ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ

'MANISH'

yaara naal bahara
ਸੰਪਾਦਕ: ਜਸਪਾਲ ਜੱਸੀ
ਸਫੇ: 80; ਮੁੱਲ 35 ਰੁਪਏ
ਪ੍ਰਕਾਸ਼ਨ: ਸਲਾਮ ਪ੍ਰਕਾਸ਼ਨ

ਸੰਤੋਖ ਸਿੰਘ ਧੀਰ ਪੰਜਾਬੀ ਦੇ ਮਹਾਨ ਸਾਹਿਤਕਾਰ ਸਨ ਅਤੇ ਉਨ੍ਹਾਂ ਬਾਰੇ ਰਸਮੀ ਜਾਣਕਾਰੀ ਦੇਣਾ ਏਥੇ ਵਾਜਬ ਨਹੀਂ ਲਗਦਾ। ਉਹ ਸਰੀਰਕ ਪੱਖੋਂ ਸਾਡੇ ਤੋਂ ਵਿਛੜ ਗਏ ਹਨ ਪ੍ਰੰਤੂ ਸਾਹਿਤਕ ਹਲਕਿਆਂ ਵਿਚ ਉਨ੍ਹਾਂ ਦਾ ਜ਼ਿਕਰ ਚਿਰ ਸਦੀਵੀ ਰਹੇਗਾ।
ਹਥਲੀ ਪੁਸਤਕ ਇਕ ਸੰਪੂਰਨ ਪੁਸਤਕ ਦੀ ਦਿੱਖ ਤਾਂ ਪੇਸ਼ ਨਹੀਂ ਕਰਦੀ ਪ੍ਰੰਤੂ ਸਲਾਮ ਪ੍ਰਕਾਸ਼ਨ ਵੱਲੋਂ ਧੀਰ ਦੀਆਂ ਕਵਿਤਾਵਾਂ ਦੇ ਛਾਪੇ ਜਾ ਰਹੇ ਵੱਡ-ਅਕਾਰੀ ਗ੍ਰੰਥ ਦਾ ਇਕ ਹਿੱਸਾ ਹੈ। ਉਂਜ ਧੀਰ ਦੀਆਂ ਕਿਰਤਾਂ ਨੂੰ ਸਾਂਭ ਕੇ ਪਾਠਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਬਹੁਤ ਸਲਾਹੁਣਯੋਗ ਹੈ। ਸੰਪਾਦਕ ਨੇ ਜਿਹੜੀਆਂ ਕਵਿਤਾਵਾਂ ਦੀ ਚੋਣ ਕੀਤੀ ਸੀ, ਉਨ੍ਹਾਂ ’ਚੋਂ ਇਹ ਪੁਸਤਕ ਇਕ ਭਾਗ ਹੀ ਪੇਸ਼ ਕਰਦੀਆਂ ਹਨ। ਛਾਪੀਆਂ ਗਈਆਂ ਕਵਿਤਾਵਾਂ ਨੂੰ ਵੱਖ-ਵੱਖ ਹੈਡਿੰਗਾਂ ਅਧੀਨ ਛਾਪਿਆ ਗਿਆ ਹੈ ਜਿਵੇਂ ‘ਦ੍ਰਿਸ਼ਟੀ’, ‘ਜਾਗਦੇ ਰਹਿਣਾ’, ‘ਹੱਲਾ ਬੋਲ’, ‘ਸਦਾ ਨਾ ਰਹਿਣੀ ਰਾਤ’ ਅਤੇ ‘ਅਸੀਂ ਆਵਾਂਗੇ’ ਆਦਿ।
ਵੱਖ-ਵੱਖ ਸਿਰਲੇਖਾਂ ਅਧੀਨ ਜੋ ਕਵਿਤਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿਚੋਂ ਸੁੱਤੇ ਸਿੱਧ ਹੀ ਪੈਰਵੀ ਕਰਦੇ ਵਿਸ਼ੇ ਦ੍ਰਿਸ਼ਟੀ-ਗੋਚਰ ਹੁੰਦੇ ਹਨ। ਜਿਵੇਂ ‘ਦ੍ਰਿਸ਼ਟੀ’ ਸਿਰਲੇਖ ਅਧੀਨ ਧੀਰ ਵਿਲੱਖਣ ਨਜ਼ਰੀਏ ਦੇ ਦਰਸ਼ਨ ਹੁੰਦੇ ਹਨ। ਇਸ ਭਾਗ ਵਿਚ ‘ਕਵਿਤਾ’, ‘ਉੱਤਰ ਆਧੁਨਿਕਤਾ’, ‘ਨਵੀਂ ਕਵਿਤਾ’ ਅਤੇ ‘ਕਲਾ ਦਾ ਸੁਨੇਹਾ’ ਕਵਿਤਾਵਾਂ ਸ਼ਾਮਲ ਹਨ ਜੋ ਧੀਰ ਦਾ ਅਗਾਂਹਵਧੂ ਨਜ਼ਰੀਆ ਸਪਸ਼ਟਤਾ ਨਾਲ ਉਘਾੜਦੀਆਂ ਹਨ। ‘ਸਦਾ ਨਾ ਰਹਿਣੀ ਰਾਤ’, ਹੈਡਿੰਗ ਤਹਿਤ ‘ਰਾਜਿਆ ਰਾਜ ਕਰੇਂਦਿਆ’, ‘ਮਈ ਦਿਨ’, ‘ਉੱਠ ਰਿਹੈ ਮਿਲ ਕੇ ਕਦਮ ਇਨਸਾਨ ਦਾ’, ‘ਉਠੋ ਕਾਮਰੇਡ’ ਵਰਗੀਆਂ ਆਸ ਮੁਖੀ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਪੁਸਤਕ ਦੇ ਟਾਈਟਲ ਉਤੇ ਸੰਤੋਖ ਸਿੰਘ ਧੀਰ ਦੀ ਉਹ ਤਸਵੀਰ ਹੈ ਜਿਸ ਵਿਚ ਉਨ੍ਹਾਂ ਦੀ ਨਜ਼ਰ ਸੰਘਰਸ਼ਾਂ ਦੇ ਗਗਨਾਂ ਵੱਲ ਸੇਧਤ ਹੈ। ਬੈਕ ਟਾਈਟਲ ਉਤੇ ਉਨ੍ਹਾਂ ਦੀ ਕਾਵਿ ਉਚਾਰਨ ਕਰਦਿਆਂ ਦੀ ਤਸਵੀਰ ਹੈ। ਪਹਿਲੇ ਪੰਨਿਆਂ ਵਿਚ ਸਲਾਮ ਪ੍ਰਕਾਸ਼ਨ ਦਾ ਸੂਹੀ ਸੋਚ ਦਾ ਅਹਿਦ, ਭਾ ਗੁਰਸ਼ਰਨ ਸਿੰਘ ਸਨਮਾਨ ਸਮਾਰੋਹ ’ਚ ਸੰਤੋਖ ਸਿੰਘ ਧੀਰ ਦੀ ਯਾਦਗਾਰੀ ਤਕਰੀਰ ਅਤੇ ਧੀਰ ਵੱਲੋਂ ਆਪਣੇ ਕਾਵਿ ਸੰਗ੍ਰਹਿ ‘ਪਤਝੜੇ ਪੁਰਾਣੇ’ ਦੇ ਆਰੰਭ ਵਿਚ ਲਿਖੀ ਬੇਸ਼ਕੀਮਤੀ ਭੂਮਿਕਾ ਸ਼ਾਮਲ ਕੀਤੀ ਗਈ ਹੈ। ਦਰਸ਼ਨ ਗਿੱਲ ਢੁੱਡੀਕੇ ਵੱਲੋਂ ਸੰਤੋਖ ਸਿੰਘ ਧੀਰ ਨੂੰ ਸਮਰਪਿਤ ਕਵਿਤਾ ਵੀ ਧੀਰ ਨੂੰ ਸੂਹਾ ਸਲਾਮ ਪੇਸ਼ ਕਰਦੀ ਹੈ।
ਕੁੱਲ ਮਿਲਾ ਕੇ ਜਸਪਾਲ ਜੱਸੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੇਹੱਦ ਸਲਾਹੁਣਯੋਗ ਹੈ। ਸੰਪਾਦਨਾ ਉੱਚ ਪਾਏ ਦੀ ਹੈ। ਇਹ ਕਿਤਾਬਚਾ ਭਾਵੇਂ ਹੱਥ ਨਹੀਂ ਲਗਦਾ ਪਰ ਸਸਤਾ ਹੋਣ ਕਰਕੇ ਹਰ ਇਕ ਦੀ ਪਹੁੰਚ ਵਿਚ ਹੈ। ਪੁਸਤਕ ਨੂੰ ਜੀ ਆਇਆਂ ਹੈ।
 
Top