ਕੁੜੀਆਂ-ਚਿੜੀਆਂ ਤੇ ਸੂਈ ਧਾਗਾ

ਪਰਮਜੀਤ ਕੌਰ



ਹਰ ਰੋਜ਼ ਦੀ ਤਰ੍ਹਾਂ ਸਵੇਰੇ ਪੌਣੇ ਕੁ ਛੇ ਵਜੇ ਘਰ ਦੇ ਬਗੀਚੇ ਵਿਚ ਘੁੰਮ ਰਹੀ ਸਾਂ। ਹਰ ਰੋਜ਼ ਵਾਂਗ ਹੀ ਘਰ ਅਗਲੀ ਟਾਹਲੀ ਉੱਤੋਂ ਕਾਂ-ਕਾਂ ਕਰਦੇ ਕਾਵਾਂ ਦੇ ਛੋਟੇ-ਛੋਟੇ ਝੁੰਡ ਉੱਡ ਰਹੇ ਸਨ। ਸੋਚ ਰਹੀ ਸਾਂ ਖਵਰੇ ਕਿੱਥੇ-ਕਿੱਥੇ ਰੱਬ ਵੱਲੋਂ ਖਿਲਾਰੀ ਆਪਣੀ ਚੋਗ ਚੁਗਣ ਚੱਲੇ ਸਨ। ਅੱਧ ਮਾਰਚ ਦੇ ਖੁਸ਼ਗਵਾਰ ਮੌਸਮ ਵਿਚ ਵੀ ਮਨ ਉਦਾਸ ਤੇ ਉਖੜਿਆ ਜਿਹਾ ਸੀ।
ਤੁਰ ਗਏ ਪੁੱਤਰ ਦੇ ਬੀਵੀ ਬੱਚੇ ਛੁੱਟੀਆਂ ਹੋਣ ਕਾਰਨ ਨਾਨਕੇ ਗਏ ਹੋਏ ਸਨ। ਸ਼ਾਮੀਂ ਸੈਰ ਕਰਨ ਵੇਲੇ ਦੋਵੇਂ ਬੱਚੇ ਮੇਰੇ ਨਾਲ-ਨਾਲ ਘੁੰਮਦੇ ਹਨ। ਨਿੱਕੀਆਂ ਨਿੱਕੀਆਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ। ਮੈਂ ਉਨ੍ਹਾਂ ਨੂੰ ਕੋਈ ਕਹਾਣੀ ਜਾਂ ਆਪਣੇ ਬਚਪਨ ਦੀ ਗੱਲ ਸੁਣਾਉਂਦੀ ਹਾਂ। ਇਕੱਲੀ ਘੁੰਮਦੀ ਨੂੰ ਮੈਨੂੰ ਆਪਣੀ ਬੱਚੀ ਸਵਾਬ ਬੜੀ ਯਾਦ ਆਈ ਕਿਉਂਕਿ ਜੇ ਮੈਂ ਉਹਦੀ ਮਨਪਸੰਦ ਕਹਾਣੀ ਨਾ ਸੁਣਾਵਾਂ ਤਾਂ ਉਹ ਮੋਟੇ-ਮੋਟੇ ਅੱਥਰੂ ਕੇਰਦੀ ਹੋਈ ਮੇਰੇ ਨਾਲ ਰੁੱਸ ਜਾਂਦੀ ਹੈ ਤੇ ਝੱਟ ਮੰਨ ਵੀ ਜਾਂਦੀ ਹੈ। ਮੈਂ ਸੋਚਾਂ ਵਿਚ ਗਲਤਾਨ ਸਾਂ ਤੇ ਕਾਂ ਅਜੇ ਵੀ ਉੱਡ ਰਹੇ ਸਨ। ਕਾਵਾਂ ਨੂੰ ਦੇਖ ਕੇ ਮੈਨੂੰ ਅਕਸਰ ਚਿੱਤਰ ਮਿੱਤਰੀਆਂ ਭੂਰੀਆਂ ਜਿਹੀਆਂ ਚਿੜੀਆਂ ਬੜੀਆਂ ਯਾਦ ਆਉਂਦੀਆਂ ਹਨ, ਆਪਣੀਆਂ ਪ੍ਰਦੇਸ ਗਈਆਂ ਦੋਵੇਂ ਧੀਆਂ ਤੇ ਨਾਨਕੇ ਗਈ ਬੱਚੀ ਸਵਾਬ ਵਾਂਗੂ…। ਮੈਨੂੰ ਆਪਣੀ ਪਟਿਆਲੇ ਰਹਿੰਦੀ ਨਣਦ ਦੇ ਘਰ ਅਗਲੇ ਸੰਘਣੇ ਜਿਹੇ ਰੁੱਖ ’ਤੇ ਚੀਂ-ਚੀਂ ਕਰਦੀਆਂ ਚੋਲ੍ਹਰ ਪਾਉਂਦੀਆਂ ਚਿੜੀਆਂ ਵੀ ਯਾਦ ਆਈਆਂ। ਇਹ ਚਿੜੀਆਂ ਸ਼ਹਿਰਾਂ ਵਿਚੋਂ ਹੀ ਨਹੀਂ ਪਿੰਡਾਂ ਵਿਚੋਂ ਵੀ ਗਾਇਬ ਹੁੰਦੀਆਂ ਜਾ ਰਹੀਆਂ ਹਨ।
ਇâ ਸਾਰਾ ਕੁਝ ਸੋਚਦੀ ਨੂੰ ਮੈਨੂੰ ਇਕ ਗੱਲ ਵਾਰ-ਵਾਰ ਕੁਰੇਦ ਰਹੀ ਸੀ ਕਿ ਚਿੜੀਆਂ ਤਾਂ ਸਾਡੇ ਗੰਧਲੇ ਹੋਏ ਵਾਤਾਵਰਣ ਨੇ ਮੁੱਕਣ ਕਿਨਾਰੇ ਕਰ ਦਿੱਤੀਆਂ ਹਨ। ਰੁੱਖ ਕੱਟੇ ਜਾ ਰਹੇ ਹਨ, ਘਰ ਪੱਕੇ ਹੋ ਗਏ ਹਨ। ਉਹ ਆਲ੍ਹਣੇ ਕਿੱਥੇ ਪਾਉਣ? ਖੇਤਾਂ ਵਿਚ ਉਨ੍ਹਾਂ ਦੇ ਭਾਗਾਂ ਦਾ ਖਿੱਲਰਿਆ ਦਾਣਾ-ਦੁਣਕਾ, ਕਿਸਾਨ ਰਹਿੰਦ ਖੰੂਹਦ ਨੂੰ ਅੱਗ ਲਾ ਕੇ ਫੂਕ ਦਿੰਦਾ ਹੈ। ਚਿੜੀਆਂ ਕੀ ਖਾਣ? ਉਹ ਕਿਸਾਨ ਜਿਹੜਾ ਕਦੇ ਫਸਲ ਬੀਜਣ ਲੱਗਾ ਰੱਬ ਦਾ ਨਾਂ ਲੈ ਕੇ ਕਹਿੰਦਾ ਸੀ, ‘ਚਿੜੀ ਜਨੌਰ ਦੇ ਭਾਗੀਂ, ਰਾਹੀ ਪਾਂਧੀ ਦੇ ਭਾਗੀਂ।’’ ਪਲੀਤ ਹੋਏ ਜ਼ਹਿਰੀਲੇ ਵਾਤਾਵਰਣ ਨੇ ਚਿੜੀਆਂ ਨਿਗਲ ਲਈਆਂ ਹਨ। ਕਿਸੇ ਘਰ ਚਿੜੀਆਂ ਨਹੀਂ ਦਿੱਸਦੀਆਂ। ਮੈਂ ਸੋਚਾਂ ਵਿਚ ਡੱੁਬੀ ਇਹ ਸੋਚ ਕੇ ਹੋਰ ਵੀ ਉਦਾਸ ਹੋ ਗਈ ਕਿ ਜਿਸ ਘਰ ਵਿਚ ਚਿੜੀਆਂ ਦੇ ਨਾਲ ਕੁੜੀਆਂ ਵੀ ਨਹੀਂ ਹਨ, ਉਨ੍ਹਾਂ ਦਾ ਮਨ ਕਿਵੇਂ ਲਗਦਾ ਹੋਵੇਗਾ? ਕਿਉਂਕਿ ਮੇਰੀਆਂ ਕੁੜੀਆਂ ਪ੍ਰਦੇਸ਼ ਵਿਚ ਆਪਣੇ ਘਰ ਹਨ ਅਤੇ ਉਨ੍ਹਾਂ ਦਾ ਰੂਪ ਮੇਰੀ ਨਿੱਕੀ ਜਿਹੀ ਲਾਡੋ, ਸਵਾਬ ਆਪਣੇ ਨਾਨਕੇ ਗਈ ਹੋਈ ਹੈ। ਮੇਰਾ ਮਨ ਲੋਹੜੇ ਦੀ ਉਦਾਸੀ ਨਾਲ ਭਰਿਆ ਹੋਇਆ ਸੀ ਹਾਲਾਂਕਿ ਬੇਟੇ ਦੇ ਬੀਵੀ ਬੱਚਿਆਂ ਨੇ ਦੋ-ਚਾਰ ਦਿਨਾਂ ਨੂੰ ਆਪਣੇ ਆਲ੍ਹਣੇ ਵਿਚ ਪਰਤ ਆਉਣਾ ਹੈ।
ਇਨ੍ਹਾਂ ਹੀ ਵਹਿਣਾਂ ਵਿਚ ਬਚਪਨ ਯਾਦ ਆਇਆ। ਮੇਰੇ ਪਿਤਾ ਦੇ ਵੀ ਕੋਈ ਭੈਣ, ਭੂਆ ਤੇ ਮਾਸੀ ਨਹੀਂ ਸੀ ਤੇ ਮਾਂ ਦੇ ਵੀ ਦੋ ਭਰਾਵਾਂ ਤੋਂ ਬਾਅਦ ਮੇਰਾ ਜਨਮ ਹੋਇਆ। ਮੇਰੇ ਮਾਪਿਆਂ ਪੁੱਤਾਂ ਵਾਂਗੰੂ ਮੇਰੀ ‘ਛਟੀ’ ਕੀਤੀ ਜੋ ਉਸ ਸਮੇਂ ਪੁੱਤਾਂ ਵਾਲਾ ਵੀ ਕੋਈ-ਕੋਈ ਹੀ ਕਰਦਾ ਸੀ। ਇਸ ਮੌਕੇ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ। ਰਿਸ਼ਤੇਦਾਰਾਂ ਦੇ ਸ਼ਰੀਕੇ-ਕਬੀਲੇ ਵਾਲਿਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਦਾ ਤੇ ਉਨ੍ਹਾਂ ਦੇ ਖਾਣ-ਪੀਣ ਦਾ ਉਚੇਚਾ ਪ੍ਰਬੰਧ ਕੀਤਾ ਜਾਂਦਾ। ਬਣਦੇ ਥਾਵਾਂ ’ਤੇ ਕੱਪੜੇ ਲੀੜੇ ਵੀ ਦਿੱਤੇ ਜਾਂਦੇ। ਵੱਡੀ ਹੋ ਕੇ ਸੁਣਿਆ ਕਿ ਇਸ ‘ਛਟੀ’ ਦੀ ਨੇੜੇ-ਤੇੜੇ ਦੇ ਪਿੰਡਾਂ ਵਿਚ ਕਈ ਦਿਨ ਚਰਚਾ ਹੁੰਦੀ ਰਹੀ ਕਿ ‘‘ਸੈਂਪਲੀ ਵਾਲੇ ਥਾਣੇਦਾਰ ਨੇ ਕੁੜੀ ਦੀ ਛਟੀ ਕੀਤੀ ਹੈ।’’ ਕੁਝ ਸਮਾਂ ਪਿਤਾ ਦੀ ਨੌਕਰੀ ਵਾਲੇ ਵੱਖ-ਵੱਖ ਸ਼ਹਿਰਾਂ ਵਿਚ ਬੀਤਿਆ। ਅਦਲਾ-ਬਦਲੀਆਂ ਕਾਰਨ ਸਾਡੀ ਪੜ੍ਹਾਈ ਦੇ ਹੁੰਦੇ ਨੁਕਸਾਨ ਨੂੰ ਦੇਖਦਿਆਂ ਪਿਤਾ ਜੀ ਸਾਨੂੰ ਪੱਕੇ ਤੌਰ ’ਤੇ ਪਿੰਡ ਛੱਡ ਗਏ।
ਪਿੰਡ ਵਿਚ ਬਾਲੇ-ਗਾਡਰਾਂ ਵਾਲੀ ਪੱਕੀ ਹਵੇਲੀ ਪਹਿਲਾਂ ਹੀ ਪਾਈ ਹੋਈ ਸੀ, ਜਿਸ ਦੀ ਸੰਭਾਲ ਮੇਰੇ ਤਾਏ-ਚਾਚੇ ਕਰਦੇ ਸਨ। ਚੁਬਾਰੇ ਦੀ ਸਿਖਰਲੀ ਛੱਤ ਦੇ ਚਾਰੇ ਪਾਸੇ ਜੰਗਲਿਆਂ ਉੱਤੇ ਸੀਮਿੰਟ ਦੇ ਵੱਡੇ-ਵੱਡੇ ਗੋਲ ਜਿਹੇ ਕੌਲ ਬਣੇ ਹੋਏ ਸਨ। ਕੌਲਾਂ ਵਿਚ ਪੰਛੀਆਂ ਲਈ ਪਾਣੀ ਪਾਇਆ ਜਾਂਦਾ। ਸਾਡੇ ਪਿੰਡ ਅੰਬਾਂ ਦੇ ਕਈ ਬਾਗ਼ ਸਨ। ਸਾਡਾ ਆਪਣਾ ਬਾਗ਼ ਵੀ ਸੀ। ਬਾਗ਼ ਵਿਚਲੇ ਅੰਬਾਂ ਦੇ ਨਾਂ ਮੈਨੂੰ ਅੱਜ ਵੀ ਯਾਦ ਹਨ। ਇਕ ਬਹੁਤ ਹੀ ਵੱਡਾ ਭਾਰਾ ਅੰਬ ਦਾ ਦਰੱਖਤ ਸੀ, ਜਿਸ ਦੇ ਅੰਬ ਬਹੁਤ ਮਿੱਠੇ ਹੁੰਦੇ। ਉਹਨੂੰ ਸਾਰੇ ‘ਬੜਾ ਅੰਬ’ ਕਹਿੰਦੇ। ਇਕ ਨੂੰ ‘ਸੌਂਫੀਆ’ ਕਹਿੰਦੇ ਉਸ ਦੇ ਅੰਬਾਂ ’ਚੋਂ ਸੌਂਫ ਵਰਗਾ ਜ਼ਾਇਕਾ ਆਉਂਦਾ। ਆਮ ਅੰਬਾਂ ਤੋਂ ਬਿਨਾਂ ਇਕ ਨੂੰ ਘਝੁੰਵਾਲਾ ਅੰਬ ਕਹਿੰਦੇ। ਉਹ ਸੰਘਣੇ ਨੀਵੇਂ ਟਾਹਣਿਆਂ ਵਾਲਾ ਸੀ। ਬਾਗ਼ਾਂ ਵਿਚੋਂ ਮੋਰ ਘਰ ਦਿਆਂ ਵਿਹੜਿਆਂ ਤੇ ਛੱਤਾਂ ਉੱਤੇ ਆ ਬੈਠਦੇ। ਕੌਲਾਂ ਵਿਚੋਂ ਪਾਣੀ ਪੀਂਦੇ ਉਹ ਮੋਰ ਅੱਜ ਵੀ ਮੇਰੇ ਜ਼ਿਹਨ ’ਚ ਪੈਲਾਂ ਪਾਉਂਦੇ ਹਨ। ਵਿਹੜੇ ’ਚ ਮੱਕੀ ਦੇ ਦਾਣੇ ਚੁਗਦੇ ਉਹ ਖੂਬਸੂਰਤ ਮੋਰ-ਮੋਰਨੀਆਂ ਅੱਜ ਵੀ ਮੇਰੇ ਮਨ ਦੇ ਵਿਹੜੇ ’ਚ ਤੁਰੇ ਫਿਰਦੇ ਹਨ। ਬਾਹਰ ਮੋਰ-ਮੋਰਨੀਆਂ ਦੀ ਰੌਣਕ ਹੁੰਦੀ ਤੇ ਅੰਦਰ ਚਿੜੀਆਂ ਦੀ ਚੀਂ-ਚੀਂ…। ਹੁਣ ਨਾ ਉਹ ਬਾਗ਼ ਹਨ ਨਾ ਮੋਰ-ਮੋਰਨੀਆਂ।
ਗਾਡਰਾਂ ਵਿਚਲੀ ਖੁੱਲ੍ਹੀ ਥਾਂ ਵਿਚ ਚਿੜੀਆਂ ਆਲ੍ਹਣੇ ਪਾ ਲੈਂਦੀਆਂ। ਕਈ ਵਾਰ ਮੇਰੀ ਮਾਂ ਸਫਾਈ ਕਰਦੀ-ਕਰਦੀ ਲੰਮੀ ਸਾਰੀ ਸੋਟੀ ਨਾਲ ਝਾੜੂ ਬੰਨ੍ਹ ਕੇ ਚਿੜੀਆਂ ਦੇ ਆਲ੍ਹਣੇ ਲਾਹ ਸੁੱਟਦੀ। ਕਈ ਵਾਰ ਨਿੱਕੀ ਚੁੰਝ ਵਾਲਾ ਲਾਲ-ਜਿਹਾ ਬੋਟ ਆਲ੍ਹਣੇ ਵਿਚੋਂ ਬਾਹਰ ਡਿੱਗ ਪੈਂਦਾ। ਮੇਰੇ ਉਸ ਬੋਟ ਵਰਗੇ ਹੀ ਨਿੱਕੇ ਜਿਹੇ ਦਿਲ ਨੂੰ ਇਹ ਦੇਖ ਕੇ ਬੜਾ ਧੱਕਾ ਲਗਦਾ ਪਰ ਮੈਂ ਕੁਝ ਨਾ ਕਰ ਸਕਦੀ।
ਵੱਡੀ ਹੋਈ, ਸਕੂਲੋਂ ਆਉਂਦੀ ਤਾਂ ਤਾਏ ਚਾਚੇ ਦੀਆਂ ਧੀਆਂ ਤੇ ਗਲੀ ਗੁਆਂਢ ਦੀਆਂ ਕੁੜੀਆਂ ਚਿੱਟੀ ਦਸੂਤੀ ਦੀਆਂ ਚਾਦਰਾਂ, ਸਰਾਹਣੇ ਅਤੇ ਮੇਜ਼ ਪੋਸ਼ਾਂ ’ਤੇ ਕਢਾਈ ਕਰਦੀਆਂ, ਹੱਸਦੀਆਂ ਖੇਡਦੀਆਂ। ਮੈਨੂੰ ਉਨ੍ਹਾਂ ਬੜਾ ਪਿਆਰ ਕਰਨਾ ਤੇ ਕਹਿਣਾ, ‘‘ਆ ਗਈ ਪੜ੍ਹਾਕੋ? ਜਾਹ ਕੁਝ ਖਾ ਪੀ ਲੈ ਤੇ ਸਾਡੇ ਕੋਲ ਆ ਜਾ ਤੈਨੂੰ ਵੀ ਕਢਾਈ ਕਰਨੀ ਸਿਖਾਈਏ।’’ ਰੰਗ ਬਰੰਗੇ ਧਾਗਿਆਂ ਨਾਲ ਛਿੱਕੂ ਜਾਂ ਗੋਲਾ ਉਨ੍ਹਾਂ ਵਿਚਕਾਰ ਰੱਖਿਆ ਹੋਣਾ, ਉਹ ਮੈਨੂੰ ਬੜਾ ਹੀ ਸੋਹਣਾ ਲੱਗਣਾ। ਮੈਂ ਵੀ ਮਾਂ ਨੂੰ ਕਹਿ ਕੇ ਸ਼ਹਿਰੋਂ ਦਸੂਤੀ ਮੰਗਵਾ ਲਈ। ਭੈਣ ਹੋਰਾਂ ਤੋਂ ਪੁੱਛ-ਪੁੱਛ ਪੁੱਠੇ-ਸਿੱਧੇ ਟਾਂਕੇ ਪਾਉਂਦੀ ਮੈਂ ਦਸੂਤੀ ਟਾਂਕਾ (ਕਰੌਸ ਸਟਿੱਚ) ਮੱਖੀ ਟਾਂਕਾ, (ਡਬਲ ਕਰੌਸ ਸਟਿੱਚ) ਤੇ ਚੋਪ ਦੀ ਕਢਾਈ ਕਰਨੀ ਸਿਖ ਗਈ। ਵਿਹਲੀਆਂ ਹੋ ਕੇ ਭਾਬੀ ਹੋਰੀਂ ਵੀ ਭੈਣ ਹੋਰਾਂ ਨਾਲ ਕਢਾਈ ਕਰਨ ਲੱਗ ਜਾਂਦੀਆਂ। ਉਨ੍ਹਾਂ ਰੋਟੀ ਪਾਣੀ ਦਾ ਆਹਰ ਵੀ ਕਰਨਾ ਹੁੰਦਾ ਸੀ, ਉਹ ਛੇਤੀ ਉੱਠ ਜਾਂਦੀਆਂ। ਅੱਜ ਵਾਲਾ ਜ਼ਮਾਨਾ ਤਾਂ ਹੈ ਨਹੀਂ ਸੀ ਕਿ ਦੋ-ਦੋ ਦਿਨ ਦਾ ਆਟਾ ਗੁੰਨ੍ਹ ਕੇ ਫਰਿੱਜ਼ ਵਿਚ ਰੱਖਿਆ ਗਿਆ ਹੈ ਤੇ ਦੋ-ਤਿੰਨ ਦਾਲਾਂ, ਸਬਜ਼ੀਆਂ ਬਣਾ ਕੇ ਸਟੋਰ ਕੀਤੀਆਂ ਹੋਈਆਂ ਹਨ। ਉਹ ਜ਼ਮਾਨਾ ਤਾਂ ਤਿੰਨ ਵੇਲੇ ਆਟਾ ਗੁੰਨ੍ਹਣ ਤੇ ਦੋਵੇਂ ਵੇਲੇ ਦਾਲ-ਸਬਜ਼ੀ ਬਣਾਉਣ ਵਾਲਾ ਸੀ। ਸਿਰਫ ਸਰਦੀ ਦੀ ਰੁੱਤੇ ਜ਼ਰੂਰਤ ਦਾਲ, ਸਬਜ਼ੀ ਤੇ ਸਾਗ ਦੋ ਚਾਰ ਡੰਗ (ਵੇਲੇ) ਚੱਲ ਜਾਂਦਾ।
ਸ਼ਾਮ ਨੂੰ ਸੂਰਜ ਡੁੱਬਣ ਲੱਗਣਾ ਤਾਂ ਬੇਬੇ (ਤਾਈ ਬਿਸ਼ਨ ਕੌਰ) ਨੇ ਸਾਨੂੰ ’ਵਾਜਾਂ ਮਾਰਨੀਆਂ, ‘‘ਕੁੜੀਓ, ਉੱਠੋ ਹੁਣ ਛੱਡੋ ਸੂਈ ਸਲਾਈ ਦਾ ਖਹਿੜਾ ਦੋ ਵੇਲੇ ਮਿਲਦੇ ਨੇ। ਸੂਈਆਂ ਜਨੌਰਾਂ ਦੀਆਂ ਅੱਖਾਂ ’ਚ ਚੁੱਭਦੀਆਂ ਨੇ ਏਸ ਵੇਲੇ ਨਈਂ ਸੂਈ ਸਲਾਈ ਦਾ ਕੰਮ ਕਰਨਾ ਚੰਗਾ ਹੁੰਦਾ।’’ ਕੁੜੀਆਂ ਨੇ ਮਾੜਾ-ਮੋਟਾ ਰਹਿੰਦਾ ਫੁੱਲ-ਪੱਤਾ ਪੂਰਾ ਕਰਕੇ ਹੀ ਉੱਠਣਾ ਪਰ ਹੋਰ ਨਾ ਛੋਹਣਾ। ਕਿਸੇ ਅਧੂਰਾ ਵੀ ਛੱਡ ਦੇਣਾ। ਵਰ੍ਹਿਆਂ ਦੇ ਵਰ੍ਹੇ ਬੀਤ ਗਏ, ਇਨ੍ਹਾਂ ਗੱਲਾਂ ਨੂੰ ਪਰ ਮੈਨੂੰ ਬੇਬੇ ਦੀ ਇਹ ਗੱਲ ਹਮੇਸ਼ਾ ਚੇਤੇ ਰਹਿੰਦੀ ਹੈ ਤੇ ਮੱਧਰੇ ਜਿਹੇ ਕੱਦ ਦੀ ਆਪਣੀ ਉਹ ਬੇਬੇ ਕਿਸੇ ਪੁੱਤ-ਪੋਤੇ ਨਾਲ ਛੋਟੀ ਜਿਹੀ ਮੰਜੀ ’ਤੇ ਬੈਠੀ ਮੈਨੂੰ ਉਵੇਂ ਹੀ ਦਿੱਸਦੀ ਹੈ। ਸਾਡੀਆਂ ਮਾਵਾਂ, ਦਾਦੀਆਂ ਦੀਆਂ ਇਨ੍ਹਾਂ ਗੱਲਾਂ ਵਿਚ ਕੋਈ ਡੂੰਘਾ ਅਰਥ ਜ਼ਰੂਰ ਛੁਪਿਆ ਹੁੰਦਾ ਸੀ। ਉਦੋਂ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ ਹੁੰਦੀ। ‘ਦੋ ਵੇਲੇ ਮਿਲਦੇ’ ਸ਼ਾਮ ਨੂੰ ਕਿਹਾ ਜਾਂਦਾ ਸੀ। ਉਹ ਬਿਜਲੀ ਇਨਵਰਟਰ ਜਾਂ ਜਨਰੇਟਰ ਦਾ ਯੁੱਗ ਨਹੀਂ ਸੀ। ਉਸ ਘੁਸਮੁਸੇ ਜਾਂ ਸੁਰਮਈ ਜਿਹੇ ਵੇਲੇ, ਸੂਈ ਸਲਾਈ ਦਾ ਕੰਮ ਕਰਨ ਨਾਲ ਨਜ਼ਰ ’ਤੇ ਮਾੜਾ ਅਸਰ ਪੈਂਦਾ ਸੀ। ਸੂਈ ਦਾ ਹੱਥ ਵਿਚ ਚੁੱਭ ਜਾਣ ਦਾ ਤੇ ਇੱਧਰ-ਉੱਧਰ ਡਿੱਗ ਕੇ ਕਿਸੇ ਦੇ ਹੱਥ-ਪੈਰ ’ਚ ਲੱਗਣ ਖੁੱਭਣ ਦਾ ਖਦਸ਼ਾ ਵੀ ਰਹਿੰਦਾ। ਸਾਡੀਆਂ ਬਜ਼ੁਰਗ ਔਰਤਾਂ ਨੇ ਕਿਵੇਂ ਕੁਦਰਤ ਦੇ ਜੀਆਂ-ਜਨੌਰਾਂ ਨਾਲ ਜੋੜ ਕੇ ਇਹ ਟੋਟਕਾ ਘੜਿਆ ਜੋ ਅੱਲ੍ਹੜ ਮਨਾਂ ਨੂੰ ਕਾਟ ਕਰ ਜਾਂਦਾ। ਹੁਣ ਮੇਰੇ ਪਤੀ ਦੇਵ ਜੇ ਕਦੇ ਸ਼ਾਮ ਨੂੰ ਮੈਨੂੰ ਬਾਹਰ ਬੈਠੀ ਨੂੰ ਲਿਖਣ ’ਚ ਮਗਨ ਦੇਖਦੇ ਹਨ ਤਾਂ ਉਹ ਕਹਿੰਦੇ ਹਨ, ‘‘ਬਸ ਕਰ ਹੁਣ ਬਾਕੀ ਸਵੇਰੇ ਕਰ ਲਵੀਂ ਜਾਂ ਅੰਦਰ ਟਿਊਬ ਜਾਂ ਟੇਬਲ-ਲੈਂਪ ਜਗਾ ਕੇ ਲਿਖ, ਏਦਾਂ ਚਸ਼ਮੇ ਦਾ ਨੰਬਰ ਵਧਾਏਂਗੀ, ਨਾਲੇ ਸਿਰ ਦਰਦ ਨਾਲ ਔਖੀ ਹੋਵੇਂਗੀ।’’ ਇਹ ਸੁਣ ਕੇ ਮੈਨੂੰ ਝੱਟ ਬੇਬੇ ਦੀ ਗੱਲ ਯਾਦ ਆ ਜਾਂਦੀ ਹੈ ਤੇ ਮੈਨੂੰ ਜਾਪਦਾ ਹੈ ਜਿਵੇਂ ਮੇਰੀ ਕਲਮ ਦੀ ਨੋਕ ਪਰਿੰਦਿਆਂ ਦੀਆਂ, ਜਨੌਰਾਂ ਅੱਖਾਂ ’ਚ ਚੁੱਭ ਰਹੀ ਹੋਵੇ ਤੇ ਮੈਂ ਉਦੋਂ ਲਿਖਣਾ ਬੰਦ ਕਰ ਦਿੰਦੀ ਹਾਂ।
ਕਈ ਵਾਰ ਚਿੜੀਆਂ ਆਲ੍ਹਣਾ ਬਣਾਉਣ ਲਈ ਡੱਕੇ-ਪੱਤੇ ਤੇ ਕੱਖ-ਕਾਨਾ ਇਕੱਠਾ ਕਰਦੀਆਂ, ਮੈਨੂੰ ਕਾਮੀਆਂ ਤੇ ਸਚਿਆਰੀਆਂ ਸੁਆਣੀਆਂ ਵਰਗੀਆਂ ਲੱਗਦੀਆਂ। ਕਈ ਵਾਰ ਕੁੜੀਆਂ ਕਿਸੇ ਕੰਮ-ਧੰਦੇ ਲਈ ਜਾਂ ਰੋਟੀ-ਪਾਣੀ ਖਾਣ-ਪੀਣ ਲਈ ਆਪਣਾ ਕਸੀਦਾ ਤੇ ਸੂਈ ਧਾਗਾ ਉੱਥੇ ਹੀ ਰੱਖ ਕੇ ਏਧਰ ਉੱਧਰ ਹੋ ਜਾਂਦੀਆਂ। ਅਜਿਹੇ ਮੌਕੇ ਚਿੜੀਆਂ ਧਾਗੇ ਚੁੱਕ ਕੇ ਆਲ੍ਹਣਾ ਬਣਾਉਣ ਵਾਲੇ ‘ਮਟੀਰੀਅਲ’ ਵਿਚ ਜਾ ਰੱਖਦੀਆਂ। ਕਈ ਵਾਰ ਸੂਈ ਲੱਭਣੀ ਉਹ ਵੀ ਨਾ ਮਿਲਣੀ। ਚਿੜੀਆਂ ਧਾਗੇ ਵਾਲੀ ਸੂਈ ਵੀ ਲੈ ਜਾਂਦੀਆਂ। ਕੁੜੀਆਂ ਨੇ ਹੋਰ ਸੂਈ ਲੈ ਕੇ ਕੰਮ ਛੋਹ ਲੈਣਾ ਪਰ ਮੇਰੇ ਮਨ ਨੂੰ ਚੈਨ ਨਾ ਆਉਣੀ। ਮੈਂ ਸੂਈ ਲੱਭਦੀ ਫਿਰਨਾ। ਕਦੇ ਆਲ੍ਹਣੇ ’ਚੋਂ ਚਿੜੀਆਂ ਨੂੰ ਉਡਾਉਣਾ ਤੇ ਕਦੇ ਆਲ੍ਹਣੇ ਨੂੰ ਕਿਸੇ ਲੰਮੀ ਸਾਰੀ ਸੋਟੀ ਨਾਲ ਮਾੜਾ ਮੋਟਾ ਹਿਲਾਉਂਦੀ ਵੀ ਕਿ ਸੂਈ ਮਿਲ ਜਾਵੇ, ਕਿਉਂਕਿ ਮੇਰੇ ਅੰਦਰ ਨੂੰ ਇਹ ਫਿਕਰ ਤੋੜ-ਤੋੜ ਖਾਂਦਾ ਸੀ ਕਿ ਆਲ੍ਹਣੇ ਵਿਚ ਪਈ ਸੂਈ ਚਿੜੀਆਂ ਦੇ ਚੁੱਭ ਜਾਵੇਗੀ, ਉਸ ਲਾਲ-ਲਾਲ ਬੋਟੇ ਦੇ ਚੁੱਭ ਜਾਵੇਗੀ ਜੋ ਨਿਰਾ ਮਾਸ ਦਾ ਬੁੱਥ ਹੀ ਹੈ। ਮੈਨੂੰ ਸਾਰਿਆਂ ਝਿੜਕਣਾ ਤੇ ਕਹਿਣਾ, ‘‘ਤੂੰ ਕਿਉਂ ਸੂਈ ਦੇ ਪਿੱਛੇ ਪਈ ਏਂ? ਸੋਨੇ ਦੀ ਤਾਂ ਨਹੀਂ।’’ ਮੇਰੇ ਮਨ ਅੰਦਰ ਦੀ ਪੀੜ ਮੈਂ ਹੀ ਸਮਝਦੀ ਸਾਂ।
ਅੱਜ ਸਾਨੂੰ ਕੁੱਖ ਵਿਚ ਕਤਲ ਹੁੰਦੀਆਂ, ਝਾੜੀਆਂ ’ਚ ਰੁਲਦੀਆਂ ਵਿਲ੍ਹਕਦੀਆਂ ਤੇ ਪਘੰੂੜਿਆਂ ਦੇ ਸਪੁਰਦ ਕੀਤੀਆਂ ਜਾਂਦੀਆਂ ਕੁੜੀਆਂ ਦੀ ਖ਼ਬਰ ਜੇ ਹਰ ਰੋਜ਼ ਨਹੀਂ ਤਾਂ ਦੂਜੇ ਤੀਜੇ ਦਿਨ ਜ਼ਰੂਰ ਮਿਲਦੀ ਹੈ। ਮਾਂ ਦੀ ਕੁੱਖ ਵਿਚ ਕੁੜੀਆਂ ਨੂੰ ਸੂਈਆਂ (ਔਜ਼ਾਰਾਂ) ਨਾਲ ਵਿੰਨ੍ਹਿਆ ਜਾਂਦਾ ਹੈ। ਚਿੜੀ ਦੇ ਬੋਟ ਵਰਗੀ ਜਿੰਦ ਨੂੰ ਕੋਹਿਆ ਜਾਂਦਾ ਹੈ। ਉਹ ਸੂਈਆਂ ਉਸ ਦੇ ਸਿਰ-ਮੱਥੇ, ਉਸ ਦੀਆਂ ਅੱਖਾਂ, ਕੰਨ, ਨੱਕ, ਫੁੱਲਾਂ ਵਰਗੇ ਕੋਮਲ ਨਿੱਕੇ-ਨਿੱਕੇ ਹੱਥ ਪੈਰ ਤੇ ਨਾ ਜਾਣੇ ਹੋਰ ਕਿਹੜੇ-ਕਿਹੜੇ ਅੰਗਾਂ ਨੂੰ ਵਿੰਨ੍ਹਦੀਆਂ ਹਨ। ਉਸ ਨਿੱਕੀ ਜਿਹੀ ਜਿੰਦ ਨੂੰ ਟੁੱਕੜੇ-ਟੁੱਕੜੇ ਕਰਕੇ ਕਿਸੇ ਖੂਹ-ਟੋਭੇ ਜਾਂ ਕੂੜੇ ਦੇ ਢੇਰ ’ਚ ਸੁੱਟਿਆ ਜਾਂਦਾ ਹੈ। ਜੇ ਕਿਸੇ ਦੀ ਨਜ਼ਰ ਪੈ ਜਾਂਦੀ ਹੈ ਤਾਂ ਪੁਲੀਸ ਨੂੰ ਸੂਚਿਤ ਕਰਕੇ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਪਰ ਚਿੜੀਆਂ ਦਾ ਮਰਨਾ, ਗੰਵਾਰਾਂ ਦਾ ਹਾਸਾ ਜਾਂ ਬੇਰਹਿਮੀ ਉਸ ਤਰ੍ਹਾਂ ਬਾ-ਦਸਤੂਰ ਜਾਰੀ ਹੈ।
ਚਿੜੀਆਂ ਬਿਨਾਂ ਆਲ੍ਹਣੇ ਉੱਜੜ ਗਏ ਹਨ, ਮੁੱਕ ਗਏ ਹਨ ਤੇ ਕੁੜੀਆਂ ਬਿਨਾਂ ਘਰ ਹੀ ਨਹੀਂ ਦੁਨੀਆਂ ਹੀ ਉੱਜੜ ਜਾਵੇਗੀ। ਮਾਪਿਆਂ ਦੇ ਦੁੱਖੜੇ ਕੌਣ ਸੁਣੇਗਾ? ਭਰਾਵਾਂ ਦੀ ਧਿਰ ਕੌਣ ਬਣੇਗਾ? ਪਤਾ ਨਹੀਂ ਕਿਉਂ ਮੈਨੂੰ ਉਹ ਕੁੜੀਆਂ-ਚਿੜੀਆਂ ਤੇ ਸੂਈ-ਧਾਗਾ ਵਾਰ-ਵਾਰ ਯਾਦ ਆਉਂਦਾ ਤੇ ਤੜਪਾਉਂਦਾ ਹੈ। ਮੇਰੇ ਰੋਮ-ਰੋਮ ਵਿਚ ਜਿਵੇਂ ਸੂਈਆਂ ਚੁੱਭ ਜਾਂਦੀਆਂ ਹਨ। ਮਾਂ ਦੀ ਕੁੱਖ ’ਚ ਬੇਦੋਸ਼ੀ ਨੰਨ੍ਹੀ ਜਿੰਦ ਨੂੰ ਕੋਂਹਦੀਆਂ ਸੂਈਆਂ ਮੇਰੇ ਜ਼ਿਹਨ ’ਚ ਘੁੰਮਦੀਆਂ ਹਨ ਤੇ ਮੇਰੇ ਆਲੇ-ਦੁਆਲੇ ਅੰਮ੍ਰਿਤਾ ਪ੍ਰੀਤਮ ਦੀ ਉਦਾਸ ਜਿਹੀ ਨਜ਼ਮ ਦੇ ਬੋਲ ਗੂੰਜਦੇ ਹਨ
ਸਾਡੇ ਇਸ਼ਕੇ ਦੀ ਹਿੱਕ ਵਿਚ ਸੂਈਆਂ ਜੋ ਪੁੜੀਆਂ,
ਸੂਈਆਂ ਦਾ ਅੰਤ ਨਾ ਕਾਈ ਵੇ…।
ਰੈਣ ਸਵਾਈ ਵੇ…ਰੈਣ ਸਵਾਈ ਵੇ…।
 
Top