ਕੁਦਰਤੀ ਸਮਤੋਲ ਵਿੱਚ ਮਨੁੱਖੀ-ਵਿਵਹਾਰ

ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਵੱਡੇ-ਵਡੇਰਿਆਂ ਨੇ ਪੰਜਾਬੀ ਜੀਵਨ-ਜਾਚ ਵਿਚ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦੇ ਰੂਪ ਵਿਚ ਮੰਨਿਆ ਹੈ। ਕੁਲ-ਲੁਕਾਈ ਦਾ ਮੰਨਣਾ ਹੈ ਕਿ ਸਮੁੱਚੇ ਬ੍ਰਹਿਮੰਡ ਦੇ ਸੂਰਜ ਮੰਡਲ ਅਤੇ ਉਪਗ੍ਰਹਿ ਸਮੇਤ ਸਿਰਫ਼ ਧਰਤੀ ਉਤੇ ਹੀ ਜੀਵਨ ਸੰਭਵ ਹੈ। ਵਿਸ਼ਾਲ, ਕੋਮਲ, ਮਮਤਾਮਈ ਅਤੇ ਸਹਿਜਤਾ ਜਿਹੇ ਗੁਣਾਂ ਦੀ ਧਾਰਨੀ ਧਰਤੀ ਨੇ ਮਨੁੱਖੀ ਜੀਵਨ ਦੇ ਸੁਖਮਈ ਜਿਉਣ ਲਈ ਆਪਣੀ ਗੋਦ ਤੋਂ ਜਨਮੇ ਰੰਗ-ਬਰੰਗੇ ਫੁੱਲ-ਬੂਟਿਆਂ ਦੇ ਸਦਕਾ ਆਲੇ-ਦੁਆਲੇ ਪੁੰਗਰੀ ਹਰਿਆਵਲ ਅਤੇ ਰੁਮਕਦੀਆਂ ਹਵਾਵਾਂ ਬਖਸ਼ ਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਧਰਤੀ ਦੀ ਵਿਸ਼ਾਲ ਗੋਦ ਨੇ ਅਨੇਕਾਂ ਪ੍ਰਕਾਰ ਦੇ ਪਸ਼ੂ-ਪੰਛੀ, ਪੌਦੇ, ਜਾਨਵਰ, ਕੀੜੇ-ਮਕੌੜੇ ਅਤੇ ਮਨੁੱਖੀ ਜੀਵਨ ਦੇ ਵਸੇਬੇ ਲਈ ਪਹਾੜ, ਮਾਰੂਥਲ, ਮੈਦਾਨ, ਸਮੁੰਦਰ, ਦਰਿਆ, ਜੰਗਲ ਅਤੇ ਗੁਫ਼ਾਵਾਂ ਦੀ ਸਿਰਜਣਾ ਕਰਕੇ ਜੀਵਨ ਦੀ ਵੰਨ-ਸੁਵੰਨਤਾ ਨੂੰ ਸਹੀ ਦਿਸ਼ਾ ਦੇਣ ਲਈ ਕੁਦਰਤ ਦੇ ਸਮਤੋਲ ਨੂੰ ਕਾਇਮ ਕੀਤਾ ਹੈ। ਕਈ ਹਜ਼ਾਰ ਸਾਲਾਂ ਤੋਂ ਧਰਤੀ ਦੀ ਸੁਭਾਵਕਤਾ, ਸਹਿਜਤਾ, ਇਕਸਾਰਤਾ ਅਤੇ ਵਿਕਾਸ ਦੇ ਸਿਲਸਿਲੇਵਾਰ ਤੌਰ ਦੇ ਰੰਗ ਮਨੁੱਖ ਦੇ ਸਾਹਮਣੇ ਸਨ। ਮਨੁੱਖੀ ਹਉਮੇਂ ਦੀ ਪ੍ਰਵਿਰਤੀ ਨੇ ਆਪਣੀਆਂ ਸੁੱਖ-ਸੁਵਿਧਾਵਾਂ ਲਈ ਆਪਣੀ ਜਨਮ ਦਾਤੀ ਧਰਤੀ ਨੂੰ ਲੁੱਟਣਾ-ਪੁੱਟਣਾ ਸ਼ੁਰੂ ਕਰਕੇ ਕੁਦਰਤ ਦੀਆਂ ਬਖਸ਼ੀਆਂ ਅਮਾਨਤਾਂ ਨੂੰ ਉਜਾੜਨ ਦਾ ਕੰਮ ਕੀਤਾ। ਅੱਜ ਦੇ ਮਨੁੱਖ ਨੇ ਕੁਦਰਤ ਦੇ ਨਿਯਮਾਂ ਵਿਚ ਵਧੇਰੇ ਦਖ਼ਲਅੰਦਾਜ਼ੀ ਕਰਕੇ ਆਪਣੀਆਂ ਅਸੀਮ ਇੱਛਾਵਾਂ ਦੀ ਪੂਰਤੀ ਲਈ ਮਨਮਰਜ਼ੀਆਂ ਕਰਦਿਆਂ ਧਰਤੀ ਦੇ ਸਮਤੋਲ ਨੂੰ ਸਿੱਧੇ ਤੇ ਅਸਿੱਧੇ ਰੂਪ ਵਿਚ ਪ੍ਰਭਾਵਿਤ ਕੀਤਾ। ਮਨੁੱਖ ਨਵੀਂ ਸੋਚ ਤਹਿਤ ਸਾਰੇ ਬ੍ਰਹਿਮੰਡ ਦੇ ਨਾਲ ਪੂਰੀ ਧਰਤੀ ’ਤੇ ਕਾਬਜ਼ ਹੋਣ ਦਾ ਸੁਪਨਾ ਦੇਖਣ ਲੱਗ ਪਿਆ। ਆਏ ਦਿਨ ਮਨੁੱਖ ਵੱਖ-ਵੱਖ ਤਰੀਕਿਆਂ ਨਾਲ ਧਰਤੀ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਉਨ੍ਹਾਂ ਉਪਰ ਆਪਣਾ ਨਿਜ਼ਾਮ ਕਾਇਮ ਕਰਨ ’ਤੇ ਲੱਗਾ ਹੋਇਆ ਹੈ। ਧਰਤੀ ਦੀ ਸਿਰਜਣਾ ਸ਼ਕਤੀ ਦੁਆਰਾ ਤਰਤੀਬ-ਬੱਧ ਪੈਦਾ ਹੋਈ ਕੁਦਰਤੀ ਸਹਿਜ-ਸਮਤੋਲ ਨੂੰ ਉੱਘੜਾ-ਦੁੱਗੜਾ ਕਰਕੇ ਲਾਲਚਵੱਸ ਲਾਲਸਾਵੀ ਭਾਵਨਾ ਤਹਿਤ ਧਰਤੀ ਅਤੇ ਕੁਦਰਤੀ ਸੋਮਿਆਂ ਨੂੰ ਆਪਣੇ ਹਿੱਤਾਂ ਅਨੁਸਾਰ ਵਰਤ ਰਿਹਾ ਹੈ। ਧਰਤੀ ਦੀ ਚੁੱਪ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਮਨੁੱਖ ਨੇ ਆਪਣੀ ਮਨਮਰਜ਼ੀ ਦੇ ਚੱਲਦਿਆਂ ਸੁੱਖ-ਸੁਵਿਧਾਵਾਂ ਦੀ ਪ੍ਰਾਪਤੀ ਲਈ ਸਮੁੱਚੇ ਵਾਤਾਵਰਨ ਵਿਚ ਉਥਲ-ਪੁਥਲ ਮਚਾ ਧਰਤੀ ਮਾਂ ਦੀਆਂ ਨਿਆਮਤਾਂ ’ਤੇ ਹਮਲੇ ਕੀਤੇ ਹਨ। ਬਿਨਾਂ ਸੋਚੇ-ਸਮਝੇ ਸੁਹਾਵਣੀ ਅਤੇ ਬਰਕਤਾਂ ਵਾਲੀ ਧਰਤੀ ਦੀ ਖੂਬਸੂਰਤੀ ਨੂੰ ਖੋਰਾ ਲਾ ਕੇ ਜੰਗਲ-ਵੇਲਿਆਂ ਨੂੰ ਉਜਾੜ ਪੈਸੇ ਕਮਾਉਣ ਦੇ ਅੰਨ੍ਹੇ ਜਨੂੰੂਨ ਦੇ ਚਲਦਿਆਂ ਹਰਿਆਲੇ ਰੁੱਖ-ਬੂਟਿਆਂ ਦੀ ਕਟਾਈ ਕਰਕੇ ਜ਼ਮੀਨਾਂ ਨੂੰ ਵਾਹੀਯੋਗ ਬਣਾ ਆਪਣਾ ਉੱਲੂ ਸਿੱਧਾ ਕੀਤਾ। ਪੈਸੇ ਦੇ ਸਰੂਰ ਵਿਚ ਆਪਣੇ-ਆਪ ਨੂੰ ਸੱਭਿਅਕ ਮਨੁੱਖ ਕਹਿਣ ਵਾਲੇ ਮਨੁੱਖ ਨੇ ਮਰਦਾਵੀਂ ਤਾਕਤ ਦੇ ਸਹਾਰੇ ਧਰਤੀ ਮਾਂ ਦੀ ਪ੍ਰਵਾਨਗੀ ਨੂੰ ਦਰ-ਕਿਨਾਰ ਕਰਕੇ ਬਹੁ-ਮੰਜ਼ਿਲੀ ਉੱਚੀਆਂ ਇਮਾਰਤਾਂ ਦੇ ਰੂਪ ਵਿਚ ਕੰਕਰੀਟ ਦੇ ਬੇਲੋੜੇ ਮਹਿਲ ਉਸਾਰ ਸਵਾਰਥ ਪੂਰਤੀ ਲਈ ਸਵੈ-ਮਗਨ ਹੋ ਕੇ ਧਰਤੀ ਦੇ ਸਮੁੱਚੇ ਵਾਤਾਵਰਨ ਵਿਚ ਵੱਡੇ ਪੱਧਰ ’ਤੇ ਵਿਗਾੜ ਪਾਇਆ ਹੈ। ਅੰਧਾ-ਧੁੰਦ ਬਿਨਾਂ ਕਿਸੇ ਰੋਕ-ਟੋਕ ਦੇ ਵਧਦੀ ਆਬਾਦੀ ਦੀਆਂ ਬੇਹੂਦੀਆਂ ਹਰਕਤਾਂ ਕਾਰਨ ਧਾਹਾਂ ਮਾਰਦੀ ਕੁਦਰਤ, ਕੀਰਨੇ ਪਾਉਂਦਾ ਆਲਾ-ਦੁਆਲਾ, ਦੁਰਗੰਧਾਂ ਛੱਡਦਾ ਵਾਤਾਵਰਨ ਅਤੇ ਜ਼ਹਿਰ ਉਗਲਦੀਆਂ ਹਵਾਵਾਂ ਨੇ ਧਰਤੀ ਦਾ ਮੂੰਹ-ਮੁਹਾਂਦਰਾ ਬੁਰੀ ਤਰ੍ਹਾਂ ਝੁਲਸਿਆਂ ਤੇ ਵਲੂੰਧਰਿਆਂ ਹੈ। ਵਾਤਾਵਰਨ ਦੇ ਨਾਸ਼ਕ ਮਨੁੱਖ ਦੀਆਂ ਆਪਹੁਦਰੀਆਂ, ਮਨਮਾਨੀਆਂ ਤੇ ਬੇਰਹਿਮੀਆਂ ਕਰਕੇ ਧਰਤੀ ’ਤੇ ਵੱਸਦਾ ਹਰ ਜੀਵ ਇਸ ਤੋਂ ਆਪਣੇ ਜੀਵਨ ਦੀ ਭੀਖ ਮੰਗਦਾ ਨਜ਼ਰ ਆਉਂਦਾ ਹੈ। ਸਮੁੰਦਰਾਂ ਦੀਆਂ ਗਹਿਰਾਈਆਂ, ਪਰਬਤਾਂ ਦੀਆਂ ਉਚਾਈਆਂ ਮਨੁੱਖ ਦੀਆਂ ਬੇਹੁਦਗੀਆਂ ਕਰਕੇ ਖਾਤਮੇ ਵੱਲ ਨੂੰ ਵਧ ਰਹੀਆਂ ਹਨ। ਹਵਾ,ਪਾਣੀ ਦੇ ਸੋਮਿਆਂ ਨੂੰ ਮਨੁੱਖ ਦੀਆਂ ਕਾਰਗੁਜ਼ਾਰੀਆਂ ਨੇ ਗੰਧਲਾ ਤੇ ਪਲੀਤ ਕਰ ਦਿੱਤਾ ਹੈ। ਧਰਤੀ ਦੇ ਕਿਸੇ ਕੋਨੇ ਵਿਚ ਕੋਈ ਐਸੀ ਥਾਂ ਦਿਖਾਈ ਨਹੀਂ ਦਿੰਦੀ, ਜਿਸ ਉਪਰ ਮਨੁੱਖ ਦੇ ਸਿਤਮਾਂ ਦੀ ਗਰਦ ਨਾ ਡਿੱਗੀ ਹੋਵੇ। ਹਰਿਆਵਲ, ਰੰਗ-ਬਰੰਗੇ ਫੁੱਲ, ਅਜੀਬੋ-ਗਰੀਬ, ਜੀਵ-ਜੰਤੂ, ਚਹਿਚਹਾਉਂਦੇ ਪੰਛੀ, ਰੁਮਕਦੀਆਂ ਹਵਾਵਾਂ, ਵਗਦੇ ਝਰਨੇ ਅਤੇ ਜੰਗਲ-ਵੇਲਿਆਂ ਦੀ ਵੰਨ-ਸੁਵੰਨਤਾ ਨੂੰ ਮਨੁੱਖੀ ਲਾਲਸਾ ਤੋਂ ਉਪਜੀ ਵਿਗਿਆਨਕ ਤੇ ਤਕਨਾਲੋਜੀ ਦੀ ਸੋਝੀ ਨੇ ਡਾਢੀ ਢਾਹ ਲਾ ਕੇ ਧਰਤੀ ਉਪਰਲੀ ਜੀਵਨ ਚੱਕਰ-ਪ੍ਰਣਾਲੀ ਦੇ ਨਾਜ਼ੁਕ ਸੰਤੁਲਨ ਨੂੰ ਗੜਬੜਾ ਦਿੱਤਾ ਹੈ। ਮਨੁੱਖ ਦੁਆਰਾ ਆਧੁਨਿਕ ਢੰਗਾਂ ਨਾਲ ਖੇਤੀ ਕਰਕੇ ਹਰੇ ਇਨਕਲਾਬ ਦੇ ਨਾਂ ’ਤੇ ਬੇਲੋੜੀ ਫਸਲੀ ਆਮਦ ਨੇ ਬਰਸਾਤੀ ਚੱਕਰ ਦੇ ਡਗਮਗਾ ਜਾਣ ਕਾਰਨ ਧਰਤੀ ਹੇਠਾਂ ਪਾਣੀ ਦੀ ਕਮੀ ਵੀ ਆਈ ਅਤੇ ਕੁਝ ਥਾਵਾਂ ’ਤੇ ਸੇਮ ਦੀ ਵਿਕਰਾਲ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਮਨੁੱਖ ਨੇ ਆਪਣੇ-ਆਪ ਨੂੰ ਸੱਭਿਅਕ ਹੋਣ ਦਾ ਭਰਮ ਸਿਰਜ ਕੇ ਬੇਲੋੜੇ ਬਹੁ-ਮੰਜ਼ਿਲੀ ਮਹਿਲ ਉਸਾਰ ਧਰਤੀ ਦੀ ਸੁੰਦਰਤਾ ਅਤੇ ਬਨਸਪਤੀ ਦੀ ਹਰਿਆਵਲ ਦੇ ਮੁੱਖ ਸਰੋਤ ਰੁੱਖਾਂ, ਬਿਰਖਾਂ ਅਤੇ ਵਣਾਂ ਨੂੰ ਉਜਾੜ ਸੁਹਾਵਣੀ ਧਰਤੀ ਨੂੰ ਹੀ ਖੋਰਾ ਨਹੀਂ ਲਾਇਆ ਸਗੋਂ ਆਪਣੀਆਂ ਸੁਆਸੀ ਅਤੇ ਖੁਰਾਕੀ ਲੋੜਾਂ ਤੋਂ ਵੀ ਅਵਾਜਾਰ ਹੋਇਆ ਹੈ। ਮਨੁੱਖ ਦੀ ਹਉਮੈਵਾਦੀ, ਧਾੜਵੀ ਅਤੇ ਲਾਲਚੀ ਪ੍ਰਵਿਰਤੀ ਕਾਰਨ ਮਾਨਵ ਆਪਣੇ ਵਿਛਾਏ ਹੋਏ ਜਾਲ ਵਿਚ ਆਪੇ ਫਸ ਕੇ ਆਉਣ ਵਾਲੇ ਸਮੇਂ ਲਈ ਆਪਣੇ ਰਾਹਾਂ ਵਿਚ ਕੰਡੇ ਬੀਜ ਰਿਹਾ ਹੈ। ਮਾਨਵੀ ਲਾਲਸਾਵਾਂ ਵਿਚ ਬੇ-ਪ੍ਰਵਾਹ ਵਾਧੇ ਨੇ ਵਾਤਾਵਰਨ ਦੇ ਮੂਲ ਸਰੋਤ ਜੰਗਲ ਵੇਲੇ ਅਤੇ ਕੁਦਰਤ ਵੱਲੋਂ ਮਿਲੇ ਵਰਦਾਨਾਂ ਵਿਚੋਂ ਕੁਦਰਤੀ ਸੋਮਾ ਪਾਣੀ ਦੇ ਖਾਤਮੇ ਵੱਲ ਵਧਣਾ ਮਨੁੱਖ ਨੂੰ ਮਹਾਂਵਿਨਾਸ਼ ਦੇ ਰਾਹ ਤੋਰ ਰਿਹਾ ਹੈ। ਮਨੁੱਖੀ ਲਾਲਸਾ ਕਾਰਨ ਮਨੁੱਖ ਦੀ ਚੰਨ ਨੂੰ ਪੌੜੀ ਲਗਾ ਲੈਣ ਦੀ ਸਮਰੱਥਾ ਨੇ ਉਸ ਦੇ ਚਿਹਰੇ ’ਤੇ ਗਰਜ਼ਾਂ ਦੀ ਐਨਕ ਲਾ ਆਮ ਜ਼ਿੰਦਗੀ ਦੇ ਰਿਸ਼ਤਿਆਂ ਦਾ ਨਿੱਘ ਤੇ ਸੰਜਮ ਖੋਹ ਕੇ ਅਸੁਰੱਖਿਅਤ ਤੇ ਕਲੇਸ਼ ਵਾਲੇ ਜੀਵਨ ਦੇ ਰਾਹ ਪਾ ਦਿੱਤਾ ਹੈ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਮਨੁੱਖੀ ਜੀਵਨ ਲਈ ਪੈਦਾ ਹੋਇਆ ਖ਼ਤਰਾ ਅਤੇ ਧਰਤੀ ਤੇ ਜੀਵਨ ਨੂੰ ਸਮਾਪਤ ਕਰਨ ਵਾਲੇ ਵਾਤਾਵਰਣਿਕ ਪ੍ਰਦੂਸ਼ਣ ਲਈ ਅਜੋਕਾ ਆਪਣੇ-ਆਪ ਨੂੰ ਬੁੱਧੀਮਾਨ ਸਮਝਦਾ ਮਨੁੱਖ ਹੀ ਜ਼ਿੰਮੇਵਾਰ ਹੈ। ਤਕਨਾਲੋਜੀ ਦੇ ਅਫਰੇਵਿਆਂ ਦਾ ਭੰਨਿਆਂ-ਤੋੜਿਆ ਮਨੁੱਖ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਧਰਤੀ ਦੀ ਸਵਰਗੀ ਆਭਾ ਨੂੰ ਨਸ਼ਟ ਕਰਕੇ ਘੋਰ ਤੀਬਰ ਗਤੀ ਨਾਲ ਕੁਦਰਤੀ ਪੌਣ-ਪਾਣੀ ਨੂੰ ਗੰਧਲਾ ਕਰਕੇ ਪ੍ਰਦੂਸ਼ਿਤ ਕਰ ਰਿਹਾ ਹੈ। ਪੂਰਵ ਆਧੁਨਿਕ ਯੁੱਗ ਵਿਚ ਮਨੁੱਖ ਕੁਦਰਤ ਨਾਲ ਵਿਗਾੜ-ਸੰਵਾਰ ਦਾ ਰਿਸ਼ਤਾ ਕੁਦਰਤ ਖੁਦ ਹੀ ਨਜਿੱਠ ਲੈਂਦੀ ਸੀ ਪਰ ਅਜੋਕੇ ਯੁੱਗ ਵਿਚ ਮਨੁੱਖ ਨੇ ਕੁਦਰਤ ਦੇ ਸਮਤੋਲ ਵਿਚ ਜਿਹੜੀ ਦਖ਼ਲਅੰਦਾਜ਼ੀ ਸ਼ੁਰੂ ਕੀਤੀ ਹੈ ਉਸ ਦੇ ਸਿੱਟੇ ਵਜੋਂ ਮਨੁੱਖੀ ਜੀਵਨ ਹੋਂਦ ਲਈ ਹੀ ਖ਼ਤਰਾ ਖੜ੍ਹਾ ਹੋ ਰਿਹਾ ਹੈ। ਮਨੁੱਖੀ ਜੀਵਨ ਦੇ ਨਾਲ-ਨਾਲ ਸਮੁੱਚੇ ਜੀਵਾਂ ਲਈ ਮਾਰੂ ਹੁੰਦਾ ਜਾਂਦਾ ਇਹ ਵਰਤਾਰਾ ਵਿਆਪਕ ਜਨ-ਲੋਕਾਈ ਲਈ ਚੇਤਨਾ ਤੇ ਚਿੰਤਨ ਦੀ ਮੰਗ ਕਰਦਾ ਹੈ। ਵਾਤਾਵਰਨ ਪ੍ਰਦੂਸ਼ਣ ਦੇ ਇਸ ਵਰਤਾਰੇ ਦੇ ਹੱਲ ਲਈ ਮਨੁੱਖ ਨੂੰ ਆਪਣੀ ਜੀਵਨ ਜਾਚ ਬਦਲਣੀ ਪਵੇਗੀ। ਮਨੁੱਖ ਦੀਆਂ ਵਧਦੀਆਂ ਲਾਲਸਾਵਾਂ ਨੂੰ ਧਰਤੀ ਤਾਂ ਕੀ, ਸਗੋਂ ਸਮੁੱਚਾ ਬ੍ਰਹਿਮੰਡ ਵੀ ਪੂਰੀਆਂ ਨਹੀਂ ਕਰ ਸਕਦਾ। ਹੁਣ ਸਮਾਂ ਆ ਗਿਆ ਹੈ ਕਿ ਮਨੁੱਖ ਆਪਣੀਆਂ ਲੋੜਾਂ ਤੇ ਲਾਲਸਾਵਾਂ ਵਿਚਲਾ ਫ਼ਰਕ ਪਛਾਣੇ। ਧਰਤੀ ਉਪਰ ਸਹਿਜ ਜੀਵਨ ਜਿਊਣ ਦੀਆਂ ਬੇਅੰਤ ਸੰਭਾਵਨਾਵਾਂ ਹਨ। ਮਨੁੱਖ ਨੂੰ ਮਰਦਾਵੀਂ ਹਉਮੈਂ ਵਾਲੀ ਸੋਚ ਤਿਆਗ ਕੇ ਧਰਤੀ ਦੀ ਮਮਤਾਮਈ ਸੋਚ ਨੂੰ ਰੋਲਣ ਦੀ ਬਜਾਏ ਇਸ ਉਤੇ ਸਾਰੇ ਜੀਵ-ਜੰਤੂਆਂ, ਰੁੱਖਾਂ-ਬੂਟਿਆਂ ਨਾਲ ਮਿਲ ਕੇ ਰਹੀਏ। ਪੂਰੀ ਬਨਸਪਤੀ ਅੰਦਰ ਵਸੇ ਹੋਏ ਸਰਬ-ਵਿਆਪਕ ਪਰਮਾਤਮਾ ਤੋਂ ਬਲਿਹਾਰੇ ਜਾਂਦੇ ਕੁਦਰਤ ਦੀ ਵੰਨ-ਸੁਵੰਨਤਾ ਵਿਚੋਂ ਸੁਭਾਵਕਤਾ, ਸਹਿਜਤਾ ਅਤੇ ਇਕਸਾਰਤਾ ਵਾਲਾ ਜੀਵਨ ਜਿਉਂਦੇ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੀ ਪੂਰਤੀ ਦੀਆਂ ਸੰਭਾਵਨਾਵਾਂ ਲੱਭੀਏ। ਏਸੇ ਵਿਚ ਅਜੋਕੇ ਸਮੇਂ ਦੇ ਮਨੁੱਖ ਦਾ ਭਲਾ ਹੈ।
 
Top