਰੰਤ ਵਾਲੰਟੀਅਰ ਬਣ ਗਏ।
ਇਮਤਿਹਾਨ ਤੋਂ ਬਾਅਦ ਮੈਂ ਇਸ ਨੂੰ ਪੜ੍ਹਾ ਦਿਆਂ ਕਰਾਂਗਾ।
ਅਗਲੇ ਐਤਵਾਰ ਨੂੰ ਇਕਬਾਲ ਭਾਈ ਨੇ ਮੇਰਾ ਇੰਟਰਵਿਊ ਲਿਆ। ਅੰਗਰੇਜ਼ੀ ਤਾਂ ਇਸ ਨੂੰ ਥੋੜ੍ਹੀ ਜਿਹੀ ਆ ਗਈ ਏ ਪਰ ਉਰਦੂ-ਫਾਰਸੀ ਤੋਂ ਬਿਲਕੁਲ ਕੋਰੀ ਏ। ਉਨ੍ਹਾਂ ਨੇ ਅੰਮਾ ਨੂੰ ਰਿਪੋਰਟ ਦਿੱਤੀ। ਉਨ੍ਹਾਂ ਦੀ ਦਸ ਰੁਪਏ ਮਹੀਨਾ ਤਨਖਾਹ ਤੈਅ ਕਰ ਦਿੱਤੀ ਗਈ। ਰੋਜ਼ ਸ਼ਾਮ ਨੂੰ ਚਾਰ ਵਜੇ ਉਨ੍ਹਾਂ ਦਾ ਟਾਂਗਾ ਦੂਰ ਫਾਟਕ ਤੋਂ ਦਾਖਲ ਹੁੰਦਾ ਦੇਖ ਮੇਰੀ ਜਾਨ ਨਿਕਲ ਜਾਂਦੀ। ਗਰਮੀ ਸ਼ੁਰੂ ਹੋ ਚੁੱਕੀ ਸੀ। ਇਕਬਾਲ ਭਾਈ ਨੇ ਹੁਕਮ ਦਿੱਤਾ, ਅਸੀਂ ਤੈਨੂੰ ਬਾਗ ਚ ਬੈਠ ਕੇ ਪੜ੍ਹਾਵਾਂਗੇ। ਤੇਰੇ ਦਿਮਾਗ, ਜਿਸ ਚ ਭੂਸਾ ਭਰਿਆ ਏ, ਠੰਢੀ ਹਵਾ ਨਾਲ ਹਰਾ ਤਾਜ਼ਾ ਹੋ ਜਾਵੇਗਾ। ਨਤੀਜਨ ਪਿਛਲੇ ਬਾਗ ਦੇ ਫਾਲਸੇ ਦੇ ਰੁੱਖ ਥੱਲੇ ਮੇਰੀ ਛੋਟੀ ਜਿਹੀ ਲੱਕੜੀ ਦੀ ਕੁਰਸੀ ਅਤੇ ਇਕਬਾਲ ਭਾਈ ਲਈ ਕੁਰਸੀ, ਮੇਜ਼ ਰੱਖੇ ਜਾਂਦੇ। ਜਿਸ ਦਿਨ ਮੈਂ ਚੰਗੇ ਮੂਡ ਚ ਹੁੰਦੀ ਮਾਲੀ ਕੋਲੋਂ ਬਾਗ ਦਾ ਵੱਡਾ ਝਾੜੂ ਮੰਗ ਲੈਂਦੀ ਅਤੇ ਫਾਲਸੇ ਦੇ ਥੱਲੇ ਇਕਬਾਲ ਭਾਈ ਦੀ ਕੁਰਸੀ ਵਾਲੀ ਜਗ੍ਹਾ ਤੇ ਖੂਬ ਝਾੜੂ ਫੇਰਦੀ। ਵੈਸੇ ਵੀ ਮੈਨੂੰ ਪੜ੍ਹਾਈ ਦੇ ਮੁਕਾਬਲੇ ਬਾਗ ਚ ਝਾੜੂ ਦੇਣਾ ਜ਼ਿਆਦਾ ਚੰਗਾ ਲੱਗਦਾ ਸੀ।
ਇਕਬਾਲ ਭਾਈ ਜਮ੍ਹਾਂ-ਤਕਸੀਮ ਤੇ ਮੱਥਾ ਮਾਰਨ ਤੋਂ ਬਾਅਦ ਹੁਕਮ ਦੇਂਦੇ ਤਖ਼ਤੀ ਲਿਆ। ਉਹ ਤਖ਼ਤੀ ਉਤੇ ਬੜੇ ਸੋਹਣੇ ਅੱਖਰਾਂ ਚ ਲਿਖਦੇ
ਕਲਮ ਗੋਇਦ ਕਿ ਮਨ ਛਾਹੇ ਜਹਾਨਮ
ਕਲ ਕਛ ਰਾ ਬਦੌਲਤ ਸੀ ਰਸਾਨਮ।
ਮਤਲਬ ਕਿ ਕਲਮ ਨੇ ਕਿਹਾ ਕਿ ਮੈਂ ਦੁਨੀਆ ਦੀ ਬਾਦਸ਼ਾਹ ਹਾਂ- ਮੈਂ ਕਲਮ ਪਕੜਨ ਵਾਲੇ ਨੂੰ ਦੌਲਤ ਤਕ ਪਹੁੰਚਾਉਂਦੀ ਹਾਂ।
ਆਪਣੇ ਟੇਢੇ-ਮੇਢੇ ਅੱਖਰਾਂ ਚ ਮੈਂ ਇਸ ਸ਼ੇਅਰ ਨੂੰ ਕਈ ਵਾਰ ਲਿਖਦੀ। ਇੱਥੋਂ ਤਕ ਮੇਰੀਆਂ ਉਂਗਲੀਆਂ ਦੁਖਣ ਲੱਗ ਜਾਂਦੀਆਂ ਅਤੇ ਮੈਂ ਦੁਆ ਕਰਦੀ, ਅੱਲਾ ਕਰੇ ਇਕਬਾਲ ਭਾਈ ਮਰ ਜਾਣ- ਅੱਲ੍ਹਾ ਕਰੇ।
ਇਕ ਵਾਰ ਮੈਂ ਸਬਕ ਸੁਣਾਉਣ ਦੀ ਬਜਾਏ ਕੁਰਸੀ ਤੇ ਖੜ੍ਹੀ ਹੋ ਕੇ ਇਕ ਲੱਤ ਤੇ ਨੱਚ ਰਹੀ ਸੀ ਕਿ ਇਕਬਾਲ ਭਾਈ ਇਕਦਮ ਗੁੱਸੇ ਚ ਆ ਗਏ। ਉਨ੍ਹਾਂ ਨੇ ਮੇਰੇ ਕੰਨ ਐਨੀ ਜ਼ੋਰ ਨਾਲ ਮਰੋੜੇ ਕਿ ਮੇਰਾ ਮੂੰਹ ਲਾਲ ਹੋ ਗਿਆ ਅਤੇ ਮੈਂ ਉੱਚੀ-ਉੱਚੀ ਰੋਣ ਲੱਗ ਗਈ। ਲੇਕਿਨ ਇਸ ਤੋਂ ਬਾਅਦ ਮੈਂ ਸ਼ਰਾਰਤਾਂ ਕਰਨੀਆਂ ਘੱਟ ਕਰ ਦਿੱਤੀਆਂ।
ਇਕਬਾਲ ਭਾਈ ਅਜੇ ਮੈਨੂੰ ਪੰਜ-ਛੇ ਮਹੀਨੇ ਹੀ ਪੜ੍ਹਾ ਸਕੇ ਸਨ ਕਿ ਅੱਬਾਜਾਨ ਦੀ ਬਦਲੀ ਗਾਜ਼ੀਪੁਰ ਤੋਂ ਇਟਾਵਾ ਹੋ ਗਈ।
ਅਗਲੇ ਦੋ-ਤਿੰਨ ਸਾਲ ਤਕ ਅੰਮਾ ਨੂੰ ਇਕਬਾਲ ਭਾਈ ਦੇ ਕਦੇ-ਕਦਾਈਂ ਖਤ ਆਉਂਦੇ ਰਹੇ- ਹੁਣ ਮੈਂ ਐਫ਼.ਏ. ਕਰਨ ਦਾ ਵਿਚਾਰ ਵੀ ਛੱਡ ਦਿੱਤਾ ਏ। ਦਸਵੀਂ ਚੋਂ ਮੇਰੀ ਥਰਡ ਕਲਾਸ ਆਉਣ ਕਰਕੇ ਮੇਰਾ ਦਿੱਲ ਟੁੱਟ ਗਿਆ ਏ। ਬਸ ਹੁਣ ਤਾਂ ਅਸੀਂ ਵੀ ਕਾਨੂੰਨਗੋ ਜਾਂ ਫਿਰ ਕੁਰਕ ਅਮੀਨ ਬਣ ਕੇ ਜੀਵਨ ਬਿਤਾ ਦਿਆਂਗੇ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਪਿਤਾ ਵਾਂਗ ਮੁਖਤਾਰ ਬਣ ਜਾਵਾਂਗੇ। ਇਸ ਲਈ ਕਦੀ ਸੋਚਦਾ ਹਾਂ ਕਾਨੂੰਨ ਦਾ ਇਮਤਿਹਾਨ ਦੇ ਦੇਵਾਂ ਅਤੇ ਇੱਥੇ ਰਹਿ ਕੇ ਵੀ ਹੋਰ ਕੀ ਕਰ ਸਕਦਾ ਹਾਂ।
ਫੇਰ ਉਸ ਦੇ ਖ਼ਤ ਆਉਣੇ ਬੰਦ ਹੋ ਗਏ।
ਮੈਂ ਆਈ.ਟੀ. ਕਾਲਜ ਲਖਨਊ ਚ ਪਹਿਲੇ ਸਾਲ ਚ ਸੀ। ਉਸ ਦਿਨ ਸਾਡੇ ਕੁਝ ਮਹਿਮਾਨ ਚਾਹ ਤੇ ਆਏ ਹੋਏ ਸਨ। ਸਭ ਲੋਕ ਡਰਾਇੰਗ ਰੂਮ ਚ ਬੈਠੇ ਸਨ ਕਿ ਬਾਹਰੋਂ ਕਿਸੇ ਨੇ ਆਵਾਜ਼ ਮਾਰੀ, ਅਰੇ ਭਾਈ ਕੋਈ ਹੈ?
ਕੌਣ ਏ? ਅੰਮਾ ਨੇ ਕਮਰੇ ਚੋਂ ਹੀ ਪੁੱਛਿਆ।
ਅਸੀਂ ਆਏ ਹਾਂਇਕਬਾਲ ਬਖ਼ਤ।
ਅੰਮਾ ਨੇ ਬੜੇ ਚਾਅ ਨਾਲ ਉਸ ਨੂੰ ਅੰਦਰ ਬੁਲਾਇਆ। ਕਮਰੇ ਚ ਲੋਕਾਂ ਦੀ ਭੀੜ ਸੀ। ਇਕਬਾਲ ਭਾਈ ਚਾਰੇ ਪਾਸੇ ਨਜ਼ਰ ਮਾਰ ਕੇ ਥੋੜ੍ਹਾ ਝਿਜਕ ਕੇ ਫੇਰ ਸੰਭਲ ਕੇ ਦੂਜੇ ਹੀ ਪਲ ਬੜੀ ਸ਼ਾਨ ਨਾਲ ਅੰਮਾ ਦੇ ਕੋਲ ਜਾ ਕੇ ਬੈਠ ਗਏ। ਫੇਰ ਉਨ੍ਹਾਂ ਦੀ ਨਜ਼ਰ ਮੇਰੇ ਤੇ ਪਈ ਤੇ ਉਨ੍ਹਾਂ ਨੇ ਖੁਸ਼ੀ ਨਾਲ ਚੀਕਦਿਆਂ ਕਿਹਾ, ਓਏ ਮੁੰਨੀਤੂੰ ਐਡੀ ਵੱਡੀ ਹੋ ਗਈ!
ਮੈਂ ਨਵੀਂ-ਨਵੀਂ ਕਾਲਜ ਚ ਦਾਖਲ ਹੋਈ ਸੀ ਅਤੇ ਆਪਣੇ ਕਾਲਜ ਸਟੂਡੈਂਟ ਹੋਣ ਦਾ ਬੜਾ ਮਾਣ ਸੀ। ਇਕਬਾਲ ਭਾਈ ਨੇ ਜਦ ਸਾਰੇ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਮੁੰਨੀ ਕਹਿ ਕੇ ਬੁਲਾਇਆ ਤਾਂ ਬੜਾ ਬੁਰਾ ਲੱਗਿਆ।
ਇਕਬਾਲ ਭਾਈ ਨੇ ਮੈਲਾ ਜਿਹਾ ਪਜਾਮਾ ਅਤੇ ਘਸੀ ਹੋਈ ਸ਼ੇਰਵਾਨੀ ਪਾਈ ਹੋਈ ਸੀ। ਮਤਲਬ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਖ਼ਰਾਬ ਸੀ। ਉਨ੍ਹਾਂ ਨੇ ਸੰਖੇਪ ਚ ਬਸ ਐਨਾ ਹੀ ਕਿਹਾ ਕਿ ਉਹ ਕਾਨਪੁਰ ਚ ਨੌਕਰੀ ਕਰ ਰਹੇ ਨੇ ਅਤੇ ਪ੍ਰਾਈਵੇਟ ਤੌਰ ਤੇ ਐਫ.ਏ.ਸੀ.ਟੀ. ਕਰ ਚੁੱਕੇ ਹਨ। ਫੇਰ ਉਹ ਅੱਬਾਜਾਨ ਦੇ ਕਮਰੇ ਚ ਗਏ ਅਤੇ ਬੜੀ ਦੇਰ ਤਕ ਬੈਠੇ ਰਹੇ।
ਇਸ ਤੋਂ ਬਾਅਦ ਇਕਬਾਲ ਭਾਈ ਫੇਰ ਗਾਇਬ ਹੋ ਗਏ।
ਦਸ ਸਾਲ ਬਾਅਦਮੈਨੂੰ ਲੰਡਨ ਪਹੁੰਚੇ ਅਜੇ ਛੇ-ਸੱਤ ਦਿਨ ਹੀ ਹੋਏ ਸਨ। ਮੈਂ ਬੀ.ਬੀ.ਸੀ. ਦੇ ਉਰਦੂ ਵਿਭਾਗ ਚ ਬੈਠੀ ਹੋਈ ਸੀ ਕਿ ਕਿਸੇ ਨੇ ਆਵਾਜ਼ ਮਾਰੀ, ਭਾਈ, ਸਕਸੈਨਾ ਸਾਹਬ ਅਜੇ ਆ ਗਏ ਕਿ ਨਹੀਂ?
ਆ ਗਏ। ਇਹ ਕਹਿੰਦਿਆਂ ਇਕਬਾਲ ਬਖ਼ਤ ਸਕਸੈਨਾ ਪਰਦਾ ਚੁੱਕ ਕੇ ਦਾਖਲ ਹੋਏ। ਘਸੀ ਹੋਈ ਬਰਸਾਤੀ ਪਾਈ, ਅਖ਼ਬਾਰਾਂ ਦਾ ਪੁਲੰਦਾ ਅਤੇ ਇਕ ਮੋਟਾ ਜਿਹਾ ਪੋਰਟਫੋਲੀਓ ਸੰਭਾਲੇ ਮੇਰੇ ਸਾਹਮਣਿਓਂ ਲੰਘ ਕੇ ਇਕ ਮੇਜ਼ ਵੱਲ ਚਲੇ ਗਏ। ਫੇਰ ਉਨ੍ਹਾਂ ਨੇ ਮੁੜ ਕੇ ਮੇਰੇ ਵੱਲ ਦੇਖਿਆ। ਪਹਿਲਾਂ ਤਾਂ ਉਨ੍ਹਾਂ ਨੇ ਮੈਨੂੰ ਪਛਾਣਿਆ ਹੀ ਨਹੀਂ। ਟਿਕਟਿਕੀ ਲਾਈ ਕੁਝ ਦੇਰ ਦੇਖਦੇ ਰਹੇ। ਅਰੀ ਮੁੰਨੀ। ਉਨ੍ਹਾਂ ਦੇ ਮੂੰਹ ਚੋਂ ਨਿਕਲਿਆ ਤਾਂ ਉਨ੍ਹਾਂ ਦੀ ਆਵਾਜ਼ ਰੋਣ ਹਾਕੀ ਹੋ ਗਈ।
ਉਹ ਮੇਰੇ ਕੋਲ ਆ ਕੇ ਬੈਠੇ ਅਤੇ ਅੱਬਾਜਾਨ ਦੀ ਖੈਰੀਅਤ ਪੁੱਛੀ।
ਅੱਬਾਜਾਨ ਦਾ ਤਾਂ ਕਈ ਸਾਲ ਪਹਿਲੇ ਦੇਹਾਂਤ ਹੋ ਗਿਆ ਇਕਬਾਲ ਭਾਈ। ਮੈਂ ਕਿਹਾ ਤਾਂ ਉਹ ਇਹ ਸੁਣ ਕੇ ਫੁਟ-ਫੁਟ ਕੇ ਰੋਣ ਲੱਗ ਪਏ।
ਉਰਦੂ ਵਿਭਾਗ ਦੇ ਕਰਮਚਾਰੀਆਂ ਨੇ ਜਦੋਂ ਉਸ ਨੂੰ ਰੋਂਦਾ ਵੇਖਿਆ ਤਾਂ ਉਨ੍ਹਾਂ ਆਪਣਾ ਸਿਰ ਕਾਗਜ਼ਾਂ ਵੱਲ ਝੁਕਾ ਲਿਆ।
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਾਨਪੁਰ ਦੀ ਨੌਕਰੀ ਉਸੇ ਸਾਲ ਛੁਟ ਗਈ ਸੀ, ਫੇਰ ਉਹ ਪੂਰੇ ਦੇਸ਼ ਚ ਜੁੱਤੀਆਂ ਘਸਾਉਂਦੇ ਫਿਰ। ਉਸੇ ਸਾਲ ਉਨ੍ਹਾਂ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ। ਛੋਟੀ ਭੈਣ ਦੀ ਕਿਸੇ ਪਿੰਡ ਚ ਸ਼ਾਦੀ ਹੋ ਚੁੱਕੀ ਸੀ। ਆਜ਼ਾਦੀ ਤੋਂ ਬਾਅਦ ਕਿਸਮਤ ਅਜ਼ਮਾਉਣ ਲਈ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਜਾਣ ਦੀ ਹਵਾ ਚੱਲੀ ਤਾਂ ਉਹ ਵੀ ਇਕ ਦਿਨ ਗਾਜ਼ੀਪੁਰ ਗਏ। ਆਪਣੇ ਪੁਰਖਿਆਂ ਦਾ ਮਕਾਨ ਵੇਚਿਆ ਅਤੇ ਉਨ੍ਹਾਂ ਪੈਸਿਆਂ ਨਾਲ ਜਹਾਜ਼ ਦਾ ਟਿਕਟ ਖਰੀਦਿਆ ਤੇ ਲੰਡਨ ਪਹੁੰਚ ਗਏ। ਪਿਛਲੇ ਚਾਰ ਸਾਲਾਂ ਤੋਂ ਉਹ ਲੰਡਨ ਚ ਸਨ ਅਤੇ ਇੱਥੇ ਵੀ ਉਹ ਕਈ ਤਰ੍ਹਾਂ ਦੇ ਪਾਪੜ ਵੇਲ ਚੁੱਕੇ ਸਨ।
ਕਿਸੇ ਨੂੰ ਵੀ ਉਨ੍ਹਾਂ ਬਾਰੇ ਠੀਕ ਜਾਣਕਾਰੀ ਨਹੀਂ ਸੀ ਕਿ ਉਹ ਕਰਦੇ ਕੀ ਹਨ। ਮੈਨੂੰ ਵੀ ਉਨ੍ਹਾਂ ਨੇ ਇਕ ਵਾਰ ਗੋਲ-ਮੋਲ ਸ਼ਬਦਾਂ ਚ ਕੇਵਲ ਐਨਾ ਹੀ ਕਿਹਾ ਸੀ ਰੀਜੈਂਟ ਸਟ੍ਰੀਟ ਪੋਲੀਟੈਕਨਿਕ ਚ ਇਕਨਾਮਿਕਸ ਪੜ੍ਹਾ ਰਿਹਾ ਹਾਂ। ਜਿਸ ਸੰਸਥਾ ਦਾ ਉਨ੍ਹਾਂ ਨਾਂ ਲਿਆ ਮੈਂ ਉਸ ਦੀ ਅਸਲੀਅਤ ਚੰਗੀ ਤਰ੍ਹਾਂ ਜਾਣਦੀ ਸੀ। ਜਦ ਲੋਕ ਲੁਕੇ ਭਾਵ ਨਾਲ ਇਹ ਕਹਿੰਦੇ ਹਨ ਕਿ ਉਹ ਰੀਜੈਂਟ ਸਟ੍ਰੀਟ ਪੋਲੀਟੈਕਨਿਕ ਚ ਜਰਨਲਿਜ਼ਮ ਪੜ੍ਹ ਰਹੇ ਨੇ ਜਾਂ ਫਿਰ ਇਕਨਾਮਿਕ ਪੜ੍ਹ ਰਹੇ ਨੇ ਜਾਂ ਮੂਰਤੀ ਕਲਾ, ਫੋਟੋਗ੍ਰਾਫੀ ਸਿਖ ਰਹੇ ਨੇ ਤਾਂ ਹੋਰ ਜ਼ਿਆਦਾ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ।
ਪਰ ਬਹੁਤ ਜਲਦੀ ਹੀ ਮੈਨੂੰ ਇਹ ਪਤਾ ਲੱਗ ਗਿਆ ਕਿ ਇਕਬਾਲ ਭਾਈ ਲੰਡਨ ਦੇ ਹਿੰਦੁਸਤਾਨੀ ਅਤੇ ਪਾਕਿਸਤਾਨੀ ਵਿਦਿਆਰਥੀਆਂ ਦੀ ਕਮਿਊਨਿਟੀ ਦੇ ਪ੍ਰਮੁੱਖ ਸਤੰਭ ਨੇ। ਕੋਈ ਹੰਗਾਮਾ, ਜਲਸਾ, ਜਲੂਸ, ਝਗੜਾ, ਦੰਗਾ-ਫਸਾਦ, ਇਲੈਕਸ਼ਨ, ਤੀਜ ਤਿਉਹਾਰ ਉਨ੍ਹਾਂ ਦੇ ਬਗੈਰ ਪੂਰਾ ਨਹੀਂ ਹੋ ਸਕਦਾ ਸੀ। ਚਿੱਤਰ ਪ੍ਰਦਰਸ਼ਨੀ ਹੈ ਤਾਂ ਉਹ ਹਾਲ ਸਜਾ ਰਹੇ ਹੁੰਦੇ। ਨਾਚ-ਗਾਣੇ ਦਾ ਪ੍ਰੋਗਰਾਮ ਹੈ ਤਾਂ ਉਹ ਮਾਈਕਰੋਫੋਨ ਠੀਕ ਕਰ ਰਹੇ ਹੁੰਦੇ। ਨਾਟਕ ਹੈ ਤਾਂ ਉਹ ਰਿਹਰਸਲ ਵਾਸਤੇ ਲੋਕਾਂ ਨੂੰ ਫੜ ਕੇ ਲਿਆਉਂਦੇ। ਡਿਨਰ ਹੈ ਤਾਂ ਉਹ ਡਾਈਨਿੰਗ ਹਾਲ ਚ ਤਿਆਰ ਖੜ੍ਹੇ ਹੁੰਦੇ। ਕਦੀ-ਕਦੀ ਉਹ ਅਚਾਨਕ ਗਾਇਬ ਹੋ ਜਾਂਦੇ ਅਤੇ ਖਬਰ ਮਿਲਦੀ ਕਿ ਐਤਵਾਰ ਦੇ ਦਿਨ ਪੇਟੀਕੋਟ ਲੇਨ ਚ ਉਹ ਲੋਕਾਂ ਦੇ ਹੱਥ ਦੇਖ ਕੇ ਉਨ੍ਹਾਂ ਦੇ ਭਵਿੱਖ ਦਾ ਹਾਲ ਦੱਸਦੇ ਵੇਖੇ ਗਏ ਜਾਂ ਫਿਰ ਗਲਾਸਗੋ ਦੇ ਕਿਸੇ ਬਾਜ਼ਾਰ ਚ ਹਿੰਦੁਸਤਾਨੀ ਜੜ੍ਹੀ-ਬੂਟੀਆਂ ਵੇਚਦੇ ਨਜ਼ਰ ਆਏ। ਇਕ ਵਾਰ ਖਬਰ ਮਿਲੀ ਕਿ ਇਕ ਫੈਸ਼ਨੇਬਲ ਮੁਹੱਲੇ ਦੇ ਇਕ ਫਲੈਟ ਚ ਬਿਰਾਜਮਾਨ ਹਨ। ਕਦੀ ਉਹ ਵਧੀਆ ਰੈਸਟੋਰੈਂਟ ਚ ਨਜ਼ਰ ਆਉਂਦੇ ਤੇ ਕਦੀ ਮਜ਼ਦੂਰਾਂ ਦੇ ਚਾਹਖਾਨਿਆਂ ਚ ਦਿਖਾਈ ਦਿੰਦੇ। ਇਕਬਾਲ ਭਾਈ ਸ਼ਾਇਰੀ ਵੀ ਕਰਦੇ ਸਨ। ਆਸਟਰੇਲੀਆ ਅਤੇ ਐਮ.ਸੀ.ਸੀ. ਦੇ ਇਤਿਹਾਸਕ ਮੈਚ ਦੇ ਦਿਨਾਂ ਚ ਉਨ੍ਹਾਂ ਨੇ ਇਕ ਸ਼ੋਕ ਗੀਤ ਲਿਖਿਆ:
ਹਰ ਤਾਜ਼ਾ ਵਿਕਟ ਤੇ
ਪੂਰਾ ਸ਼ਰੀਰ ਕੰਬ ਰਿਹਾ ਏ।
ਬਾਲਰ ਹੈ ਬੜਾ ਸਖਤ ਹਿਟਰ
ਕੰਬ ਰਿਹਾ ਏ।
ਕਿਸ ਸ਼ੇਰ ਦੀ ਆਮਦ ਹੈ ਕਿ
ਰਨ ਕੰਬ ਰਿਹਾ ਏ।
ਇਕਬਾਲ ਸੰਗੀਤ ਕਲਾ, ਜੋਤਿਸ਼ ਵਿਗਿਆਨ, ਹਸਤਰੇਖਾ ਗਿਆਨ, ਹੋਮਿਓਪੈਥੀ, ਯੂੂਨਾਨੀ ਅਤੇ ਆਯੁਰਵੈਦਿਕ ਤੋਂ ਲੈ ਕੇ ਪੋਲਟ੍ਰੀਫਾਰਮਿੰਗ, ਖੇਤੀਬਾੜੀ ਅਤੇ ਬਾਗਬਾਨੀ ਤਕ ਹਰ ਚੀਜ਼ ਚ ਨਿਪੁੰਨ ਸਨ ਅਤੇ ਉਰਦੂ ਲੇਖਕਾਂ ਦੀ ਪ੍ਰਸਿੱਧ ਸੰਸਥਾ ਹਲਕ-ਏ-ਅਬ੍ਰਾਬੇ ਜ਼ੌਕ ਦੀਆਂ ਮਹਿਫਲਾਂ ਚ ਲਗਾਤਾਰ ਹਿੱਸਾ ਲੈਂਦੇ ਸਨ। ਅਸਾਂ ਦੋ-ਤਿੰਨ ਦੋਸਤਾਂ ਨੇ ਰਲ ਕੇ ਫਿਲਮ ਸੁਸਾਇਟੀ ਬਣਾਈ ਜਿਸ ਚ ਅਸੀਂ ਬੰਬਈ ਤੋਂ ਫਿਲਮਾਂ ਮੰਗਵਾ ਕੇ ਹਿੰਦੁਸਤਾਨੀ ਅਤੇ ਪਾਕਿਸਤਾਨੀ ਪਬਲਿਕ ਨੂੰ ਦਿਖਾਉਂਦੇ ਸੀ। ਉਸ ਦਿਨ ਇਕਬਾਲ ਭਾਈ ਜਿਵੇਂ ਬਾਰਾਤ ਚ ਲਾੜਾ ਬਣ ਕੇ ਟਿਕਟ ਵੇਚ ਰਹੇ ਹੁੰਦੇ ਜਾਂ ਮਹਿਮਾਨਾਂ ਨੂੰ ਲਿਆ ਕੇ ਬਿਠਾ ਰਹੇ ਹੁੰਦੇ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਟੇਜ ਤੇ ਜਾ ਕੇ ਮਿਸ ਮਹਿਤਾਬ ਜਾਂ ਮਿਸ ਨਸੀਮ ਜਾਂ ਮਿਸ ਨਿੰਮੀ ਨੂੰ ਗੁਲਦਸਤਾ ਭੇਟ ਕਰ ਰਹੇ ਹੁੰਦੇ। ਉਸ ਜ਼ਮਾਨੇ ਚ ਉਨ੍ਹਾਂ ਇਹ ਵੀ ਤੈਅ ਕਰ ਲਿਆ ਕਿ ਬੰਬਈ ਜਾ ਕੇ ਇਕ ਯਾਦਗਾਰ ਫਿਲਮ ਬਣਾਉਣਗੇ ਜਿਸ ਦੀ ਕਹਾਣੀ, ਸੰਵਾਦ ਅਤੇ ਗੀਤ ਉਹ ਖੁਦ ਲਿਖਣਗੇ। ਡਾਇਰੈਕਟ ਵੀ ਉਹ ਖੁਦ ਕਰਨਗੇ ਅਤੇ ਹੀਰੋ ਦੇ ਵੱਡੇ ਭਰਾ ਜਾਂ ਹੀਰੋਇਨ ਦੇ ਬਾਪ ਦੀ ਭੂਮਿਕਾ ਨੂੰ ਉਹ ਖੁਦ ਕਰਨਗੇ ਅਤੇ ਕੁੱਲ ਮਿਲਾਕੇ ਪੂਰੀ ਫਿਲਮ ਇੰਡਸਟਰੀ ਤੇ ਰੋਲਰ ਫੇਰ ਦੇਣਗੇ।
ਇਕਬਾਲ ਭਾਈ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ ਸਨ ਅਤੇ ਮੰਗਲਵਾਰ ਨੂੰ ਮਾਸ ਨਹੀਂ ਖਾਂਦੇ ਸਨ। ਇਕ ਦਿਨ ਉਹ ਮੈਨੂੰ ਇਕ ਸੜਕ ਤੇ ਨਜ਼ਰ ਆਏ। ਇਸ ਹਾਲਤ ਚ ਕਿ ਇਕ ਹੱਥ ਚ ਫੁੱਲਾਂ ਦਾ ਗੁਲਦਸਤਾ ਅਤੇ ਬੜੀ ਤੇਜ਼ੀ ਨਾਲ ਤੁਰੇ ਜਾ ਰਹੇ ਨੇ। ਮੈਨੂੰ ਦੇਖ ਕੇ ਬੋਲੇ, ਆਓ-ਆਓ-ਮੈਂ ਇਕ ਦੋਸਤ ਨੂੰ ਦੇਖਣ ਹਸਪਤਾਲ ਜਾ ਰਿਹਾ ਹਾਂ। ਮੈਂ ਉਨ੍ਹਾਂ ਦੇ ਨਾਲ ਤੁਰ ਪਈ।
ਹਸਪਤਾਲ ਚ ਇਕ ਇਸਲਾਮੀ ਦੇਸ਼ ਦੇ ਰਾਜਦੂਤ ਦੀ ਬੇਗਮ ਦਾਖਲ ਸੀ। ਇਕਬਾਲ ਭਾਈ ਉਨ੍ਹਾਂ ਦੇ ਕਮਰੇ ਚ ਦਾਖਲ ਹੋਏ, ਗੁਲਦਸਤਾ ਮੇਜ਼ ਤੇ ਰੱਖਿਆ ਅਤੇ ਬੜੇ ਧੀਰਜ ਨਾਲ ਉਨ੍ਹਾਂ ਦੀ ਤਬੀਅਤ ਦਾ ਹਾਲ ਪੁੱਛਣ ਲੱਗ ਗਏ। ਐਨੇ ਚ ਰਾਜਦੂਤ ਦੀ ਬੇਟੀ ਆਈ ਅਤੇ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਨੂੰ ਮਿਲੀ। ਮੈਂ ਹੈਰਾਨ ਹੋਈ ਇਹ ਸਭ ਦੇਖਦੀ ਰਹੀ। ਬਾਹਰ ਜਾ ਕੇ ਕਹਿਣ ਲੱਗੇ, ਭਾਈ ਇਹ ਲੋਕ ਸਾਡੇ ਦੋਸਤ ਨੇ। ਬੜੇ ਚੰਗੇ ਲੋਕ ਨੇ ਵਿਚਾਰੇ।
ਸਾਹਿਬਜ਼ਾਦੀ ਨਾਲ ਮੁਲਾਕਾਤ ਕਿਸ ਤਰ੍ਹਾਂ ਹੋਈ?
ਲੰਮੀ ਕਹਾਣੀ ਏ, ਫੇਰ ਕਦੀ ਦੱਸਾਂਗਾ।
ਉਸ ਲੜਕੀ ਦਾ ਵਿਹਾਰ ਬੜਾ ਬੁਰਾ ਸੀ। ਯੂਨੀਵਰਸਿਟੀ ਚ ਪੜ੍ਹਦੀ ਸੀ ਅਤੇ ਹੱਦ ਤੋਂ ਜ਼ਿਆਦਾ ਐਂਟੀ ਇੰਡੀਅਨ ਦੇ ਰੂਪ ਚ ਮਸ਼ਹੂਰ ਸੀ। ਉਸ ਵਕਤ ਵੀ ਉਸ ਨੇ ਹਸਪਤਾਲ ਦੇ ਕਮਰੇ ਚ ਕੋਈ ਨਾਖੁਸ਼ਗਵਾਰ ਰਾਜਨੀਤਕ ਗੱਲ ਛੇੜ ਦਿੱਤੀ ਸੀ।
ਭਾਈ ਜੇ ਕਿਸੇ ਦਾ ਹਿੰਦੁਸਤਾਨ ਨੂੰ ਗਾਲ੍ਹਾਂ ਕੱਢ ਕੇ ਦਿਲ ਠੰਢਾ ਹੁੰਦਾ ਏ ਤਾਂ। ਇਕਬਾਲ ਭਾਈ ਨੇ ਪੌੜੀਆਂ ਉਤਰਦੇ ਹੋਏ ਮੈਨੂੰ ਕਿਹਾ, ਇਸ ਚ ਮੇਰਾ ਕੀ ਜਾਂਦਾ ਏ। ਉਸ ਨੂੰ ਇਸੇ ਤਰ੍ਹਾਂ ਸ਼ਾਂਤੀ ਮਿਲਦੀ ਏ।
ਇਸ ਤੋਂ ਕੁਝ ਸਮੇਂ ਬਾਅਦ ਹੀ ਇਕ ਸ਼ਾਮ ਨੂੰ ਅੰਡਰਗਰਾਊਂਡ ਚ ਮਿਲ ਗਏ, ਨਾਲ ਹੀ ਉਸ ਦਿਨ ਵਾਲੀ ਕੁੜੀ ਅਤੇ ਉਸ ਦੀ ਕਜ਼ਨ ਵੀ ਸਨ। ਲੜਕੀ ਨੇ ਮੈਨੂੰ ਕਿਹਾ, ਅਸੀਂ ਲੋਕ ਇਕ ਮਜਲਿਸ ਜਾ ਰਹੇ ਹਾਂ। ਤੁਸੀਂ ਵੀ ਚੱਲੋ।
ਮੈਂ ਤਾਂ ਨਹੀਂ ਜਾ ਸਕਾਂਗੀ। ਮੈਂ ਫਿਲਮ ਦੇ ਟਿਕਟ ਖਰੀਦ ਲਏ ਨੇ। ਮੈਂ ਮੁਆਫੀ ਚਾਹੀ।
ਇਕਬਾਲ ਭਾਈ ਨੇ ਬੜੇ ਦੁੱਖ ਭਰੇ ਅੰਦਾਜ਼ ਚ ਮੈਨੂੰ ਦੇਖਿਆ, ਮੁਹੱਰਮ ਦੀ ਸੱਤਵੀਂ ਤਾਰੀਖ ਨੂੰ ਥੀਏਟਰ ਜਾ ਰਹੀ ਏਂ? ਮੈਂ ਬੜੀ ਸ਼ਰਮਿੰਦੀ ਹੋਈ ਕਿਉਂਕਿ ਇਨ੍ਹਾਂ ਦਿਨਾਂ ਚ ਫਿਲਮ ਨਹੀਂ ਦੇਖੀ ਜਾਂਦੀ। ਮੈਨੂੰ ਖਿਆਲ ਨਹੀਂ ਸੀ ਰਿਹਾ ਇਨ੍ਹਾਂ ਦਿਨਾਂ ਦਾ। ਮੈਂ ਜਵਾਬ ਦਿੱਤਾ।
ਤੁਸੀਂ ਸ਼ੀਆ ਹੋ ਜਾਂ ਸੁੰਨੀ? ਦੂਸਰੀ ਲੜਕੀ ਨੇ ਸਵਾਲ ਕੀਤਾ।
ਮੈਂ ਕਾਦਿਆਨੀ ਹਾਂ ਮੈਂ ਕਿਹਾ ਤਾਂ ਉਹ ਚੁੱਪ ਕਰ ਗਈ। ਕੁਝ ਦੇਰ ਬਾਅਦ ਰਾਜਦੂਤ ਦੀ ਲੜਕੀ ਨੇ ਵਿਚਾਰ ਦੱਸੇ, ਇਕਬਾਲ ਸਾਹਿਬ ਬੜੇ ਮੋਮਿਨ ਅਦਮੀ ਨੇ। ਅੱਜ-ਕੱਲ੍ਹ ਦੇ ਸ਼ੀਆਵਾਂ ਚ ਆਪਣੇ ਧਰਮ ਲਈ ਐਨਾ ਦਰਦ ਕਿੱਥੇ? ਐਨੇ ਚ ਸਟੇਸ਼ਨ ਆ ਗਿਆ ਸੀ ਤਾਂ ਉਹ ਤਿੰਨੋਂ ਗੱਡੀ ਤੋਂ ਉਤਰ ਗਏ।
ਅਗਲੇ ਦਿਨ ਬੀ.ਬੀ.ਸੀ. ਚ ਇਕਬਾਲ ਭਾਈ ਨਾਲ ਮੁਲਾਕਾਤ ਹੋਈ ਤਾਂ ਮੈਂ ਕਿਹਾ, ਇਕਬਾਲ ਭਾਈ, ਹੁਣ ਤੁਸੀਂ ਇਹ ਵੀ ਫਰਾਡ ਕਰਨ ਲੱਗ ਪਏ। ਉਨ੍ਹਾਂ ਲੜਕੀਆਂ ਦੇ ਸਾਹਮਣੇ ਆਪਣੇ-ਆਪ ਨੂੰ ਮੁਸਲਮਾਨ ਜ਼ਾਹਿਰ ਕਰ ਦਿੱਤਾ। ਨਾ ਸਿਰਫ ਮੁਸਲਮਾਨ ਹੀ ਬਲਕਿ ਸ਼ੀਆ ਵੀ?
ਉੱਤਰ ਮਿਲਿਆ, ਮੁੰਨੀ, ਦੁਨੀਆਂ ਚ ਐਨਾ ਜ਼ਿਆਦਾ ਵੈਰ ਅਤੇ ਫੁੱਟ ਹੈ ਕਿ ਸਾਰੇ ਲੋਕ ਇਕ-ਦੂਸਰੇ ਦੀ ਜਾਨ ਲੈਣ ਲਈ ਤੁਲੇ ਹੋਏ ਨੇ। ਜਦੋਂ ਉਸ ਲੜਕੀ ਨਾਲ ਮੇਰੀ ਮੁਲਾਕਾਤ ਹੋਈ ਤਾਂ ਉਸ ਨੇ ਮੇਰੇ ਨਾਂ ਕਰਕੇ ਮੈਨੂੰ ਮੁਸਲਮਾਨ ਸਮਝਿਆ ਅਤੇ ਮੇਰੇ ਸਾਹਮਣੇ ਹਿੰਦੂਆਂ ਅਤੇ ਹਿੰਦੁਸਤਾਨ ਦੀਆਂ ਖੂਬ ਬੁਰਾਈਆਂ ਕੀਤੀਆਂ। ਜੇ ਮੈਂ ਇਸ ਤੋਂ ਬਾਅਦ ਇਹ ਦੱਸਦਾ ਕਿ ਮੈਂ ਹਿੰਦੂ ਹਾਂ ਤਾਂ ਉਹ ਕਿੰਨੀ ਸ਼ਰਮਿੰਦੀ ਹੁੰਦੀ ਤੇ ਫਿਰ ਇਸ ਚ ਮੇਰਾ ਨੁਕਸਾਨ ਕੀ ਏ? ਮੇਰੇ ਪਰਿਵਾਰ ਚ ਤਾਂ ਸੈਂਕੜੇ ਸਾਲਾਂ ਤੋਂ ਫਾਰਸੀ ਨਾਂ ਰੱਖੇ ਜਾਂਦੇ ਨੇ। ਇਸ ਵਿਚ ਹਿੰਦੂ ਧਰਮ ਨੂੰ ਕੋਈ ਆਂਚ ਨਹੀਂ ਆਈ ਤੇ ਹੁਣ ਜੇ ਮੈਂ ਆਪਣੇ ਆਪ ਨੂੰ ਮੁਸਲਮਾਨ ਕਹਿ ਦਿੱਤਾ ਤਾਂ ਦੁਨੀਆਂ ਤੇ ਕਿਹੜੀ ਆਫਤ ਆ ਜਾਏਗੀ? ਦੱਸ ਮੈਨੂੰ? ਵਾਹ ਨੀ ਮੁੰਨੀ-ਐਡੀ ਵੱਡੀ ਅਫਲਾਤੂਨ ਬਣੀ ਫਿਰਦੀ ਏਂ ਪਰ ਦਿਮਾਗ ਚ ਭੂਸਾ ਹੀ ਭਰਿਆ ਹੋਇਆ ਏ। ਇਕ ਸ਼ਾਮ ਨੂੰ ਮੈਂ ਆਪਣੀ ਇਕ ਸਹੇਲੀ ਜ਼ਾਹਿਦਾ ਦੇ ਘਰ ਗਈ। ਉਹ ਬੜੀ ਲਗਨ ਨਾਲ ਪੈਕਿੰਗ ਚ ਲੱਗੀ ਹੋਈ ਸੀ ਅਤੇ ਆਪਣੇ ਸਾਰੇ ਪਰਿਵਾਰ ਨਾਲ ਅਗਲੇ ਦਿਨ ਸਵੇਰੇ-ਸਵੇਰੇ ਛੁੱਟੀ ਤੇ ਕਰਾਚੀ ਵਾਪਸ ਜਾਣ ਵਾਲੀ ਸੀ। ਜ਼ਾਹਿਦਾ ਦੇ ਘਰ ਮੈਨੂੰ ਯਾਦ ਆਇਆ ਕਿ ਇਕਬਾਲ ਭਾਈ ਨੇ ਆਸਟਰੇਲੀਅਨ ਵਿਦਿਆਰਥੀਆਂ ਦੇ ਇਕ ਪ੍ਰੋਗਰਾਮ ਤੇ ਸੱਦਾ ਦਿੱਤਾ ਹੋਇਆ ਏ।
ਜ਼ਰੂਰ ਆਈਂ, ਆਸਟਰੇਲੀਅਨ ਵਿਚਾਰੇ ਇਹ ਸਮਝਦੇ ਨੇ ਕਿ ਉਨ੍ਹਾਂ ਨੂੰ ਬਹੁਤ ਹੀ ਬੇਕਾਰ ਅਤੇ ਬੋਰਿੰਗ ਕੌਮ ਸਮਝਿਆ ਜਾਂਦਾ ਏ। ਉਨ੍ਹਾਂ ਦਾ ਦਿਲ ਨਹੀਂ ਤੋੜਨਾ ਚਾਹੀਦਾ। ਇਕਬਾਲ ਭਾਈ ਸਮੇਤ ਵਿਦਿਆਰਥੀਆਂ ਦਾ ਜਥਾ ਸਾਲਾਨਾ ਯੂਥ ਫੈਸਟੀਵਲ ਦੇ ਲਈ ਪਰਾਗ ਜਾ ਰਿਹਾ ਸੀ। ਉਸ ਸਾਲ ਪਾਕਿਸਤਾਨੀ ਵਿਦਿਆਰਥੀਆਂ ਤੇ ਕਮਿਊਨਿਸਟ ਦੇਸ਼ਾਂ ਚ ਜਾਣ ਤੇ ਰੋਕ ਲਾ ਦਿੱਤੀ ਗਈ ਸੀ ਅਤੇ ਉਨ੍ਹਾਂ ਚ ਕੁਝ ਲੋਕ ਬੜੇ ਦੁਖੀ ਸਨ। ਜਥੇ ਦੇ ਪਰਾਗ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਇਕ ਸਮਾਗਮ ਚ ਪੂਰਬੀ ਪਾਕਿਸਤਾਨ ਦੇ ਇਕ ਵਿਦਿਆਰਥੀ ਨੇ ਅਫਸੋਸ ਨਾਲ ਕਿਹਾ, ਅਸੀਂ ਲੋਕ ਇਸ ਸਾਲ ਨਹੀਂ ਜਾ ਸਕਾਂਗੇ। ਉਧਰ ਦੁਨੀਆਂ ਭਰ ਦੇ ਸਾਰੇ ਮੁਲਕ ਹੋਣਗੇ ਸਿਰਫ ਪਾਕਿਸਤਾਨ ਨਹੀਂ ਹੋਵੇਗਾ।
ਇਕਬਾਲ ਭਾਈ ਤੁਰੰਤ ਉਸ ਕੋਲ ਗਏ ਅਤੇ ਬੜੇ ਧੀਰਜ ਨਾਲ ਕਹਿਣ ਲੱਗੇ, ਭਈਆ, ਦਿਲ ਛੋਟਾ ਨਾ ਕਰ.. ਪਾਕਿਸਤਾਨ ਦੀ ਨੁਮਾਇੰਦਗੀ ਮੈਂ ਕਰ ਦਿਆਂਗਾ।
ਪਰਾਗ ਚ ਦੁਨੀਆਂ ਭਰ ਤੋਂ ਆਏ ਹੋਏ ਨੌਜਵਾਨ ਇਕ ਸ਼ਾਨਦਾਰ ਗੀਤਾਂ ਭਰੀ ਸ਼ਾਮ ਚ ਆਪਣੇ ਆਪਣੇ ਦੇਸ਼ਾਂ ਦੇ ਲੋਕ ਗੀਤ ਸੁਣਾ ਰਹੇ ਸਨ। ਐਨੇ ਚ ਖਾਮੋਸ਼ੀ ਹੋਈ ਤਾਂ ਇਕ ਲੜਕੀ ਨੇ ਅਨਾਊਂਸ ਕੀਤਾ, ਹੁਣ ਸਾਡੇ ਪਿਆਰੇ ਦੇਸ਼ ਪਾਕਿਸਤਾਨ ਦੇ ਨੁਮਾਇੰਦੇ ਆਪਣੇ ਦੇਸ਼ ਦਾ ਮਜ਼ਦੂਰਾਂ ਦਾ ਗੀਤ ਸੁਣਾਉਣਗੇ।ਪਾਕਿਸਤਾਨ ਦੇ ਨਾਂ ਤੇ ਬੜੀ ਦੇਰ ਤਕ ਤਾੜੀਆਂ ਵੱਜਦੀਆਂ ਰਹੀਆਂ ਅਤੇ ਸਫੈਦ ਖੜਖੜਾਉਂਦੀ ਹੋਈ ਸਲਵਾਰ, ਕਾਲੀ ਸ਼ੇਰਵਾਨੀ ਅਤੇ ਭੂਰੇ ਰੰਗ ਦਾ ਖੁੱਸਾ ਪਾਈ ਬੜੇ ਰੋਬਦਾਰ ਅਤੇ ਸ਼ਾਨ ਨਾਲ ਤੁਰਦੇ ਹੋਏ ਕਾਮਰੇਡ ਇਕਬਾਲ ਬਖਤ ਮਾਈਕਰੋਫੋਨ ਦੇ ਸਾਹਮਣੇ ਆਏ। ਪਾਕਿਸਤਾਨ ਦੇ ਲੋਕ ਅੰਦੋਲਨ ਅਤੇ ਪ੍ਰਗਤੀਵਾਦੀ ਅੰਦੋਲਨ ਦੀ ਅਸਫਲਤਾ ਤੇ ਰੌਸ਼ਨੀ ਪਾਈ ਅਤੇ ਕਿਹਾ, ਸਾਥੀਓ! ਹੁਣ ਮੈਂ ਤੁਹਾਨੂੰ ਆਪਣੇ ਵਤਨ ਦੇ ਪਿਆਰੇ ਤੇ ਮਿਹਨਤਕਸ਼ ਵਰਗ ਦਾ ਇਕ ਮਹਿਬੂਬ ਅਤੇ ਮਨਪਸੰਦ ਗੀਤ ਸੁਣਾਂਦਾ ਹਾਂ..। ਤੇ ਫਿਰ ਬੜੀ ਜ਼ੋਰਦਾਰ ਤੇ ਬੁਲੰਦ ਆਵਾਜ਼ ਚ ਉਨ੍ਹਾਂ ਗੀਤ ਸ਼ੁਰੂ ਕੀਤਾ:-
ਬੋਝ ਉਠਾਲੋ ਹਈਆ ਹਈਆ, ਬੋਝ ਉਠਾਇਆ।..ਹਈਆ..ਹਈਆ,
ਮਹਿਲ ਬਣੇਗਾ ਰਾਜਾ ਜੀ ਕਾ, ਪੇਟ ਪਲੇਗਾ ਮਹਾਰਾ ਥਾਰਾ, ਉੱਚਾ ਕਰ ਲਵੋ ਹਈਆ, ਹਈਆ, ਹਈਆ ਬੋਝ ਉਠਾ ਲੋ ਸ਼ੇਰ ਬਹਾਦਰ ਹਈਆ.ਹਈਆ।
ਇਸ ਗੀਤ ਨੇ ਸਰੋਤਿਆਂ ਨੂੰ ਬੜਾ ਪ੍ਰਭਾਵਿਤ ਕੀਤਾ ਅਤੇ ਉਸ ਨਾਲ ਆਵਾਜ਼ ਮਿਲਾਉਣੀ ਸ਼ੁਰੂ ਕਰ ਦਿੱਤੀ ਪਰ ਅੱਗੇ ਜਾ ਕੇ ਸੱਯਦ ਮੁਤਲਿੱਬੀ ਫਰੀਦਾਬਾਦੀ ਦੇ ਇਸ ਮਸ਼ਹੂਰ ਗੀਤ ਦੇ ਬਾਕੀ ਬੋਲ ਇਕਬਾਲ ਭਾਈ ਬਿਲਕੁਲ ਭੁੱਲ ਗਏ। ਸਹੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਨੂੰ ਯਾਦ ਹੀ ਸਿਰਫ ਇਹ ਤਿੰਨ ਲਾਈਨਾਂ ਸਨ ਪਰ ਉਨ੍ਹਾਂ ਨੇ ਬੜੇ ਧੀਰਜ ਨਾਲ ਆਪਣਾ ਗੀਤ ਜਾਰੀ ਰੱਖਿਆ:ਪਿਆਲੀ ਉਠਾਓ ਕੈਸੇ ਭਾਈ..ਐਸੇ ਭਾਈ.. ਹਈਆਂਹਈਆ। ਹਜ਼ਾਰਾਂ ਦੇ ਜਨਸਮੂਹ ਨੇ ਇਹ ਸੁਰ ਚ ਦੁਹਰਾ ਦਿੱਤਾ: ਚਮਚਾ ਉਠਾਓ, ਚਮਚਾ ਉਠਾਇਆ। ਹਈਆ ਹਈਆ ਹਾਂਹਾਂਭਾਈਹਈਆਹਈਆ। ਬਸ। ਇਸੇ ਤਰ੍ਹਾਂ ਜੋ ਜੋ ਸ਼ਬਦ ਇਕਬਾਲ ਭਾਈ ਦੇ ਦਿਮਾਗ ਚ ਆਉਂਦੇ ਗਏ ਉਹ ਇਸ ਗੀਤ ਚ ਹਈਆਹਈਆ ਨਾਲ ਜੋੜਦੇ ਗਏ ਅਤੇ ਤਾੜੀਆਂ ਦੇ ਤੂਫਾਨ ਚ ਉਨ੍ਹਾਂ ਦਾ ਗੀਤ ਅਤਿਅੰਤ ਸਫਲਤਾ ਨਾਲ ਖਤਮ ਹੋਇਆ।
ਚੈਕੋਸਲੋਵਾਕੀਆ ਤੋਂ ਵਾਪਸੀ ਦੇ ਬਾਅਦ ਇਕਬਾਲ ਭਾਈ ਨੇ ਖਬਰ ਦਿੱਤੀ ਕਿ ਮੈਂ ਸੱਪਾਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੈ। ਸੱਪਾਂ ਦਾ ਕਾਰੋਬਾਰ?ਮੈਂ ਦੁਹਰਾਇਆ ਪਰ ਮੈਨੂੰ ਕੋਈ ਹੈਰਾਨੀ ਨਾ ਹੋਈ ਕਿਉਂਕਿ ਇਕਬਾਲ ਭਾਈ ਕੁਝ ਵੀ ਕਰ ਸਕਦੇ ਸਨ।
ਕਈ ਸੌ ਬਾਂਦਰ ਵੀ ਨੇ। ਉਨ੍ਹਾਂ ਨੇ ਜ਼ਰਾ ਨਿਮਰਤਾ ਨਾਲ ਦੱਸਿਆ, ਦਰਅਸਲ। ਉਨ੍ਹਾਂ ਆਪਣਾ ਗਲਾ ਸਾਫ ਕਰਕੇ ਕਹਿਣਾ ਸ਼ੁਰੂ ਕੀਤਾ, ਗੱਲ ਇਹ ਹੈ ਮੁੰਨੀ ਕਿ ਇਹ ਜਿਹੜੇ ਆਪਣੇ ਖਾਲਦ ਸਾਬ੍ਹ ਨੇ, ਉਨ੍ਹਾਂ ਦੇ ਸਹੁਰੇ ਮਿਸਟਰ ਚਿਰਾਗਦੀਨ ਅਮਰੀਕਾ ਵਿਚ ਚਿੜਿਆਘਰਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਸੱਪ ਅਤੇ ਬਾਂਦਰ ਸਪਲਾਈ ਕਰਦੇ ਨੇ। ਮੈਨੂੰ ਉਨ੍ਹਾਂ ਨੇ ਆਪਣੀ ਫਰਮ ਚ ਨੌਕਰ ਰੱਖ ਲਿਆ ਹੈ ਅਤੇ ਹੁਣ ਮੈਂ ਉਨ੍ਹਾਂ ਦਾ ਕੰਮ ਸੰਭਾਲਣ ਅਮਰੀਕਾ ਜਾ ਰਿਹਾ ਹਾਂ। ਆਖਿਰ ਇਕਬਾਲ ਭਾਈ ਸੱਪਾਂ ਦਾ ਕਾਰੋਬਾਰ ਕਰਨ ਅਮਰੀਕਾ ਚਲੇ ਗਏ।
ਇਕ ਦਿਨ ਡਾਕ ਰਾਹੀਂ ਮੈਨੂੰ ਐਡਵਿਨਾ ਕਾਰ ਲਾਇਲ ਦਾ ਸੰਖੇਪ ਜਿਹਾ ਖਤ ਮਿਲਿਆ ਜੋ ਕਿ ਆਇਰਲੈਂਡ ਤੋਂ ਆਇਆ ਸੀ। ਐਡਵਿਨਾ ਨੇ ਲਿਖਿਆ ਸੀ: ਸਾਰੀ ਦੁਨੀਆਂ ਨੇ ਮੈਨੂੰ ਛੱਡ ਦਿੱਤਾ ਸੀ। ਮੈਂ ਮੌਤ ਦਾ ਸਹਾਰਾ ਲੱਭਿਆ ਪਰ ਮਰਨ ਪੱਖੋਂ ਵੀ ਆਪਣੀ ਜ਼ਿੰਦਗੀ ਦੀ ਤਰ੍ਹਾਂ ਨਾਕਾਮ ਰਹੀ। ਸਾਲ ਭਰ ਤਕ ਮੈਂ ਪਲਾਸਟਰ ਚ ਜਕੜੀ ਹਸਪਤਾਲ ਚ ਪਈ ਰਹੀ ਅਤੇ ਮਿਸਟਰ ਸਕਸੈਨਾ ਹਰ ਹਫਤੇ, ਹਰ ਮੌਸਮ ਚ, ਹਰ ਹਾਲਤ ਚ ਇਕ ਘੰਟੇ ਲਈ ਮੇਰੇ ਕੋਲ ਆ ਕੇ ਬੈਠਦੇ ਅਤੇ ਸਮਝਾਉਂਦੇ ਕਿ ਜ਼ਿੰਦਾ ਰਹਿਣ ਲਈ ਹਿੰਮਤ ਨਾ ਹਾਰਨਾ ਕਿੰਨਾ ਜ਼ਰੂਰੀ ਹੈ। ਮੈਨੂੰ ਪਤਾ ਨਹੀਂ ਅੱਜ-ਕੱਲ੍ਹ ਉਹ ਕਿੱਥੇ ਨੇ। ਇਹ ਖ਼ਤ ਮੈਂ ਤੁਹਾਨੂੰ ਇਸ ਲਈ ਲਿਖ ਰਹੀ ਹਾਂ ਕਿ ਮੇਰੀ ਉਨ੍ਹਾਂ ਨੂੰ ਸਲਾਮ ਪਹੁੰਚਾ ਦੇਣੀ..।
ਪਰ ਮੈਨੂੰ ਵੀ ਪਤਾ ਨਹੀਂ ਸੀ ਕਿ ਮਿਸਟਰ ਸਕਸੈਨਾ ਅੱਜ-ਕੱਲ੍ਹ ਕਿੱਥੇ ਨੇ। ਉਨ੍ਹਾਂ ਨੇ ਅਮਰੀਕਾ ਪਹੁੰਚ ਕੇ ਕਿਸੇ ਨੂੰ ਵੀ ਇਕ ਕਾਰਡ ਤੱਕ ਨਹੀਂ ਪਾਇਆ।
ਮੈਂ ਵਾਪਸ ਵਤਨ ਆ ਗਈ। ਇਕਬਾਲ ਭਾਈ ਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਉਹ ਕਿਹੜੇ ਰਸਤੇ ਜਾਂ ਕਿਹੜੀ ਮੰਜ਼ਿਲ ਤੇ ਹਨ। ਲੇਕਿਨ ਕੋਈ ਚਾਰ ਸਾਲ ਹੋਏ ਮੇਰੀ ਇਕ ਚਚੇਰੀ ਭੈਣ ਆਪਣੀ ਪੜ੍ਹਾਈ ਖਤਮ ਕਰਕੇ ਸਨਫ੍ਰਾਂਸਿਸਕੋ ਤੋਂ ਪਰਤੀ ਤਾਂ ਉਸ ਨੇ ਸੂਚਨਾ ਦਿੱਤੀ।
ਮੈਂ ਇਕਬਾਲ ਭਾਈ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ।
ਕਿੱਥੇ?
ਹਾਲੀਵੁੱਡ ਚ..ਬੇਵਰਲੀ ਹਿਲਜ਼ ਤੇ..।
ਬੇਵਰਲੀ ਹਿਲਜ਼ ਤੇ ਕੀ ਕਰਦੇ ਸਨ?
ਰਹਿੰਦੇ ਨੇ ਇਕ ਬਹੁਤ ਵੱਡੇ ਸ਼ਾਨਦਾਰ ਮਹੱਲ ਚ, ਜਿਸ ਚ ਦੋ ਸਵਿਮਿੰਗ ਪੂਲ ਨੇ..ਕੈਡਲਿਕ ਕਾਰਾਂ ਦੀ ਇਕ ਫਲੀਟ ਹੈ..ਆਦਿ..ਆਦਿ.. ਉਨ੍ਹਾਂ ਨੇ ਮੈਨੂੰ ਖਾਣੇ ਤੇ ਵੀ ਬੁਲਾਇਆ ਸੀ। ਆਪਣੇ ਘਰ..ਨੀਗਰੋ ਬਟਲਰ.. ਅਤੇ..। ਉਸ ਨੇ ਅੱਗੇ ਇਹ ਵੀ ਦੱਸਿਆ ਕਿ ਸੱਪਾਂ ਦੇ ਕਾਰੋਬਾਰ ਲਈ ਅਮਰੀਕਾ ਪਹੁੰਚਣ ਤੋਂ ਤੀਸਰੇ ਦਿਨ ਹੀ ਮਿਸਟਰ ਚਿਰਾਗ ਦੀਨ ਅਤੇ ਇਕਬਾਲ ਬਖ਼ਤ ਸਕਸੈਨਾ ਵਿੱਚ ਕੁਝ ਝਗੜਾ ਹੋ ਗਿਆ, ਜਿਸ ਦੇ ਨਤੀਜੇ ਵਜੋਂ ਮਿਸਟਰ ਸਕਸੈਨਾ ਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਸੁਨਹਿਰੇ ਮੌਕਿਆਂ ਦੇ ਇਸ ਦੇਸ਼ ਚ ਉਹ ਕਈ ਪ੍ਰਕਾਰ ਦੀਆਂ ਨੌਕਰੀਆਂ ਅਤੇ ਮਜ਼ਦੂਰੀਆਂ ਕਰਦੇ ਕੈਲੇਫੋਰਨੀਆ ਪਹੁੰਚੇ। ਉਥੇ ਉਹ ਸਿੱਖਾਂ ਅਤੇ ਪੰਜਾਬੀ ਮੁਸਲਮਾਨਾਂ ਜ਼ਿਮੀਂਦਾਰਾਂ ਦੇ ਖੇਤਾਂ ਚ ਕੰਮ ਕਰਦੇ ਰਹੇ। ਉਥੋਂ ਉਹ ਹਾਲੀਵੁੱਡ ਚਲੇ ਗਏ ਅਤੇ ਪੂਰਬ ਨਾਲ ਸਬੰਧਤ ਬਣਾਈਆਂ ਜਾਣ ਵਾਲੀਆਂ ਫਿਲਮਾਂ ਚ ਚੀਨੀ ਰਿਕਸ਼ਾਵਾਲਾ, ਹਿੰਦੁਸਤਾਨੀ ਫਕੀਰ, ਕੁਲੀ, ਸਪੇਰੇ ਅਤੇ ਅਰਬੀ ਲੋਕਾਂ ਦਾ ਇਕ-ਇਕ, ਦੋ-ਦੋ ਮਿੰਟਾਂ ਦਾ ਰੋਲ ਬਾਖੂਬੀ ਕਰਦੇ ਰਹੇ। ਇਕ ਹੋਟਲ ਵਿੱਚ ਵੇਟਰ ਵੀ ਬਣ ਗਏ। ਇਕ ਪ੍ਰਸਿੱਧ ਫਿਲਮ ਨਿਰਮਾਤਾ ਦੀ ਕਰੋੜਪਤੀ ਵਿਧਵਾ ਉਸ ਜਗ੍ਹਾ ਕਦੀ-ਕਦੀ ਖਾਣਾ ਖਾਣ ਆਉਂਦੀ ਹੁੰਦੀ ਸੀ। ਉਹ ਨਿਰਸੰਤਾਨ ਅਤੇ ਬੁੱਢੀ ਔਰਤ ਸੀ, ਜਿਸ ਨੂੰ ਅੱਖਾਂ ਤੋਂ ਵੀ ਘੱਟ ਦਿੱਸਦਾ ਸੀ ਤੇ ਉਹ ਬੇਵਰਲੀ ਹਿਲਜ਼ ਤੇ ਆਪਣੇ ਸ਼ਾਨਦਾਰ ਬੰਗਲੇ ਦੇ ਅੰਦਰ ਬਿਲਕੁਲ ਇਕੱਲਤਾ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ। ਹਾਲੀਵੁੱਡ ਹੁਸਨ ਅਤੇ ਜਵਾਨੀ ਦਾ ਪੁਜਾਰੀ ਹੈ। ਇਸ ਪੰਜੱਤਰ ਸਾਲਾਂ ਦੀ ਬੁੱਢੀ ਅਤੇ ਅੰਨ੍ਹੀ ਔਰਤ ਨਾਲ ਦੋ ਮਿੰਟ ਵੀ ਗੱਲ ਕਰਨ ਦਾ ਕਿਸੇ ਕੋਲ ਵਕਤ ਨਹੀਂ ਹੈ। ਜਦ ਉਹ ਰੇਸਤਰਾਂ ਚ ਆ ਕੇ ਕੋਨੇ ਦੀ ਇਕ ਵਿਸ਼ੇਸ਼ ਮੇਜ਼ ਤੇ ਬੈਠ ਜਾਂਦੀ ਤਾਂ ਇਕਬਾਲ ਭਾਈ ਬੜੇ ਪਿਆਰ ਨਾਲ ਉਸ ਦਾ ਹਾਲ-ਚਾਲ ਪੁੱਛਦੇ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਹੈ ਕੌਣ? ਬੁੱਢੀ ਉਸ ਤੇ ਬੜੀ ਦਿਆਲੂ ਹੋ ਗਈ ਤੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ। ਫਿਰ ਉਹ ਲਗਾਤਾਰ ਉਸ ਬੁੱਢੀ ਦੇ ਘਰ ਆਉਣ-ਜਾਣ ਲੱਗ ਪਏ। ਇਕਬਾਲ ਭਾਈ ਉਸ ਕੋਲ ਕੇਵਲ ਮਾਨਵਤਾ ਦੇ ਨਾਤੇ ਬੈਠੇ ਰਹਿੰਦੇ। ਫਿਰ ਉਸ ਬੁੱਢੀ ਨੇ ਜ਼ੋਰ ਪਾਇਆ ਕਿ ਉਹ ਉਸ ਦੇ ਘਰ ਸ਼ਿਫਟ ਕਰ ਜਾਏ। ਮਤਲਬ ਕਿ ਹੁਣ ਇਕਬਾਲ ਭਾਈ ਬੇਵਰਲੀ ਹਿਲਜ਼ ਦੇ ਉਸ ਮਹੱਲ ਚ ਰਹਿੰਦੇ ਨੇ ਅਤੇ ਉਹ ਬੁੱਢੀ ਸ਼ਾਇਦ ਕਾਨੂੰਨੀ ਤੌਰ ਤੇ ਉਨ੍ਹਾਂ ਨੂੰ ਬੇਟਾ ਬਣਾਉਣ ਵਾਲੀ ਹੈ।
ਇਕਬਾਲ ਬਖ਼ਤ ਸਕਸੈਨਾ ਦੀ ਦਾਸਤਾਨ..। ਇਹ ਸਾਰੀ ਕਥਾ ਸੁਣ ਕੇ ਕਿਸੇ ਨੇ ਕਿਹਾ, ਕਾਮਯਾਬੀ ਦੀ ਕਲਾਸਿਕ ਦਾਸਤਾਨ ਹੈ।
ਪਰ ਛੇ ਮਹੀਨਿਆਂ ਤੋਂ ਬਾਅਦ ਇਕ ਹੋਰ ਸਾਹਬ ਅਮਰੀਕਾ ਤੋਂ ਵਾਪਸ ਆਏ। ਉਨ੍ਹਾਂ ਨੇ ਉਸੇ ਰੇਸਤਰਾਂ ਚ ਵੇਟਰ ਦੀ ਵਰਦੀ ਚ ਦੇਖਿਆ ਤਾਂ ਪਤਾ ਲੱਗਾ ਕਿ ਉਸ ਕਰੋੜਪਤੀ ਵਿਧਵਾ ਦੀ ਮੌਤ ਹੋ ਗਈ ਹੈ। ਉਹ ਕਾਫੀ ਖ਼ਬਤੀ ਅਤੇ ਸਨਕੀ ਬੁੜੀ ਸੀ ਤੇ ਉਸ ਨੇ ਆਪਣੀ ਸਾਰੀ ਦੌਲਤ ਪੈਰਿਸ ਦੇ ਕਿਸੇ ਸਬਜ਼ੀ ਵਾਲੇ ਦੇ ਨਾਂ ਕਰ ਦਿੱਤੀ। ਇਕਬਾਲ ਭਾਈ ਵਾਪਸ ਆਪਣੇ ਕੰਮ ਤੇ ਆ ਗਏ।
ਅੱਜ ਤੀਸਰੇ ਪਹਿਰ ਮੈਂ ਸ਼ਾਰਦਾ ਮਹਿਤਾ ਦੇ ਘਰ ਦੇ ਸਾਹਮਣਿਓਂ ਜਾ ਰਹੀ ਸੀ ਕਿ ਉਸ ਨੇ ਮੈਨੂੰ ਆਵਾਜ਼ ਮਾਰੀ। ਉਹ ਉਸ ਵਕਤ ਕਾਰ ਚ ਸਵਾਰ ਹੋ ਰਹੀ ਸੀ।
ਕਿੱਥੇ ਜਾ ਰਹੀ ਏਂ? ਉਸ ਨੇ ਪੁੱਛਿਆ।
ਮੈਂ ਵੀ ਉਸੇ ਪਾਸੇ ਜਾ ਰਹੀ ਹਾਂ। ਮੈਂ ਉਸ ਨੂੰ ਦੱਸਿਆ।
ਆ ਜਾ, ਮੈਂ ਤੈਨੂੰ ਰਸਤੇ ਚ ਲਾਹ ਦਿਆਂਗੀ। ਸਤਿਸੰਗ ਦਾ ਵਕਤ ਤਿੰਨ ਵਜੇ ਦਾ ਸੀ। ਮੈਨੂੰ ਦੇਰ ਹੋ ਰਹੀ ਏ।
ਸ਼ਾਰਦਾ ਮਹਿਤਾ ਇਕ ਸਿੱਧੀ-ਸਾਦੀ, ਨਾਰਮਲ, ਧਾਰਮਿਕ ਸੋਚ ਵਾਲੀ ਘਰੇਲੂ ਔਰਤ ਹੈ ਅਤੇ ਜਦੋਂ ਤੋਂ ਉਸ ਦੀ ਇਕਲੌਤੀ ਲੜਕੀ ਪੋਲੀਓ ਦੀ ਲਪੇਟ ਚ ਆਈ ਏ, ਪੂਜਾ-ਪਾਠ, ਮੰਦਰਾਂ, ਤੀਰਥ ਯਾਤਰਾ, ਸਾਧੂ-ਸੰਤਾਂ, ਪੀਰਾਂ-ਫਕੀਰਾਂ, ਦਰਗਾਹਾਂ ਅਤੇ ਮੰਨਤਾਂ-ਮੁਰੀਦਾਂ ਦਾ ਸਿਲਸਿਲਾ ਉਸ ਦੇ ਘਰ ਚ ਬਹੁਤ ਜ਼ਿਆਦਾ ਹੋ ਗਿਆ ਹੈ। ਵੈਸੇ ਵੀ ਉਹ ਉਨ੍ਹਾਂ ਲੋਕਾਂ ਚੋਂ ਹੈ ਜਿਨ੍ਹਾਂ ਦੀ ਸ਼ੁਭ ਆਸਥਾ, ਭਰੋਸਾ, ਵਿਸ਼ਵਾਸ ਅਤੇ ਉਮੀਦ ਤੇ ਦੁਨੀਆ ਟਿਕੀ ਹੈ।
ਇਕ ਜਗ੍ਹਾ ਗੁਜਰਾਤੀ ਵਿਲਾ ਚ ਸ਼ਾਰਦਾ ਦੀ ਕਾਰ ਦਾਖਲ ਹੋਈ। ਸਤਿਸੰਗ ਖਤਮ ਹੋ ਚੁੱਕਿਆ ਸੀ ਅਤੇ ਮੋਟਰਾਂ ਵਾਪਸ ਜਾ ਰਹੀਆਂ ਸਨ।
ਤੇਰਾ ਸਤਿੰਸਗ ਤਾਂ ਖਤਮ ਹੋ ਗਿਆ। ਮੈਂ ਕਿਹਾ। ਕੋਈ ਗੱਲ ਨਹੀਂ, ਮੈਂ ਗੁਰੂ ਜੀ ਦੇ ਦਰਸ਼ਨ ਤਾਂ ਕਰ ਲਵਾਂਗੀ। ਉਹ ਕੱਲ੍ਹ ਸਵੇਰੇ ਅਮਰਨਾਥ ਜਾ ਰਹੇ ਨੇ। ਮੈਨੂੰ ਪੰਜ ਮਿੰਟ ਲੱਗਣਗੇ ਤੂੰ ਵੀ ਉਤਰ ਆ। ਉਸ ਨੇ ਜਵਾਬ ਦਿੱਤਾ। ਸਾਹਮਣੇ ਵਿਹੜੇ ਚ ਇਕ ਵਿਦੇਸ਼ੀ ਮਹਿਲਾ ਸਫੈਦ ਸਾੜ੍ਹੀ ਪਾਈ ਚੰਦਨ ਦਾ ਵੱਡਾ ਸਾਰਾ ਮੱਥੇ ਤੇ ਟਿੱਕਾ ਲਾਈ ਚੌਂਕੜੀ ਮਾਰ ਕੇ ਬੈਠੀ ਗੀਤਾ ਦਾ ਪਾਠ ਕਰ ਰਹੀ ਸੀ। ਉਸ ਦੀ ਉਮਰ ਚਾਲੀ-ਪੰਜਤਾਲੀ ਦੇ ਲਗਪਗ ਹੋਵੇਗੀ। ਆਪਣੀ ਗੱਲਬਾਤ ਚ ਉਹ ਅਮਰੀਕਨ ਲਗਦੀ ਸੀ। ਸ਼ਾਰਦਾ ਨੇ ਉਸ ਕੋਲ ਜਾ ਕੇ ਪ੍ਰਣਾਮ ਕੀਤਾ।
ਇਹ ਮਾਤਾ ਜੀ ਨੇ। ਉਸ ਨੇ ਹੌਲੀ ਜਿਹੀ ਮੈਨੂੰ ਕਿਹਾ ਅਤੇ ਮੈਨੂੰ ਆਪਣੇ ਪਿੱਛੇ ਆਉਣ ਲਈ ਇਸ਼ਾਰਾ ਕਰਕੇ ਉਹ ਕਮਰੇ ਚ ਦਾਖਲ ਹੋਈ। ਦਹਿਲੀਜ਼ ਤੇ ਚੱਪਲਾਂ ਲਾਹ ਕੇ ਅਤੇ ਦੁਪੱਟੇ ਨਾਲ ਸਿਰ ਢੱਕ ਕੇ ਮੈਂ ਅੰਦਰ ਗਈ। ਕਮਰੇ ਚ ਸਫੇਦ ਚਾਦਰ ਵਿੱਛੀ ਹੋਈ ਸੀ। ਆਸਥਾਵਾਨ ਲੋਕ ਹੁਣੇ-ਹੁਣੇ ਉਠ ਕੇ ਗਏ ਸਨ ਇਸ ਲਈ ਚਾਦਰ ਤੇ ਸਿਲਵਟਾਂ ਪਈਆਂ ਸਨ। ਇਕ ਪਾਸੇ ਹਰਮੋਨੀਅਮ, ਖੜਤਾਲਾਂ ਅਤੇ ਤਾਨਪੁਰੇ ਰੱਖੇ ਹੋਏ ਸਨ। ਗੁਲਦਾਨਾਂ ਚ ਤਾਜ਼ੇ ਗੁਲਦਸਤੇ ਸਜੇ ਹੋਏ ਸਨ। ਇਸ ਸਭ ਦੇ ਵਿਚਕਾਰ ਸੰਦਲ ਦੀ ਚੌਂਕੀ ਤੇ ਸਫੇਦ ਕੱਪੜੇ ਪਾਈ ਖਿਚੜੀ ਵਾਲਾ ਪਰਨਾ ਮੋਢਿਆਂ ਤੇ ਲਟਕਾਈ ਗੁਰੂ ਜੀ ਪਦਮ ਆਸਨ ਚ ਬੈਠੇ ਸਨ। ਗੀਤਾ ਦਾ ਪਾਠ ਉਨ੍ਹਾਂ ਹੁਣੇ ਹੀ ਖਤਮ ਕੀਤਾ ਸੀ। ਕਿਤਾਬ ਚੌਂਕੀ ਤੇ ਰੱਖੀ ਹੋਈ ਸੀ ਤੇ ਉਹ ਖਿੜਕੀ ਤੋਂ ਬਾਹਰ ਦੇਖ ਰਹੇ ਸਨ। ਮੈਨੂੰ ਇਹ ਦੇਖ ਕੇ ਕੋਈ ਹੈਰਾਨੀ ਨਾ ਹੋਈ ਕਿ ਉਹ ਇਕਬਾਲ ਬਖ਼ਤ ਸਕਸੈਨਾ ਸੀ। ਸ਼ਾਇਦ ਉਨ੍ਹਾਂ ਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਜੇ ਪਛਾਣ ਵੀ ਲਿਆ ਸੀ ਤਾਂ ਜ਼ਾਹਰ ਨਹੀਂ ਸੀ ਕੀਤਾ। ਕੁਝ ਪਲ ਉਹ ਮੈਨੂੰ ਟਕਟਕੀ ਲਾਈ ਦੇਖਦੇ ਰਹੇ ਫਿਰ ਉਸੇ ਪਾਸੇ ਖਾਲੀਪਣ ਚ ਆਪਣੀਆਂ ਨਜ਼ਰਾਂ ਗੱਡ ਲਈਆਂ।
ਸ਼ਾਰਦਾ ਨੇ ਬੜੀ ਸ਼ਰਧਾ ਨਾਲ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਪਿੱਛੇ ਹਟ ਗਈ। ਫਿਰ ਉਸ ਨੇ ਮੈਨੂੰ ਅੱਖਾਂ ਨਾਲ ਇਸ਼ਾਰਾ ਕੀਤਾ ਕਿ ਬਾਹਰ ਚੱਲੀਏ ਕਿਉਂਕਿ ਉਹ ਦਰਸ਼ਨ ਕਰ ਚੁੱਕੀ ਸੀ, ਪਰ ਸ਼ਾਰਦਾ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਮੈਂ ਅਗੇ ਵਧੀ ਤੇ ਮੈਂ ਝੁਕ ਕੇ ਗੁਰੂ ਜੀ ਦੇ ਪੈਰਾਂ ਨੂੰ ਹੱਥ ਲਾਇਆ।
ਬਚਪਨ ਚ ਇਕਬਾਲ ਭਾਈ ਨੇ ਮੇਰੇ ਕੰਨ ਮਰੋੜੇ ਸਨ। ਮੈਨੂੰ ਡਾਂਟ-ਡਾਂਟ ਕੇ ਅਤੇ ਮਿਹਨਤ ਨਾਲ ਪੜ੍ਹਨਾ-ਲਿਖਣਾ ਸਿਖਿਆਇਆ ਸੀ ਤੇ ਅਧਿਆਪਕ ਦੀ ਜਗ੍ਹਾ ਮਾਂ-ਬਾਪ ਬਰਾਬਰ ਹੁੰਦੀ ਹੈ। ਇਹ ਦੁਨੀਆਂ ਦੇ ਚੱਕਰ ਚ ਪਤਾ ਨਹੀਂ ਕਿਸ ਤਰ੍ਹਾਂ ਗੁਰੂ ਜੀ ਬਣ ਗਏ ਸਨ, ਲੇਕਿਨ ਉਨ੍ਹਾਂ ਨੂੰ ਗੁਰੂ ਜੀ ਸਮਝਣ ਦਾ ਅਧਿਕਾਰ ਸਿਰਫ ਮੇਰਾ ਸੀ।
ਉਨ੍ਹਾਂ ਨੇ ਹੱਥ ਚੁੱਕ ਕੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਉਸੇ ਤਰ੍ਹਾਂ ਫਿਰ ਖਾਲੀਪਣ ਚ ਦੇਖਦੇ ਰਹੇ। ਮੈਂ ਆਰਾਮ ਨਾਲ ਦਹਿਲੀਜ਼ ਤੱਕ ਪਹੁੰਚ ਕੇ ਚੱਪਲ ਪਾਈ ਤੇ ਸ਼ਾਰਦਾ ਨਾਲ ਬਾਹਰ ਆ ਗਈ।
ਹੁਣ ਮਰਦਾਂ ਅਤੇ ਔਰਤਾਂ ਦੀ ਕਤਾਰ ਦਰਸ਼ਨਾਂ ਲਈ ਅੰਦਰ ਜਾ ਰਹੀ ਸੀ। ਵਿਹੜੇ ਚੋਂ ਨਿਕਲ ਕੇ ਮੈਂ ਸੋਚਿਆ ਕਿ ਜੇ ਮੈਂ ਉਨ੍ਹਾਂ ਨੂੰ ਸਵਾਲ ਕਰਦੀ, ਇਕਬਾਲ ਭਾਈ, ਤੁਸੀਂ ਇਸ ਵਾਰ ਐਨਾ-ਲੰਮਾ ਚੌੜਾ ਫਰਾਡ ਕਿਉਂ ਕੀਤਾ? ਤਾਂ ਉਹ ਜਵਾਬ ਦਿੰਦੇ, ਦੇਖ ਮੁੰਨੀ..ਦੁਨੀਆ ਸ਼ਾਂਤੀ ਦੀ ਤਲਾਸ਼ ਚ ਦੀਵਾਨੀ ਹੋ ਗਈ ਏ..ਜੇ ਮੈਂ ਇਸ ਭੇਸ ਚ ਕੁਝ ਦੁਖੀ ਆਤਮਾਵਾਂ ਨੂੰ ਥੋੜ੍ਹੀ ਜਿਹੀ ਸ਼ਾਂਤੀ ਦੇ ਸਕਦਾ ਹਾਂ ਤਾਂ ਇਸ ਚ ਮੇਰਾ ਕੀ ਨੁਕਸਾਨ ਏ।
ਅਤੇ ਕੀ ਪਤਾ ਇਕਬਾਲ ਭਾਈ ਖੁਦ ਵੀ ਮੁਕਤੀ ਦੇ ਰਾਹ ਤੇ ਪਹੁੰਚ ਗਏ ਹੋਣ-ਆਪਣੇ ਦਿਲ ਦਾ ਭੇਦ ਉਹ ਖੁਦ ਜਾਨਣ..ਦੂਸਰਾ ਜਾਨਣ ਵਾਲਾ ਕੌਣ..?

-ਕੁਰਤੁਲੇਨ-ਹੈਦਰ / ਅਨੁਵਾਦ: ਪ੍ਰਕਾਸ਼

 
Old 03-May-2012
sardar dhami
 
Re: ਕਲੰਦਰ - ਉਰਦੂ ਕਹਾਣੀ

beautifully written

 
Old 05-May-2012
Pargat Singh Guraya
 
Re: ਕਲੰਦਰ - ਉਰਦੂ ਕਹਾਣੀ


Post New Thread  Reply

« Kulraj Randhawa - Biography | ਸੜਕ ਛਾਪ »
X
Quick Register
User Name:
Email:
Human Verification


UNP