ਝਲਕਾਂ-ਮਲਵਈ ਸਭਿਆਚਾਰ ਦੀਆਂ

ਲੇਖਕ: ਡਾ. ਗੁਰਦੇਵ ਸਿੰਘ
ਪੰਨੇ 127, ਮੁੱਲ 150 ਰੁਪਏ,
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ।
ਸਭਿਆਚਾਰ ਕਿਸੇ ਵੀ ਸਮਾਜ ਦਾ ਦਰਪਣ ਹੁੰਦਾ ਹੈ। ਇਸ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ। ਸਭਿਆਚਾਰ ਦੇ ਖੇਤਰ ’ਚ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ, ਭਰਮ-ਭੁਲੇਖੇ, ਖੇਡ-ਤਮਾਸ਼ੇ, ਮਨ-ਪ੍ਰਚਾਵੇ, ਧਾਰਮਿਕ ਵਿਸ਼ਵਾਸ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਡਾ. ਗੁਰਦੇਵ ਸਿੰਘ ਦੀ ਇਸ ਹੱਥਲੀ ਪੁਸਤਕ ’ਤੇ ਵਿਚਾਰ ਕਰੀਏ ਤਾਂ ਲਗਦਾ ਹੈ ਕਿ ਲੇਖਕ ਇਕ ਬੜੀ ਹੀ ਵਿਸ਼ਾਲ ਦ੍ਰਿਸ਼ਟੀਕੌਣ ਦਾ ਧਨੀ ਹੈ। ਉਸ ਕੋਲ ਗਿਆਨ ਦਾ ਭੰਡਾਰ ਹੈ। ਉਸ ਦੀ ਸੂਝ-ਬੂਝ ਉਸ ਨੂੰ ਅਥਾਹ ਗਹਿਰਾਈਆਂ ’ਚ ਲਿਜਾਂਦੀ ਹੈ ਤੇ ਉਹ ਇਕ ਗਾਈਡ ਵਾਂਗ ਮਲਵਈ ਸਭਿਆਚਾਰ ਦੀਆਂ ਵੱਖੋ-ਵੱਖ ਝਲਕੀਆਂ ਦਿਖਾਉਂਦਾ ਪ੍ਰਤੀਤ ਹੁੰਦਾ ਹੈ। ਪੁਸਤਕ ’ਚ ਕੁੱਲ 22 ਲੇਖ ਹਨ, ਜਿਨ੍ਹਾਂ ਵਿਚੋਂ ਪਹਿਲਾਂ ਹੈ ਪਰਿਚੈ, ਸਭਿਆਚਾਰ ਪਰਿਭਾਸ਼ਾ ਤੇ ਖੇਤਰ। ਇਸ ਲੇਖ ਵਿਚ ਲੇਖਕ ਨੇ ਸਭਿਆਚਾਰ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ਤੇ ਸੰਸਾਰ ਪ੍ਰਸਿੱਧ ਸੋਚਵਾਨਾਂ ਦੀ ਪੇਸ਼ਕਾਰੀ ਵੀ ਦਿੱਤੀ ਹੈ। ਜਿਨ੍ਹਾਂ ਵਿਚ ਆਂਦਰੇ ਮੈਲਰੋ, ਔਸਵਲਡ ਸਪੈਗਲਰ ਦਾ ਨਾਂ ਲਿਆ ਜਾ ਸਕਦਾ ਹੈ। ਲੇਖਕ ਅਨੁਸਾਰ ਸਭਿਆਚਾਰ ਇਕ ਸਮਾਜਕ ਵਰਤਾਰਾ ਹੈ ਜਿਸ ਦੀ ਸਿਰਜਣਾ ਵਿਚ ਮਾਨਵ ਦੀਆਂ ਪਦਾਰਥਕ ਤੇ ਅਧਿਆਤਮਕ ਕਦਰਾਂ-ਕੀਮਤਾਂ ਮੁੱਖ ਰਹਿੰਦੀਆਂ ਹਨ, ਜਿਨ੍ਹਾਂ ਨੂੰ ਇਤਿਹਾਸ ਦੇ ਚੱਕਰ ਨੇ ਸਿਰਜਣ ਵਿਚ ਮਨੁੱਖ ਦੀ ਪ੍ਰਭਾਵਸ਼ਾਲੀ ਸਹਾਇਤਾ ਕੀਤੀ ਹੁੰਦੀ ਹੈ ਤੇ ਜਿਸ ਦੇ ਸਿੱਟੇ ਵਜੋਂ ਇਹ ਸਭਿਆਚਾਰ ਆਪਣੇ ਵਰਤਮਾਨ ਰੂਪ ਨੂੰ ਪ੍ਰਾਪਤ ਹੋ ਗਿਆ ਹੁੰਦਾ ਹੈ। ਇਹ ਇਕ ਪਰਿਵਰਤਨਸ਼ੀਲ ਮਨੁੱਖੀ ਵਰਤਾਰਾ ਹੈ।
ਵੇਖਿਆ ਜਾਵੇ ਤਾਂ ਸਭਿਆਚਾਰ ਪ੍ਰਾਂਤਿਕ, ਇਲਾਕਾਈ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਵੀ ਹੋ ਸਕਦਾ ਹੈ ਤੇ ਹੁਣ ਜਦ ਸਾਡੀ ਧਰਤੀ ਇਕ ਗਲੋਬਲ ਪਿੰਡ ਬਣ ਕੇ ਰਹਿ ਗਈ ਹੈ-ਇਹ ਸਭਿਆਚਾਰ ਵਿਸ਼ਵ ਸਭਿਆਚਾਰ ਤੇ ਬ੍ਰਹਿਮੰਡੀ ਸਭਿਆਚਾਰ ਵੀ ਹੋ ਸਕਦਾ ਹੈ।
ਡਾ.ਗੁਰਦੇਵ ਸਿੰਘ ਇਕ ਮੰਝੇ ਹੋਏ ਲਿਖਾਰੀ ਹਨ। ਉਨ੍ਹਾਂ ਆਪਣਾ ਪੂਰਾ ਜੀਵਨ ਸਾਹਿਤ ਰਚਨਾ ਨੂੰ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਰਚਨਾਵਾਂ ਸਿਰਣਾਤਮਕ ਹਨ। ਉਨ੍ਹਾਂ ਨੇ ਕਈ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ ਤੇ ਆਲੋਚਨਾਤਮਕ ਵੀ ਲਿਖੀਆਂ ਹਨ। ਅਰਬੀ, ਫਾਰਸੀ ਤੇ ਉਰਦੂ ਦੇ ਗਿਆਤਾ ਹੋਣ ਦੇ ਨਾਤੇ ਉਨ੍ਹਾਂ ਸ਼ੇਖ ਸਾਅਦੀ ਦੀ ਕਿਤਾਬ ਦਾ ਪੰਜਾਬੀ ’ਚ ਅਨੁਵਾਦ ਵੀ ਕੀਤਾ ਹੈ।
ਝਲਕਾਂ ਮਲਵਈ ਸਭਿਆਚਾਰ ਦੀਆਂ ਵਿਚ ਕੁੱਲ 22 ਲੇਖ ਹਨ ਜਿਨ੍ਹਾਂ ਵਿਚ ਟੂਣੇ ਦੇ ਛਿੱਟੇ, ਪਿੰਡ ਦਾ ਜਗ, ਹਥੋਲਾ ਤੇ ਧਾਗਾ ਤਵੀਤ, ਛਾਇਆ ਜਾਂ ਹਵਾ, ਝਾੜ, ਫੂਕ, ਲੋਕਾਂ ਦੇ ਅੰਧ-ਵਿਸ਼ਵਾਸ ਬਾਰੇ ਹਨ।
ਮਾਲਵੇ ਦਾ ਪੂਰਾ ਸਭਿਆਚਾਰ, ਚਾਰ ਚੌਕੀਆਂ, ਇਸ਼ਨਾਨ ਸਭਿਆਚਾਰ ਧਰਮ, ਇਲਾਕਾਈ ਧਾਰਮਿਕ ਰਹੁ-ਰੀਤਾਂ ਤੇ ਵਿਸ਼ਵਾਸਾਂ ’ਤੇ ਰੋਸ਼ਨੀ ਪਾਉਂਦੇ ਹਨ।
ਇਸੇ ਤਰ੍ਹਾਂ ਸਭਿਆਚਾਰ ਤੇ ਸਭਿਆਚਾਰਕ ਸਾਂਝ, ਮਾਲਵੇ ਦੇ ਸਭਿਆਚਾਰਕ ਪਰਿਵਰਤਨ ਦੀਆਂ ਝਲਕਾਂ, ਪਰਵਾਸੀ ਮਲਵਈ ਤੇ ਸਭਿਆਚਾਰਕ ਟਕਰਾਓ ਸਿੱਧੇ ਤੌਰ ’ਤੇ ਇਸ ਵਿਸ਼ੇਸ਼ ਸਭਿਆਚਾਰ ਬਾਰੇ ਜਾਣਕਾਰੀ ਦੇਂਦੇ ਹਨ।
ਮਾਲਵੇ ਦੇ ਖੇਡ ਤਮਾਸ਼ੇ, ਮਲਵਈਆ ਦੇ ਮਨ ਪਰਚਾਵੇ, ‘ਸੁੱਤੀ ਜੋਰੋ ਜਗਾ ਲੋ ਵੇ’ ਇਹ ਲੇਖ ਮਲਵਈ ਮਨੋਰੰਜਨ ਸਾਧਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਨ।
ਡਾ.ਗੁਰਦੇਵ ਸਿੰਘ ਹੁਰਾਂ ਨੇ ਆਪਣੇ ਇਨ੍ਹਾਂ ਛੋਟੇ-ਛੋਟੇ ਲੇਖਾਂ ’ਚ ਕੁੱਜੇ ’ਚ ਸਮੁੰਦਰ ਬੰਦ ਕੀਤਾ ਹੋਇਆ ਹੈ। ਥਾਂ-ਥਾਂ ’ਤੇ ਸਬੰਧਤ ਵਿਸ਼ਿਆ ਨਾਲ ਮੇਲ ਖਾਂਦੀਆਂ ਗੁਰਬਾਣੀਆਂ ਦੀਆਂ ਪੰਕਤੀਆਂ ਵਰਤ ਕੇ ਇਨ੍ਹਾਂ ਲੇਖਕਾਂ ਦੀ ਮਹੱਤਤਾ ਨੂੰ ਹੋਰ ਵੀ ਸ਼ਿੰਗਾਰਿਆ ਹੈ। ਲੋੜ ਅਨੁਸਾਰ ਲੋਕ ਗੀਤਾਂ ਦੀ ਚੋਣਵੀ ਤੇ ਲੁਕਵੀਂ ਵਰਤੋਂ ਕਰ ਕੇ ਮਲਵਈ ਸਭਿਆਚਾਰ ਦੇ ਅਮੀਰ ਵਿਰਸੇ ਦੀ ਅਮੀਰੀ ਨਾਲ ਪਛਾਣ ਕਰਾਈ ਹੈ।
 
Top