ਗੁੱਡੀ/ਗੁੱਡਾ ਫੂਕਣਾ

Mandeep Kaur Guraya

MAIN JATTI PUNJAB DI ..
ਪੁਰਾਣੇ ਸਮਿਆਂ ਵਿਚ ਗਰਮੀ ਵੀ ਕਹਿਰ ਦੀ ਪੈਂਦੀ ਹੁੰਦੀ ਸੀ, ਸਰਦੀ ਵੀ ਤੇ ਵਰਖਾ ਵੀ। ਜੇਠ, ਹਾੜ੍ਹ ਦੇ ਮਹੀਨੇ ਜਦ ਔੜ ਲੱਗ ਜਾਂਦੀ ਸੀ ਤਾਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਲੋਕ ਫਟੇ-ਪੁਰਾਣੇ ਕੱਪੜਿਆਂ ਦੀ ਗੁੱਡੀ/ਗੁੱਡਾ ਬਣਾ ਕੇ ਇਕੱਠੇ ਹੋ ਕੇ ਖੁੱਲ੍ਹੇ ਖੇਤਾਂ ਵਿਚ ਜਾ ਕੇ ਅੱਗ ਲਾ ਕੇ ਜਲਾਇਆ ਕਰਦੇ ਸਨ, ਜਿਸ ਨੂੰ ਗੁੱਡੀ/ਗੁੱਡਾ ਫੂਕਣਾ ਕਿਹਾ ਜਾਂਦਾ ਸੀ। ਗੁੱਡੇ/ਗੁੱਡੀ ਨੂੰ ਫੂਕਣ ਦੀ ਰਸਮ ਵਧੇਰੇ ਕਰਕੇ ਬਾਲ ਵਰਗ ਹੀ ਕਰਿਆ ਕਰਦਾ ਸੀ। ਇਸ ਕਿਰਿਆ ਦੇ ਤਹਿਤ ਬੱਚੇ ਸਭ ਤੋਂ ਪਹਿਲਾਂ ਗੁੱਡੇ/ਗੁੱਡੀ ਦਾ ਉਪਰਲਾ ਹਿੱਸਾ, ਜਿਸ ਨੂੰ ਢਾਂਚਾ ਵੀ ਕਹਿ ਦਿੱਤਾ ਜਾਂਦਾ ਹੈ, ਤਿਆਰ ਕਰਦੇ ਸਨ। ਬੱਚੇ ਥੋੜ੍ਹੀਆਂ-ਬਹੁਤੀਆਂ ਫਟੀਆਂ-ਪੁਰਾਣੀਆਂ ਲੀਰਾਂ ਆਪਣੇ-ਆਪਣੇ ਘਰ ਤੋਂ ਲਿਆ ਕੇ ਕਿਸੇ ਇਕ ਮਿੱਥੇ ਹੋਏ ਸਥਾਨ ‘ਤੇ ਇਕੱਠੀਆਂ ਕਰਦੇ ਸਨ। ਇਨ੍ਹਾਂ ‘ਕੱਠੀਆਂ ਕੀਤੀਆਂ ਹੋਈਆਂ ਲੀਰਾਂ ਦੇ ਸਹਾਰੇ ਹੀ ਉਹ ਗੁੱਡੀ/ਗੁੱਡਾ ਤਿਆਰ ਕਰਦੇ ਸਨ। ਬੱਚੇ ਗੁੱਡੀ/ਗੁੱਡੇ ਦੀ ਅਰਥੀ ਚੁੱਕ ਕੇ ਖੇਤਾਂ ਵਿਚ ਲੈ ਜਾਂਦੇ ਸਨ। ਖੇਤਾਂ ਵਿਚ ਜਾ ਕੇ ਗੁੱਡੀ/ਗੁੱਡੇ ਨੂੰ ਅਗਨ ਭੇਟ ਕੀਤਾ ਜਾਂਦਾ ਸਨ, ਭਾਵ ਉਸ ਨੂੰ ਫੂਕ ਦਿੱਤਾ ਜਾਂਦਾ ਸੀ। ਗੁੱਡੀ/ਗੁੱਡਾ ਫੂਕਣ ਵੇਲੇ ਬੱਚੇ ਉਂਝ ਹੀ ਸਿਆਪਾ ਕਦੇ ਸਨ, ਜਿਵੇਂ ਕਿਸੇ ਹੱਡ-ਮਾਸ ਦੇ ਬਣੇ ਹੋਏ ਜੀਵ ਦੇ ਮਰਨ ‘ਤੇ ਕੀਤਾ ਜਾਂਦਾ ਹੈ। ਕੜਕਦੀ ਧੁੱਪ ਵਿਚ ਬੱਚਿਆਂ ਦਾ ਇਹ ਵਿਰਲਾਪ ਜਦ ਇੰਦਰ ਦੇਵਤਾ ਦੀ ਕੰਨੀਂ ਪੈਂਦਾ ਹੈ ਤਾਂ ਉਹ ਦੇਖ-ਸੁਣ ਕੇ ਆਪ ਦੁਖੀ ਹੁੰਦੀ ਕਾਇਆ ਵਿਚ ਵਹਿ ਜਾਂਦਾ ਹੈ। ਉਹ ਸੋਚਦਾ ਹੈ ਕਿ ਪ੍ਰਭੂ ਦੇ ਬਣਾਏ ਜੀਵ ਧਰਤੀ ‘ਤੇ ਗਰਮੀ ਤੋਂ ਕਿੰਨੇ ਦੁਖੀ ਹਨ। ਗਰਮੀ ਕਾਰਨ ਕਈਆਂ ਦੀਆਂ ਜਾਨਾਂ ਜਾ ਰਹੀਆਂ ਹਨ। ਥਲ ਮੰਡਲ ਤੋਂ ਦੁਖਾਂਤ ਭਰੇ ਵਰਤਾਰੇ ਨੂੰ ਦੇਖ ਕੇ ਇੰਦਰ ਦੇਵਤਾ ਖ਼ੂਬ ਵਰਖਾ ਕਰਦਾ, ਜਿਸ ਨਾਲ ਸਾਰਾ ਪਾਸਾ ਹਰਿਆ-ਭਰਿਆ ਹੋ ਜਾਂਦਾ ਹੈ। ਅੱਜ ਦੇ ਵਰਤਾਰੇ ਵਿਚ ਸਾਡਾ ਬਾਲ ਵਰਗ ਇਸ ਰਵਾਇਤ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਉਹ ਗੁੱਡੀ ਬਣਾ ਕੇ ਫੂਕਣ ਦੀ ਕਿਰਿਆ ਤੋਂ ਨਾਵਾਕਫ ਹੈ।
 
Top