ਸੁਰ, ਸੰਗੀਤ ਤੇ ਸਵੱਛ ਗਾਇਕੀ ਦਾ ਸੁਮੇਲ

ਕਾਇਨਾਤ ਵਿਚ ਸਮੇਂ ਸਮੇਂ ਸਿਰਜੇ ਬੇਜੋੜ ਕੁਦਰਤੀ ਚਮਤਕਾਰਾਂ ਦਾ ਕੋਈ ਸਾਨੀ ਨਹੀਂ ਹੁੰਦਾ, ਬੇਸ਼ੱਕ ਉਹ ਪ੍ਰਕਿਰਤਕ ਹੋਣ ਜਾਂ ਦੁਨਿਆਵੀ- ਇਸੇ ਤਰ੍ਹਾਂ ਕੁਦਰਤ ਤੇ ਇਨਸਾਨ ਦੀ ਸਾਂਝ ਨਾਲ ਪ੍ਰਮਾਤਮਾ ਵੱਲੋਂ ਹੋਂਦ ਵਿਚ ਲਿਆਂਦੇ ਇਕ ਅਜੋਕੇ ਸੁਰਮਈ ਕ੍ਰਿਸ਼ਮੇ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਸੁਰ-ਸੰਗੀਤ ਤੇ ਗੀਤਾਂ ਦੀ ਸਰਦਾਰੀ ਦਾ ਸਿਰਨਾਵਾਂ ਆਖਿਆ ਜਾਂਦਾ ਹੈ। 1982 ਵਿਚ ਸੰਗੀਤ ਨਾਟਕ ਅਕਾਦਮੀ ਦਿੱਲੀ, 2006 ਵਿਚ ਪਦਮਸ਼੍ਰੀ ਅਤੇ ਮਿਲੇਨੀਅਮ ਐਵਾਰਡ ਨਾਲ ਸਨਮਾਨਿਤ ਸੁਰਿੰਦਰ ਕੌਰ ਪੰਜਾਹ ਸਾਲ ਤਕ ਪੰਜਾਬ ਲੋਕ ਗੀਤਾਂ ਦੀ ਦੁਨੀਆਂ ਵਿਚ ਛਾਈ ਰਹੀ।
ਇਕ ਮਾਇਆਨਾਜ਼ ਕਲਾਕਾਰ, ਸਾਦਗੀ ਤੇ ਸੰਜੀਦਗੀ ਦੀ ਸਿਖਰ ਅਤੇ ਸੰਗੀਤਮਈ ਸੁਰਾਂ ਦੀ ਮਲਿਕਾ ਸੁਰਿੰਦਰ ਕੌਰ 6 ਸਾਲ ਦੇ ਸਦੀਵੀ ਵਿਛੋੜੇ ਤੋਂ ਮਗਰੋਂ ਅੱਜ ਵੀ ਹਰ ਸੰਗੀਤ ਪ੍ਰੇਮੀ ਦੇ ਦਿਲ ਦਿਮਾਗ ਤੇ ਮਨ ਵਿਚ ਵਸਦੀ ਹੈ। 25 ਨਵੰਬਰ 1929 ਨੂੰ ਲਾਹੌਰ ਦੇ ਨਾਮੀ ਸਿੱਖ ਪਰਿਵਾਰ ਵਿਚ ਜਨਮੀ ਸੁਰਿੰਦਰ ਕੌਰ ਪੰਜ ਭੈਣਾਂ ਵਿੱਚੋਂ ਇਕ ਸੀ। ਘਰ ਵਿਚ ਗੁਰਬਾਣੀ ਗਾਇਨ ਤੇ ਸੰਗੀਤਕ ਮਾਹੌਲ ਪੰਜ ਦਰਿਆਵਾਂ ਦੀ ਸ਼ਹਿਣਸ਼ੀਲਤਾ ਤੇ ਰਵਾਨੀ ਦੀ ਤਰਜ਼ਮਾਨੀ ਕਰਦਾ ਸੀ। ਵੱਡੀ ਭੈਣ ਪ੍ਰਕਾਸ਼ ਕੌਰ ਨਾਲ 12 ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਨੇ ਰੇਡੀਓ ਲਾਹੌਰ ਤੋਂ ਗਾਣਾ ਆਰੰਭ ਕੀਤਾ ਤੇ ਪ੍ਰਸਿੱਧੀ ਹਾਸਲ ਕੀਤੀ। ਸੁਰਿੰਦਰ ਕੌਰ ਦੀ ਪ੍ਰਤਿਭਾ ਨੂੰ ਪਛਾਣਨ ਵਾਲੇ ਜੀਵਨ ਲਾਲ ਮੱਟੂ ਰੇਡੀਓ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਅਮਰ ਗਾਇਕ ਮੁਹੰਮਦ ਰਫ਼ੀ ਲੱਭਿਆ ਤੇ ਲਗਾਤਾਰ ਰੇਡੀਓ ਤੋਂ ਪੇਸ਼ਕਾਰੀਆਂ ਕਰਵਾਈਆਂ। ਵੱਡੀ ਭੈਣ ਪ੍ਰਕਾਸ਼ ਕੌਰ ਤੇ ਛੋਟੀ ਨਰਿੰਦਰ ਕੌਰ ਨਾਲ ਸੁਰਿੰਦਰ ਕੌਰ ਨੇ ਸ਼ਾਸਤਰੀ ਸੰਗੀਤ ਦੀ ਤਾਲੀਮ ਹਾਸਲ ਕੀਤੀ। ਦੋ ਭੈਣਾਂ ਮਹਿੰਦਰ ਕੌਰ ਤੇ ਮਨਜੀਤ ਕੌਰ ਨੇ ਸਟੇਜਾਂ ‘ਤੇ ਨਹੀਂ ਗਾਇਆ। ਪਟਿਆਲਾ ਘਰਾਣੇ ਦੇ ਉਸਤਾਦ ਇਨਾਇਤ ਹੁਸੈਨ, ਜੋ ਬਾਅਦ ਵਿਚ ਵੱਡੇ ਫਿਲਮ ਸੰਗੀਤ ਨਿਰਦੇਸ਼ਕ ਬਣੇ ਅਤੇ ਸ਼ਾਮ-ਚੁਰਾਸੀ ਘਰਾਣੇ ਦੇ ਉਸਤਾਦ ਨਿਆਜ਼ ਹੁਸੈਨ ਸ਼ਾਮੀ ਪਾਸੋਂ ਸਲੀਕੇ ਨਾਲ ਸੰਗੀਤ ਸਿੱਖਿਆ ਪ੍ਰਾਪਤ ਕੀਤੀ।
1947 ਦੀ ਵੰਡ ਤੋਂ ਬਾਅਦ ਦਿੱਲੀ ਆ ਵਸੇ ਪਰ ਪੰਡਤ ਮਣੀ ਪ੍ਰਸ਼ਾਦ ਤੇ ਫਿਰ ਉਸਤਾਦ ਅਬਦੁਲ ਰਹਿਮਾਨ ਸਾਹਿਬ (ਜੋ ਬਾਅਦ ਵਿਚ ਉਨ੍ਹਾਂ ਦੀ ਹੋਣਹਾਰ ਸਪੁਤਰੀ ਡੌਲੀ ਗੁਲੇਰੀਆ ਦੇ ਗੁਰੂ ਰਹੇ) ਦੀ ਸ਼ਾਗਿਰਦੀ ਵਿਚ ਸੰਗੀਤ ਸਿੱਖਿਆ ਜਾਰੀ ਰਹੀ।
1948 ਵਿਚ ਨੌਜਵਾਨ ਸੰਗੀਤਕਾਰ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ, ਐਮ.ਏ. (ਪੰਜਾਬੀ ਤੇ ਮਨੋਵਿਗਿਆਨ) ਨਾਲ ਵਿਆਹ ਤੋਂ ਬਾਅਦ ਸੁਰ-ਸੰਗੀਤ ਨੂੰ ਸਾਹਿਤ ਦਾ ਸਾਥ ਮਿਲ ਗਿਆ ਅਤੇ ਕਲਾ ਨਿਪੁੰਨ ਜੋੜੇ ਨੇ ਮਾਇਆ ਨਗਰੀ ਮੁੰਬਈ ਦਾ ਰੁਖ ਕੀਤਾ। ਉਨ੍ਹਾਂ ਦੀ ਸ਼ੋਹਰਤ ਪਹਿਲਾਂ ਹੀ ਮਾਇਆ ਨਗਰੀ ‘ਤੇ ਦਸਤਕ ਦੇ ਚੁੱਕੀ ਸੀ। ਇਸੇ ਲਈ ਸ਼ਾਇਦ ਫਿਲਮਾਲਯਾ ਦੇ ਪ੍ਰੋਡਿਊਸਰ ਐਸ. ਮੁਕਰਜੀ ਨੇ ਸਮੇਂ ਦੇ ਸਭ ਤੋਂ ਵੱਧ ਮਕਬੂਲ ਨਾਇਕ ਦਲੀਪ ਕੁਮਾਰ ਤੇ ਨਾਇਕਾ ਕਾਮਨੀ ਕੌਸ਼ਲ ਨਾਲ ਬਣਾਈ ਜਾ ਰਹੀ ਫਿਲਮ ‘ਸ਼ਹੀਦ’ ਦੇ ਗੀਤਾਂ ਲਈ ਸੁਰਿੰਦਰ ਕੌਰ ਦੀ ਸੱਜਰੀ ਤੇ ਸੁਰੀਲੀ ਆਵਾਜ਼ ਨੂੰ ਸੱਦਾ ਭੇਜਿਆ। ਉਨ੍ਹਾਂ ਲਤਾ ਮੰਗੇਸ਼ਕਰ, ਉਸ ਸਮੇਂ ਦੀ ਉਭਰਦੀ ਗਾਇਕਾ ਦੇ ਮੁਕਾਬਲੇ ਸੁਰਿੰਦਰ ਕੌਰ ਨੂੰ ਤਰਜੀਹ ਦਿੱਤੀ ਅਤੇ ਇਸ ਨੂੰ ਲਤਾ ਨੇ ਬਾਅਦ ਵਿਚ ਕਬੂਲਿਆ ਵੀ। ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ’ ਫਿਲਮ ‘ਸ਼ਹੀਦ’ ਦੇ ਤਿੰਨ ਗੀਤਾਂ ਵਿੱਚੋਂ ‘ਇਤਨੇ ਦੂਰ ਹੈਂ ਹਜ਼ੂਰ’ ਫਿਲਮ ਪਿਆਰ ਕੀ ਜੀਤ, ਫਿਲਮ ਕਨੀਜ਼, ਮੁਟਿਆਰ ਸਬਕ ਆਦਿ ਵਿਚ ਉਨ੍ਹਾਂ ਦੇ ਗੀਤ ਪਸੰਦ ਕੀਤੇ ਗਏ। ਉਨ੍ਹਾਂ ਨੇ ਸੰਗੀਤ ਨਿਰਦੇਸ਼ਕ ਗੁਲਾਮ ਹੈਦਰ, ਸ਼ੌਕਤ ਦੇਹਲਵੀ, ਅੱਲਾ ਰੱਖਾ, ਵਿਨੋਦ, ਖੁਰਸ਼ੀਦ ਅਨਵਰ, ਹੰਸ ਰਾਜ ਬਹਿਲ, ਸ੍ਰੀ ਰਾਮਚੰਦਰ, ਐਸ. ਮੋਹਿੰਦਰ ਦੇ ਸੰਗੀਤਬੱਧ ਗੀਤ ਫਿਲਮਾਂ ਲਈ ਗਾਏ। ਸੁਰਿੰਦਰ ਕੌਰ ਦੀ ਫਿਲਮੀ ਪਿੱਠਵਰਤੀ ਗਾਇਕੀ ਦਾ ਸੁਹਾਣਾ ਸਫਰ ਉਨ੍ਹਾਂ ਦੇ ਲੋਕ ਗੀਤਾਂ ਦੇ ਲੰਮੇਰੇ ਤੇ ਵਿਸ਼ਾਲ ਸਫਰ ਥੱਲੇ ਦੱਬਿਆ ਰਹਿ ਗਿਆ ਅਤੇ ਨਵੀਂ ਪੀੜ੍ਹੀ ਦੇ ਸਰੋਤੇ ਇਸ ਤੋਂ ਵਾਂਝੇ ਰਹੇ।
ਬੰਬਈ ਦੀ ਰੰਗੀਨ ਜ਼ਿੰਦਗੀ ਵਿਚ ਖੋਈ ਸੁਰਿੰਦਰ ਕੌਰ ਦੇ ਅਵਚੇਤਨ ‘ਚੋਂ ਪੰਜਾਬੀ ਜੀਵਨ ਦੇ ਲੋਕ ਗੀਤ ਤੇ ਸਰੋਕਾਰ ਗੀਤ ਅਕਸਰ ਉਮਡਦੇ ਰਹਿੰਦੇ ਜੋ ਉਨ੍ਹਾਂ ਦੇ ਬਚਪਨ ਤੇ ਜਵਾਨੀ ਦੇ ਹਾਣੀ ਰਹੇ ਸਨ। ਜ਼ਿੰਦਗੀ ਨੇ ਹੋਰ ਕਰਵਟ ਲਈ ਤੇ ਉਹ ਵਾਪਸ ਦਿੱਲੀ ਪਰਤ ਆਏ ਤੇ ਪੰਜਾਬੀ ਲੋਕ ਗੀਤ ਗਾਇਕੀ ਦੇ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੇ ਦੁਨੀਆਂ ਦੇ ਹਰ ਸ਼ਹਿਰ ਵਿਚ ਪੰਜਾਬੀ ਸਭਿਆਚਾਰ ਤੇ ਗਾਇਕੀ ਦੀ ਧਾਕ ਜਮਾਈ। ਕੁਝ ਦਹਾਕਿਆਂ ਬਾਅਦ ਪੰਜਾਬੀ ਸੰਗੀਤ ਫਿਰ ਸੰਸਾਰ ‘ਤੇ ਛਾਇਆ ਪਰ ਇਕ ਵੱਖਰੇ ਅੰਦਾਜ਼ ਤੇ ਪੰਜਾਬੀ ਪੌਪ ਦੇ ਸਰੂਪ ਵਿਚ ਜਿਸ ਵਿੱਚੋਂ ਅਸੀਂ ਅਪਣੱਤ, ਸੁਰੀਲਪਣ ਤੇ ਮਿਲਾਪੜੇ ਪੰਜਾਬੀ ਸਭਿਆਚਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।
ਮਕਬੂਲੀਅਤ ਦੀ ਸਿਖਰ ‘ਤੇ ਪੁੱਜੀ ਸੁਰਿੰਦਰ ਕੌਰ ਨੇ ਅਸ਼ਲੀਲਤਾ ਤੇ ਲੱਚਰ ਗਾਇਕੀ ਤੋਂ ਦੂਰ ਰਹਿ ਕੇ 2000 ਤੋਂ ਵੱਧ ਗੀਤ ਗਾਏ ਤੇ ਸੈਂਕੜੇ ਐਲਬਮਾਂ ਰਿਕਾਰਡ ਕਰਵਾਈਆਂ ਜੋ ਪੰਜਾਬੀ ਸਾਹਿਤ ਤੇ ਸਭਿਆਚਾਰਕ ਦੀ ਧਰੋਹਰ ਹਨ। 14 ਜੂਨ 2006 ਨੂੰ ਸੁਰਿੰਦਰ ਕੌਰ ਦਾ ਨਿਊ ਜਰਸੀ ਅਮਰੀਕਾ ‘ਚ ਦੇਹਾਂਤ ਹੋ ਗਿਆ ਸੀ।
ਅੱਜ ਦਾ ਸੰਗੀਤ ਵੀ ਕੋਈ ਘੱਟ ਦਿਲ ਖਿੱਚਵਾਂ ਨਹੀਂ ਪਰ ਫਿਰ ਵੀ ਉਹ ਖਲਾਅ ਤੇ ਕਮੀ ਕਿਉਂ ਮਹਿਸੂਸ ਹੋ ਰਹੀ ਹੈ। ਕੁਝ ਨਾਮੀ ਹਸਤੀਆਂ ਨੇ ਇਸ ਦੀ ਦਿਸ਼ਾ ਤੇ ਦਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ:
* ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ
”ਕਲਾ ਦੀ ਕਿਸੇ ਸਿਖਰ ਨੂੰ ਛੂਹਣਾ ਜਾਂ ਫਤਿਹ ਕਰਨਾ ਤੇ ਉਮਰ ਭਰ ਉਸ ਬੁਲੰਦੀ ‘ਤੇ ਬਣੇ ਰਹਿਣਾ ਕੋਈ ਇਤਫਾਕ ਜਾਂ ਵਰਦਾਨ ਨਹੀਂ ਸਗੋਂ ਸਾਫ-ਸੁਥਰੀ ਸੋਚ, ਸੰਗੀਤ ਦੀ ਲਗਨ, ਤਪੱਸਿਆ, ਅਨੁਸ਼ਾਸਨ, ਪਰਿਵਾਰਕ ਸਹਿਯੋਗ ਅਤੇ ਯੋਗ ਅਧਿਆਪਕ ਜਾਂ ਗੁਰੂ ਦਾ ਆਸ਼ੀਰਵਾਦ ਹੈ ਜੋ ਕਿ ਸੁਰਿੰਦਰ ਕੌਰ ਦੇ ਹਿੱਸੇ ਵਿਚ ਹਮੇਸ਼ਾ ਹੀ ਭਰਪੂਰ ਰਿਹਾ। ਖਾਲਸਾ ਕਾਲਜ ਦਿੱਲੀ ਵਿਖੇ ਸੁਰਿੰਦਰ ਕੌਰ ਦੇ ਪਤੀ ਪੋ੍ਰਫੈਸਰ ਜੋਗਿੰਦਰ ਸਿੰਘ ਸੋਢੀ ਦੇ ਮਿੱਤਰ, ਸਹਿਯੋਗੀ ਰਹੇ ਡਾਕਟਰ ਜਸਪਾਲ ਸਿੰਘ ਪੰਜਾਬੀ ਗਾਇਕੀ ਦੇ ਢਹਿੰਦੇ ਮਿਆਰ ਲਈ ਸੋਚਵਾਨ ਹਨ। ਸੁਰਿੰਦਰ ਕੌਰ ਪੰਜਾਬੀ ਗੀਤ ਗਾਇਕੀ ਦਾ (ਸਿੰਬਲ)…ਹੈ, ਪੁਰਜ਼ੋਰ ਸੋਜ਼ ਭਰੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਦੀ ਹੋਈ ਉਹ ਚਾਰ ਘੁੰਗਰੂਆਂ ਦੇ ਛਣਕਾਟੇ ਨਾਲ ਸਰੋਤਿਆਂ ਨੂੰ ਕੀਲ ਦਿੰਦੀ ਸੀ ਜਦੋਂ ਕਿ ਅੱਜ ਅਧਢਕੇ ਬਦਨ ਵਾਲੀਆਂ ਖੂਬਸੂਰਤ ਲੜਕੀਆਂ ਦੇ ਨ੍ਰਿਤ ਦਾ ਸਹਾਰਾ ਲੈ ਕੇ ਕੋਈ ਵੀ ਕਲਾਕਾਰ ਉਹ ਕ੍ਰਿਸ਼ਮਾ ਨਹੀਂ ਕਰ ਸਕਦਾ।
* ਰਾਜ ਗਾਇਕ ਹੰਸ ਰਾਜ ਹੰਸ
‘ਗਵੱਈਆ’ ਵੱਖਰੀ ਗੱਲ ਹੈ ਅਤੇ ਮਸ਼ਹੂਰ ਹੋਣਾ ਅਲੱਗ ਪਰ ਸੁਰੀਲਾ ਤੇ ਮਹਾਨ ਹੋਣਾ ਇਕ ਬਹੁਤ ਵੱਡੀ ਉਪਲਬਧੀ ਜਾਂ ਇਕ ਮਨੁੱਖੀ ਚਮਤਕਾਰ ਹੈ, ਜੋ ਅਮਰ ਗਾਇਕਾ ਸੁਰਿੰਦਰ ਕੌਰ ਨੇ ਕਰ ਵਿਖਾਇਆ ਹੈ। ਸੁਰਿੰਦਰ ਕੌਰ ਜੀ ਦੀ ਮਹਾਨਤਾ ਤੇ ਅਪਣੱਤ ਦਾ ਜ਼ਿਕਰ ਕਰਦਿਆਂ ਹੰਸ ਨੇ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਉਹ ਆਪਣੀਆਂ ਛੋਟੀਆਂ ਸਪੁੱਤਰੀਆਂ ਨੰਦਿਨੀ ਅਤੇ ਪ੍ਰਮੋਦਨੀ ਕੋਲ ਨਿਊੂ ਜਰਸੀ ਠਹਿਰੇ ਹੋਏ ਸਨ ਅਤੇ ਉਹ ਵੀ ਵਾਸ਼ਿੰਗਟਨ ਡੀ.ਸੀ. ਇਕ ਪੋ੍ਰਗਰਾਮ ਲਈ ਜਾ ਰਿਹਾ ਸੀ। ਅਚਾਨਕ ਉਸ ਨੂੰ ਮਾਂ ਦਾ ਫੋਨ ਆਇਆ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਮੱਕੀ ਦੀ ਰੋਟੀ ਤੇ ਸਾਗ ਬਣਾ ਕੇ ਖੁਆਵਾਂ। ਲੰਬੇ ਪੈਂਡੇ ਦੀ ਪ੍ਰਵਾਹ ਨਾ ਕਰਦੇ ਮੈਂ ਪਰਤ ਆਇਆ ਅਤੇ ਵਿਦੇਸ਼ ਵਿਚ ਉਨ੍ਹਾਂ ਹੱਥੋਂ ਪ੍ਰਸ਼ਾਦ ਲਿਆ। ਮੈਂ ਉਨ੍ਹਾਂ ਦੇ ਗੀਤ ‘ਮਹਿਰਮ ਦਿਲਾਂ ਦੇ ਮਾਹੀ’ ਦੀਆਂ ਕੁਝ ਸਤਰਾਂ ਵੀ ਸੁਣਾਈਆਂ। ਪ੍ਰਸੰਨਤਾ ਭਰੇ ਲਹਿਜ਼ੇ ਵਿਚ ਉਨ੍ਹਾਂ ਆਖਿਆ, ਪੁੱਤਰ ਗਾਇਕੀ ਦਾ ਰਾਜਯੋਗ ਤੇਰੇ ਲਈ ਹੈ ਪਰ ਗਰੂਰ ਤੇ ਹਉਮੈ ਤੋਂ ਦੂਰ ਰਹੀਂ ਕਿਉਂਕਿ ਸੱਚੇ ਸੁਰ ਦਾ ਇਨ੍ਹਾਂ ਨਾਲ ਕੋਈ ਮੇਲ ਨਹੀਂ।
ਸੁਰਿੰਦਰ ਕੌਰ ਨੂੰ ਇਕ ਚਾਨਣ-ਮੁਨਾਰਾ ਤੇ ਆਦਰਸ਼ ਮੰਨ ਕੇ ਸਭ ਕਲਾਕਾਰਾਂ ਸੁਹਿਰਦ ਤੇ ਸੁੱਚੀ ਗਾਇਕੀ ਦੀ ਸੰਭਾਲ ਤੇ ਉਸਤਾਦਾਂ ਦਾ ਆਦਰ ਕਰਨਾ ਚਾਹੀਦਾ ਹੈ।
* ਪ੍ਰੋਫੈਸਰ ਰਾਜਪਾਲ ਸਿੰਘ
ਸੁਰਿੰਦਰ ਕੌਰ ਦੀ ਸੁਰੀਲੀ ਤੇ ਪੁਰਜ਼ੋਰ ਆਵਾਜ਼ ਦਾ ਜਾਦੂ ਤੇ ਸ਼ਿਵ ਬਟਾਲਵੀ ਦੇ ਗੀਤਾਂ ਦੀ ਪ੍ਰਤਿਭਾ ਦੇ ਅਜੋਕੇ ਸੁਮੇਲ ਦਾ ਨਜ਼ਾਰਾ ਕੁਇਨ ਐਲਿਜ਼ਾਬੈਥ ਹਾਲ ਵੈਨਕੂਵਰ ਵਿੱਚ 24.11.1974 ਦੀ ਸ਼ਾਮ ਮੈਨੂੰ ਅੱਜ ਵੀ ਯਾਦ ਹੈ। ਰਾਤ ਭਰ ਫਰਮਾਇਸ਼ਾਂ ਹੁੰਦੀਆਂ ਰਹੀਆਂ ਤੇ ਮਹਿਫਲ ਜਵਾਨ ਰਹੀ। ਸੰਸਾਰ ਭਰ ਵਿੱਚ ਸੁਰਿੰਦਰ ਕੌਰ ਦੇ ਬੇਮਿਸਾਲ ਯੋਗਦਾਨ ਨੂੰ ਸਲਾਹਿਆ ਗਿਆ। ਖਾਸ ਤੌਰ ‘ਤੇ ਪੰਜਾਬੀ ਸੰਗੀਤ ਪ੍ਰੇਮੀਆਂ ਵੱਲੋਂ, ਪਰ ਪਤਾ ਨਹੀਂ ਅਸੀਂ ਕਿਉਂ ਖੁਦਗਰਜ਼ ਹਾਂ। ਅਫਸੋਸ ਹੈ ਕਿ ਕਿਸੇ ਵੀ ਅਜਿਹੇ ਅਨਮੋਲ ਕਲਾਕਾਰ, ਸੁਰਿੰਦਰ ਕੌਰ, ਮੁੰਹਮਦ ਰਫੀ ਜਾਂ ਸਰਦਾਰ ਸੋਭਾ ਸਿੰਘ ਦੀ ਕੋਈ ਯਾਦਗਾਰ ਨਹੀਂ ਬਣਾ ਸਕੇ। ਇਥੋਂ ਤੱਕ ਕਿ ਉਮਰ ਭਰ ਪੰਜਾਬ ਦੇ ਸੱਭਿਆਚਾਰ ਤੇ ਸੰਗੀਤ ਦੀ ਰਾਜਦੂਤ ਸੁਰਿੰਦਰ ਕੌਰ ਨੂੰ ਪਦਮਸ੍ਰੀ ਦੀ ਉਪਾਧੀ ਵੀ ਗੁਆਂਢੀ ਸੂਬੇ ਵਿੱਚੋਂ ਮਿਲੀ। ਲੇਖਕ, ਕਲਾਕਾਰ, ਦੇਸ਼ ਦਾ ਮਾਣ ਹੁੰਦੇ ਹਨ ਅਤੇ ਸਭਿਆਚਾਰ ਦੀ ਧਰੋਹਰ ਵੀ।
* ਡੌਲੀ ਗੁਲੇਰੀਆ
ਸੁਰਿੰਦਰ ਕੌਰ ਦੇ ਲੋਕ ਗੀਤਾਂ ਦੀ ਸੰਗੀਤਕ ਵਿਰਾਸਤ ਦੀ ਪ੍ਰਮੁੱਖ ਵਾਰਸ ਡੌਲੀ ਗੁਲੇਰੀਆ ਇਕ ਵਿਲੱਖਣ ਪ੍ਰਤਿਭਾਸ਼ਾਲੀ ਗਾਇਕਾ ਹੈ, ਜਿਸ ਨੂੰ ਸੂਫ਼ੀ, ਲੋਕ ਗੀਤ, ਗ਼ਜ਼ਲ ਤੇ ਟੀ.ਵੀ., ਫਿਲਮਾਂ ਵਿੱਚ ਗਾਉਣ ਦੀ ਉਚੇਰੀ ਮੁਹਾਰਤ ਹੈ। ਆਪਣੀ ਮਾਂ ਦੇ ਪਾਏ ਪੂਰਨਿਆਂ ‘ਤੇ ਚੱਲ ਰਹੀ ਆਕਾਸ਼ਬਾਣੀ ਦੀ ‘ਏ’ ਗਰੇਡ ਕਲਾਕਾਰ ਡੌਲੀ ਗੁਲੇਰੀਆ ਨੇ ਦੇਸ਼-ਵਿਦੇਸ਼ ਵਿੱਚ ਸਾਫ-ਸੁਥਰੀ ਪੰਜਾਬੀ ਗਾਇਕੀ ਦੀ ਵਡਮੁਲੀ ਵਿਰਾਸਤ ਨੂੰ ਅੱਗੇ ਵਧਾਇਆ ਹੈ, ਜੋ ਉਨ੍ਹਾਂ ਦੀ ਮਾਤਾ ਦਾ ਸੁਪਨਾ ਸੀ। ਇਸੇ ਵਿੱਚ ਉਨ੍ਹਾਂ ਦੀ ਹੋਣਹਾਰ ਸਪੁੱਤਰੀ ਸੁਨਾਇਨੀ (ਸੁਰਿੰਦਰ ਕੌਰ ਦੀ ਦੋਹਤੀ) ਅਤੇ ਉਸ ਦੀ ਬੇਟੀ ਰਿਯਾ ਦਾ ਵੀ ਵਿਸ਼ੇਸ਼ ਹਿੱਸਾ ਹੈ। ਆਪਣੀ ਨਵੀਂ ਐਲਬਮ ‘ਮੈਂ ਤੈਨੂੰ ਯਾਦ ਆਵਾਂਗੀ’ ਰਾਹੀਂ ਡੌਲੀ ਗੁਲੇਰੀਆ ਨੇ ਸੁਰਿੰਦਰ ਕੌਰ ਦੀ ਗਾਇਕੀ ਦੀ ਵੰਨਗੀ ਪੇਸ਼ ਕੀਤੀ ਹੈ। ਸਾਫ-ਸੁਥਰੀ ਗਾਇਕੀ ਦੇ ਭਵਿੱਖ ਬਾਰੇ ਗਾਇਕੀ ਦੀ ਵੰਨਗੀ ਪੇਸ਼ ਕਰਦਿਆਂ ਡੌਲੀ ਗੁਲੇਰੀਆ ਨੇ ਆਖਿਆ ਕਿ ਅੱਗੇ ਵਧਣ ਦੀ ਹੋੜ ਵਿੱਚ ਸਾਥੀ ਕਲਾਕਾਰ ਇਸ ਨੂੰ ਫਿਊਜ਼ਨ ਜਾਂ ਰੀਮਿਕਸ ਦੇ ਨਾਂ ਥੱਲ੍ਹੇ ਦਰਅਸਲ ਵਪਾਰਕ ਪੱਖ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਅਸੀਂ ਇਸ ਕਲਾ ਨੂੰ ਇਬਾਦਤ ਮੰਨਦੇ ਹਾਂ। ਮੇਰੀਆਂ ਲਗਪਗ 35 ਐਲਬਮਾਂ ਤੇ ਕੁਝ ਪੰਜਾਬੀ ਫਿਲਮੀ ਗੀਤ ਸਾਫ-ਸੁਥਰੀ ਪੰਜਾਬੀ ਗਾਇਕੀ ਦੀ ਮਿਸਾਲ ਹਨ, ਜਿਨ੍ਹਾਂ ਵਿੱਚ ਪੰਜਾਬ ਦੀ ਮਿੱਟੀ ਤੇ ਸਭਿਆਚਾਰ ਦੀ ਖੁਸ਼ਬੂ ਮਹਿਸੂਸ ਕੀਤੀ ਜਾ ਸਕਦੀ ਹੈ।
 
Top