ਨੌਜਵਾਨ ਸੋਚ : ਮਹਿੰਗੀ ਹੋ ਰਹੀ ਸਿੱਖਿਆ- ਕੌਣ ਜ਼ਿੰਮ&#

ਨੌਜਵਾਨ ਸੋਚ : ਮਹਿੰਗੀ ਹੋ ਰਹੀ ਸਿੱਖਿਆ- ਕੌਣ ਜ਼ਿੰਮੇਵਾਰ ?



ਸਰਕਾਰੀ ਅਦਾਰਿਆਂ ਨੂੰ ਜਾਰੀ ਹੋਣ ਪੂਰੇ ਫੰਡ

ਸਿੱਖਿਆ ਅੱਜ ਦੇ ਸਮੇਂ ਵਿੱਚ ਕਾਰੋਬਾਰ ਬਣ ਕੇ ਰਹਿ ਗਈ ਹੈ। ਪ੍ਰਾਈਵੇਟ ਕਾਲਜ ਅਤੇ ਸਕੂਲ, ਮਾਪਿਆਂ ਤੋਂ ਮਨਮਰਜ਼ੀ ਦੀਆਂ ਫੀਸਾਂ ਵਸੂਲ ਕੇ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਕਰਦੇ ਹਨ। ਮਹਿੰਗੀ ਹੋਣ ਕਾਰਨ ਸਿੱਖਿਆ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਫੀਸਾਂ ਵੀ ਵਧ ਰਹੀਆਂ ਹਨ, ਕਿਉਂਕਿ ਸਰਕਾਰ ਵੱਲੋਂ ਪੂਰੀ ਗਰਾਂਟ ਨਹੀਂ ਜਾਰੀ ਕੀਤੀ ਜਾਂਦੀ। ਸਰਕਾਰ ਨੂੰ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਪੂਰੇ ਫੰਡ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਉਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਵਿਦਿਅਕ ਪ੍ਰਣਾਲੀ ਲੀਹੇ ਪੈ ਸਕੇ।
ਕਮਲਜੀਤ ਸਿੰਘ ਨੰਗਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਪੁਰ (ਸੰਗਰੂਰ)
ਨਿੱਜੀਕਰਨ ਹੈ ਜ਼ਿੰਮੇਵਾਰ

ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ। ਸਿੱਖਿਆ ਸੰਪੂਰਨ ਮਾਨਵਤਾ ਦੇ ਵਿਕਾਸ ਲਈ ਬਰਾਬਰ, ਸਾਂਝੀ ਤੇ ਮੁਫ਼ਤ ਹੋਣੀ ਚਾਹੀਦੀ ਹੈ ਪਰ ਅੱਜ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਸਿੱਖਿਆ ਵਪਾਰ ਬਣ ਚੁੱਕੀ ਹੈ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰ ਪੂੰਜੀਵਾਦੀ ਤੇ ਸਾਮਰਾਜਵਾਦੀ ਵਿਵਸਥਾ ਹੈ, ਜੋ ਹਰ ਖੇਤਰ ਵਿੱਚ ਸਿਰਫ਼ ਮੁਨਾਫ਼ਾ ਦੇਖਦੀ ਹੈ। ਇਸੇ ਕਾਰਨ ਸਰਕਾਰੀ ਸੰਸਥਾਵਾਂ ਬੰਦ ਕਰਕੇ ਨਿੱਜੀ ਸੰਸਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ। ਪਹਿਲਾਂ ਸਰਕਾਰੀ ਸੰਸਥਾਵਾਂ ਦੇ ਫੰਡ ਰੋਕੇ ਜਾਂਦੇ ਹਨ, ਅਧਿਆਪਨ ਸਟਾਫ਼ ਘਟਾਇਆ ਜਾਂਦਾ ਹੈ ਅਤੇ ਫਿਰ ਗੁਣਵੱਤਾ ਦੀ ਕਮੀ ਤੇ ਵਿੱਤੀ ਸੰਕਟ ਦਾ ਬਹਾਨਾ ਲਾ ਕੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਸਮਾਜ ਦਾ ਵੱਡਾ ਗ਼ਰੀਬ ਤਬਕਾ ਇਸ ਤੋਂ ਬਾਹਰ ਹੋ ਜਾਂਦਾ ਹੈ। ਇਸ ਦੀਆਂ ਜ਼ਿੰਮੇਵਾਰ ਅਖੌਤੀ ਲੋਕਤੰਤਰੀ ਸੰਸਥਾਵਾਂ ਵੀ ਹਨ। ਸਿੱਖਿਆ ਉੱਪਰ ਕੁੱਲ ਘਰੇਲੂ ਉਤਪਾਦ ਦਾ ਨਾਮਾਤਰ ਹਿੱਸਾ ਹੀ ਖ਼ਰਚ ਕੀਤਾ ਜਾਂਦਾ ਹੈ, ਜਿਸ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ।
ਮੋਹਨਜੀਤ ਕੌਰ, ਫਿੱਡੇ ਕਲਾਂ
ਮਿਆਰੀ ਸਿੱਖਿਆ ਨਾ ਦੇਣ ਵਾਲੇ ਅਦਾਰਿਆਂ ’ਤੇ ਹੋਵੇ ਸਖ਼ਤੀ

ਸਿੱਖਿਆ ਦੇ ਵਪਾਰੀਕਰਨ ਕਾਰਨ ਨਾਲ ਇਹ ਆਮ ਇਨਸਾਨ ਦੀ ਪਹੁੰਚ ਤੋਂ ਦੂਰ ਜਾਪਣ ਲੱਗੀ ਹੈ। ਮਹਿੰਗੀ ਹੋ ਰਹੀ ਸਿੱਖਿਆ ਲਈ ਸਰਕਾਰਾਂ ਤੇ ਕੁਝ ਹੱਦ ਤੱਕ ਮਾਪੇ ਵੀ ਜ਼ਿੰਮੇਵਾਰ ਹਨ। ਸਰਕਾਰ ਵੱਲੋਂ ਬਣਾਈਆਂ ਨੀਤੀਆਂ ਬਹੁਤੀ ਵਾਰ ਸਹੀ ਤਰੀਕੇ ਨਾਲ ਲਾਗੂ ਨਹੀਂ ਹੁੰਦੀਆਂ ਤੇ ਇਨ੍ਹਾਂ ਦਾ ਖ਼ਾਮਿਆਜ਼ਾ ਮਾਪਿਆ ਨੂੰ ਭੁਗਤਣਾ ਪੈਂਦਾ ਹੈ। ਬਹੁਤੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਤੇ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ। ਪ੍ਰਾਈਵੇਟ ਸਕੂਲ ਇਸੇ ਦਾ ਫ਼ਾਇਦਾ ਉਠਾ ਰਹੇ ਹਨ, ਜੋ ਫੀਸਾਂ, ਕਿਤਾਬਾਂ ਤੇ ਵਰਦੀਆਂ ਦੇ ਨਾਂਅ ਉਤੇ ਲੁੱਟ ਮਚਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਨੀਤੀਆਂ ਸਹੀ ਤਰੀਕੇ ਨਾਲ ਲਾਗੂ ਕਰੇ ਤੇ ਮਿਆਰੀ ਸਿੱਖਿਆ ਦੇਣ ਦੀ ਥਾਂ ਸਿਰਫ਼ ਡਿਗਰੀਆਂ ਵੰਡਣ ਵਾਲੇ ਵਿਦਿਅਕ ਅਦਾਰਿਆਂ ਉਤੇ ਸ਼ਿਕੰਜਾ ਕਸੇ।
ਦਮਨਪ੍ਰੀਤ ਕੌਰ,ਪਿੰਡ ਰਾਏਪੁਰ ਗੁੱਜਰਾਂ (ਫਤਿਹਗੜ੍ਹ ਸਾਹਿਬ)
ਸਰਕਾਰ ਆਪਣਾ ਫ਼ਰਜ਼ ਪਛਾਣੇ

ਮਹਿੰਗੀ ਸਿੱਖਿਆ ਲਈ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਸਗੋਂ ਮਾਪੇ ਅਤੇ ਸਰਕਾਰਾਂ ਦੋਵੇਂ ਜ਼ਿੰਮੇਵਾਰ ਹਨ। ਮਾਪੇ ਸਮਾਜ ਵਿੱਚ ਸਟੇਟਸ ਸਿੰਬਲ ਵਜੋਂ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਨੇ ਪਾ ਦਿੰਦੇ ਹਨ। ਕਮਾਈ ਦਾ ਅੱਧਾ ਹਿੱਸਾ ਫੀਸਾਂ, ਵਰਦੀਆਂ ਤੇ ਕਈ ਗ਼ੈਰ ਜ਼ਰੂਰੀ ਚੀਜ਼ਾਂ ਵਿੱਚ ਖ਼ਰਚ ਹੋ ਜਾਂਦਾ ਹੈ। ਇਸ ਕਾਰਨ ਸਿੱਖਿਆ ਮਹਿੰਗੀ ਲੱਗਦੀ ਹੈ। ਅੱੱਜਕੱਲ੍ਹ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣਾ ਫੈਸ਼ਨ ਬਣ ਗਿਆ ਹੈ। ਦੂਜਾ ਦੋਸ਼ ਸਰਕਾਰਾਂ ਦਾ ਹੈ, ਜਿਨ੍ਹਾਂ ਦੀਆਂ ਨੀਤੀਆਂ ਮਾਪਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਬੱਚੇ ਲਾਉਣ ਨੂੰ ਮਜਬੂਰ ਕਰਦੀਆਂ ਹਨ। ਜੇਕਰ ਸਰਕਾਰ ਚੰਗੀ ਸਿੱਖਿਆ ਨੀਤੀ ਬਣਾਵੇ ਤਾਂ ਮਾਪਿਆਂ ਨੂੰ ਪ੍ਰਾਈਵੇਟ ਸਕੂੁਲਾਂ ਵੱਲ ਮੂੰਹ ਨਾ ਕਰਨਾ ਪਵੇ।
ਪ੍ਰਗਟ ਸਿੰਘ, ਕਲਾਨੌਰ (ਗੁਰਦਾਸਪੁਰ)
ਕੁਝ ਇਸ ਤਰ੍ਹਾਂ ਮਹਿੰਗੀ ਹੋਈ ਸਿੱਖਿਆ

ਸਿੱਖਿਆ ਮਹਿੰਗੀ ਹੋਣ ਦੇ ਕਈ ਕਾਰਨ ਹਨ। ਸੱਤਾ ਦਾ ਮਾਡਲ ਬਦਲਿਆ ਤਾਂ ਸਿੱਖਿਆ ਮਹਿੰਗੀ ਹੋਣ ਲੱਗੀ। ਇਹ ਸੋਚ ਬਣਨ ਲੱਗੀ ਕਿ ਸਿੱਖਿਆ ਦੇਣੀ ਇਕੱਲੀ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਗਰਾਟਾਂ ਘਟ ਗਈਆਂ। ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਫੀਸਾਂ ਵਧਾਉਣੀਆਂ ਪਈਆਂ। ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਘਟਦਾ ਗਿਆ ਹੈ। ਸਕੂਲਾਂ ਵਿੱਚ ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕੰਮ ਲੈਣੇ ਤੇ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹੋਣ ਕਾਰਨ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਪ੍ਰਭਾਵਿਤ ਹੋਈ ਹੈ। ਇਸ ਕਾਰਨ ਨਿੱਜੀ ਖੇਤਰ ਵੱਲੋਂ ਫੀਸਾਂ ਵਿੱੱਚ ਵਾਧਾ ਕੀਤਾ ਜਾਣ ਲੱਗਿਆ। ਸਰਕਾਰੀ ਅਣਦੇਖੀ ਕਾਰਨ ਵੀ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਵਧਾਉਣ ਦਾ ਮੌਕਾ ਮਿਲ ਗਿਆ।
ਕੁਲਵਿੰਦਰ ਕੌਰ, ਪਿੰਡ ਦਿਲਾ ਰਾਮ, (ਫਿਰੋਜ਼ਪੁਰ)
ਸਵਾਰਥ ਨੇ ਲਈ ਪੁੰਨ ਦੀ ਥਾਂ

ਵਿਦਿਆ ਨੂੰ ਪਹਿਲੇ ਸਮਿਆਂ ਵਿੱਚ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ ਪਰ ਇਸ ਪੁੰਨ ਦੀ ਥਾਂ ਹੁਣ ਸਵਾਰਥ ਨੇ ਲੈ ਲਈ ਹੈ। ਕਈ ਸਵਾਰਥੀ ਲੋਕਾਂ ਨੇ ਸਿੱਖਿਆ ਨੂੰ ਇੰਨਾ ਮਹਿੰਗਾ ਕਰ ਦਿੱਤਾ ਹੈ ਕਿ ਇਹ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਜਾਪਦੀ ਹੈ। ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਜੇਕਰ ਮੁਫ਼ਤ ਵਿਦਿਆ ਦੇਣ ਦੇ ਫਰਜ਼ ਨੂੰ ਸਹੀ ਤਰ੍ਹਾਂ ਨਿਭਾਵੇ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ ਵੱਲ ਮੂੰਹ ਨਾ ਕਰਨਾ ਪਵੇ ਤੇ ਪ੍ਰਾਈਵੇਟ ਅਦਾਰੇ ਵੀ ਫੀਸਾਂ ਸੀਮਿਤ ਰੱਖਣ। ਇਸ ਤੋਂ ਇਲਾਵਾ ਮਾਪਿਆਂ ਨੂੰ ਇਹ ਵੀ ਵਹਿਮ ਹੁੰਦਾ ਹੈ ਕਿ ਸਕੂਲ ਜਿੰਨੇ ਮਹਿੰਗੇ ਹੋਣਗੇ, ਪੜ੍ਹਾਈ ਉਨੀ ਚੰਗੀ ਹੋਵੇਗੀ ਪਰ ਅਜਿਹਾ ਨਹੀਂ ਹੈ। ਮਾਪਿਆਂ ਨੂੰ ਇਸ ਬਾਬਤ ਜਾਗਰੂਕ ਹੋਣ ਦੀ ਲੋੜ ਹੈ।
ਪਾਰਸ ਬਾਂਸਲ, ਦਿਓਣ ਖੇੜਾ (ਸ੍ਰੀ ਮੁਕਤਸਰ ਸਾਹਿਬ)
 
Top