ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ

ਪਾਇਰੇਸੀ

ਪੰਜਾਬੀ ਗੀਤ-ਸੰਗੀਤ ਨੂੰ ਦੁਨੀਆ ਭਰ ਵਿਚ ਫੈਲਾਉਣ ਵਾਲੀਆਂ, ਪੰਜਾਬ ਦੀਆਂ ਸੰਗੀਤ ਕੰਪਨੀਆਂ ਹੁਣ ‘ਪਾਇਰੇਸੀ ਲੱਕਵਾਗ੍ਰਸਤ’ ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ-ਖੁਚੇ ਆਖ਼ਰੀ ਸਾਹ ਗਿਣ ਰਹੀਆਂ ਹਨ। ਇਨ੍ਹਾਂ ਦੀ ਇਹ ਦੁਰਗਤ ਨਕਲੀ ਸੀ.ਡੀ., ਵੀ.ਸੀ.ਡੀ., ਡੀ.ਵੀ.ਡੀ. ਬਣਾਉਣ ਵਾਲਿਆਂ ਅਤੇ ਇੰਟਰਨੈੱਟ ’ਤੇ ਅਣਗਿਣਤ ਪੰਜਾਬੀ ਵੈੱਬਸਾਈਟਾਂ ਨੇ ਕੀਤੀ ਹੈ।
ਇਕ ਸਮਾਂ ਸੀ ਜਦੋਂ ਇਨ੍ਹਾਂ ਕੰਪਨੀਆਂ ਨੇ ਪੰਜਾਬ ਦੇ ਕਲਾਕਾਰਾਂ ਨੂੰ ਦਿੱਲੀ, ਮੁੰਬਈ ਦੀਆਂ ਮਿਊਜ਼ਕ ਕੰਪਨੀਆਂ ਦੇ ‘ਮਾਇਆ ਜਾਲ’ ਵਿੱਚੋਂ ਛੁਡਵਾ ਕੇ ਉਨ੍ਹਾਂ ਦੇ ਆਪਣੇ ਹੀ ਘਰ ਵਿਚ ਯਾਨੀ ਪੰਜਾਬ ਵਿਚ ਕਲਾਕਾਰਾਂ ਦੀ ਕਲਾ ਨੂੰ ਜੱਗ-ਜ਼ਾਹਰ ਕਰਨ ਵਾਲੇ ਚੰਗੇ-ਚੰਗੇ ਪਲੇਟਫਾਰਮ ਬਣਾ ਦਿੱਤੇ ਸਨ। ਦਿੱਲੀ ਦੇ ‘ਦਰੀਆ ਗੰਜ’ ਦੀਆਂ ਸੜਕਾਂ ’ਤੇ ਰੁਲਦੀਆਂ ਪੰਜਾਬੀ ਸੁਰੀਲੀਆਂ ਆਵਾਜ਼ਾਂ ਨੂੰ ਇੱਜ਼ਤ-ਮਾਣ ਬਖ਼ਸ਼ ਕੇ ਇਕ ਰੁਤਬਾ ਪ੍ਰਦਾਨ ਕਰਵਾਇਆ ਸੀ। ਓਸ ਵੇਲੇ ਬਾਹਰਲੀਆਂ ਸੰਗੀਤ ਕੰਪਨੀਆਂ ਰਿਕਾਰਡ ਜਾਂ ਕੈਸੇਟ ਦੇ ਰੈਪਰ ’ਤੇ ਗਾਇਕ ਦੀ ਫੋਟੋ ਤਕ ਲਗਾਉਣ ਨੂੰ ਵੀ ਬੋਝ ਸਮਝਦੀਆਂ ਸਨ ਅਤੇ ਗਾਉਣ ਵਾਲੇ ਦਾ ਨਾਂ ਵੀ ਟੁੱਟੀ-ਫੁੱਟੀ ਪੰਜਾਬੀ ਵਿਚ ਲਿਖਿਆ ਹੁੰਦਾ ਸੀ। ਪੰਜਾਬ ਵਾਲੀਆਂ ਸੰਗੀਤ ਕੰਪਨੀਆਂ ਨੇ ਆਪਣੇ ਮਹਿਬੂਬ ਕਲਾਕਾਰਾਂ ਦੀਆਂ ਐਲਬਮਾਂ ਰੰਗਦਾਰ ਫੋਟੋਆਂ ਲਗਾ-ਲਗਾ ਅਤੇ ਵੱਡੇ-ਵੱਡੇ ਪੋਸਟਰ ਵਗੈਰਾ ਛਪਵਾ ਕੇ ਪੂਰੀ ਤਿਆਰੀ ਨਾਲ ਸ਼ਿੰਗਾਰ-ਸ਼ਿੰਗਾਰ ਕੇ ਰਿਲੀਜ਼ ਕਰਨੀਆਂ ਸ਼ੁਰੂ ਕਰ ਕੀਤੀਆਂ। ਪੋਸਟਰਾਂ, ਹੋਰਡਿੰਗ ਬੋਰਡਾਂ ਤੋਂ ਗੱਲ ਗਾਣਿਆਂ ਦੇ ਵੀਡੀਓ ਬਣਨ ਤਕ ਅੱਪੜ ਗਈ ਅਤੇ ਪੰਜਾਬੀ ਗਾਇਕ ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣਨ ਲੱਗੇ। ਪੰਜਾਬੀ ਗਾਇਕ, ਗਾਇਕਾਵਾਂ ਨੂੰ ਬੇਮਿਸਾਲ ਸ਼ੋਹਰਤ ਮਿਲਣ ਲੱਗੀ ਅਤੇ ਉਨ੍ਹਾਂ ਦੇ ਸਰੋਤਿਆਂ ਨੇ ਉਨ੍ਹਾਂ ਨੂੰ ਹੱਥਾਂ ’ਤੇ ਚੁੱਕ ਲਿਆ। ਦਿੱਲੀ ਜਾ ਕੇ ਮੁਫ਼ਤ ਵਿਚ ਜਾਂ ਤੁੱਛ ਛਿੱਲੜਾਂ ਵਾਸਤੇ ਗਾਇਕਾਂ ਨੂੰ ਉਨ੍ਹਾਂ ਦੀ ਕਲਾ ਦਾ ਚੰਗਾ ਮਿਹਨਤਾਨਾ ਮਿਲਣ ਲੱਗਾ। ਇਹ ਮਿਹਨਤਾਨਾ ਵੀ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਜਲਦੀ ਦੀ ਲੱਖਾਂ ਵਿਚ ਬਦਲ ਗਿਆ। ਗਾਇਕ ਕਲਾਕਾਰਾਂ ਦੇ ਵਿਹੜਿਆਂ ਵਿਚ ਵੀ ਵੈਸਪਾ ਸਕੂਟਰ ਦੀ ਥਾਂ ’ਤੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਆਣ ਖਲੋਤੀਆਂ। ਨੱਬੇ ਦੇ ਦਹਾਕੇ ਵਿਚ ਇਸ ਪਾਸੇ ਖੂਬ ਤਰੱਕੀ ਹੋਈ।
ਵਪਾਰ ਦੇ ਮੌਕੇ ਦਾ ਫਾਇਦਾ ਚੁੱਕਣ ਵਾਸਤੇ ਧੜਾ-ਧੜ ਮਿਊਜ਼ਿਕ ਕੰਪਨੀਆਂ ਅਤੇ ਮਿਊਜ਼ਿਕ ਚੈਨਲ ਖੁੱਲ੍ਹ ਗਏ। ਮਿਊਜ਼ਿਕ ਚੈਨਲਾਂ ਵਾਲੇ ਪੰਜਾਬੀਆਂ ਤੋਂ ਲੱਖਾਂ, ਕਰੋੜਾਂ ਰੁਪਏ ਬਟੋਰ ਕੇ ਅਤੇ ਬਦਲੇ ਵਿਚ ਲੱਚਰਤਾ ਅਸ਼ਲੀਲਵਾਦ ਘਰਾਂ ਵਿਚ ਚੱਲਦੇ ਟੈਲੀਵਿਜ਼ਨਾਂ ਉਪਰ ਪਰੋਸਦੇ ਰਹੇ। ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਸੰਗੀਤ ਕੰਪਨੀਆਂ ਵਿਚ ਕਲਕਾਰਾਂ ਨੂੰ ਰਿਕਾਰਡ ਕਰਨ ਵਾਸਤੇ ਰੱਸਾਕਸ਼ੀ ਵੀ ਚੱਲਦੀ ਰਹੀ ਜਿਸ ਦਾ ਸਿੱਧਾ ਫਾਇਦਾ ਕਲਾਕਾਰਾਂ ਨੂੰ ਪੁੱਜਦਾ ਗਿਆ। ਪੰਜਾਬ ਵਿਚ ਸੰਗੀਤ ਕੰਪਨੀਆਂ ਨਵੇਂ-ਨਵੇਂ ਕਲਾਕਾਰ ਲੋਕਾਂ ਦੇ ਸਨਮੁੱਖ ਪੇਸ਼ ਕਰਦੀਆਂ ਗਈਆਂ ਅਤੇ ਪੰਜਾਬੋਂ ਬਾਹਰ ਵਾਲੇ ਪੈਸੇ ਦੇ ਜ਼ੋਰ ਨਾਲ ਪੱਕੀ-ਪਕਾਈ ਖੀਰ ਖਾਂਦੇ ਰਹੇ। ਬੇਸ਼ੱਕ ਇਹ ਲੁਕਣ-ਮੀਚੀ ਵਾਲੀ ਖੇਡ ਜਿਹੀ ਕਈ ਵਰ੍ਹੇ ਚੱਲੀ ਪ੍ਰੰਤੂ ਫਿਰ ਵੀ ਸਭ ਦੇ ਘਰ ਦਾ ਚੁੱਲ੍ਹਾ ਕੈਸੇਟਾਂ ਵੇਚ-ਵੇਚ ਵਧੀਆ ਬਲਦਾ ਰਿਹਾ।
ਉਨ੍ਹਾਂ ਵੇਲਿਆਂ ਵਿਚ ਭਾਵੇਂ ਕੈਸੇਟਾਂ ਦੀ ਪਾਇਰੇਸੀ ਵੀ ਹੋਇਆ ਕਰਦੀ ਸੀ ਪ੍ਰੰਤੂ ਵੱਡੀ ਮਾਰ ਸੀ.ਡੀ. ਦੇ ਆਉਣ ਨਾਲ ਪੈਣ ਲੱਗੀ। ਪਾਇਰੇਸੀ ਨੇ ਕੰਪਨੀਆਂ ਦੇ ਮੁਨਾਫ਼ੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਦਾ ਨੁਕਸਾਨ ਕਲਾਕਾਰ ਅਤੇ ਕੰਪਨੀ ਦੋਹਾਂ ਨੂੰ ਉਠਾਉਣਾ ਪਿਆ। ਕਲਾਕਾਰਾਂ ਦੇ ਆਸਮਾਨ ਨੂੰ ਛੋਂਹਦੇ ਮਿਹਨਤਾਨੇ ਮੁੜ ਭੋਇੰ ਨਾਲ ਆਣ ਲੱਗੇ ਅਤੇ ਪੰਜਾਬ ਦੀਆਂ ਸੌ ਤੋਂ ਵੀ ਵੱਧ ਸੰਗੀਤ ਕੰਪਨੀਆਂ ਇਕ-ਇਕ ਕਰਕੇ, ਪਾਇਰੇਸੀ ਦੀ ਮਾਰ ਨਾ ਝੱਲਦਿਆਂ ਬੰਦ ਹੋਣ ਲੱਗੀਆਂ।
ਅੱਜ ਪੰਜਾਬ ਦੇ ਕਲਾਕਾਰ ਆਪਣੀਆਂ ਐਲਬਮਾਂ ਨੂੰ ਰਿਲੀਜ਼ ਕਰਵਾਉਣ ਵਾਸਤੇ ਮੁੜ ਤੋਂ ਦਿੱਲੀ ਜਾਂ ਮੁੰਬਈ ਦੀਆਂ ਸੰਗੀਤ ਕੰਪਨੀਆਂ ਦੇ ‘ਵੇਟਿੰਗ ਹਾਲ’ ਵਿਚ ਜਾ ਬੈਠਣ ਅਤੇ ਆਪਣੀ ਸ਼ੋਹਰਤ ਨੂੰ ਬਰਕਰਾਰ ਰੱਖਣ ਵਾਸਤੇ ਨਾਂ ਅਤੇ ਨਾਮਾਂ ਦੋਨੋਂ ਲੁਟਾਉਣ ਵਾਸਤੇ ਮਜਬੂਰ ਹਨ।
ਪੰਜਾਬੀ ਸਰੋਤਾ ਅੱਜ ਵੀ ਸੰਗੀਤ ਸੁਣਦਾ ਹੈ ਲੇਕਿਨ ਉਸ ਨੂੰ ਮੁਫਤ ਜਾਂ ਬਹੁਤ ਘੱਟ ਪੈਸੇ ਖਰਚ ਕੇ ਭੁੱਸ ਪੂਰਾ ਕਰਨ ਦੇ ਰਸਤੇ ਲੱਭ ਗਏ ਹਨ। ਡੇਢ ਸੌ ਦੇ ਕਰੀਬ ਗਾਣਿਆਂ ਦੀ ‘ਪਾਇਰੇਟਡ ਐਮ.ਪੀ. ਥਰੀ’ ਉਸ ਨੂੰ ਪੰਦਰਾਂ ਰੁਪਏ ਵਿਚ ਮਿਲ ਜਾਂਦੀ ਹੈ, ਜਿਸ ਦੇ ਇਕ ਗਾਣੇ ਦੀ ਅੰਦਾਜ਼ਨ ਕੀਮਤ ਮੁਸ਼ਕਲ ਨਾਲ ਦਸ ਪੈਸੇ ਬੈਠਦੀ ਹੈ। ਦੂਜੇ ਪਾਸੇ ਕੰਪਨੀਆਂ ਅੱਠ ਜਾਂ ਦਸ ਗਾਣਿਆਂ ਦੀ ਸੀ.ਡੀ. ਪੰਜਾਹ ਤੋਂ ਪਝੰਤਰ ਰੁਪਏ ਵਿਚ ਵੇਚਣ ਵਾਸਤੇ ਮਜਬੂਰ ਹਨ ਕਿਉਂਕਿ ਉਨ੍ਹਾਂ ਨੇ ਰਿਕਾਰਡਿੰਗ, ਵੀਡੀਓ ਅਤੇ ਚੈਨਲ ਪਬਲੀਸਿਟੀ ਦੇ ਖਰਚੇ ਵੀ ਕੀਤੇ ਹੁੰਦੇ ਹਨ। ਕੰਪਨੀ ਦਾ ਇਕ ਗਾਣਾ ਸੁਣਨ ਵਾਲੇ ਨੂੰ ਲਗਪਗ ਅੱਠ-ਦਸ ਰੁਪਏ ਵਿਚ ਪੈਂਦਾ ਹੈ। ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਏਨਾ ਵੱਡਾ ਆਰਥਿਕ ਫਰਕ ਹਰੇਕ ਬੰਦੇ ਨੂੰ ਡੁਪਲੀਕੇਟ ਸੀ.ਡੀ. ਖਰੀਦਣ ਵਾਸਤੇ ਮਜਬੂਰ ਕਰ ਦਿੰਦਾ ਹੈ। ਕੁਝ ਪੜ੍ਹੇ-ਲਿਖੇ ਲੋਕ ਇਹ ਦਸ-ਵੀਹ ਪੈਸੇ ਪ੍ਰਤੀ ਗਾਣਾ ਵੀ ਖਰਚਣ ਦੀ ਲੋੜ ਨਹੀਂ ਸਮਝਦੇ। ਉਨ੍ਹਾਂ ਨੂੰ ਇੰਟਰਨੈੱਟ ’ਤੇ ਪੀ.ਜ਼ੈੱਡ ਟੈੱਨ (PZ੧੦) ਜਾਂ ਯੂ ਟਿਊਬ (You “ube) ਵਰਗੀਆਂ ਅਣਗਿਣਤ ਵੈੱਬਸਾਈਟਾਂ ਮੁਫ਼ਤ ਗਾਣੇ ਸੁਣਾਉਣ ਵਾਸਤੇ ਹਾਜ਼ਰ ਹਨ। ਰੱਬ ਜਾਣੇ ਇਨ੍ਹਾਂ ਵੈੱਬਸਾਈਟਾਂ ਚਲਾਉਣ ਵਾਲਿਆਂ ਨੂੰ ਕਲਾਕਾਰਾਂ ਅਤੇ ਕੰਪਨੀਆਂ ਦੇ ਪੇਟ ਵਿਚ ਲੱਤ ਮਾਰ ਕੇ ਕੀ ਮਿਲਦਾ ਹੈ, ਜਿਹੜਾ ਇਹ ਐਲਬਮ ਰਿਲੀਜ਼ ਹੋਣ ਤੋਂ ਦੋ ਕੁ ਘੰਟਿਆਂ ਦੇ ਅੰਦਰ-ਅੰਦਰ ਹੀ ਪੂਰੀ ਦੁਨੀਆ ਦੇ ਸਰੋਤਿਆਂ/ਦਰਸ਼ਕਾਂ ਵਾਸਤੇ ‘ਮੁਫ਼ਤ ਸੰਗੀਤ ਭੰਡਾਰ’ ਖੋਲ੍ਹ ਦਿੰਦੇ ਹਨ।
ਹੁਣ ਇਸ ਵੱਖ-ਵੱਖ ਤਰ੍ਹਾਂ ਦੀ ਹੋ ਰਹੀ ਪਾਇਰੇਸੀ ਦੇ ਘਾਤਕ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ। ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਕੰਪਨੀਆਂ ਨੇ ਪੰਜਾਬੀ ਕਲਾਕਾਰਾਂ ਦੀਆਂ ਐਲਬਮਾਂ ਰਿਕਾਰਡ ਜਾਂ ਰਿਲੀਜ਼ ਕਰਨੀਆਂ ਤਕਰੀਬਨ ਬੰਦ ਕਰ ਦਿੱਤੀਆਂ ਹਨ। ਜੇ ਇਕ ਅੱਧੀ ਐਲਬਮ ਨਜ਼ਰ ਆਉਂਦੀ ਵੀ ਹੈ ਤਾਂ ਉਹ ਸਿਰਫ਼ ਕਲਾਕਾਰ ਦੇ ਆਪਣੇ ਪੱਲਿਓਂ ਲੱਗੇ ਪੈਸੇ ਦਾ ਨਤੀਜਾ ਹੈ। ਮਿਊਜ਼ਿਕ ਸ਼ਾਪਾਂ ਵਾਲਿਆਂ ਨੇ ਮੰਦੇ ਦੀ ਮਾਰ ਨਾ ਸਹਾਰਦੇ ਹੋਏ ਮਜਬੂਰਨ ਆਪਣੇ ਧੰਦੇ ਬਦਲ ਲਏ ਹਨ।
ਕੀ ਸਾਡੇ ਵਧੀਆ-ਵਧੀਆ ਕਲਾਕਾਰ ਗਾਉਣਾ ਛੱਡ ਬੈਠੇ ਹਨ?
ਨਹੀਂ! ਵਧੀਆ ਕਲਾਕਾਰ ਅੱਜ ਵੀ ਗਾਉਣਾ ਲੋਚਦੇ ਹਨ ਪ੍ਰੰਤੂ ਪਾਇਰੇਸੀ ਦੀ ਮਾਰ ਨਾਲ ‘ਲੱਕਵਾਗ੍ਰਸਤ ਸੰਗੀਤ ਕੰਪਨੀਆਂ’ ਆਪਣਾ ਘਰ ਫੂਕ-ਫੂਕ ਹੋਰ ਤਮਾਸ਼ਾ ਵੇਖਣ ਤੋਂ ਅਸਮਰੱਥ ਹੋ ਚੁੱਕੀਆਂ ਹਨ ਜਾਂ ਆਪਣੇ ਘਰ ਫੂਕ ਬੈਠੀਆਂ ਹਨ।
ਕੰਪਨੀਆਂ ਦੀ ਇਸ ਕਮਜ਼ੋਰੀ ਦਾ ਫਾਇਦਾ ਹੁਣ ਮਹਿੰਗੀਆਂ ਜ਼ਮੀਨਾਂ ਵੇਚ ਕੇ ਸ਼ੌਕ ਪੂਰਨ ਵਾਲੇ ਜਾਂ ਐਨ.ਆਰ.ਆਈ. ਮੋਟੇ ਪੈਸੇ ਵਾਲੇ ‘ਬੇਸੁਰੇ, ਬੇਤਾਲੇ, ਬੇਢੰਗੇ ਜਿਹੇ ਕਲਾਕਾਰ ਖੂਬ ਚੁੱਕ ਰਹੇ ਹਨ, ਜਿਸ ਨਾਲ ਸਾਡੇ ਅਮੀਰ ਸਭਿਆਚਾਰ ਦਾ ਅਕਸ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਗੀਤਕਾਰੀ ਵਿਚ ਆਇਆ ਨਿਘਾਰ ਸਾਡੀ ‘ਮਾਂ ਬੋਲੀ ਪੰਜਾਬੀ’ ਨਾਲ ਸ਼ਰ੍ਹੇਆਮ ਧੱਕਾ ਕਰਦਾ ਨਜ਼ਰ ਆਉਂਦਾ ਹੈ। ਜੇ ਸਾਲ ਦੋ ਸਾਲ ਹੋਰ ਇਹੋ ਹਾਲ ਹੀਲਾ ਰਿਹਾ ਤਾਂ ਪੰਜਾਬੀ ਗੀਤਾਂ ਅਤੇ ਭੋਜਪੁਰੀ ਗੀਤਾਂ ਵਿਚ ਬਹੁਤਾ ਫਰਕ ਨਹੀਂ ਰਹਿ ਜਾਵੇਗਾ। ਪੰਜਾਬੀਆਂ ਨੂੰ ਇਸ ਦੇ ਘਾਤਕ ਸਿੱਟੇ ਭੁਗਤਣੇ ਪੈਣਗੇ। ਪੰਜਾਬੀ ਚੈਨਲਾਂ ਨੂੰ ਵੇਖਣ ਜਾਂ ਪੰਜਾਬੀ ਗੀਤਾਂ ਦੀਆਂ ਸੀ.ਡੀ. ਵਗੈਰਾ ਨੂੰ ਬੱਚਿਆਂ ਅਤੇ ਧੀਆਂ-ਭੈਣਾਂ ਦੀ ਪਹੁੰਚ ਤੋਂ ਦੂਰ ਰੱਖਣਾ ਪਿਆ ਕਰੇਗਾ। ਹੁਣ ਸੱਚਮੁੱਚ ਹੀ ਪੰਜਾਬੀ ਗੀਤਾਂ ਅਤੇ ਪੰਜਾਬੀ ਵੀਡੀਓਜ਼ ’ਤੇ ਤੁਰੰਤ ਸੈਂਸਰ ਲੱਗਣ ਵਰਗੀ ਲੋੜ ਮਹਿਸੂਸ ਹੋਣ ਲੱਗੀ ਹੈ।
‘ਪਾਇਰੇਸੀ ਲੱਕਵਾਗ੍ਰਸਤ’ ਪੰਜਾਬੀ ਗੀਤ-ਸੰਗੀਤ ਦੀ ਰਹਿਨੁਮਾਈ ਕਰਦੀਆਂ ਸੰਗੀਤਕ ਕੰਪਨੀਆਂ ਅਤੇ ਪੰਜਾਬੀ ਗੀਤ-ਸੰਗੀਤ ਦੀ ਹੋ ਰਹੀ ਦੁਰਗਤ ਨੂੰ ਹਾਲੇ ਵੀ ਬਚਾਇਆ ਜਾ ਸਕਦਾ ਹੈ, ਬਸ਼ਰਤੇ ਪੰਜਾਬੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲੀਆਂ ਸਭ ਧਿਰਾਂ ਅਤੇ ਪੰਜਾਬ ਸਰਕਾਰ ਸੁਹਿਰਦਤਾ ਨਾਲ ਕੋਈ ਠੋਸ ਉਪਰਾਲੇ ਕਰਨ ਨੂੰ ਪਹਿਲ ਦੇਣ।
 
Stop producing garbage music, find ways for people to preview everything before buying and integrate on different platforms and piracy will minimize.

A shining example is itunes.(as much as i hate apple)
 
yaar pehla amli kinne hunde c dode pinde c afeem kahnde c
shareaam kirayane di dukaan to milde c hun ni milde kyunki shakhti aa.
ithe parliament de bahar pirated cd leke bethe hundde aa.
je police chahve taan lok ganne sunne chhad den
music company markets ch vekhan te complaint karan,price ghat kake cds vechan,cassete de cover te fazool kharche na karan taan har koi original cassestes hi layuga.ik singer apni tape layi lakha karach karda te ik mp3 ch ohde ganne da mull paise ch vi ni penda
 
Top