ਬਦਲਦੀਆਂ ਰੁੱਤਾਂ (ਕਵਿਤਾ)

ਲੇਖਕ: ਹਰਪ੍ਰੀਤ ਕੌਰ ਧੰਜੂ
ਪੰਨੇ: 91 ਮੁੱਲ: 125 ਰੁਪਏ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ,
ਚੰਡੀਗੜ੍ਹ।

ਕੁਝ ਲੋਕਾਂ ਲਈ ਕਵਿਤਾ ਲਿਖਣਾ ਬੜਾ ਸੌਖਾ ਕਾਰਜ ਹੈ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਕਵਿਤਾ ਦੀ ਸਮਝ ਹੁੰਦੀ ਹੈ ਤੇ ਨਾ ਹੀ ਭਾਸ਼ਾ ਦੀ। ਇਸ ਤੋਂ ਵੀ ਵਧ ਕੇ ਭਾਸ਼ਾ ਦੇ ਗਹਿਨ ਅਰਥਾਂ ਅਤੇ ਸ਼ਬਦ ਜੜ੍ਹਤ ਪੱਖੋਂ ਅਜਿਹੇ ਕਵੀ ਕੋਰੇ ਹੁੰਦੇ ਹਨ, ਪਰ ਇਨ੍ਹਾਂ ਨੂੰ ਪੁਸਤਕ ਰੂਪ ਵਿਚ ਛਪਣ ਦੀ ਕਾਹਲ ਕਵਿਤਾ ਤੋਂ ਦੂਰ ਲੈ ਜਾਂਦੀ ਹੈ। ਇਸ ਪੱਖੋਂ ਉਪਰੋਕਤ ਪੁਸਤਕ ‘ਬਦਲਦੀਆਂ ਰੁੱਤਾਂ’ ਨੂੰ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਵਿਤਾ ਤੀਖਣ ਤੇ ਸਲੀਕਾਬੱਧ ਅਨੁਭਵ ਦੀ ਬਜਾਏ ਪੇਤਲੇ ਪ੍ਰਭਾਵਾਂ ਦੀ ਦਿਹਨਕਾਰੀ ਕਰਦੀ ਨਜ਼ਰ ਆਉਂਦੀ ਹੈ।
ਕਵਿਤਾ ਨੇ ਆਪਣਾ ਪ੍ਰਭਾਵ ਅਤੇ ਸੰਸਾਰ ਸਿਰਜਣ ਲਈ ਸਮਕਾਲ ਨੂੰ ਤੀਸਰੀ ਅੱਖ ਨਾਲ ਦੇਖਣਾ ਹੁੰਦਾ ਹੈ। ਪਰ ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਕਾਹਲ ਤੇ ਉਘੜਾ-ਦੁਗੜਾਪਣ ਨਜ਼ਰ ਆਉਂਦਾ ਹੈ। ਆਲੇ-ਦੁਆਲੇ ਬਿਖਰੇ ਅਨੇਕਾਂ ਸਰੋਕਾਰਾਂ ਦੀ ਚੋਣ ਕਰਦੀ ਕਵਿਤਰੀ ਉਨ੍ਹਾਂ ਦੇ ਮਰਮ ਤੱਕ ਪੁੱਜਣ ਵਿਚ ਅਸਫਲ ਰਹਿ ਜਾਂਦੀ ਹੈ, ਕਿਉਂਕਿ ਉਹ ਕਿਸੇ ਵਿਚਾਰਧਾਰਕ ਪੱਖ ਤੋਂ ਊਣੀ ਨਜ਼ਰ ਆਉਂਦੀ ਹੈ। ਏਸੇ ਕਰਕੇ ਬਹੁਤੀਆਂ ਕਵਿਤਾਵਾਂ ਰੂਪਕ ਪੱਖ ਅਤੇ ਵਿਸ਼ੇ ਪੱਖ ਤੋਂ ਆਪਣੀ ਅੰਦਰੂਨੀ ਸੰਚਾਲਕ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੀਆਂ।
ਉਂਜ ਕਵਿਤਰੀ ਆਪਣੇ ਆਲੇ-ਦੁਆਲੇ ਪ੍ਰਤੀ ਜਾਗਰੂਕ ਹੈ ਪਰ ਇਸ ਦੇ ਕਾਰਨਾਂ ਤੋਂ ਅਨਜਾਣ ਹੈ। ਅੱਜ ਦੀ ਕਵਿਤਾ ਸਿੱਧ ਪੱਧਰੀ ਜਾਂ ਖੱਦਰਪੋਸ਼ੀ ਨਹੀਂ ਰਹਿ ਗਈ। ਕਵਿਤਾ ਨੇ ਸੰਵੇਦਨਾ ਦੀ ਸੂਖਮਤਾ, ਸਲੀਕਾ ਅਤੇ ਤਣਾਓ ਪੈਦਾ ਕਰਕੇ ਪ੍ਰਸ਼ਨਚਿੰਨ੍ਹ ਲਾਉਣੇ ਹੁੰਦੇ ਹਨ। ਏਸੇ ਕਰਕੇ ਅੱਜ ਕਵਿਤਾ ਉਪਰਲੇ ਧਰਾਤਲ ’ਤੇ ਭਾਵੇਂ ਸਾਧਾਰਨ ਨਜ਼ਰ ਆਵੇ ਪਰ ਅਰਥਾਂ ਪੱਖੋਂ ਉਹਦੇ ਵਿਚ ਕਈ ਪ੍ਰਤੀਧੁਨੀਆਂ ਗੰੂਜਦੀਆਂ ਸੁਣਾਈ ਦੇਣੀਆਂ ਚਾਹੀਦੀਆਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਪੇਤਲੇ ਅਨੁਭਵ + ਮਨਫ਼ੀ ਅਕਵਿਤਾ + ਕਾਵਿ ਭਾਸ਼ਾ ਦੀ ਅਣਹੋਂਦ ਦਾ ਅਹਿਸਾਸ ਕਰਾਂਦੀ ਹੈ।
 
Top