ਰਾਜਸਥਾਨ ਦੇ ਰੀਤੀ-ਰਿਵਾਜ

ਭਾਰਤ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਵਿੱਚ ਕਈ ਤਰ੍ਹਾਂ ਦੇ ਰਸਮ-ਰਿਵਾਜ ਹਨ। ਸਭ ਤੋਂ ਜ਼ਿਆਦਾ ਨੁਕਸਾਨ ਘੁੰਢ ਕੱਢਣ ਅਤੇ ਪਰਾਏ ਮਰਦ ਨਾਲ ਨਾ ਬੋਲਣ ਦੇ ਰਿਵਾਜ ਨਾਲ ਹੋ ਰਿਹਾ ਹੈ। ਬਜ਼ੁਰਗਾਂ ਦੀ ਮੌਤ ਦੀਆਂ ਅੰਤਿਮ ਰਸਮਾਂ ‘ਚ ਜ਼ਿੰਦਗੀ ਭਰ ਦੀ ਕਮਾਈ ਲਾ ਦਿੱਤੀ ਜਾਂਦੀ ਹੈ। ਇੱਥੇ ਅਜੇ ਵੀ ਦੁੱਧ ਪੀਂਦੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ। ਜਾਤ ਬਰਾਦਰੀ ਦੀਆਂ ਖਾਪ ਪੰਚਾਇਤਾਂ ਵੱਲੋਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਵਿਧਵਾ ਔਰਤਾਂ ਨੂੰ ਜ਼ਿੰਦਗੀ ਭਰ ਨਰਕ ਭੋਗਣਾ ਪੈਂਦਾ ਹੈ। ਵਿਆਹ ਵਰਗੇ ਸਮਾਗਮਾਂ ਅਤੇ ਚੋਣਾਂ ‘ਚ ਸ਼ਰ੍ਹੇਆਮ ਅਫ਼ੀਮ ਅਤੇ ਡੋਡੇ ਘੋਲ ਕੇ ਪਿਲਾਏ ਜਾਂਦੇ ਹਨ।
ਰਾਜਸਥਾਨ ਦੀ ਕਾਲਬੇਲੀਆ ਡਾਂਸਰ ਗੁਲਾਬੋ ਸਪੇਰਾ ਨੇ ਦੇਸ਼-ਵਿਦੇਸ਼ ‘ਚ ਨਾਂ ਕਮਾਇਆ ਅਤੇ ਵਿਦੇਸ਼ੀ ਲੋਕ ਵੀ ਉਸ ਕੋਲ ਕਾਲਬੇਲੀਆ ਸਿੱਖਣ ਆਉਂਦੇ ਹਨ। ਅਰਜੁਨ ਐਵਾਰਡ ਹਾਸਲ ਕਰਨ ਵਾਲੀ ਕ੍ਰਿਸ਼ਨਾ ਪੂਨੀਆ, ਵਿਧਾਨ ਸਭਾ ਸਪੀਕਰ ਸੁਮਿਤਰਾ ਸਿੰਘ, ਭਾਰਤੀ ਫ਼ੌਜ ‘ਚ ਲੈਫਟੀਨੈਂਟ ਬਣੀ ਮੀਨਾਕਸ਼ੀ ਸ਼ੇਖਾਵਤ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਪਦਮਸ਼੍ਰੀ ਅਤੇ ਅਰਜੁਨ ਐਵਾਰਡ ਵਿਜੇਤਾ ਭੁਵਨੇਸ਼ਵਰੀ ਕੁਮਾਰੀ ਵਰਗੀਆਂ ਔਰਤਾਂ ਨੇ ਖੂਬ ਨਾਮ ਕਮਾਇਆ। ਚਿਤੌੜ ਦੀ ਰਾਣੀ ਪਦਮਨੀ ਨੇ ਦਿੱਲੀ ਦੇ ਬਾਦਸ਼ਾਹ ਅਲਾਊਦੀਨ ਖਿਲਜੀ ਤੋਂ ਆਪਣੀ ਇੱਜ਼ਤ ਬਚਾਉਣ ਲਈ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਦੈਪੁਰ ਦੀ ਨਵ-ਵਿਆਹੀ ਰਾਣੀ ਹਾੜੀ ਨੇ ਔਰੰਗਜ਼ੇਬ ਖ਼ਿਲਾਫ਼ ਯੁੱਧ ਕਰਨ ਜਾਂਦੇ ਆਪਣੇ ਪਤੀ ਨੂੰ ਆਪਣਾ ਸਿਰ ਵੱਢ ਕੇ ਭੇਟ ਕਰ ਦਿੱਤਾ ਤਾਂ ਕਿ ਉਹ ਕਿੱਧਰੇ ਪਤਨੀ ਮੋਹ ਵਿੱਚ ਯੁੱਧ ਸਮੇਂ ਆਪਣੇ ਕਰਤਵ ਨੂੰ ਨਾ ਭੁੱਲ ਜਾਵੇ। ਇੰਨਾ ਕੁਝ ਹੁੰਦੇ ਹੋਏ ਵੀ ਰਾਜਸਥਾਨੀ ਔਰਤਾਂ ਅਜੇ ਵੀ ਪਛੜੀਆਂ ਹੋਈਆਂ ਹਨ।
ਘੁੰਡ ਦਾ ਰਿਵਾਜ: ਸੂਬੇ ਦੇ ਜ਼ਿਆਦਾਤਰ ਪਿੰਡਾਂ ‘ਚ ਅਜੇ ਵੀ ਘੁੰਢ ਕੱਢਣ ਦਾ ਰਿਵਾਜ ਹੈ। ਔਰਤਾਂ ਸਾਰਾ ਦਿਨ ਮੂੰਹ ਢਕੀ ਰੱਖਦੀਆਂ ਹਨ। ਰਾਜਸਥਾਨ ਸਰਕਾਰ ਨੇ ਔਰਤਾਂ ਨੂੰ ਪੰਚਾਇਤ ਅਤੇ ਨਗਰਪਾਲਿਕਾ ਚੋਣਾਂ ‘ਚ ਪੰਜਾਹ ਫ਼ੀਸਦੀ ਸੀਟਾਂ ਦੇ ਦਿੱਤੀਆਂ ਹਨ। ਸਰਪੰਚ ਅਤੇ ਨਗਰਪਾਲਿਕਾ ਚੇਅਰਮੈਨ ਔਰਤਾਂ ਮੀਟਿੰਗਾਂ ‘ਚ ਘੁੰਢ ਕੱਢ ਕੇ ਅਜੀਬ ਸਥਿਤੀ ਪੈਦਾ ਕਰ ਦਿੰਦੀਆਂ ਹਨ। 15 ਸਾਲ ਪਹਿਲਾਂ ਤਾਂ ਹਾਲਤ ਇਹ ਸੀ ਕਿ ਕਈ ਸਰਪੰਚ ਔਰਤਾਂ ਅਫ਼ਸਰਾਂ ਸਾਹਮਣੇ ਕੁਰਸੀ ‘ਤੇ ਬੈਠਣ ਦੀ ਬਜਾਏ ਧਰਤੀ ‘ਤੇ ਪਲਾਥੀ ਮਾਰ ਕੇ ਘੁੰਡ ਕੱਢ ਕੇ ਬੈਠ ਜਾਇਆ ਕਰਦੀਆਂ ਸਨ। ਰਾਜਸਥਾਨੀ ਔਰਤਾਂ ਦੇ ਘੁੰਢ ਕੱਢਣ ਦਾ ਫ਼ਾਇਦਾ ਪੰਜਾਬੀ ਔਰਤਾਂ ਲੈ ਰਹੀਆਂ ਹਨ ਕਿਉਂਕਿ ਖੁੱਲ੍ਹੇਪਣ ਕਰਕੇ ਪੰਜਾਬੀ ਔਰਤਾਂ ਆਪਣੀ ਆਬਾਦੀ ਨਾਲੋਂ ਕਈ ਗੁਣਾਂ ਜ਼ਿਆਦਾ ਸੀਟਾਂ ‘ਤੇ ਜਿੱਤ ਪ੍ਰਾਪਤ ਕਰਦੀਆਂ ਹਨ।
ਪਿੰਡਾਂ ‘ਚ ਰਾਜਸਥਾਨੀ ਔਰਤਾਂ ਆਪਣੇ ਪੁੱਤ ਵਰਗੇ ਜਵਾਈ ਤੋਂ ਵੀ ਘੁੰਢ ਕੱਢਦੀਆਂ ਹਨ ਅਤੇ ਸਾਰੀ ਉਮਰ ਉਸ ਨਾਲ ਬੋਲਦੀਆਂ ਨਹੀਂ। ਇਸੇ ਕਾਰਨ ਬੀਕਾਨੇਰ ਜ਼ਿਲ੍ਹੇ ਦੇ ਇੱਕ ਪਿੰਡ ‘ਚ ਇੱਕ ਮੰਦਭਾਗੀ ਘਟਨਾ ਵਾਪਰ ਗਈ। ਕੀ ਹੋਇਆ ਕਿ ਸੱਸ ਆਪਣੇ ਜਵਾਈ ਕੋਲ ਕੜਾਹ ਰੱਖ ਕੇ ਚਲੀ ਗਈ। ਜਵਾਈ ਦੀ ਅੱਖ ਲੱਗੀ ਹੋਈ ਸੀ। ਕੜਾਹ ਉਪਰ ਬਹੁਤ ਸਾਰੀਆਂ ਕੀੜੀਆਂ ਚੜ੍ਹ ਗਈਆਂ। ਹਨੇਰਾ ਹੋਣ ਕਾਰਨ ਜਵਾਈ ਨੇ ਕੀੜੀਆਂ ਦੇਖੀਆਂ ਨਹੀਂ ਅਤੇ ਕੜਾਹ ਖਾ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇੱਕ ਵਾਰੀ ਇੱਕ ਸੱਸ ਬਿਨਾਂ ਕੁਝ ਬੋਲੇ ਜਵਾਈ ਦੇ ਸਿਰਹਾਣੇ ਵੱਲ, ਰੋਟੀ ਦੀ ਥਾਲੀ ਰੱਖ ਗਈ। ਜਵਾਈ ਨੂੰ ਰੋਟੀ ਬਾਰੇ ਪਤਾ ਨਾ ਲੱਗਿਆ ਅਤੇ ਰੋਟੀ ਕੁੱਤਾ ਖਾ ਗਿਆ। ਜਵਾਈ ਵਿਚਾਰਾ ਭੁੱਖਾ ਹੀ ਸੌਂ ਗਿਆ। ਨੂੰਹ ਆਪਣੀ ਸੱਸ, ਜੇਠ ਅਤੇ ਸਹੁਰੇ ਨਾਲ ਨਹੀਂ ਬੋਲਦੀ। ਕਈ ਵਾਰੀ ਨੂੰਹ ਆਪਣੇ ਸਹੁਰੇ ਜਾਂ ਸੱਸ ਨਾਲ ਕਿੱਧਰੇ ਰੇਲ ਗੱਡੀ ਜਾਂ ਬੱਸ ‘ਤੇ ਚੜ੍ਹਨ ਜਾਂ ਬਾਜ਼ਾਰ ਵਿੱਚੋਂ ਦੀ ਜਾਂਦੇ ਹੋਣ ਤਾਂ ਪਿੱਛੋਂ ਕਿਸੇ ਨੇ ਨੂੰਹ ਦੇ ਸਿਰ ‘ਤੇ ਰੱਖਿਆ ਟਰੰਕ ਜਾਂ ਪਰਸ ਖੋਹ ਲੈਣਾ ਪਰ ਨੂੰਹ ਨੇ ਬੋਲਣਾ ਨਹੀਂ ਭਾਵੇਂ ਕੁਝ ਹੋ ਜਾਵੇ। ਇਹੋ ਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਸਨ। ਬਹੁਤ ਸਾਰੀਆਂ ਰਾਜਸਥਾਨੀ ਔਰਤਾਂ ਅਜੇ ਵੀ ਪਰਾਏ ਮਰਦ ਨਾਲ ਬੋਲਦੀਆਂ ਨਹੀਂ। ਕਈ ਵਾਰੀ ਪਰਾਇਆ ਮਰਦ ਕਿਸੇ ਘਰ ਜ਼ਰੂਰੀ ਸੁਨੇਹਾ ਦੇਣ ਲਈ ਆਉਂਦਾ ਹੈ ਤਾਂ ਘਰ ‘ਚ ਇਕੱਲੀ ਔਰਤ ਦੂਰੋਂ ਹੀ ਹੱਥ ਹਿਲਾ ਕੇ ਇਸ਼ਾਰਾ ਕਰਦੀ ਹੈ ਕਿ ਘਰ ‘ਚ ਕੋਈ ਨਹੀਂ ਹੈ। ਇਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਦਿੱਤੇ ਬਿਨਾਂ ਹੀ ਉਸ ਨੂੰ ਵਾਪਸ ਆਉਣਾ ਪੈਂਦਾ ਹੈ। ਜਿੱਥੇ ਜਿੱਥੇ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਪਹੁੰਚਿਆ ਹੈ ਉੱਥੇ ਪੰਜਾਬੀ ਪਹੁੰਚ ਗਏ ਹਨ ਅਤੇ ਪੰਜਾਬੀਆਂ ਵੱਲ ਵੇਖ ਕੇ ਰਾਜਸਥਾਨੀ ਲੋਕਾਂ ‘ਚ ਕਾਫ਼ੀ ਬਦਲਾਅ ਆਇਆ ਹੈ। ਜੋਧਪੁਰ ਸ਼ਹਿਰ ‘ਚ ਪਿੰਡਾਂ ਤੋਂ ਆਈਆਂ ਔਰਤਾਂ ਬਿਨਾਂ ਘੁੰਡ ਕੱਢੇ ਜੈਵਿਕ ਖੇਤੀ ਦੀ ਸਿਖਲਾਈ ਲੈਂਦੀਆਂ ਹਨ।
ਜੋਧਪੁਰ ਦੇ ਪਿੰਡਾਂ ਦੀਆਂ ਔਰਤਾਂ ਮੋਟਰਸਾਈਕਲਾਂ ‘ਤੇ ਦੁੱਧ ਵੇਚਣ ਜਾਂਦੀਆਂ ਹਨ। ਇੱਥੋਂ ਦੇ ਮਰਦ ਵੱਡੀ ਗਿਣਤੀ ‘ਚ ਪੈਂਟ ਕਮੀਜ਼ ਪਹਿਨਦੇ ਹਨ ਪਰ ਔਰਤਾਂ ਅਜੇ ਵੀ ਰਾਜਸਥਾਨੀ ਪਹਿਰਾਵਾ ਪਾਉਂਦੀਆਂ ਹਨ। ਸਰਕਾਰ ਵੱਲੋਂ ਪੰਚਾਇਤ ਅਤੇ ਨਗਰਪਾਲਿਕਾ ਚੋਣਾਂ ‘ਚ ਦਿੱਤੇ 50 ਫ਼ੀਸਦੀ ਰਾਖਵੇਂਕਰਨ ਕਾਰਨ ਰਾਜਸਥਾਨੀ ਔਰਤਾਂ ‘ਚ ਕਾਫ਼ੀ ਬਦਲਾਅ ਆਇਆ ਹੈ ਪਰ ਕਈ ਥਾਈਂ ਅਜੇ ਵੀ ਗਲਤ ਰਿਵਾਜਾਂ ਕਾਰਨ ਔਰਤਾਂ ਪਛੜੀਆਂ ਹੋਈਆਂ ਹਨ ਪਰ ਰਾਜਸਥਾਨੀ ਔਰਤਾਂ ਮਰਦਾਂ ਨਾਲੋਂ ਵੱਧ ਮਿਹਨਤ ਕਰਦੀਆਂ ਹਨ।
ਵਿਆਹ ਦੀਆਂ ਰਸਮਾਂ: ਰਾਜਸਥਾਨ ‘ਚ ਜਦੋਂ ਮੁੰਡੇ ਦੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਜਾਂਦੀ ਹੈ ਤਾਂ ਉਸ ਦੇ ਹੱਥ ‘ਚ ਤਲਵਾਰ ਜਾਂ ਕਟਾਰ ਫੜਾ ਦਿੱਤੀ ਜਾਂਦੀ ਹੈ। ਉਹ ਜਿੱਥੇ ਵੀ ਜਾਂਦਾ ਹੈ ਆਪਣੇ ਨਾਲ ਤਲਵਾਰ ਜਾਂ ਕਟਾਰ ਲੈ ਕੇ ਜਾਂਦਾ ਹੈ। ਜਿਸ ਕੋਲ ਇਹ ਦੋਵੇਂ ਚੀਜ਼ਾਂ ਨਹੀਂ ਉਸ ਨੂੰ ਲੋਹੇ ਦੀ ਖੂੰਡੀ ਫੜਾ ਦਿੱਤੀ ਜਾਂਦੀ ਹੈ। ਇਸ ਪਿੱਛੇ ਧਾਰਨਾ ਹੈ ਕਿ ਲਾੜੇ ਨੂੰ ਨਜ਼ਰ ਨਹੀਂ ਲੱਗਦੀ ਅਤੇ ਭੂਤ ਪ੍ਰੇਤ ਤੋਂ ਬਚਾਅ ਹੁੰਦਾ ਹੈ। ਕਈ ਦਲਿਤ ਜਾਤੀਆਂ ‘ਚ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਸ਼ਾਕ ਲੈਣ ਲਈ ਪੈਸੇ ਦਿੰਦੇ ਹਨ। ਕਈ ਉੱਚੀਆਂ ਜ਼ਾਤਾਂ ‘ਚ ਕੁੜੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਇਨ੍ਹਾਂ ਜ਼ਾਤਾਂ ਦੇ ਮੁੰਡਿਆਂ ਨੂੰ ਕੁੜੀਆਂ ਲੱਭਣ ‘ਚ ਮੁਸ਼ਕਲ ਆਉਂਦੀ ਹੈ। ਇੱਕ ਅਜਿਹੀ ਜ਼ਾਤ ਵੀ ਹੈ ਜਿਸ ਨੂੰ ਦੂਜੀਆਂ ਜ਼ਾਤਾਂ ਦੀਆਂ ਕੁੜੀਆਂ ਵਿਆਹ ਕੇ ਲਿਆਉਣੀਆਂ ਪੈਂਦੀਆਂ ਹਨ। ਸੂਬੇ ‘ਚ ਬਾਲ ਵਿਆਹ ਅਜੇ ਵੀ ਜਾਰੀ ਹਨ। ਜਦੋਂ ਕਈ ਮੁੰਡੇ ਪੜ੍ਹ-ਲਿਖ ਕੇ ਵੱਡੇ ਅਫ਼ਸਰ ਬਣ ਜਾਂਦੇ ਹਨ ਤਾਂ ਸ਼ਹਿਰਾਂ ‘ਚ ਇੱਕ ਦੋ ਹੋਰ ਵਿਆਹ ਕਰਵਾ ਲੈਂਦੇ ਹਨ ਅਤੇ ਪਿੰਡ ਵਾਲੀ ਵਹੁਟੀ ਨੂੰ ਆਪਣੇ ਪਿੰਡ ‘ਚ ਹੀ ਰੱਖਦੇ ਹਨ। ਰਾਜਪੂਤ ਲੋਕ ਆਪਣੀਆਂ ਧੀਆਂ ਨੂੰ ਟੀਕਾ (ਮੰਗਣੀ) ਅਤੇ ਵਿਆਹ ਮੌਕੇ ਲੱਖਾਂ ਰੁਪਏ ਦਾ ਦਾਜ ਦਿੰਦੇ ਹਨ।
ਬਜ਼ੁਰਗਾਂ ਦੀਆਂ ਅੰਤਿਮ ਰਸਮਾਂ: ਕਿਸੇ ਬਜ਼ੁਰਗ ਦੀ ਮੌਤ ਤੋਂ ਬਾਅਦ 12 ਦਿਨ ਤਕ ਲਗਾਤਾਰ ਦੇਸੀ ਘਿਓ ਦੀ ਮਠਿਆਈ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨੂੰ ਵਰਤਾਈ ਜਾਂਦੀ ਹੈ। ਹੁਣ ਸਮੇਂ ਦੇ ਬਦਲਣ ਨਾਲ ਬਨਸਪਤੀ ਤੇਲਾਂ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ ਹੈ। ਬਾਰ੍ਹਵੇਂ ਦਿਨ ਸ਼ਰਾਬ ਤੇ ਮੀਟ ਵੀ ਪਰੋਸਿਆ ਜਾਂਦਾ ਹੈ। ਇਹ ਰਿਵਾਜ ਰਾਜਸਥਾਨ ਦੀਆਂ ਸਾਰੀਆਂ ਜ਼ਾਤ ਬਰਾਦਰੀਆਂ ਵਿੱਚ ਹੈ। ਗ਼ਰੀਬ ਲੋਕਾਂ ਨੂੰ ਵੀ ਇਸੇ ਤਰ੍ਹਾਂ ਖਰਚ ਕਰਨਾ ਪੈਂਦਾ ਹੈ। ਇਸ ਰਸਮ ਨੂੰ ਨਿਭਾਉਣ ਲਈ ਕਈ ਲੋਕ ਆਪਣੀ ਜਾਇਦਾਦ ਤਕ ਵੇਚ ਦਿੰਦੇ ਹਨ। ਕਈ ਬਜ਼ੁਰਗ ਤਾਂ ਜਿਉਂਦੇ ਜੀਅ ਆਪਣੀਆਂ ਅੱਖਾਂ ਸਾਹਮਣੇ ਹੀ ਬਾਰ੍ਹੇ ਦੀ ਰਸਮ ਕਰਵਾ ਲੈਂਦੇ ਹਨ। ਬਿਸ਼ਨੋਈ ਅਤੇ ਮੇਘਵਾਲ ਜਾਤੀ ਦੇ ਲੋਕ ਮ੍ਰਿਤਕ ਨੂੰ ਆਪਣੇ ਘਰ ‘ਚ ਹੀ ਧਰਤੀ ਹੇਠ ਦਫ਼ਨਾ (ਨੱਪ) ਦਿੰਦੇ ਹਨ। ਗੋਸਾਈਂ ਜਾਤੀ ਦੇ ਲੋਕ ਮ੍ਰਿਤਕ ਨੂੰ ਮੰਦਰ ‘ਚ ਦਫ਼ਨਾ ਦਿੰਦੇ ਹਨ। ਬਾਕੀ ਜਾਤੀਆਂ ਦੇ ਲੋਕ ਮ੍ਰਿਤਕਾਂ ਦਾ ਸਸਕਾਰ ਕਰਦੇ ਹਨ। ਮੌਤ ਦੇ ਬਾਰ੍ਹਵੇਂ ਦਿਨ ਅੰਤਿਮ ਰਸਮ ਹੁੰਦੀ ਹੈ ਇਸ ਨੂੰ ਬਾਰ੍ਹਾ ਕਿਹਾ ਜਾਂਦਾ ਹੈ। ਬਾਰ੍ਹੇ ‘ਤੇ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ। ਇਸ ਦਿਨ ਮੌਕੇ ‘ਤੇ ਹੀ ਵਿਆਹ ਕਰ ਦਿੱਤੇ ਜਾਂਦੇ ਹਨ। ਇੱਥੇ ਛੋਟੇ-ਛੋਟੇ ਬੱਚਿਆਂ ਦੇ ਵਿਆਹ ਵੀ ਕਰ ਦਿੱਤੇ ਜਾਂਦੇ ਹਨ। ਲੋਕ ਸੋਚਦੇ ਹਨ ਕਿ ਵਿਆਹ ਦੇ ਖਰਚੇ ਨੂੰ ਘਟਾਇਆ ਜਾਵੇ। ਲੱਗਦਾ ਹੈ ਕਿ ਇਸੇ ਕਾਰਨ ਹੀ ਸੂਬੇ ‘ਚ ਬਾਲ ਵਿਆਹਾਂ ਦੀ ਸ਼ੁਰੂਆਤ ਹੋਈ ਸੀ।
ਖਾਪ ਪੰਚਾਇਤਾਂ ਵੱਲੋਂ ਸ਼ੋਸ਼ਣ: ਸੂਬੇ ਵਿੱਚ ਜ਼ਾਤਾਂ ਦੀਆਂ ਖਾਪ ਪੰਚਾਇਤਾਂ ਅਜੇ ਵੀ ਆਪਣੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰਦੀਆਂ ਰਹਿੰਦੀਆਂ ਹਨ। ਇਸ ਸਾਲ 30 ਅਪਰੈਲ ਨੂੰ ਪਾਲੀ ਜ਼ਿਲ੍ਹੇ ਦੇ ਸਾਦੜੀ ਪਿੰਡ ‘ਚ ਵਿਆਹੁਤਾ ਵਿਮਲਾ (21 ਸਾਲ) ਨੇ ਪੰਚਾਂ ਦੇ ਫ਼ੁਰਮਾਨ ਤੋਂ ਤੰਗ ਆ ਕੇ ਮਿੱਟੀ ਦਾ ਤੇਲ ਪਾ ਕੇ ਖੁਦਕੁਸ਼ੀ ਕਰ ਲਈ। ਵਿਮਲਾ ਦਾ ਕਸੂਰ ਇਹ ਸੀ ਕਿ ਉਸ ਨੇ ਬੀਤੇ ਸਾਲ 31 ਮਈ ਨੂੰ ਵਿਆਹ ਕਰ ਲਿਆ ਸੀ। ਅਣਬਣ ਹੋਣ ਕਾਰਨ ਉਸ ਨੇ 16 ਦਸੰਬਰ ਨੂੰ ਰਜ਼ਾਮੰਦੀ ਨਾਲ ਪਤੀ ਤੋਂ ਤਲਾਕ ਲੈ ਲਿਆ। ਪਿੰਡ ਦੇ ਪੰਚਾਂ ਨੇ ਉਸ ਨੂੰ 81 ਹਜ਼ਾਰ ਰੁਪਏ ਦਾ ਜੁਰਮਾਨਾ ਲਾ ਦਿੱਤਾ। ਜੁਰਮਾਨਾ ਨਾ ਭਰਨ ਕਾਰਨ ਉਸ ਦਾ ਸਮਾਜ ਤੋਂ ਬਾਈਕਾਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਚਾਂ ਨੇ ਉਸ ਨੂੰ ਆਉਂਦੀ ਜਾਂਦੀ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਤੰਗ ਆ ਕੇ ਵਿਮਲਾ ਨੇ ਖੁਦਕੁਸ਼ੀ ਕਰ ਲਈ। ਜੇ ਕਿਸੇ ਨੇ ਬਿੱਲੀ ਨੂੰ ਮਾਰ ਦਿੱਤਾ ਤਾਂ ਖਾਪ ਪੰਚਾਇਤ ਨੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਲਾ ਦਿੱਤਾ। ਜੁਰਮਾਨਾ ਨਾ ਭਰਿਆ ਤਾਂ ਪਿੰਡ ਤੋਂ ਬਾਹਰ ਕੱਢ ਦਿੱਤਾ। ਕਿਸੇ ਨੂੰ ਨਾਜਾਇਜ਼ ਸਬੰਧ ਰੱਖਣ ਦੇ ਦੋਸ਼ ‘ਚ ਮਾਰ ਦਿੱਤਾ ਜਾਂਦਾ ਹੈ।
ਇੱਕ ਵਾਰੀ ਦੇਖਿਆ ਗਿਆ ਕਿ ਇੱਕ ਕਸਬੇ ‘ਚ ਕਿਸੇ ਔਰਤ ਦਾ ਰੌਲਾ ਸੀ। ਉੱਥੇ 15 ਦਿਨ ਤਕ ਪੰਚਾਇਤ ਹੁੰਦੀ ਰਹੀ। ਘਰ ਵਾਲਿਆਂ ਦਾ ਬਹੁਤ ਸਾਰਾ ਖਰਚ ਪੰਚਾਂ ਨੂੰ ਸ਼ਰਾਬ ਅਤੇ ਮੀਟ ਖਵਾਉਣ ‘ਤੇ ਲੱਗ ਗਿਆ। ਸੂਬੇ ‘ਚ ਔਰਤਾਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ। ਇੱਕ ਜਾਤੀ ਇਹੋ ਜਿਹੀ ਹੈ ਜਿਸ ਦੇ ਮਰਦ ਵਿਆਹੀਆਂ ਔਰਤਾਂ ਨੂੰ ਇੱਕ ਦੂਜੇ ਨੂੰ ਵੱਧ ਪੈਸੇ ਦੇ ਕੇ ਵਟਾ ਲੈਂਦੇ ਹਨ। ਇੱਥੇ ਵਿਧਵਾ ਔਰਤ ਨੂੰ ਸਾਰੀ ਉਮਰ ਸੰਤਾਪ ਭੋਗਣਾ ਪੈਂਦਾ ਹੈ। ਉਹ ਘਰ ਤੋਂ ਬਾਹਰ ਨਹੀਂ ਜਾ ਸਕਦੀ। ਖੁਸ਼ੀ ਦੇ ਮੌਕੇ ਵੀ ਉਹ ਨਾ ਹੱਸ ਸਕਦੀ ਹੈ ਨਾ ਨੱਚ ਸਕਦੀ ਹੈ। ਪੁਰਾਣੇ ਜ਼ਮਾਨੇ ‘ਚ ਤਾਂ ਵਿਧਵਾ ਔਰਤ ਨੂੰ ਹਨੇਰੇ ਕਮਰੇ ‘ਚ ਕਾਲੇ ਕੱਪੜੇ ਪੁਆ ਕੇ ਬੰਦ ਕਰ ਦਿੱਤਾ ਜਾਂਦਾ ਸੀ। ਉਹ ਕਿਸੇ ਨੂੰ ਮਿਲ ਨਹੀਂ ਸੀ ਸਕਦੀ। ਉੱਥੇ ਹੀ ਉਸ ਨੂੰ ਰੋਟੀ ਦੇ ਦਿੱਤੀ ਜਾਂਦੀ ਸੀ।
ਸੂਬੇ ‘ਚ ਦਲਿਤਾਂ ਦਾ ਸ਼ੋਸ਼ਣ ਅਜੇ ਵੀ ਜਾਰੀ ਹੈ। ਬਹੁਤ ਸਾਰੇ ਪਿੰਡਾਂ ‘ਚ ਅਜੇ ਵੀ ਦਲਿਤ ਲਾੜਿਆਂ ਨੂੰ ਘੋੜੀ ਉਪਰ ਨਹੀਂ ਚੜ੍ਹਨ ਦਿੱਤਾ ਜਾਂਦਾ। ਵਿਆਹ ਮੌਕੇ ਉਨ੍ਹਾਂ ਨੂੰ ਸਾਜ਼ ਨਹੀਂ ਵਜਾਉਣ ਦਿੱਤੇ ਜਾਂਦੇ ਅਤੇ ਨਾ ਹੀ ਕਿਸੇ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਨ ਦਿੱਤਾ ਜਾਂਦਾ ਹੈ। ਦਲਿਤ ਲੋਕ ਸਵਰਨ ਜ਼ਾਤਾਂ ਦੇ ਲੋਕਾਂ ਸਾਹਮਣੇ ਮੰਜੀ ‘ਤੇ ਨਹੀਂ ਬੈਠ ਸਕਦੇ। ਸਰਕਾਰ ਵੱਲੋਂ ਦਲਿਤਾਂ ਅਤੇ ਔਰਤਾਂ ਲਈ ਬਣਾਏ ਕਾਨੂੰਨ ਕਾਗ਼ਜ਼ੀ ਕਾਨੂੰਨ ਹੀ ਹਨ। ਪਰ ਜਿੱਥੇ-ਜਿੱਥੇ ਪੰਜਾਬੀ ਵਸੋਂ ਹੈ ਉੱਥੇ ਰਾਜਸਥਾਨੀਆਂ ਦੇ ਨਾਦਰਸ਼ਾਹੀ ਫ਼ੁਰਮਾਨ ਨਹੀਂ ਚੱਲਦੇ। ਖ਼ਾਸ ਕਰਕੇ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿ੍ਹਆਂ ‘ਚ ਰਾਜਸਥਾਨੀ ਲੋਕਾਂ ਦਾ ਸੱਭਿਆਚਾਰ ਪੰਜਾਬੀਆਂ ਵਰਗਾ ਹੋ ਗਿਆ ਹੈ।
 
Top