'ਕੋਈ ਕਰੇ ਅਸਾਂ ਨਾਲ ਬਾਤਾਂ ਨੀ’

'MANISH'

yaara naal bahara
ਜਦੋਂ ਪ੍ਰਮਿੰਦਰਜੀਤ ਨੇ ਮੈਨੂੰ ‘ਤਨ ਤਕੀਆ’ ਬਾਰੇ ਲਿਖਣ ਲਈ ਕਿਹਾ ਤਾਂ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਸ਼ੈਲੇ ਦੇ ਲੇਖ ‘ਏ ਡੀਫੈਂਸ ਆਫ ਪੋਇਟਰੀ’ ਦਾ ਖਿਆਲ ਆਇਆ। ਸ਼ੈਲੇ ਦਾ ਉਹ ਲੇਖ ਟਾਮਸ ਲਵ ਪੀਕਾਕ ਦਾ ਲੇਖ ‘ਦਾ ਫੋਰ ਏਜਜ਼ ਆਫ ਪੋਇਟਰੀ’ ਦਾ ਮੋੜਵਾਂ ਉੱਤਰ ਸੀ।
ਪੱਛਮੀ ਯੂਰਪੀਅਨ ਕਵਿਤਾ ਦਾ ਜ਼ਿਕਰ ਕਰਦਿਆਂ ਪੀਕਾਕ ਆਪਣੇ ਲੇਖ ਵਿਚ ਸ਼ਾਇਰੀ ਦੇ ਚਾਰ ਯੁੱਗਾਂ ਦਾ ਵਰਨਣ ਕਰਦਾ ਹੈ। ਉਹ ਚਾਰ ਯੁੱਗ ਹਨ-ਲੋਹ ਯੁੱਗ, ਸੁਨਹਿਰੀ ਯੁੱਗ, ਚਾਂਦੀ ਯੁੱਗ ਤੇ ਤਾਂਬਾ ਯੁੱਗ। ਪੁਰਾਣੇ ਕਬਾਇਲੀ ਅਤੇ ਲੋਕ ਗੀਤਾਂ ਨੂੰ ਉਹ ਲੋਹ ਯੁੱਗ ਵਿਚ ਰੱਖਦਾ ਹੈ ਤੇ ਕਲਾਸੀਕਲ ਯੂਨਾਨੀ ਸ਼ਾਇਰੀ ਤੇ ਨਾਟਕ ਨੂੰ ਸੁਨਹਿਰੀ ਯੁੱਗ ਵਿਚ। ਉਹ ਕਹਿੰਦਾ ਹੈ ਕਿ ਲੋਹ ਯੁੱਗ ਨੂੰ ਢਾਡੀ ਯੁੱਗ ਜਾਂ ਲੋਕ-ਗੀਤ ਯੁੱਗ ਅਤੇ ਸੁਨਹਿਰੀ ਯੁੱਗ ਨੂੰ ਹੋਮਰ ਦਾ ਯੁੱਗ ਵੀ ਕਿਹਾ ਜਾ ਸਕਦਾ ਹੈ। ਪੀਕਾਕ ਅਨੁਸਾਰ ਸ਼ਾਇਰੀ ਦਾ ਆਰੰਭ ਕਸੀਦਾਗੋਈ ਤੋਂ ਹੁੰਦਾ ਹੈ। ਉਸ ਵੇਲੇ ਦੀ ਸ਼ਾਇਰੀ ਵਿਚ ਕੁਝ ਮਸ਼ਹੂਰ ਲੋਕਾਂ ਅਤੇ ਯੋਧਿਆਂ ਦੇ ਕਾਰਨਾਮਿਆਂ ਦਾ ਜ਼ਿਕਰ ਹੁੰਦਾ ਹੈ। ਮਨੁੱਖ ਤੇ ਕਵੀ ਅਜੇ ‘ਸਭਿਅ’ ਨਹੀਂ ਹੋਏ ਹੁੰਦੇ ਅਤੇ ਭਾਸ਼ਾ ਆਪਣੇ ਟਕਸਾਲੀ ਰੂਪ ਵਿਚ ਨਹੀਂ ਆਈ ਹੁੰਦੀ। ਕਵੀ ਦੇ ਮਨ ’ਤੇ ਪਹਾੜਾਂ, ਸਮੁੰਦਰਾਂ, ਜੰਗਲਾਂ ਅਤੇ ਦਰਿਆਵਾਂ ਦੀ ਰਹੱਸਮਈ ਤਾਕਤ ਦਾ ਪ੍ਰਭਾਵ ਹੁੰਦਾ ਹੈ, ਕਿਉਂਕਿ ਮਨੁੱਖ ਨੇ ਇਨ੍ਹਾਂ ਨੂੰ ਸਰ ਕਰਨਾ ਹੈ। ਕਵੀ ਸਮਾਜ ਵਿਚ ਪ੍ਰਚਲਿਤ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੀ ਜਕੜ ਵਿਚ ਹੁੰਦਾ ਹੈ ਤੇ ਉਸ ਦੀ ਕਵਿਤਾ ਵਿਚ ਜਿੰਨਾਂ, ਭੂਤਾਂ ਤੇ ਪਰੀਆਂ ਦੀਆਂ ਕਹਾਣੀਆਂ ਤੇ ਬਾਤਾਂ ਹੁੰਦੀਆਂ ਹਨ। ਇਸ ਤੋਂ ਬਾਅਦ ਸ਼ਾਇਰੀ ਦਾ ਸੁਨਹਿਰੀ ਯੁੱਗ ਉਦੈ ਹੁੰਦਾ ਹੈ।
ਆਪਣੀ ਕਿਤਾਬ ‘ਤਨ ਤਕੀਆ’ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਿੰਦਰਜੀਤ ਨੇ ਆਪਣੇ ਮੁਖਬੰਦ ਵਿਚ ਲਿਖਿਆ ਹੈ, ‘‘ਕਵਿਤਾ ਪਾਰਟੀ ਮੈਨੀਫੈਸਟੋ ਨਹੀਂ ਹੁੰਦੀ’’। ਅੰਮ੍ਰਿਤਸਰ ਦੇ ਜੰਮਪਲ ਅਤੇ ਲਾਹੌਰ ਦੇ ਪੜ੍ਹੇ ਮੋਹਨ ਰਾਕੇਸ਼ ਹੋਰੀਂ ਕਹਿੰਦੇ ਹੁੰਦੇ ਸਨ, ‘‘ਮੈਂ ਮਾਰਕਸਵਾਦੀ ਹਾਂ, ਪਰ ਮੈਂ ਮੈਨੀਫੈਸਟੋ ਨਹੀਂ ਲਿਖਦਾ।’’ ਮਾਰਕਸਵਾਦ ਅਤੇ ਪਾਰਟੀ ਨਾਲ ਇਹ ਮੋਹ-ਘਿਰਣਾ ਦੇ ਰਿਸ਼ਤਿਆਂ ਦੀ ਗਾਥਾ ਅਤੇ ਕਸ਼ਮਕਸ਼ ਵੀਹਵੀਂ ਸਦੀ ਦੀ ਫਿਲਾਸਫਰਾਂ, ਚਿੰਤਕਾਂ, ਲੇਖਕਾਂ ਅਤੇ ਸਿਆਸੀ ਕਾਰਕੁਨਾਂ ਵਿਚ ਆਮ ਪਾਈ ਜਾਂਦੀ ਹੈ। ਮਾਰਕਸਵਾਦ, ਕਮਿਊੂਨਿਸਟ ਪਾਰਟੀਆਂ ਦੀ ਸਮਾਜ ਵਿਚਲੀ ਭੂਮਿਕਾ ਅਤੇ ਉਨ੍ਹਾਂ ਨਾਲ ਬੁੱਧੀਜੀਵੀਆਂ ਦੀ ਜੋੜ-ਬੰਦੀ ਅਤੇ ਵਿਛੋੜਾ ਉਹ ਚੇਤਨ ਅਤੇ ਅਵਚੇਤਨ ਭੂਮੀ ਸਿਰਜਦੇ ਰਹੇ ਹਨ, ਜਿਸ ’ਤੇ ਵੀਹਵੀਂ ਸਦੀ ਦੇ ਬੌਧਿਕ ਫਸਲ ਉੱਗਦੀ ਰਹੀ ਹੈ ਅਤੇ ਹੁਣ ਵੀ ਉੱਗ ਰਹੀ ਹੈ। ਜਾਰਜ ਓਰਵੈਲ ਅਤੇ ਆਰਥਰ ਕੋਂਸਲਰ ਜਿਹੇ ਲੇਖਕਾਂ ਤੋਂ ਲੈ ਕੇ ਸਾਰਤਰ, ਸਿਮੋ ਡੀ ਬੋਊਰ, ਫੂਕੋ, ਦਰੀਦਾ ਆਦਿ ਫਿਲਾਸਫਰਾਂ ਦੇ ਸਾਹਿਤ ਅਤੇ ਦਰਸ਼ਨ ’ਤੇ ਝਾਤੀ ਮਾਰੀਏ ਤਾਂ ਇਹ ਕਸ਼ਮਕਸ਼ ਸਾਫ ਦਿਖਾਈ ਦਿੰਦੀ ਹੈ। ਸੰਨ 52-53 ਵਿਚ ਪਾਰਟੀ ਨੂੰ ਅਲਵਿਦਾ ਕਹਿਣ ਵਾਲਾ ਅਤੇ ਸਾਰੀ ਉਮਰ ਇਹ ਦੁਹਰਾਉਣ ਵਾਲਾ ‘‘ਕਿ ਮੈਂ ਕਦੇ ਵੀ ਫਰਾਇਡਵਾਦੀ ਨਹੀਂ ਸਾਂ, ਮਾਰਕਸਵਾਦੀ ਨਹੀਂ ਸਾਂ, ਸੰਰਚਨਾਵਾਦੀ ਨਹੀਂ ਸਾਂ’’ ਫੂਕੋ ਸਾਰੀ ਉਮਰ ਤਾਕਤ ਅਤੇ ਤਾਕਤ ਦੇ ਵਿਰੋਧ ਬਾਰੇ ਗੱਲਾਂ ਕਰਦਾ ਅਤੇ ਕਹਿੰਦਾ ਹੈ ‘‘ਜਿੱਥੇ ਤਾਕਤ ਹੋਏਗੀ ਓਥੇ ਵਿਰੋਧ ਹੋਏਗਾ’’। ਆਪਣੀਆਂ ਕਿਤਾਬਾਂ ਵਿਚ ਫੂਕੋ ਇਹ ਦਿਖਾਉਣ ਦਾ ਯਤਨ ਕਰਦਾ ਹੈ ਕਿ ਤਾਕਤ ਹਰ ਥਾਂ ਸਮਾਈ ਹੋਈ ਹੈ। ਇਸ ਦੇ ਸੋਮੇ ਬਹੁਤ ਵਿਸ਼ਾਲ ਹਨ ਅਤੇ ਇਸੇ ਤਰ੍ਹਾਂ ਇਸ ਦੇ ਵਿਰੁੱਧ ਵਿਦਰੋਹ ਅਤੇ ਵਿਰੋਧ ਵੀ ਹਰ ਥਾਂ ਹੁੰਦਾ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਤਾਕਤ ਦੇ ਸੋਮੇ ਅਤੇ ਉਨ੍ਹਾਂ ਦਾ ਵਿਰੋਧ ਵੀ ਮੂਲ ਮਾਰਕਸਵਾਦੀ ਮੁੱਦੇ ਹਨ। ਫੂਕੋ ਕਹਿੰਦਾ ਹੈ, ‘‘ਪਾਰਟੀ ਦੀ ਰਾਜਨੀਤੀ ਤੋਂ ਪਰ੍ਹੇ ਜਾ ਕੇ ਰਾਜਨੀਤੀ ਕਰਨਾ ਬਹੁਤ ਹੀ ਈਮਾਨਦਾਰੀ (ਜਿੰਨਾ ਕੁ ਸੰਭਵ ਹੋ ਸਕਦੀ ਹੈ) ਨਾਲ ਇਹ ਜਾਨਣ ਦਾ ਯਤਨ ਕਰਦਾ ਹੈ ਕਿ ਕੀ ਇਨਕਲਾਬ ਹੋਣਾ/ਕਰਨਾ ਮੁਮਕਿਨ ਹੈ?’’ ਪ੍ਰਮਿੰਦਰਜੀਤ ਵੀ ਪਾਰਟੀ ਤੋਂ ਪਰ੍ਹੇ ਦੀ ਰਾਜਨੀਤੀ ਦੀ ਗੱਲ ਕਰਦਾ ਹੈ। ਉਸ ਨੂੰ ‘ਚਿਪਚਿਪੀ ਕਾਮਰੇਡੀ’ ਤੋਂ ਚਿੜ ਹੈ। ਉਹ ‘ਪਾਰਟੀ ਮੈਨੀਫੈਸਟੋ’ ਜਿਹੀ ਕਵਿਤਾ ਨਹੀਂ ਲਿਖਣਾ ਚਾਹੁੰਦਾ।ਕਵਿਤਾ ‘ਰੱਖਿਆ ਕਵਚ’ ਪੜ੍ਹ ਕੇ ਮਾਰਕਸ ਦਾ ਆਪਣੇ ਯੂਨੀਵਰਸਿਟੀ ਦੇ ਦਿਨਾਂ ਦੇ ਦੋਸਤ ਆਰਨਲਡ ਰਿਊੂਜ ਨੂੰ ਲਿਖਿਆ ਖ਼ਤ ਯਾਦ ਆਉਂਦਾ ਹੈ। ਮਾਰਕਸ ਉਸ ਖ਼ਤ ਵਿਚ ਲਿਖਦਾ ਹੈ, ‘‘ਆਓ, ਇਸ ਦੁਨੀਆ ਲਈ ਨਵੇਂ ਸਿਧਾਂਤਾਂ ਦੀ ਖੋਜ ਕਰੀਏ। (ਕਿੱਥੋਂ?) ਦੁਨੀਆ ਦੇ ਆਪਣੇ ਸਿਧਾਂਤਾਂ ’ਚੋਂ। ਅਸੀਂ ਦੁਨੀਆ ਵਾਲਿਆਂ ਨੂੰ ਇਹ ਨਾ ਕਹੀਏ ਕਿ ‘ਆਪਣੇ ਨਿਰਥਕ ਜਾਂ ਬੇਤੁਕੇ ਸੰਘਰਸ਼ ਬੰਦ ਕਰ ਦਿਓ। ਅਸੀਂ ਤੁਹਾਨੂੰ ਸੰਘਰਸ਼ ਦੇ ਅਸਲੀ ਮਕਸਦ ਦੱਸਾਂਗੇ।’ ਸਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਇਹ ਵਿਖਾਈਏ ਕਿ ਉਹ ਕਾਹਦੇ ਵਾਸਤੇ ਸੰਘਰਸ਼ ਕਰਦੇ ਪਏ ਨੇ…।’’ ਇਸ ਤਰ੍ਹਾਂ ਦੀ ਲੜਾਈ ਦੀ ਨਿਸ਼ਾਨਦੇਹੀ ਕਰਦਾ ਹੋਇਆ ਪ੍ਰਮਿੰਦਰਜੀਤ ਲਿਖਦਾ ਹੈ:
ਤੇਰੀ ਤਾਂ ਲੜਾਈ ਨਿਹੱਥੀ
ਨਾ ਹੱਥ ਵਿਚ ਲਿਸ਼ਕਦੀ ਤਲਵਾਰ ਕੋਈ
ਨਾ ਅੱਖਾਂ ਵਿਚ ਰੋਹ ਜਾਗਿਆ
ਨਾ ਦੁਸ਼ਮਣ ਸਾਹਮਣੇ ਕੋਈ
ਨਾ ਕੋਈ ਅਹਿਦ-ਨਾ ਅਕੀਦਾ
ਨਾ ਤੇਰੀ ਕੋਈ ਰਣਭੂਮੀ
ਇਸ ਖ਼ਤ ਤੋਂ ਬਾਅਦ ਮਾਰਕਸ ਨੇ ਇਸ ਸੰਘਰਸ਼ ਦੇ ਨਕਸ਼ ਉਲੀਕੇ ਸਨ। ਕਮਿਊੂਨਿਸਟ ਮੈਨੀਫੈਸਟੋ ਵਿਚ ਮਾਰਕਸ ਤੇ ਏਂਜਲਜ਼ ਨੇ ਬੜੇ ਹੀ ਤਿੱਖੇ ਵਾਕ ਰਾਹੀਂ ਕਿਹਾ, ‘‘ਹੁਣ ਤਕ ਦੇ ਸਮਾਜ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ।’’
 
Top