ਸਰਹਿੰਦ ਫ਼ਤਿਹ ਦਿਵਸ ਤੇ ਵਧਾਈਆ

Yaar Punjabi

Prime VIP
ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਕਿਉਂ ਭੁੱਲੇ…?

http://www.punjabspectrum.com/images/2012/05/Baba-Banda-Singh-Ji-Bahadur.gif
ਅੱਜ ਸਰਹਿੰਦ ਫ਼ਤਿਹ ਦਿਵਸ ਹੈ ਅਤੇ ਇਹ ਉਹ ਦਿਵਸ ਹੈ, ਜਿਸਨੇ ਸਮੁੱਚੀ ਦੁਨੀਆ ਨੂੰ ਸੁਨੇਹਾ ਦਿੱਤਾ ਸੀ ਕਿ ਜਦੋਂ ਸਮਾਜ ਦੇ ਦੱਬੇ-ਕੁਚਲੇ ਲੋਕ, ਜ਼ੋਰ-ਜਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਡੱਟ ਜਾਣ ਤਾਂ ਦੁਨੀਆ ਦੀ ਕੋਈ ਸ਼ਕਤੀ ਉਨ੍ਹਾਂ ਦਾ ਰਾਹ ਨਹੀਂ ਰੋਕ ਸਕਦੀ। ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮੇਸ਼ ਪਿਤਾ ਦੇ ਥਾਪੜੇ ਅਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਥੇ ਪੰਜਾਬ ਦੀ ਧਰਤੀ ਤੋਂ ਜ਼ੁਲਮ-ਜਬਰ ਦੇ ਪ੍ਰਤੀਕ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ। ਉਥੇ ਸਮਾਜ ਦੇ ਦੱਬੇ-ਕੁਚਲੇ, ਨਿਤਾਣੇ-ਨਿਮਾਣੇ ਗਰੀਬ ਲੋਕਾਂ ਨੂੰ ਸਰਦਾਰੀਆਂ ਬਖ਼ਸੀਆਂ। ਜਿਸ ਇਨਕਲਾਬ ਦੀ ਨੀਂਹ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਨੀਚਾਂ ਤੇ ਨੀਵਿਆਂ’ ਨਾਲ ਖੜ੍ਹ ਕੇ ਰੱਖੀ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸਨੂੰ ਸਿਖ਼ਰਾਂ ਤੇ ਪਹੁੰਚਾਇਆ ਅਤੇ ਪਹਿਲੀ ਵਾਰ ਹੋਇਆ ਕਿ ਆਪਣੇ ਆਪ ਨੂੰ ਗਰੀਬ ਲੋਕਾਂ ਦੀ ਹੋਣੀ ਦਾ ਵਿਧਾਤਾ ਸਮਝਣ ਵਾਲੇ ‘ਵੱਡੇ ਲੋਕਾਂ ਨੂੰ ਇਨ੍ਹਾਂ ਗਰੀਬ ਲੋਕਾਂ ਅੱਗੇ ਹੱਥ ਜੋੜ ਕੇ ਅਤੇ ਸਿਰ ਨੀਵਾਂ ਕਰਕੇ ਖੜ੍ਹਾ ਹੋਣਾ ਪਿਆ। ਪ੍ਰੰਤੂ ਅਫ਼ਸੋਸ ਇਹ ਹੈ ਕਿ ਸਿੱਖ ਕੌਮ ਜਿਸ ਬਾਰੇ ਇਹ ਧਾਰਣਾ ਪ੍ਰਪੱਕ ਹੋ ਚੁੱਕੀ ਹੈ ਕਿ ਉਹ ਇਤਿਹਾਸ ਸਿਰਜਣਾ ਤਾਂ ਜਾਣਦੀ ਹੈ, ਪ੍ਰੰਤੂ ਉਸਨੂੰ ਸੰਭਾਲਦੀ ਨਹੀਂ। ਅੱਜ ਪੰਜਾਬ ਦਾ ਉਹ ਦਲਿਤ ਤੇ ਗਰੀਬ ਭਾਈਚਾਰਾ ਜਿਹੜਾ ਸਿੱਖੀ ਤੋਂ ਬੇਮੁੱਖ ਹੋ ਕੇ ਪਾਖੰਡੀ ਸਾਧਾਂ ਦੇ ਡੇਰਿਆਂ ਦਾ ਮੁਦੱਈ ਬਣ ਬੈਠਾ ਹੈ। ਉਨ੍ਹਾਂ ਨੂੰ ਇਹ ਸਮਝਾਉਣ ਤੇ ਅਹਿਸਾਸ ਕਰਵਾਉਣ ਦਾ ਕੋਈ ਸਾਰਥਿਕ ਯਤਨ ਹੀ ਨਹੀਂ ਹੁੰਦਾ ਕਿ ਦੁਨੀਆ ਦਾ ਇੱਕੋ-ਇਕ ਧਰਮ, ਸਿੱਖ ਧਰਮ ਹੈ, ਜਿਸਨੇ ਨੀਵਿਆਂ ਨੂੰ ਛਾਤੀ ਨਾਲ ਲਾਇਆ ਹੈ। ਗਰੀਬ ਸਿੱਖਾਂ ਨੂੰ ਹੀ ਪਾਤਸ਼ਾਹੀਆਂ ਬਖਸੀਆਂ ਹਨ। ਇਹ ਵੱਖਰੀ ਗੱਲ ਹੈ ਕਿ ਅੱਜ ਇਕ ਵਾਰ ਫਿਰ ਸਿੱਖੀ ਤੇ ਸਰਮਾਏਦਾਰੀ ਭਾਰੂ ਹੋ ਗਈ ਹੈ ਅਤੇ ਸਿੱਖ ਸਿਧਾਂਤਾਂ ਨੂੰ ਪਾਖੰਡਵਾਦ, ਆਡੰਬਰਵਾਦ ਤੇ ਜਾਤ-ਪਾਤ ਦਾ ਮੁਲੰਮਾ ਚਾੜ੍ਹ ਦਿੱਤਾ ਗਿਆ ਅੱਜ ਇਕ ਏਕੜ ਜ਼ਮੀਨ ਦਾ ਕਰੋੜ-ਕਰੋੜ ਲੈ ਕੇ, ਕੰਨ੍ਹਾਂ ’ਚ ਨੱਤੀਆਂ ਪਾ ਕੇ ਵੱਡੀਆਂ ਗੱਡੀਆਂ ਦੇ ਝੂਟੇ ਲੈਂਦੇ, ਲੱਚਰਤਾ ਤੇ ਨਸ਼ਿਆਂ ’ਚ ਗਲਤਾਨ ‘ਜੱਟਾਂ’ ਦੇ ਮੁੰਡਿਆਂ ਨੂੰ ਵੀ ਇਹ ਸੱਚ ਸਮਝਾਉਣ ਦੀ ਲੋੜ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ‘ਮਜ਼ਾਰਿਆਂ’ ਨੂੰ ਜ਼ਮੀਨਾਂ ਦੇ ਮਾਲਕ ਨਹੀਂ ਬਣਾਉਂਦੇ, ਦੱਬੇ-ਕੁਚਲੇ ਲੋਕਾਂ ਨੂੰ ਸਰਦਾਰੀ ਨਾ ਬਖ਼ਸਦੇ ਤਾਂ ਪੰਜਾਬ ਦੇ ‘ਜੱਟ’ ਦੀ ਸਥਿੱਤੀ ਅੱਜ ਵੀ ਤਰਸਯੋਗ ਹੀ ਹੋਣੀ ਸੀ। ਜਿਸ ਧਰਮ ਨੇ ਦੱਬੇ ਕੁਚਲੇ, ਸਮਾਜ ਦੇ ਗਰੀਬ ਵਰਗ ਨੂੰ ਅਗਵਾਈ ਦੇਣ ਦੇ ਸਮਰੱਥ ਬਣਾਇਆ, ਜੇ ਉਹ ਵਰਗ ਅੱਜ ਸਿੱਖੀ ਤੋਂ ਦੂਰ ਜਾ ਰਿਹਾ ਹੈ ਤਾਂ ਘਾਟ ਕਿੱਥੇ ਹੈ? ਇਸ ਬਾਰੇ ਕੌਮ ਦੇ ਆਗੂਆਂ ਨੂੰ ਆਪੋ-ਆਪਣੇ ਅੰਦਰ ਝਾਤੀ ਮਾਰਨ ਅਤੇ ਕੌਮ ਦੇ, ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੋਂ ਥਿੜਕ ਜਾਣ ਦੇ ਕਾਰਣਾਂ ਨੂੰ ਘੋਖਣਾ ਤੇ ਉਨ੍ਹਾਂ ਨੂੰ ਦੂਰ ਕਰਨ ਵੱਲ ਤੁਰਨਾ ਜ਼ਰੂਰ ਚਾਹੀਦਾ ਹੈ। ਅੱਜ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿਰਜੇ ‘ਫ਼ਤਿਹ ਦਿਵਸ’ ਨੂੰ ਮਨਾਇਆ ਜਾ ਰਿਹਾ ਹੈ ਤਾਂ ਹੋਣਾ ਇਹ ਚਾਹੀਦਾ ਸੀ ਕਿ ਇਸ ‘ਇਨਕਲਾਬੀ ਯੋਧੇ’ ਦੀ ਜੈ-ਜੈਕਾਰ ਕਰਨ ’ਚ ਦਲਿਤ ਤੇ ਦੱਬੇ-ਕੁਚਲੇ ਭਾਈਚਾਰੇ ਦੇ ਵਾਰਿਸ ਸਭ ਤੋਂ ਅੱਗੇ ਹੁੰਦੇ ਅਤੇ ਸਮੁੱਚੀ ਦੁਨੀਆ ਨੂੰ ਦੱਸਿਆ ਜਾਂਦਾ ਕਿ ਅੱਜ ਤੋਂ ਤਿੰਨ ਸਦੀਆਂ ਪਹਿਲਾ ‘ਬਰਾਬਰੀ ਦੇ ਰਾਜ’ ਦੀ ਨੀਂਹ ਰੱਖਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖੀ ਸਿਧਾਤਾਂ ਦੀ ਰੋਸ਼ਨੀ ’ਚ ਜਿਨ੍ਹਾਂ ਸਿਧਾਂਤਾਂ ਤੇ ਅਧਾਰਿਤ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ, ਉਹ ਸਹੀ ਅਰਥਾਂ ’ਚ ਆਮ ਲੋਕਾਂ ਦਾ ਰਾਜ ਸੀ, ਜਿਹੜਾ ਦੁਨੀਆ ਤੇ ਗੁਰਬਾਣੀ ਅਨੁਸਾਰ ਹਲੀਮੀ ਰਾਜ ਦੀ ਬੁਨਿਆਦ ਸੀ। ਜਿਵੇਂ ਅਸੀਂ ਪਹਿਲਾ ਵੀ ਲਿਖਿਆ ਹੈ ਕਿ ਸਿੱਕਲੀਗਰ, ਵਣਜਾਰੇ, ਸਤਨਾਮੀਏ, ਲੁਬਾਣੇ, ਦਲਿਤ ਸਿੱਖਾਂ ਨੂੰ ਸਿੱਖੀ ਨਾਲ ਜੋੜਨ ਅਤੇ ਉਨ੍ਹਾਂ ਦੀ ਉਹ ਹਰ ਲੋੜੀਂਦੀ ਮੱਦਦ ਕੀਤੇ ਜਾਣ ਦੀ ਵੱਡੀ ਲੋੜ ਹੈ, ਜਿਸ ਨਾਲ ਸਿੱਖੀ ਦਾ ਘੇਰਾ ਪ੍ਰਫੁੱਲਤ ਹੋਵੇ ਅਤੇ ਇਹ ਸਾਰੇ ਆਰਥਿਕ ਪੱਖੋਂ ਕੰਮਜ਼ੋਰ ਸਿੱਖ, ਕੌਮ ਦੀਆਂ ਮਜ਼ਬੂਤ ਬਾਹਾਂ ਬਣਨ ਦੇ ਸਮਰੱਥ ਹੋਣ। ਦੂਸਰਾ ਅੱਜ ਇਹ ਵੀ ਲੋੜ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਸਬੰਧਤ ਸੰਪੂਰਨ ਇਤਿਹਾਸ, ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਲੇਠੇ ਸਿੱਖ ਰਾਜ ਦੀ ਉਸਾਰੀ ਕਰਨ ਵਾਲੇ ਅਣਗੋਲੇ ਜਰਨੈਲਾਂ ਬਾਰੇ ਡੂੰਘੀ ਖੋਜ ਉਪਰੰਤ ਇਤਿਹਾਸ ਲਿਖਿਆ ਜਾਵੇ, ਕਿਉਂਕਿ ਜਿਸ ਤਰ੍ਹਾਂ ਦੀਆਂ ਗ਼ਲਤ ਫ਼ਹਿਮੀਆਂ ਉਸ ਸਮੇਂ ਦੇ ਜਾਂ ਫਿਰ ਬਾਅਦ ਦੇ ਕਈ ਇਤਿਹਾਸਕਾਰਾਂ ਨੇ ਖੜ੍ਹੀਆਂ ਕੀਤੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਬਾਨੀ ਹੀ ਨਹੀਂ ਅਜਿਹਾ ਇਨਕਲਾਬੀ ਯੋਧਾ ਵੀ ਸੀ ਜਿਸ ਨੇ ਗੁਰੂ ਸਾਹਿਬਾਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਅਤੇ ਮਨੁੱਖਤਾ ਦੇ ਸਭ ਤੋਂ ਕਲਿਆਣਕਾਰੀ ਰਾਜ ਵਜੋਂ ਸਿੱਖ ਰਾਜ ਨੂੰ ਦੁਨੀਆ ਸਾਹਮਣੇ, ਜਿਸ ਭਾਵਨਾ ਨਾਲ ਪੇਸ਼ ਕੀਤਾ ਉਸ ਭਾਵਨਾ ਨੂੰ ਗੰਧਲਾ ਕਰਨ ਦਾ ਯਤਨ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤਾ ਗਿਆ ਹੈ, ਉਸ ਦੀ ਸਫ਼ਾਈ ਬੇਹੱਦ ਜ਼ਰੂਰੀ ਹੈ। ਅੱਜ ਜਦੋਂ ਸਿੱਖ ਕੌਮ ਸਾਧਨਾਂ ਵਜੋਂ ਜੇ ਬਹੁਤੀ ਅਮੀਰ ਨਹੀਂ ਤਾਂ ਖ਼ਾਲੀ ਵੀ ਨਹੀਂ, ਜੇ ਅੱਜ ਵੀ ਅਸੀਂ ਅਧੂਰੇ ਜਾਂ ਗ਼ਲਤ ਇਤਿਹਾਸ ਤੋਂ ਅੱਖਾਂ ਮੀਚੀ ਰੱਖਿਆ ਤਾਂ ਦਸਮੇਸ਼ ਪਿਤਾ ਦਾ ਬਖ਼ਸਿਆ ਨਿਆਰਾਪਣ ਇਸ ਮੁਲੰਮੇ ਕਾਰਣ ਆਪਣੀ ਅਸਲ ਲਿਸ਼ਕੋਰ ਤੋਂ ਵਾਝਾਂ ਹੀ ਰਹੇਗਾ। ਅੱਜ ਇਹ ਵੀ ਲੋੜ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਬੇ-ਕੁਚਲੇ ਲੋਕਾਂ ਦੇ ਨਾਇਕ ਵਜੋਂ, ਉਸ ਵੱਲੋਂ ਕੀਤੇ ਅਨੂਠੇ ਕਾਰਨਾਮਿਆਂ ਕਾਰਣ ਵੱਧ ਤੋਂ ਵੱਧ ਉਭਾਰਿਆ ਜਾਵੇ ਅਤੇ ਸਿੱਖ ਪੰਥ ਦਾ ਉਹ ਵਰਗ ਜਿਸ ਨੂੰ ਦੱਬਿਆ-ਕੁਚਲਿਆ ਵਰਗ ਮੰਨਿਆ ਜਾਂਦਾ ਹੈ। ਮੁੜ ਤੋਂ ਕੌਮ ਦੀ ਝੋਲੀ ਆ ਜਾਵੇ।
 
Top