UNP

ਮੇਰਾ ਕਹਾਣੀ ਸੰਸਾਰ

Go Back   UNP > Contributions > Punjabi Culture

UNP Register

 

 
Old 30-Aug-2010
'MANISH'
 
ਮੇਰਾ ਕਹਾਣੀ ਸੰਸਾਰ

ਲੇਖਕ: ਰਾਜਿੰਦਰ ਭੋਗਲ,
ਮੁੱਲ: 200 ਰੁਪਏ, ਸਫ਼ੇ: 176
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ,

ਰਾਜਿੰਦਰ ਭੋਗਲ ਨਾਮਣੇ ਵਾਲਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਹੋ ਕੇ ਅਜਿਹਾ ਸੰਦੇਸ਼ ਦਿੰਦੀਆਂ ਹਨ ਕਿ ਪਾਠਕ ਅੱਗੇ ਕਈ ਤਰ੍ਹਾਂ ਦੇ ਅਣਸੁਲਝੇ ਸਵਾਲ ਖੜ੍ਹੇ ਹੋ ਜਾਂਦੇ ਹਨ। ਉਸਦੀਆਂ ਕਹਾਣੀਆਂ ਦੇ ਵਿਸ਼ੇ ਬਾਕਮਾਲ ਹੁੰਦੇ ਨੇ ਤੇ ਘੱਟ ਪਾਤਰ ਵੱਡੇ ਮਸਲਿਆਂ ਵੱਲ ਧਿਆਨ ਦਿਵਾਉਂਦੇ ਹਨ।
ਭੋਗਲ ਦੀਆਂ ਜ਼ਿਆਦਾਤਰ ਕਹਾਣੀਆਂ ਸਾਡੇ ਸਮਾਜਿਕ ਤਾਣੇ-ਬਾਣੇ ਨਾਲ ਜੁੜੀਆਂ ਹੋਈਆਂ ਨੇ। ਉਸਦੀਆਂ ਕਹਾਣੀਆਂ ਦੇ ਪਾਤਰ ਇੱਜ਼ਤਾਂ ਦੇ ਰਾਖੇ ਵੀ ਹਨ, ਸਵਾਰਥੀ ਆਗੂਆਂ ਦੇ ਟੇਟੇ ਚੜ੍ਹਨ ਵਾਲੇ ਵੀ, ਗੁਰਬਤ ਦੀ ਮਾਰ ਝੱਲਦੇ ਦੋ ਡੰਗ ਦੀ ਰੋਟੀ ਲਈ ਤਰਸਣ ਵਾਲੇ ਵੀ ਤੇ ਸਮਾਜ ਵਿੱਚ ਨਿੱਤ ਵਾਪਰਦੀਆਂ ਉਨ੍ਹਾਂ ਘਟਨਾਵਾਂ ਤੋਂ ਪਰਦਾ ਚੁੱਕਣ ਵਾਲੇ ਵੀ, ਜਿਹੜੀਆਂ ਹਰ ਘਰ, ਪਿੰਡ, ਸ਼ਹਿਰ, ਕਸਬੇ ਵਿੱਚ ਵਾਪਰਦੀਆਂ ਹਨ, ਪਰ ਗੰਭੀਰਤਾ ਨਾਲ ਸੋਚਣ ਦੀ ਥਾਂ ਉਨ੍ਹਾਂ ਨੂੰ ਆਈਆਂ-ਗਈਆਂ ਕਰ ਦਿੱਤਾ ਜਾਂਦਾ ਹੈ।
ਰਾਜਿੰਦਰ ਭੋਗਲ ਦੇ ਸਾਹਿਤਕ ਸਫ਼ਰ ਨੂੰ ਮੇਰਾ ਕਹਾਣੀ ਸੰਸਾਰ ਜਿਲਦ ਹੇਠ ਅਮਨਦੀਪ ਭੋਗਲ ਵੱਲੋਂ ਸੰਪਾਦਕ ਕੀਤਾ ਗਿਆ ਹੈ, ਜਿਸ ਵਿਚਲੀਆਂ ਭੋਗਲ ਹੁਰਾਂ ਦੀਆਂ ਕਹਾਣੀਆਂ ਇੱਕ ਤੋਂ ਵਧ ਕੇ ਇੱਕ ਹਨ। ਹਰ ਕਹਾਣੀ ਪਾਠਕ ਨੂੰ ਆਪਣੇ ਨਾਲ ਇਸ ਕਦਰ ਤੋਰਦੀ ਹੈ ਕਿ ਝੰਜੋੜ ਕੇ ਰੱਖ ਦਿੰਦੀ ਹੈ। ਇਹ ਯਥਾਰਥਵਾਦੀ ਕਹਾਣੀਆਂ ਜਿੱਥੇ ਸਧਾਰਨ ਜ਼ਿੰਦਗੀ ਜਿਊਣ ਵਾਲਿਆਂ ਦੀ ਥੁੜ੍ਹਾਂ ਮਾਰੀ ਜ਼ਿੰਦਗੀ ਨਾਲ ਸਬੰਧ ਰੱਖਦੀਆਂ ਹਨ, ਉਥੇ ਕਤਲ ਹੁੰਦੇ ਜਜ਼ਬਾਤ ਅਤੇ ਛੋਟੀਆਂ-ਛੋਟੀਆਂ ਖੁਸ਼ੀਆਂ ਵਿਚੋਂ ਮਿਲਦੇ ਸਕੂਨ ਨੂੰ ਵੀ ਬਿਆਨਦੀਆਂ ਹਨ।
ਮੇਰਾ ਕਹਾਣੀ ਸੰਸਾਰ ਵਿੱਚ ਭੋਗਲ ਦੀਆਂ ਕੁੱਲ 61 ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚੋਂ 24 ਮਿੰਨੀ ਕਹਾਣੀਆਂ ਤੇ 5 ਬਾਲ ਕਹਾਣੀਆਂ ਹਨ। ਛੌਰਾ ਕਹਾਣੀ ਉਸ ਜੱਗੇ ਦੇ ਦ੍ਰਿੜ ਨਿਸਚੇ ਨਾਲ ਜੁੜੀ ਹੋਈ ਹੈ, ਜਿਹੜਾ ਰਿਕਸ਼ਾ ਚਲਾ ਕੇ ਦੋ ਵਕਤ ਦੀ ਰੋਟੀ ਖਾਂਦਾ ਹੈ, ਪਰ ਭਿੰਦੋ ਦੇ ਬਾਪੂ ਵੱਲੋਂ ਰੱਖੀ ਸ਼ਰਤ ਕਿ ਓਨੀ ਦੇਰ ਉਸ ਦੀ ਕੁੜੀ ਨਾਲ ਉਸ ਦਾ ਵਿਆਹ ਨਹੀਂ ਹੋਵੇਗਾ, ਜਿੰਨੀ ਦੇਰ ਉਹ ਆਪਣਾ ਢਾਰਾ ਨਹੀਂ ਛੱਤ ਲੈਂਦਾ, ਉਸ ਦੇ ਇੱਕ ਇੱਕ ਦਿਨ ਨੂੰ ਇੱਕ ਇੱਕ ਸਾਲ ਵਾਂਗ ਲੰਘਾ ਰਹੀ ਹੈ। ਸ਼ਰਤ ਪੂਰੀ ਕਰਨ ਲਈ ਉਹ ਸੌ ਪਾਪੜ ਵੇਲਦਾ ਹੈ ਤੇ ਉਸ ਦੀਆਂ ਭਾਵਨਾਵਾਂ ਦੇ ਉਤਾਰ-ਚੜ੍ਹਾਅ ਨਾਲ ਕਹਾਣੀ ਅੱਗੇ ਵਧਦੀ ਹੈ।
ਫਾਹੀ ਕਹਾਣੀ ਧਰਮ ਦੇ ਠੇਕੇਦਾਰਾਂ ਦਾ ਅਸਲੀ ਚਿਹਰਾ ਨੰਗਾ ਕਰਨ ਦੇ ਨਾਲ-ਨਾਲ ਲੋੜਾਂ ਅਨੁਸਾਰ ਇਨਸਾਨ ਵੱਲੋਂ ਵੱਖ ਵੱਖ ਧਰਮਾਂ ਦੀ ਸ਼ਰਨ ਵਿੱਚ ਜਾਣ ਵਾਲੀ ਗੱਲ ਖੋਲ੍ਹਦੀ ਹੈ।
ਚੰਦ ਚੜ੍ਹਨ ਤੋਂ ਪਹਿਲਾਂ ਵਿੱਚ ਜਿੱਥੇ ਵਹਿਮਾਂ ਭਰਮਾਂ ਤੇ ਕਰਾਰਾ ਕਟਾਖਸ਼ ਕੀਤਾ ਗਿਆ ਹੈ, ਉਥੇ ਪਤੀ-ਪਤਨੀ ਦੇ ਪ੍ਰੇਮ ਨੂੰ ਵੀ ਦਰਸਾਇਆ ਗਿਆ ਤੇ ਚੌਧਰੀਆਂ ਵੱਲੋਂ ਕਾਮਿਆਂ ਨੂੰ ਨੂੜ ਕੇ ਰੱਖਣ ਵਾਲੇ ਸੱਚ ਨੂੰ ਵੀ ਨੰਗਾ ਕੀਤਾ ਗਿਆ ਹੈ।
ਕੁਰਕੀ ਵਿੱਚ ਦਾਜ ਖਾਤਰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲਿਆਂ ਦੇ ਮਾੜੇ ਹੁੰਦੇ ਹਸ਼ਰ ਨੂੰ ਵਿਸ਼ਾ ਬਣਾਇਆ ਗਿਆ ਹੈ। ਵਿੱਤੋਂ ਬਾਹਰ ਜਾ ਕੇ ਦਾਜ ਦੇਣ ਨਾਲ ਜਿੱਥੇ ਘਰਾਂ ਦੀ ਕੁਰਕੀ ਹੋਣ ਦੀ ਨੌਬਤ ਆ ਜਾਂਦੀ ਹੈ, ਉਥੇ ਦਾਜ ਲੈਣ ਦਾ ਲਾਲਚ ਕਿਵੇਂ ਸਿਰ ਤੇ ਸਵਾਰ ਰਹਿੰਦਾ ਹੈ, ਇਹ ਦੀਪੋ ਪਾਤਰ ਦੀ ਜ਼ੁਬਾਨੀ ਦੱਸਿਆ ਹੈ।
ਟਾਕੀਆਂ ਵਾਲੀ ਕਮੀਜ਼ ਕਲਾਕਾਰ ਦੇ ਉੱਚੇ ਤੇ ਸੁੱਚੇ ਕਿਰਦਾਰ ਦੀ ਗੱਲ ਕਰਦੀ ਹੈ। ਇੱਕੋ ਕਮੀਜ਼ ਵਿੱਚ ਜ਼ਿੰਦਗੀ ਹੰਢਾ ਰਿਹਾ ਕਲਾਕਾਰ ਦਰਸ਼ਕਾਂ ਅੱਗੇ ਜਿਹੜੇ ਸਵਾਲ ਰੱਖਦਾ ਹੈ, ਉਨ੍ਹਾਂ ਦਾ ਉੱਤਰ ਕਿਸੇ ਕੋਲ ਨਹੀਂ ਤੇ ਸ਼ਾਇਦ ਨਾ ਹੀ ਕਦੇ ਹੋਵੇਗਾ। ਅੱਖਾਂ ਵਿੱਚ ਮਘਦਾ ਸੂਰਜ ਕਹਾਣੀ ਦੀ ਮੁੱਖ ਪਾਤਰ ਮਾਲਤੀ ਸਾਡੇ ਸਮਾਜ ਦੇ ਉਨ੍ਹਾਂ ਪੈਸਾਪਤੀਆਂ ਦਾ ਚਿਹਰਾ ਨੰਗਾ ਕਰਦੀ ਹੈ, ਜਿਹੜੇ ਘਰਾਂ ਵਿੱਚ ਕੰਮ ਕਰਦੀਆਂ ਮਾਲਤੀ ਵਰਗੀਆਂ ਗੁਰਬਤ ਮਾਰੀਆਂ ਅਣਖੀਲੀਆਂ ਕੁੜੀਆਂ ਨੂੰ ਮਨ ਪ੍ਰਚਾਉਣ ਵਾਲੀ ਵਸਤੂ ਸਮਝਦੇ ਨੇ।
-ਸਵਰਨ ਸਿੰਘ ਟਹਿਣਾ

Post New Thread  Reply

« ਕਲਮ ਦਾ ਉਪਹਾਰ: ਅੰਮ੍ਰਿਤਾ ਦੇ ਨਾਂ | ਕੱਫਣ (ਕਹਾਣੀਆਂ) »
X
Quick Register
User Name:
Email:
Human Verification


UNP