ਕੱਫਣ (ਕਹਾਣੀਆਂ)

'MANISH'

yaara naal bahara
ਲੇਖਕ: ਮੁਨਸ਼ੀ ਪ੍ਰੇਮ ਚੰਦ
(ਅਨੁ. ਜਸਪ੍ਰੀਤ ਜਗਰਾਓਂ)
ਪੰਨੇ: 135 ਮੁੱਲ: 150 ਰੁਪਏ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ।

ਕਿਸੇ ਵੀ ਭਾਸ਼ਾ ਦੇ ਚੰਗੇ ਸਾਹਿਤ ਦਾ ਦੂਸਰੀ ਭਾਸ਼ਾ ਵਿਚ ਅਨੁਵਾਦ ਭਾਸ਼ਾ ਤੇ ਸਾਹਿਤ ਦੀ ਚੜ੍ਹਦੀ ਕਲਾ ਲਈ ਲਾਹੇਵੰਦਾ ਹੁੰਦਾ ਹੈ। ਇਸ ਦੇ ਦੋ ਫਾਇਦੇ ਹੁੰਦੇ ਹਨ ਇਕ ਤਾਂ ਉਹ ਪਾਠਕ, ਜਿਹੜੇ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਰੱਖਦੇ, ਆਸਾਨੀ ਨਾਲ ਆਪਣੀ ਭਾਸ਼ਾ ਵਿਚ ਦੂਸਰੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। ਦੂਸਰਾ ਅਨੁਵਾਦਕ ਨੂੰ ਆਪਣੀ ਭਾਸ਼ਾ ਦੀ ਸਮਰੱਥਾ ਦਾ ਪਤਾ ਲੱਗਦਾ ਹੈ, ਹਾਲਾਂਕਿ ਇਹ ਕਾਰਜ ਕਾਫੀ ਕਠਿਨ ਹੈ। ਜਿਵੇਂ ਉਪਰੋਕਤ ਪੁਸਤਕ ਦੇ ਅਨੁਵਾਦਕ ਨੇ ‘ਕਫ਼ਨ’ ਸ਼ਬਦ ਦਾ ‘ਕੱਫਣ’ ਕਰਕੇ ਇਸਦੀ ਆਤਮਾ ਨੂੰ ਜਲੀਲ ਕੀਤਾ ਹੈ। ‘ਕਫਨ’ ਅਰਬੀ ਜ਼ੁਬਾਨ ਦਾ ਸ਼ਬਦ ਹੈ ਤੇ ਮੁਨਸ਼ੀ ਪ੍ਰੇਮ ਚੰਦ ਹੋਰਾਂ ਇਸ ਨੂੰ ਏਸੇ ਰੂਪ ਵਿਚ ਵਰਤਿਆ ਹੈ।
ਮੁਨਸ਼ੀ ਪ੍ਰੇਮ ਚੰਦ ਹੋਰਾਂ ਦਾ ਨਾਂ ਹਿੰਦੀ ਤੇ ਉਰਦੂ ਅਦਬ ਵਿਚ ਬੜਾ ਉੱਚ ਦਮਾਲੜੇ ਵਾਲਾ ਹੈ। ਉਨ੍ਹਾਂ ਨੇ ਮੂਲ ਮਨੁੱਖੀ ਸਰੋਕਾਰਾਂ ਨੂੰ ਮਾਨਵਤਾ ਸਹਿਤ ਅਗਰ ਭੂਮਿਤ ਕਰਨ ਦਾ ਜਤਨ ਕੀਤਾ ਹੈ। ਉਨ੍ਹਾਂ ਦੇ ਇਸ ਸੰਗ੍ਰਹਿ ਵਿਚ ਕੁੱਲ ਤੇਰਾਂ ਕਹਾਣੀਆਂ ਹਨ, ਜਿਨ੍ਹਾਂ ਵਿਚ ਕਫਨ, ਸਵਾ ਸੇਰ ਕਣਕ, ਸੁੰਖਾਨਦ, ਖੂਨ ਸਫੈਦ, ਪੰਚ ਪ੍ਰਮੇਸ਼ਵਰ, ਵੱਡੇ ਘਰ ਦੀ ਬੇਟੀ ਬਹੁਤ ਚਰਚਿਤ ਰਹੀਆਂ ਹਨ। ਇਨ੍ਹਾਂ ਕਹਾਣੀਆਂ ਦੇ ਮੁੱਖ ਸਰੋਕਾਰ ਆਮ ਲੋਕਾਂ ਦੀ ਹੋਣੀ ਨਾਲ ਜੁੜੇ ਹੋਏ ਹਨ। ਯਥਾਰਥ ਦੇ ਕਰੂਰ ਰੂਪਾਂ ਵਿਚੋਂ ਸੰਦੇਸ਼ ਸਿਰਜਣਾ ਇਹ ਮੁਨਸ਼ੀ ਪ੍ਰੇਮ ਚੰਦ ਹੋਰਾਂ ਦਾ ਕਮਾਲ ਹੈ। ਮਸਲਨ ‘ਕਫਨ’ ਕਹਾਣੀ ਦਾ ਮੁੱਖ ਮੁੱਦਾ ਹੀ ਇਹ ਬਣਦਾ ਹੈ ਕਿ ਕੀ ਮਨੁੱਖਤਾ ਏਨੀ ਪਤਨਸ਼ੀਲ ਹੋ ਸਕਦੀ ਹੈ?
ਉਨ੍ਹਾਂ ਦੇ ਰਚੇ ਕਿਰਦਾਰ ਵੀ ਜ਼ਮੀਨੀ ਧਰਾਤਲ ਵਾਲੇ ਹਨ। ਘੀਸੂ, ਮਾਧਵ, ਕੇਦਾਰ, ਸ਼ੰਕਰ, ਭਾਨੂ ਚੌਧਰੀ, ਅਨੰਦੀ ਤੇ ਹੋਰ ਕਿੰਨੇ ਹੀ ਪਾਤਰ ਹਨ ਜਿਹੜੇ ਆਪਣੀ ਸਾਧਾਰਨਤਾ ਤੇ ਸਲੀਕੇ ਕਰਕੇ ਸਿਮਰਤੀ ਦਾ ਅੰਗ ਬਣ ਜਾਂਦੇ ਹਨ। ਮੁਨਸ਼ੀ ਪ੍ਰੇਮ ਚੰਦ ਦੀ ਭਾਸ਼ਾ ਤੇ ਸ਼ੈਲੀ ਦਾ ਵੀ ਵੱਖਰਾ ਅੰਦਾਜ਼ ਹੈ। ਉਹ ਬੜੀ ਸਹਿਜਤਾ ਨਾਲ ਕਹਾਣੀਆਂ ਦਾ ਆਰੰਭ ਕਰਦੇ ਹਨ ਅਤੇ ਹੌਲੀ-ਹੌਲੀ ਕਥਾ ਸ਼ਿਲਪ ਦੀਆਂ ਪਰਤਾਂ ਰਾਹੀਂ ਕਹਾਣੀ ਨੂੰ ਮੁਕੰਮਲ ਕਰਦੇ ਹਨ। ਏਸੇ ਕਰਕੇ ਅਨੁਵਾਦ ਲਈ ਇਹ ਕਹਾਣੀਆਂ ਜਿੰਨੀਆਂ ਆਸਾਨ ਜਾਪਦੀਆਂ ਹਨ, ਓਨੀਆਂ ਹੀ ਗੁੰਝਲਦਾਰ ਹਨ। ਪੰਜਾਬੀ ਵਿਚ ਕੀਤਾ ਅਨੁਵਾਦ ਭਾਵੇਂ ਮਿਆਰੀ ਕਿਸਮ ਦਾ ਨਹੀਂ ਪਰ ਰਸਦਾਰ ਸ਼ੈਲੀ ਅਤੇ ਕਥਾ ਸ਼ਿਲਪ ਦੀ ਦਿਲਚਸਪੀ ਕਾਰਨ ਇਹ ਪੜ੍ਹਨਯੋਗ ਕਿਰਤ ਬਣ ਜਾਂਦਾ ਹੈ।
 
Top