ਲੋਕ ਗਾਇਕੀ ਦਾ ਅਨਮੋਲ ਹੀਰਾ– ਆਸਾ ਸਿੰਘ ਮਸਤਾਨਾ

ਪੰਜਾਬੀ ਲੋਕ ਗਾਇਕੀ ਨੂੰ ਅਪਨਾਉਣ ਅਤੇ ਫਿਰ ਆਖ਼ਰੀ ਸਾਹਾਂ ਤੱਕ ਨਿਭਾਉਣ ਵਾਲੇ ਲੋਕ ਗਾਇਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਲੋਕ ਗਾਇਕੀ ਵਿੱਚ ਭਾਵੇਂ ਪੈਸੇ ਤਾਂ ਜ਼ਿਆਦਾ ਨਹੀਂ ਮਿਲਦੇ ਪਰ ਗੀਤਾਂ ਦੀ ਉਮਰ ਲੰਮੇਰੀ ਹੋਣ ਕਰਕੇ ਲੋਕ ਗਾਇਕੀ ਚਿਰਾਂ ਤੱਕ ਲੋਕ ਮਨਾਂ ਵਿੱਚ ਵਸੀ ਰਹਿੰਦੀ ਹੈ ਤੇ ਲੋਕ ਗਾਇਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗਾਇਕੀ ਨੂੰ ਪ੍ਰਫੁਲਤ ਕਰਨ ਅਤੇ ਇਸ ਦੇ ਮਾਣ-ਸਨਮਾਨ ਨੂੰ ਦੁੱਗਣਾ-ਤਿੱਗਣਾ ਕਰਨ ਵਾਲੇ ਮਾਣਯੋਗ ਲੋਕ ਗਾਇਕਾਂ ਵਿੱਚੋਂ ਇੱਕ ਸਿਰ-ਕੱਢਵਾਂ ਨਾਂ ਸੀ – ਆਸਾ ਸਿੰਘ ਮਸਤਾਨਾ।
ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ, 1927 ਨੂੰ ਸ਼ੇਖਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਹੋਇਆ ਸੀ। ਪਿਤਾ ਸ. ਪ੍ਰੀਤਮ ਸਿੰਘ ਦੇ ਲਾਡਲੇ ਆਸਾ ਸਿੰਘ ਨੂੰ ਗਾਉਣ-ਵਜਾਉਣ ਦਾ ਬਚਪਨ ਤੋਂ ਹੀ ਬੜਾ ਸ਼ੌਕ ਸੀ ਪਰ ਉਹ ਉੱਚੇ ਸੁਰ ਲਾਉਣ ਦੀ ਥਾਂ ਹੌਲੀ-ਹੌਲੀ ਤੇ ਮੱਠਾ-ਮੱਠਾ ਜਿਹਾ ਗਾਉਣ ਵਾਲਾ ਗਵੱਈਆ ਸੀ। ਉਸ ਦੇ ਸ਼ੌਕ ਨੂੰ ਵੇਖਦਿਆਂ ਹੋਇਆਂ ਪਿਤਾ ਨੇ ਉਸ ਨੂੰ ਉਸਤਾਦ ਪੰਡਤ ਦੁਰਗਾ ਪ੍ਰਸਾਦ ਕੋਲ ਸੰਗੀਤ ਸਿੱਖਣ ਲਈ ਭੇਜ ਦਿੱਤਾ, ਜਿੱਥੋਂ ਕੁਝ ਇੱਕ ਬਾਰੀਕੀਆਂ ਸਿੱਖ ਕੇ ਉਹ ਛੇਤੀ ਹੀ ਵਾਪਸ ਮੁੜ ਆਇਆ। ਆਪਣੀ ਆਵਾਜ਼ ਨੂੰ ਆਪਣੀ ਲਿਆਕਤ ਨਾਲ ਪਰਖ ਕੇ ਉਸ ਨੇ ਗੀਤਾਂ ਦੀ ਚੋਣ ਅਤੇ ਸੰਗੀਤ ਦੀ ਤੀਬਰਤਾ ਵੱਲ ਧਿਆਨ ਦਿੱਤਾ ਤੇ ਛੇਤੀ ਹੀ ਪੰਜਾਬੀ ਦੇ ਪਹਿਲੇ ਦਰਜੇ ਦੇ ਲੋਕ ਗਾਇਕਾਂ ਦੀ ਕਤਾਰ ਵਿੱਚ ਆਣ ਖਲੋਤਾ।
ਸੰਨ 1949 ਵਿੱਚ ਪਹਿਲੀ ਵਾਰ ਰੇਡੀਓ ਉਤੇ ‘ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਨਾਮੀ ਗੀਤ ਗਾ ਕੇ ਸ਼ੋਹਰਤ ਖੱਟਣ ਵਾਲੇ ਇਸ ਮਹਾਨ ਗਾਇਕ ਨੇ ਕਈ ਸੁਪਰਹਿੱਟ ਗੀਤ ਗਾਏ ਜੋ ਅਜੇ ਤੱਕ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਤਰੋ-ਤਾਜ਼ਾ ਹਨ। ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’, ‘ਮੁਟਿਆਰੇ ਜਾਣਾ ਦੂਰ ਪਿਆ’ ਅਤੇ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਆਦਿ ਗੀਤ ਤਾਂ ਉਸ ਦੀ ਗਾਇਕੀ ਦਾ ਸਿਖਰ ਮੰਨੇ ਜਾ ਸਕਦੇ ਹਨ। ‘ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ-ਹੁਮਾ ਕੇ ਚਲਣਗੇ’ ਨਾਮਕ ਗੀਤ ਤਾਂ ਉਸ ਨੇ ਏਨੀ ਸ਼ਿੱਦਤ ਨਾਲ ਗਾਇਆ ਕਿ ਅੱਜ ਵੀ ਇਸ ਨੂੰ ਸੁਣਨ ਵਾਲੇ ਦੀਆਂ ਅੱਖਾਂ ਨਾ ਭਰ ਆਉਣ, ਐਸਾ ਹੋ ਹੀ ਨਹੀਂ ਸਕਦਾ। ‘ਪੰਜਾਬ ਦੀ ਕੋਇਲ’ ਅਖਵਾਉਣ ਵਾਲੀ ਸੁਰਿੰਦਰ ਕੌਰ ਨਾਲ ਗਾਏ ਉਸ ਦੇ ਦੋਗਾਣੇ ਤਾਂ ਕਮਾਲ ਦੇ ਹਨ। ‘ਇਹ ਮੁੰਡਾ ਨਿਰਾ ਛਨਿੱਚਰ ਏ’, ਇਸ ਜੋੜੀ ਦਾ ਗਾਇਆ ਇੱਕ ਪ੍ਰਸਿੱਧ ਗੀਤ ਹੈ। ਉਸ ਦੇ ਗਾਏ ਕੁਝ ਹੋਰ ਗੀਤ ਇਸ ਤਰ੍ਹਾਂ ਹਨ :
* ਕੁੰਡਲਾਂ ਤੋਂ ਪੁੱਛ ਗੋਰੀਏ…
* ਦੱਸ ਕਿਹੜੇ ਮੈਂ ਬਹਾਨੇ ਆਵਾਂ
* ਤੈਨੂੰ ਮਿਲਣੇ ਦਾ ਚਾਅ ਮਾਹੀਆ
* ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
* ਬੀ.ਏ. ਪਾਸ ਦੇ ਨਸੀਬ ਸੜ ਗਏ

ਗਾਇਕਾ ਪ੍ਰਕਾਸ਼ ਕੌਰ ਅਤੇ ਪੁਸ਼ਪਾ ਹੰਸ ਨਾਲ ਵੀ ਉਸ ਨੇ ਕੁਝ ਗੀਤ ਗਾਏ ਸਨ ਅਤੇ ‘ਫਿਰ ਤੁਣ-ਤੁਣ ਤੂੰਬਾ ਬੋਲ ਪਿਆ’ ਨਾਮੀ ਗੀਤ ਵੀ ਕਾਫ਼ੀ ਚਰਚਿਤ ਰਿਹਾ।
1991 ਵਿੱਚ ਬੈਂਕ ਦੀ ਨੌਕਰੀ ਤੋਂ ਸੇਵਾ-ਮੁਕਤ ਹੋਏ ਆਸਾ ਸਿੰਘ ਮਸਤਾਨਾ ਨੂੰ ਕਈ ਇਨਾਮਾਂ-ਸਨਮਾਨਾਂ ਤੋਂ ਇਲਾਵਾ ‘ਪਦਮਸ਼੍ਰੀ ਜਿਹੇ ਵੱਕਾਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।
23 ਮਈ, 1999 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਜਾਣ ਵਾਲਾ ਪੰਜਾਬੀ ਦਾ ਇਹ ਮਹਾਨ ਲੋਕ ਗਾਇਕ ਬੜਾ ਹੀ ਖੁਸ਼-ਮਿਜ਼ਾਜ ਤੇ ਚੁਲਬੁਲੀ ਤਬੀਅਤ ਵਾਲਾ ਨੇਕ ਬੰਦਾ ਸੀ।
 
Top