ਪਿੱਠ ਦਰਦ/ਚੁੱਕ ਪੈਣੀ

ਪਿੱਠ ਦਰਦ ਜਾਂ ਚੁੱਕ ਪੈਣੀ ਅੱਜ ਇਕ ਆਮ ਬਿਮਾਰੀ ਹੈ, ਹਰ ਘਰ ਵਿਚ ਇਹ ਬਿਮਾਰੀ 50/60 ਸਾਲ ਜਾਂ ਇਸ ਤੋਂ ਪਹਿਲੀ ਉਮਰ ਵਿਚ ਵੀ ਹੋ ਜਾਂਦੀ ਹੈ। ਪਿੱਠ ਦੇ ਪੱਠਿਆਂ ਦਾ ਝਟਕਾ, ਬਹੁਤਾ ਜ਼ੋਰ ਲੱਗਣਾ, ਠੰਢ ਲੱਗਣਾ, ਠੰਢਾ ਤੱਤਾ ਹੋਣ, ਪਸੀਨੇ ਨਾਲ ਭਿੱਜਣ, ਅੰਗਾਂ ਦੇ ਰੋਗ, ਕਮਜ਼ੋਰੀ ਆਦਿ ਨਾਲ ਪਿੱਠ ਵਿਚ ਚੀਕ ਕੱਢਾ ਦੇਣ ਵਾਲਾ ਦਰਦ ਹੁੰਦਾ ਹੈ। ਰੋਗੀ ਨੂੰ ਬੈਠਣਾ ਅਤੇ ਸਿੱਧੇ ਹੋ ਕੇ ਖੜ੍ਹਾ ਹੋਣਾ ਅਤਿਅੰਤ ਕਠਨ ਹੁੰਦਾ ਹੈ। ਰੋਗੀ ਨੂੰ ਸਖ਼ਤ ਬਿਸਤਰੇ ਜਿਵੇਂ ਤਖਤਪੋਸ਼ ਉੱਤੇ ਅਰਾਮ ਕਰਨਾ ਚਾਹੀਦਾ ਹੈ। ਲੋੜ ਅਨੁਸਾਰ ਪਿੱਠ ਉੱਤੇ ਸੇਕ, ਤਾਰਪੀਨ ਦੇ ਤੇਲ ਦੀ ਮਾਲਿਸ਼ ਕੀਤੀ ਜਾ ਸਕਦੀ ਹੈ। ਰੋਗੀ ਨੂੰ ਪੁੱਠਾ ਪਾ ਕੇ ਲੱਕ ਦੇ ਮੁਹਰਿਆਂ ਉਤਲੇ ਮਾਸ ਨੂੰ ਦੋਹਾਂ ਹੱਥਾਂ ਦੀਆਂ ਉਂਗਲਾਂ ਤੇ ਅੰਗੂਠਿਆਂ ਨਾਲ ਫੜ ਕੇ ਝਟਕੇ ਨਾਲ ਉਤਾਂਹ ਚੁੱਕਣ ਨਾਲ ਵੀ ਚੁੱਕ ਦੇ ਕਈ ਰੋਗੀ ਠੀਕ ਹੋ ਜਾਂਦੇ ਹਨ। ਪਿੱਠ ਵਿਚ ਦਰਦ ਜਾਂ ਚੁੱਕ ਵਾਲੇ ਰੋਗੀ ਨੂੰ ਸਿੱਧੇ ਲੇਟ ਕੇ ਲੱਤਾਂ ਉਤਾਂਹ ਚੁੱਕ ਕੇ ਹੱਥਾਂ ਦੀਆਂ ਉਂਗਲਾਂ ਨਾਲ ਪੈਰ ਦੇ ਅੰਗੂਠੇ ਨੂੰ ਛੂਹਣ ਦੀ 5-10 ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕਿਰਿਆ ਨੂੰ ਦਿਨ ਵਿਚ ਦੋ ਤਿੰਨ ਵਾਰੀ ਦੁਹਰਾਇਆ ਜਾ ਸਕਦਾ ਹੈ।
ਪੱਥਰੀ ਰੋਗ ਨਾਲ ਵੀ ਖੱਬੀ ਜਾਂ ਸੱਜੀ ਵੱਖੀ ਵਿਚ ਦਰਦ ਹੋਣ ਨਾਲ ਇਹ ਦਰਦ ਪਿੱਠ ਤਕ ਫੈਲ ਜਾਂਦਾ ਹੈ। ਕਈ ਵਾਰੀ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਹੋਣ ਕਾਰਨ ਵੀ ਇਹ ਰੋਗ 50-60 ਸਾਲ ਦੀ ਉਮਰ ਵਿਚ ਹੋ ਸਕਦਾ ਹੈ।
ਹੋਰ ਲੱਛਣ: ਠੰਢ ਲੱਗਣ, ਮੀਂਹ ਵਿਚ ਭਿੱਜਣ, ਜ਼ੋਰ ਲੱਗਣ ਮਗਰੋਂ ਹੋਈ ਰੋਗ ਬੈਚੇਨੀ, ਉੱਠਣ ਲੱਗਿਆਂ ਦਰਦ ਵਧੇ, ਸੱਟ ਲੱਗਣ ਮਗਰੋਂ ਹੋਇਆ ਰੋਗ, ਲਗਾਤਾਰ ਪਿੱਠ ਵਿਚ ਰਹਿਣ ਵਾਲਾ ਦਰਦ, ਗੁਰਦਿਆਂ ਦੀ ਖਰਾਬੀ ਕਾਰਨ ਹੋਇਆ ਰੋਗ, ਰੱਕਤ ਹੀਣਤਾ, ਬਹੁਤ ਕਮਜ਼ੋਰੀ, ਪਿੱਠ ਦਰਦ ਜਿਵੇਂ ਟੁੱਟ ਗਈ ਹੋਵੇ।
ਅੱਗੇ ਝੁੱਕਣ ਅਤੇ ਚਲਣ ਲੱਗਿਆਂ ਦਰਦ ਵੱਧੇ, ਪਿੱਠ ਦਰਦ, ਗਰਦਨ ਵਿਚ ਦਰਦ, ਅਕੜਾਅ, ਪਿੱਠ ਦੀਆਂ ਨਸਾਂ ਖਿਚੀਆਂ-ਖਿਚੀਆਂ ਲੱਗਣ ਜਿਵੇਂ ਲਕਵਾ ਹੋ ਗਿਆ ਹੋਵੇ। 20 ਤੋਂ 25 ਸਾਲ ਦੀ ਉਮਰ ਵਿਚ ਇਸਤਰੀਆਂ ਦੇ ਮੁਕਾਬਲੇ ਮਨੁੱਖਾਂ ਨੂੰ ਵਧੇਰੇ ਹੋਣ ਵਾਲਾ ਰੋਗ ਜੋੜਾਂ ਦੀ ਵਾਈ ਕਿਸਮ ਦੀ ਸੋਜ ਵਾਂਗ ਹੁੰਦਾ ਹੈ। ਸ਼ੁਰੂ ’ਚ ਸਵੇਰੇ ਵੇਲੇ ਪਿੱਠ ਵਿਚ ਅਕੜਾਅ ਹੋਣ ਲੱਗ ਜਾਂਦਾ ਹੈ ਜਿਸ ਦੇ ਨਾਲ ਲੱਤਾਂ ਬਾਂਹਾਂ ਵਿਚ ਵੀ ਦਰਦ ਹੁੰਦਾ ਹੈ।
ਕੰਗਰੋੜ ਦੀਆਂ ਪਸਲੀਆਂ ਨਾਲ ਮਿਲਣ ਵਾਲੇ ਡੋਰਸਲ ਮੋਹਰੇ ਤੜਾਗੀ ਹੱਡੀ ਅਤੇ ਚੂਲ੍ਹੇ ਦੇ ਜੋੜਾਂ ਵਿਚ ਅਕੜਾਅ ਹੋ ਜਾਂਦਾ ਹੈ, ਵੱਧੀ ਜ਼ਿਆਦਾ ਤਕਲੀਫ ਹੋਵੇ ਤਾਂ ਪਾਸਾ ਲੈਣਾ ਜਾਂ ਘੁੰਮਣਾ ਮੁਸ਼ਕਲ ਹੋ ਜਾਂਦਾ ਹੈ। ਕੰਗਰੋੜ ਦੇ ਮੋਹਰਿਆਂ ਵਿਚ ਸੋਜ਼ਿਸ਼ ਹੋਣ ਮਗਰੋਂ ਹੱਡੀਆਂ ਵੱਧ ਜਾਂਦੀਆਂ ਹਨ, ਅਤੇ ਜਿਨ੍ਹਾਂ ਦੇ ਜੋੜ ਜੁੜ ਕਾਰਨ ਰੀੜ੍ਹ ਦੀ ਹੱਡੀ ਵਿਚ ਸਖ਼ਤ ਅਕੜਾਅ ਆ ਜਾਂਦਾ ਹੈ ਅਤੇ ਇਸ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਲੱਕ ਦੇ ਮੋਹਰਿਆਂ ਵਿਚ ਸੋਜ਼ ਹੋਣ ਤੋਂ ਪੇਟ ਵਿਚ ਦਰਦਾਂ, ਡੋਰਸਲ ਮੋਹਰਿਆਂ ਵਿਚ ਸੋਜ ਹੋਣ ਤੋਂ ਛਾਤੀ ਅਤੇ ਮਿਹਦੇ ਵਾਲੀ ਥਾਂ ’ਤੇ ਦਰਦਾਂ, ਸਾਹ ਵਿਚ ਔਖ, ਗਰਦਨ ਦੇ ਮੋਹਰਿਆਂ ਵਿਚ ਸੋਜ ਹੋਣ ਤੋਂ ਖਾਧੀ ਚੀਜ਼ ਲੰਘਾਉਣ ਵਿਚ ਔਖ, ਹੱਥਾਂ ਵਿਚ ਝੁਣ-ਝੁਣੀ ਸੁੰਨਾਪਣ ਆਦਿ ਹੋ ਜਾਂਦਾ ਹੈ। ਪਿੱਠ ਪਿੱਛੇ ਝਾਕਣ ਲਈ ਸਾਰੇ ਸਰੀਰ ਨੂੰ ਘੁਮਾਉਣਾ ਪੈਂਦਾ ਹੈ।
 
Top