UNP

:: ਡਾ. ਜਗਤਾਰ ::

Go Back   UNP > Contributions > Punjabi Culture

UNP Register

 

 
Old 16-Dec-2010
Saini Sa'aB
 
:: ਡਾ. ਜਗਤਾਰ ::

ਡਾ. ਜਗਤਾਰ ਦੀ ਸ਼ਾਇਰੀ ਅਤੇ ਉਸ ਵਿਚਲੇ ਦਰਸ਼ਨ ਦੀ ਟੀਸੀ ਉਸ ਨੂੰ ਆਪਣੇ ਸਮੇਂ ਦਾ ਇਕ ਸਿਰ-ਕੱਢ ਹਸਤਾਖਰ ਬਣਾਉਂਦੀ ਹੈ। ਮਜ਼ਹਬੋ-ਮਿਲਤ, ਅਕਲ-ਸ਼ਕਲ, ਰੰਗ-ਨਸਲ ਅਤੇ ਹੱਦਾਂ-ਕੰਧਾਂ ਤੋਂ ਪਾਰ ਜਗਤਾਰ ਦਾ ਕਾਵਿ-ਕਲਾਵਾ ਸਰਵ-ਮਨੁੱਖ ਸਿਰਜਦਾ ਹੈ।

ਡਾ. ਜਗਤਾਰ ਨੇ 1960ਵਿਆਂ ਵਿਚ ਲਿਖਣਾ ਅਰੰਭ ਕੀਤਾ। ਉਸ ਸਮੇਂ ਪ੍ਰਗਤੀਵਾਦੀ ਕਾਵਿਕ-ਲਹਿਰ ਦੇ ਨਾਲ-ਨਾਲ ਪ੍ਰਯੋਗਵਾਦ, ਪੱਛਮ ਦੇ ਆਧੁਨਿਕਤਾਵਾਦੀ-ਪਰਛਾਵੇਂ ਥੱਲੇ, ਮੱਧਵਰਗੀ ਕਵੀਆਂ ਦੀ ਚੇਤਨਾ ਵਿਚ ਘਰ ਕਰ ਰਿਹਾ ਸੀ। ਇਸ ਪਿਛੋਕੜ ਵਿਚ ਡਾ.ਜਗਤਾਰ ਦਾ ਕਾਵਿ-ਸਫ਼ਰ ਸੰਨ 1957 ਵਿਚ ਰੁਤਾਂ ਰਾਂਗਲੀਆਂ ਦੇ ਕਾਵਿ-ਸੰਗ੍ਰਹਿ ਨਾਲ ਸ਼ੁਰੂ ਹੁੰਦਾ ਹੈ। ਇਸ ਕਾਵਿ ਵਿਚ ਜਗਤਾਰ ਮੁੱਖ ਤੌਰ ਤੇ ਰੁਮਾਨੀ ਅਨੁਭਵ ਪੇਸ਼ ਕਰਦਾ ਹੈ। ਸੰਨ 1960 ਵਿਚ ਤਲਖ਼ੀਆਂ-ਰੰਗੀਨੀਆਂ ਕਾਵਿ-ਪੁਸਤਕ ਵਿਚ ਪ੍ਰਗਤੀਵਾਦੀ ਲਹਿਰ ਨਾਲ ਜੁੜਦਾ ਨਜ਼ਰ ਆਉਂਦਾ ਹੈ। ਸੰਨ 1961 ਵਿਚ ਛਪੀ ਦੁੱਧ ਪਥਰੀ ਵਿੱਚ ਪ੍ਰਗਤੀਵਾਦੀ-ਯਥਾਰਥਵਾਦੀ ਵਿਸ਼ਿਆਂ ਨੂੰ ਮਜ਼ਬੂਤੀ ਨਾਲ ਪਰੱਸਤੁਤ ਕਰਦਾ ਹੈ। ਸੰਨ 1967 ਦੀ ਪੁਸਤਕ ਅਧੂਰਾ ਆਦਮੀ ਵਿਚ ਜਗਤਾਰ ਪ੍ਰਯੋਗਵਾਦ ਵਿਧੀ ਨੂੰ ਬਾਹਰੀ ਯਥਾਰਥ ਦੀ ਥਾਂ ਮਨੁੱਖੀ ਮਾਨਸਿਕਤਾ ਦੇ ਦਵੰਦਾਂ ਦੀ ਤਰਜਮਾਨੀ ਕਰਦਾ ਹੈ। ਜਗਤਾਰ ਅੰਤਰ-ਮੁਖੀ ਵਿਧੀ ਦਾ ਸਮਰਥਕ ਰਿਹਾ ਹੈ।

ਸੱਤਰ੍ਹਵਿਆਂ ਵਿਚ ਛਪੀ ਲਹੂ ਦੇ ਨਕਸ਼ (1973) ਜੁਝਾਰਵਾਦੀ ਲਹਿਰ ਦਾ ਅਸਰ ਕਬੂਲਦੀ ਹੈ। ਉਸ ਸਮੇਂ ਨਕਸਲਬਾੜੀ ਲਹਿਰ ਜ਼ੋਰਾਂ ਤੇ ਸੀ। ਲਹੂ ਦੇ ਨਕਸ਼ ਵਿਚਲਾ ਕਾਵਿ-ਪਾਤਰ ਰਵਾਇਤ ਅਤੇ ਸਥਾਪਤੀ ਦਾ ਵਿਦਰੋਹੀ ਹੈ, ਅਤੇ ਦਬੇ-ਕੁਚਲੇ ਲੋਕਾਂ ਦਾ ਸਾਥ ਦਿੰਦਾ ਹੈ:

ਮੈਂ ਉਨ੍ਹਾਂ ਵਿਚ ਸ਼ਾਮਲ ਹਾਂ
ਜਿਨ੍ਹਾਂ ਲੋਕਾਂ ਦੇ ਘਰਾਂ ਵਿਚ, ਸੱਖਣੇ ਭਾਂਡੇ, ਬੁਝੇ ਚੁੱਲ੍ਹੇ
ਸਦਾ ਹੀ ਦਾਣਿਆਂ ਦੀ ਮੁੱਠ ਨੂੰ, ਤੇ ਅੱਗ ਨੂੰ ਤਰਸਦੇ ਰਹਿੰਦੇ
ਇਹ ਗੁਲਮੋਹਰ ਦੇ ਫੁੱਲਾਂ ਵਰਗੀਆਂ ਕੁੜੀਆਂ
ਜੋ ਗ਼ਮ ਨਾਲ, ਅਮਲਤਾਸ ਹੋ ਗਈਆਂ
ਇਹ ਅੰਗੂਰਾਂ ਜਿਹੇ ਬੱਚੇ
ਜੋ ਭੁੱਖਾਂ ਨੇ ਹੈ ਅੱਜ, ਹਰੜਾਂ ਬਣਾ ਦਿਤੇ

ਉਪਰੰਤ, ਛਾਂਗਿਆ ਰੁੱਖ (1976), ਸ਼ੀਸ਼ੇ ਦੇ ਜੰਗਲ (1980), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (1985), ਚਨੁਕਰੀ ਸ਼ਾਮ (1990), ਜੁਗਨੂੰ ਦੀਵਾ ਤੇ ਦਰਿਆ (1992), ਅੱਖਾਂ ਵਾਲੀਆਂ ਪੈੜਾਂ (1999), ਪ੍ਰਵੇਸ਼ ਦੁਆਰ (2003) ਆਦਿ ਕਾਵਿ-ਸੰਗ੍ਰਹਿ ਛਪੇ।

ਜਗਤਾਰ ਬੁਰਜਆਜ਼ੀ/ਸਰਮਾਇਦਾਰੀ ਵਿਵਸਥਾ ਬਾਰੇ ਡੂੰਘਾ ਗਿਆਨ ਰੱਖਦਾ ਹੈ ਅਤੇ ਉਸ ਬਾਰੇ ਭਲੀ ਭਾਂਤ ਚੇਤਨ ਵੀ ਹੈ। ਨਵ-ਸਾਮਰਾਜਵਾਦ ਦੀ ਨੀਤੀ ਨੇ ਮਨੁੱਖ ਦੇ ਸ਼ੋਸ਼ਨ ਲਈ ਨਵੇਂ ਢੰਗ ਅਪਨਾ ਲਏ ਹਨ। ਗਲੋਬਲਾਈਜ਼ੇਸ਼ਨ, ਖੁਲ੍ਹੀ ਮੰਡੀ ਆਦਿ ਸਰਮਾਏਦਾਰੀ ਦੇ ਨਵੇਂ ਹੱਥਿਆਰ ਹਨ। ਜਗਤਾਰ ਇਸ ਨੀਤੀ ਦਾ ਪਛੜੇ ਮੁਲਕਾਂ ਦੇ ਲੋਕਾਂ ਤੇ ਪੈ ਰਹੇ ਪ੍ਰਭਾਵਾਂ ਨੂੰ ਆਪਣੀ ਕਾਵਿ-ਸ਼ੈਲੀ ਵਿੱਚ ਨਿਡਰ ਹੋ ਕੇ ਚਿਤਰਨ ਕਰਦਾ ਹੈ:

ਬੁਝਿਆ ਚਰਾਗ਼, ਦਿਲ ਉਦਾਸੀ ਝੀਲ ਸ਼ਾਮ ਹੈ
ਕਿੱਥੇ ਹੈ ਤੇਰੇ ਚਿਹਰੇ ਦੀ ਕੰਦੀਲ ਸ਼ਾਮ ਹੈ
ਖੇਤਾਂ ਚ ਚਿਮਨੀਆਂ ਹੁਣ ਧੂਆਂ ਹੈ ਫੈਲਿਆ
ਮੇਰੇ ਗਰਾਂ ਦੀ ਵੀ ਬੜੀ ਤਬਦੀਲ ਸ਼ਾਮ ਹੈ

ਸਾਮਰਾਜ ਤੀਜੀ ਦੁਨੀਆ ਦੇ ਮੁਲਕਾਂ ਨੂੰ ਹੱਥਿਆਰ ਵੇਚਦਾ ਹੈ। ਸਾਮਰਾਜੀ ਚਾਲਾਂ ਇਹਨਾਂ ਮੁਲਕਾਂ ਦਾ ਆਪਸੀ ਭੇੜ ਕਰਵਾ ਦਿੰਦੀਆਂ ਹਨ। ਸਾਮਰਾਜੀ ਨੀਤੀਆਂ ਅਧੀਨ ਘਰੋਗੀ ਜੰਗਾਂ ਇਹਨਾਂ ਮੁਲਕਾਂ ਦੇ ਲੋਕਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ। ਹੱਥਿਆਰਾਂ ਰਾਹੀਂ ਮੁਨਾਫ਼ਾਖ਼ੋਰੀ ਨਵ-ਸਾਮਰਾਜਵਾਦ ਦਾ ਹੱਥਕੰਡਾ ਕਾਮਯਾਬ ਹੈ। ਜਗਤਾਰ ਦਾ ਕਾਵਿ ਸਾਮਰਾਜੀ ਚਾਲਾਂ ਤੋਂ ਸੁਚੇਤ ਹੋਣ ਲਈ ਤੀਜੀ ਦੁਨੀਆ ਦੇ ਲੋਕਾਂ ਨੂੰ ਸਾਵਧਾਨ ਕਰਦਾ ਹੈ:

ਅਸੀਂ ਦੋਵੇਂ ਜਣੇ, ਬਾਰੂਦ ਦੇ ਢੇਰਾਂ ਤੇ ਬੈਠੇ ਹਾਂ.....
ਅਸੀਂ ਇੱਕ ਦੂਸਰੇ ਨੂੰ, ਤੀਲੀਆਂ ਕੱਢ ਕੱਢ ਡਰਾਉਂਦੇ ਹਾਂ
ਤੇ ਹਰ ਪਲ ਮਾਚਸਾਂ ਦੇ ਮਾਰਕੇ, ਇੱਕ ਦੂਸਰੇ ਤਾਈਂ ਵਖਾਉਂਦੇ ਹਾਂ....
ਕਦੇ ਪਰ ਸੋਚਦੇ ਨਹੀਂ, ਕਿ ਕਿਸ ਨੇ ਮਾਚਸਾਂ ਸਾਨੂੰ ਫੜਾਈਆਂ ਨੇ

ਜਗਤਾਰ ਮਨੁੱਖਤਾਵਾਦੀ ਹੈ। ਸੋਚ ਸਰਵ-ਵਿਆਪਕ ਹੈ। ਧਰਮ ਨਿਰਪੇਖ ਹੈ। ਉਸ ਦਾ ਕਾਵਿ-ਮਨੁੱਖ ਲੌਕਿਕ ਹੈ। ਸਮਾਜਵਾਦੀ ਸੋਚ ਅਧੀਨ ਆਰਥਕ ਨਾਬਰਾਬਰੀ ਸਹਿਨ ਨਹੀਂ ਕਰਦਾ ਹੈ। ਸਭ ਲਈ ਸੁੱਖ-ਸ਼ਾਂਤੀ ਦਾ ਚਾਹਵਾਨ ਹੈ। ਉਸ ਦੀ ਦੁਆ ਹੈ:

ਹਰ ਇੱਕ ਵਿਹੜੇਚ ਲੋ ਲੱਗੇ, ਹਰਿਕ ਆਂਗਣ ਚ ਰੰਗ ਉੱਗੇ
ਦੁਆ ਕੀ ਹੋਰ ਕਰਨੀ ਹੈ, ਮੇਰੀ ਇੱਕੋ ਦੁਆ ਪੁੱਗੇ
ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ
ਯਾ ਖ਼ੁਦਾ ਸਭ ਬੇਘਰਾਂ ਨੂੰ ਘਰ ਦਈਂ
ਸਾਰਿਆਂ ਦੇਸ਼ਾਂ ਨੂੰ ਬਖ਼ਸ਼ੀਂ ਅਮਨ ਤੂੰ
ਸਭ ਗ਼ੁਲਾਮਾਂ ਨੂੰ ਸੁਤੰਤਰ ਕਰ ਦਈਂ

ਪੰਜਾਬ ਨੇ ਸੰਨ 1978 ਤੋਂ ਲੈ ਕੇ ਤਕਰੀਬਨ ਡੇਢ ਦਹਾਕੇ ਦੇ ਸਮੇਂ ਦੌਰਾਨ ਅਤੰਕਵਾਦ ਦਾ ਤਾਂਡਵ ਨਾਚ ਹੰਢਾਇਆ। ਧਰਤੀ ਲਾਲੋ-ਲਾਲ ਹੋ ਗਈ। ਸੱਥਰਾਂ ਦੇ ਸੱਥਰ ਵਿੱਛ ਗਏ। ਧਰਮ ਅਤੇ ਰਾਜਨੀਤੀ ਨੇ ਕੋਹਝੇ ਸਬੰਧ ਪੈਦਾ ਕਰ ਲਏ। ਹਾਲਾਤ ਇਹ ਸਨ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ। ਜਨਤਾ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ - ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ। ਜਗਤਾਰ ਇਸ ਸਮੇਂ ਦੀਆਂ ਮੌਨ-ਲਾਸ਼ਾਂ ਦੇ ਜਜ਼ੀਰੇ ਦੀ ਕਾਵਿ-ਦ੍ਰਿਸ਼ਟੀ ਮੂਰਤੀਮਾਨ ਕਰਦਾ ਹੈ:

ਰੇਲ ਕਬਰਾਂ ਵਿੱਚ ਖੜੋਤੀ, ਚੀਕਦੀ ਹੈ
ਧਾਨ ਦੇ ਖੇਤਾਂ ਤੋਂ ਲੰਘ ਕੇ
ਨਾਲ ਦੇ ਪਿੰਡਾਂ ਦੀਆਂ, ਕੰਧਾਂ ਤੇ ਦਹਿਲੀਜ਼ਾਂ ਨੂੰ ਟੱਪ ਕੇ
ਹਰ ਕਿਸੇ ਵਾਸੀ ਦੇ ਦਿਲ ਤੋਂ ਜ਼ਿਹਨ ਉੱਤੇ
ਦਸਤਕਾਂ ਚੀਕਾਂ ਨੇ ਦਿੱਤੀਆਂ
ਲੋਕ ਪਰ ਚੁੱਪ ਦੇ ਜਜ਼ੀਰੇ ਬਣ ਗਏ....
ਇੱਕ ਮਹਾਕਾਲੀ ਦੀ ਖ਼ਾਤਰ
ਔਰਤਾਂ, ਬਾਲਾਂ, ਜਵਾਨਾਂ ਦੀ ਬਲੀ ਦਿਤੀ ਗਈ
ਇਸ ਤਰ੍ਹਾਂ ਇੱਕ ਜਾਂਗਲੀ ਤਹਿਜ਼ੀਬ ਦੀ
ਬੁਨਿਆਦ ਮੁੜ ਰੱਖੀ ਗਈ

ਜਗਤਾਰ ਸਰਵ-ਹਾਰੇ, ਦੱਬੇ-ਕੁਚਲੇ, ਨਿਆਸਰੇ ਲੋਕਾਂ ਦੀ ਆਵਾਜ਼ ਬਣਿਆ। ਉਸ ਦਾ ਕਾਵਿ-ਦਰਸ਼ਨ ਸਮਾਜਵਾਦੀ ਦ੍ਰਿਸ਼ਟੀ ਦਾ ਧਾਰਨੀ ਹੈ। ਉਸ ਨੇ ਆਪਣੇ ਕਾਵਿ ਨੂੰ ਨਾਅਰਾ ਨਹੀਂ ਬਣਨ ਦਿਤਾ। ਆਪਣੀ ਸੋਚ ਤੇ ਲਗਾਤਾਰ ਡੱਟਿਆ ਆ ਰਿਹਾ ਹੈ। ਕਿਸੇ ਲੋਭ-ਲਾਲਚ ਨੇ ਉਸ ਨੂੰ ਭਰਮਾਇਆ ਨਹੀਂ।

ਜਗਤਾਰ ਇਕ ਨਿਪੁੰਨ ਗ਼ਜ਼ਲਗੋ ਹੈ। ਉਸ ਨੇ ਸਮਾਜਵਾਦੀ ਦਰਸ਼ਨ ਦੀ ਅਭਿਵਿਅਕਤੀ ਲਈ ਗ਼ਜ਼ਲ ਕਾਵਿ-ਵਿਧੀ ਨੂੰ ਬੜੀ ਕਾਮਯਾਬੀ ਨਾਲ ਮਾਧਿਅਮ ਬਣਾਇਆ ਹੈ। ਗ਼ਜ਼ਲ ਦੀ ਬੰਦਸ਼ ਨੇ ਉਸ ਦੀ ਵਿਆਪਕ ਸੋਚ ਵਿਚ ਰੁਕਾਵਟ ਨਹੀਂ ਪਾਈ। ਸ਼ਬਦਾਂ ਦਾ ਧਨੀ ਹੈ। ਉਹ ਇੱਕ ਆਸ਼ਾਵਾਦੀ ਕਵੀ ਹੈ। ਉਸ ਨੂੰ ਸਰਵਹਾਰਿਆਂ ਦੇ ਬਾਜ਼ੂ-ਬਲ ਤੇ ਜ਼ਰਾ ਵੀ ਸ਼ੱਕ ਨਹੀਂ:

1.
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ ਤੇ ਨਕਸ਼ ਹਾਂ ਮੈਂ, ਮਿੱਟੀ ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।

2.
ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ,
ਦਾਸਤਾਂ ਸਾਡੀ ਕਦੇ ਜਾਣੀ ਨਹੀਂ।

ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ,
ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ।

3.
ਬਸਤੀਆਂ ਤੇ ਸ਼ਿਕਰਿਆਂ ਦਾ ਜਦ ਕਦੀ ਲਸ਼ਕਰ ਚੜ੍ਹੇਗਾ,
ਵੇਖਣਾ, ਘੁਗੀਆਂ ਦਾ ਦਲ ਹੀ, ਬਸਤੀਆਂ ਖ਼ਾਤਰ ਲੜੇਗਾ।

ਜਗਤਾਰ ਨੇ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਜਨਮ ਲੈ ਕੇ ਬਚਪਨ ਤੋਂ ਹੀ ਗ਼ਰੀਬੀ ਹੰਢਾਈ। ਮੁਲਕ ਦੀ ਵੰਡ ਵੇਲੇ ਜਗਤਾਰ ਆਪਣੀ ਭੈਣ ਕੋਲ ਰਹਿ ਕੇ ਸ਼ੇਖ਼ੂਪੁਰ (ਹੁਣ ਪਾਕਿਸਤਾਨ) ਵਿਖੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਭਾਰਤ ਵਿਚ ਆ ਕੇ ਉਸ ਨੇ ਤੰਗੀਆਂ-ਤੁਰਸ਼ੀਆਂ ਤੋਂ ਹਾਰ ਨਹੀਂ ਮੰਨੀ। ਜ਼ਿੰਦਗੀ ਦੇ ਘੋਲ ਨੇ ਉਸ ਦੇ ਸੰਵੇਦਨਸ਼ੀਲ ਮਨ ਨੂੰ ਕਾਵਿ-ਰਚੈਤਾ ਬਣਾ ਦਿਤਾ। ਜਗਤਾਰ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮ.ਏ. ਹੈ। ਹੁਣ ਤੱਕ ਉਹ 32 ਕਿਤਾਬਾਂ ਲਿਖ ਚੁੱਕਿਆ ਹੈ ਜਿਨ੍ਹਾਂ ਵਿੱਚੋ 11 ਕਾਵਿ-ਪੁਸਤਕਾਂ ਹਨ। ਉਸ ਨੇ ਹੀਰ ਦਮੋਦਰ ਤੇ ਖੋਜ ਦਾ ਕੰਮ ਕੀਤਾ ਅਤੇ ਇਹ ਕਿਤਾਬ ਹੁਣ ਪੰਜਾਬ ਯੂਨੀਵਰਸਿਟੀ ਵਿਚ ਟੈਕਸਟ-ਬੁੱਕ ਦੇ ਤੌਰ ਤੇ ਲੱਗੀ ਹੋਈ ਹੈ। ਜਗਤਾਰ ਨੇ ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ਰਾਤ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਰਾਤ ਕਾ ਰਾਜ਼ ਦੇ ਪੰਜਾਬੀ ਵਿਚ ਉਲਥੇ ਕੀਤੇ ਹਨ। ਇਸ ਨੇ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕੰਮ ਕੀਤਾ। ਇਸ ਸ਼ਾਇਰ ਨੇ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿਚ ਤਰਜਮਾ ਕੀਤਾ ਹੈ। ਜਗਤਾਰ ਨੇ ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆ ਅਤੇ ਕਰਤੁਲ ਹੈਦਰ ਦੀ ਕਿਤਾਬ ਏ ਰੈੱਡ ਕਾਈਟ ਦੇ ਉਲਥੇ ਕੀਤੇ ਹਨ।

ਜਗਤਾਰ ਨੂੰ ਉਸ ਦੀ ਪੰਜਾਬੀ ਗ਼ਜ਼ਲਾਂ ਦੀ ਕਿਤਾਬ ਜੁਗਨੂੰ ਦੀਵਾ ਤੇ ਦਰਿਆ ਲਈ ਸਾਹਿਤ ਅਕਾਦਮੀ ਦਾ ਸਾਹਿਤ ਪੁਰਸਕਾਰ ਮਿਲਿਆ। ਉਸ ਦੇ ਗੀਤਾਂ ਅਤੇ ਗ਼ਜ਼ਲਾਂ ਕਾਰਨ ਉਸ ਨੂੰ ਭਾਸ਼ਾ ਵਿਭਾਗ ਵੱਲੋਂ ਅਵਾਰਡ ਪ੍ਰਾਪਤ ਹੋਇਆ। ਪਾਕਿਸਤਾਨ ਦੇ ਸਾਹਿਤਕਾਰਾਂ ਵੱਲੋਂ ਉਸ ਨੂੰ ਪੋਇਟ ਆਫ਼ ਟੁਡੇ ਅਵਾਰਡ ਦਿੱਤਾ ਗਿਆ। ਅਮਰੀਕਾ ਵਿੱਚ 2000 ਸਾਲ ਦਾ ਪੋਇਟ ਆਫ਼ ਮਲਿਨੀਅਮ ਮੰਨਿਆ ਗਿਆ ਅਤੇ ਸਦੀ ਦਾ ਕਵੀ ਦੇ ਤੌਰ ਤੇ ਮਾਨਤਾ ਦਿੱਤੀ ਗਈ। ਇਹਨਾਂ ਪੁਰਸਕਾਰਾਂ ਤੋਂ ਇਲਾਵਾ ਉਸ ਨੂੰ ਪਰੋਫ਼ੈਸਰ ਮੋਹਨ ਸਿੰਘ ਅਤੇ ਬਾਵਾ ਬਲਵੰਤ ਅਵਾਰਡ ਪ੍ਰਾਪਤ ਹੋਏ। ਉਹ ਫ਼ੈਲੋ ਆਫ਼ ਪੰਜਾਬੀ ਯੂਨੀਵਰਸਿਟੀ ਵੀ ਰਿਹਾ ਹੈ।

ਡਾ. ਜਗਤਾਰ ਪਰੌੜ੍ਹ ਸੋਚ ਦਾ ਮਾਲਕ ਹੈ। ਸਰਮਾਏਦਾਰ ਦੇ ਚਿਹਰੇ ਦਾ ਨਕਾਬ ਲਾਹੁੰਦਾ, ਉਹ ਉਸ ਦੀ ਕੋਹਝੀ ਮਾਨਸਿਕਤਾ ਦਾ ਭਾਂਡਾ ਭੰਨਦਾ ਹੈ:

ਡਬੋ ਕੇ ਮੈਨੂੰ ਲਹਿਰਾਇਆ, ਉਛਲਿਆ, ਗਰਜਿਆ, ਹੱਸਿਆ,
ਸਮੁੰਦਰ ਦਿਲ ਦਾ ਕਮਜ਼ੋਰਾ ਸੀ, ਪਰ ਸਾਜ਼ਿਸ਼ ਚ ਗਹਿਰਾ ਸੀ।

ਜਗਤਾਰ ਦੀਆਂ ਗ਼ਜ਼ਲਾਂ:

ਮੰਜ਼ਿਲ ਤੇ ਜੋ ਨਾ ਪਹੁੰਚੇ

ਮੰਜ਼ਿਲ ਤੇ ਜੋ ਨਾ ਪਹੁੰਚੇ, ਪਰਤੇ ਨਾ ਘਰਾਂ ਨੂੰ
ਰ੍ਹਾਵਾਂ ਨੇ ਖਾ ਲਿਆ ਹੈ, ਉਹਨਾਂ ਮੁਸਾਫ਼ਰਾਂ ਨੂੰ

ਸੜਦੇ ਹੋਏ ਵਣਾਂ ਨੂੰ, ਕੋਈ ਹੀ ਗੌਲਦਾ ਹੈ
ਲਗਦੀ ਹੈ ਲਾਸ ਅੱਗ ਦੀ ਆਪਣੇ ਜਦੋਂ ਘਰਾਂ ਨੂੰ

ਬਰਬਾਦ ਕਰ ਕੇ ਸਾਨੂੰ, ਜੋ ਝੋਲ ਪਾਉਣ ਘੋਗੇ
ਆਓ ਨਕੇਲ ਪਾਈਏ, ਉਹਨਾਂ ਸਮੁੰਦਰਾਂ ਨੂੰ

ਤਪਦੇ ਥਲਾਂ ਚ ਏਦਾਂ, ਆਈ ਹੈ ਯਾਦ ਤੇਰੀ
ਕਮਲਾਂ ਦੇ ਖ਼ਾਬ ਆਵਣ ਜਿਉਂ ਸੁੱਕ ਗਏ ਸਰਾਂ ਨੂੰ

ਤਨਹਾਈ ਨੇ ਹੀ ਮੇਰਾ, ਆਖ਼ਰ ਨੂੰ ਹੱਥ ਫੜਿਆ
ਸਭ ਲੋਕ, ਆਪਣੇ ਆਪਣੇ ਜਾਂ ਤੁਰ ਗਏ ਘਰਾਂ ਨੂੰ

ਭੁੱਖਾਂ ਦੇ ਨਾਲ ਹੰਭੇ, ਝੱਖੜ ਦੇ ਨਾਲ ਝੰਬੇ
ਲੋਕੀ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ

ਬਾਜ਼ਾਂ ਨੇ ਅੰਤ ਉਡਣਾ, ਅੰਬਰਾਂ ਤੋਂ ਵੀ ਅਗੇਰੇ
ਪਾਏਗਾ ਡੋਰ ਕੋਈ, ਕਦ ਤੀਕ ਭਲਾ ਪਰਾਂ ਨੂੰ।

Post New Thread  Reply

« ਪੁਆਧੀ | song »
X
Quick Register
User Name:
Email:
Human Verification


UNP