ਨਿੱਜੀਕਰਨ ਮੁਰਦਾਬਾਦ!

Mandeep Kaur Guraya

MAIN JATTI PUNJAB DI ..
ਮੁਲਾਜ਼ਮ ਜਥੇਬੰਦੀਆਂ ਦਾ ਨਿੱਜੀਕਰਨ ਵਿਰੁੱਧ ਰੋਸ ਮਾਰਚ ਚੱਲ ਰਿਹਾ ਸੀ। ਕਿਤੇ-ਕਿਤੇ ਖੜ੍ਹ ਕੇ ਇਕ ਲੀਡਰ ‘ਨਿੱਜੀਕਰਨ ਮੁਰਦਾਬਾਦ’ ਦਾ ਨਾਅਰਾ ਲੁਆਉਂਦਾ ਸੀ। ਫਿਰ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਡੀ.ਸੀ. ਦਫਤਰ ਮੂਹਰੇ ਪਾਰਕ ਵਿਚ ਬੈਠ ਗਏ। ਲੀਡਰ ਲੋਕ ਵਾਰੀ-ਵਾਰੀ ਲੈਕਚਰ ਕਰਨ ਲੱਗ ਪਏ ਤੇ ਲੈਕਚਰ ਦੌਰਾਨ ਵੀ ਨਿੱਜੀਕਰਨ ਮੁਰਦਾਬਾਦ ਦਾ ਨਾਅਰਾ ਗੂੰਜਦਾ ਸੀ।
ਦਸ-ਪੰਦਰਾਂ ਬੰਦੇ ਉਂਜ ਹੀ ਇਕੱਠ ਕੋਲ ਖੜੋ ਗਏ ਤਾਂ ਜੋ ਧਰਨੇ ਦਾ ਕਾਰਨ ਜਾਣ ਸਕਣ। ਜਦੋਂ ਕਾਰਨ ਦਾ ਪਤਾ ਲੱਗ ਗਿਆ ਤਾਂ ਇਕ ਭਾਈ ਦੂਜੇ ਨੂੰ ਆਖਣ ਲੱਗਾ, ‘‘ਇਹ ਮੁਲਾਜ਼ਮ ,ਲੋਕ ਨਿੱਜੀਕਰਨ ਕਰਵਾਉਣ ਦੇ ਆਪ ਹੀ ਭਾਗੀ ਹਨ। ਜੇ ਇਹ ਕੰਮ-ਚੋਰੀ ਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਨਾ ਹੁੰਦੇ ਤਾਂ ਸਰਕਾਰੀ ਅਦਾਰੇ ਘਾਟੇ ਵਿਚ ਨਾ ਜਾਂਦੇ ਤੇ ਨਿੱਜੀਕਰਨ ਦੀ ਗੱਲ ਹੀ ਨਾ ਚੱਲਦੀ। ਜਥੇਬੰਦੀਆਂ ਨੇ ‘ਮੇਰੇ ਹੱਕ ਇਥੇ ਰੱਖ’ ਦਾ ਰਾਗ ਤਾਂ ਪੂਰੇ ਜ਼ੋਰ ਨਾਲ ਅਲਾਪਿਆ ਪਰ ਫਰਜ਼ ਪੂਰਤੀ ਪ੍ਰਤੀ ਕਿਸੇ ਨੂੰ ਨਾ ਚੇਤਾ ਆਇਆ ਤੇ ਨਾ ਕਿਸੇ ਨੇ ਚੇਤਾ ਕਰਵਾਇਆ।’’ ਇਹ ਸੁਣ ਕੇ ਦੂਜਾ ਭਾਈ ਆਖਣ ਲੱਗਾ, ‘‘ਸਰਕਾਰੀ ਅਦਾਰੇ ਫੇਲ੍ਹ ਹੀ ਇਨ੍ਹਾਂ ਗੱਲਾਂ ਨਾਲ ਹੋਏ ਹਨ।’’
ਦੋਨੋਂ ਸਹਿਮਤ ਹੋਣ ਪਿੱਛੋਂ ਪਹਿਲਾ ਦੂਜੇ ਨੂੰ ਆਖਣ ਲੱਗਾ, ‘‘ਮੈਨੂੰ ਜੇ ਇਹ ਲੋਕ ਟਾਈਮ ਦੇਣ ਤਾਂ ਮੈਂ ਸਪੀਕਰ ’ਤੇ ਜਾ ਕੇ ਇਹ ਗੱਲ ਇਨ੍ਹਾਂ ਨੂੰ ਸਮਝਾਵਾਂ।’’ ਇਸ ’ਤੇ ਦੂਜਾ ਸਮਝਾਉਂਦਾ ਹੋਇਆ ਆਖਣ ਲੱਗਾ, ‘‘ਅਜਿਹੀ ਗਲਤੀ ਨਾ ਕਰ ਬੈਠੀਂ। ‘ਨਿੱਜੀਕਰਨ ਮੁਰਦਾਬਾਦ’ ਦੀ ਥਾਂ ‘ਸਰਮਾਏਦਾਰੀ ਦਾ ਪਿੱਠੂ ਮੁਰਦਾਬਾਦ’ ਦੇ ਨਾਅਰੇ ਲੱਗਣ ਲੱਗ ਪੈਣਗੇ। ਸ਼ਾਇਦ ਧੌਲ-ਧੱਫਾ ਵੀ ਮਾੜਾ-ਮੋਟਾ ਹੋ ਜਾਏ। ਚੁੱਪ ਕਰਕੇ ਟਿਕਿਆ ਰਹਿ।’’ ਇਸ ’ਤੇ ਦੋਨੋਂ ਹੱਸਣ ਲੱਗੇ ਤੇ ਅਗਾਂਹ ਤੁਰ ਗਏ। ‘ਨਿੱਜੀਕਰਨ ਮੁਰਦਾਬਾਦ’ ਦਾ ਸਿਲਸਿਲਾ ਉਵੇਂ ਹੀ ਚੱਲੀ ਜਾਂਦਾ ਸੀ।

-ਰਾਜਿੰਦਰਪਾਲ ਸ਼ਰਮਾ
 
Top