ਸ਼ਹੀਦੀ ਭਾਈ ਮਨੀ ਸਿੰਘ ਜੀ

ਸ਼ਹੀਦੀ ਭਾਈ ਮਨੀ ਸਿੰਘ ਜੀ

ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨਾਂ ਨੂੰ ਲਾਹੌਰ ਦੇ ਨਖਾਸ ਚੋਂਕ ਵਿਚ ਬੰਦ ਬੰਦ ਕੱਟਕੇ ਸ਼ਹੀਦ ਕੀਤਾ ਗਿਆ
ਭਾਈ ਸਾਹਿਬ ਜੀ ਦੀ ਮਹਾਨ ਸ਼ਾਹਦਤ ਨੂੰ ਕੋਟ ਕੋਟ ਪ੍ਰਨਾਮ _/\_
(ਸ਼ਹੀਦੀ 9 ਜੁਲਾਈ 1734)
ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਮਹਾਨ ਹਸਤੀ ਸਨ। ਆਪ ਦਾ ਜਨਮ 10 ਮਾਰਚ ਸੰਨ 1644 ਈ. ਚੇਤਰ ਸੁਦੀ 12, ਸੰਮਤ 1701 ਬਿਕ੍ਰਮੀ ਨੂੰ ਭਾਈ ਮਾਈ ਦਾਸ ਦੇ ਘਰ ਹੋਇਆ। ਅਨੇਕ ਸੱਜਣ ਭਾਈ ਮਨੀ ਸਿੰਘ ਜੀ ਦਾ ਜਨਮ ਕੈਂਬੋਵਾਲ ਵਿਚ ਹੋਇਆ ਮੰਨਦੇ ਹਨ ਪਰ ਪ੍ਰਸਿੱਧ ਖੋਜੀ ਵਿਦਵਾਨ ਗਿਆਨੀ ਗਰਜਾ ਸਿੰਘ ਨੇ ਸ਼ਹੀਦ ਬਿਲਾਸ ਨਾਮੀ ਪੁਸਤਕ, ਜੋ ਭੱਟ ਵਹੀਆਂ ਦੇ ਆਧਾਰ 'ਤੇ ਲਿਖੀ ਹੈ, ਵਿਚ ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਵਿਚ ਭਾਈ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ, ਜ਼ਿਲਾ ਮੁਜ਼ੱਫ਼ਰਗੜ੍ਹ ਪਾਕਿਸਤਾਨ ਵਿਚ ਹੋਇਆ।
ਜਦੋਂ ਭਾਈ ਮਨੀ ਸਿੰਘ ਜੀ 13 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਲਈ ਸ੍ਰੀ ਕੀਰਤਪੁਰ ਸਾਹਿਬ ਲੈ ਆਏ। ਬਾਲਕ ਮਨੀਏ ਨੇ ਜਦ ਸਤਿਗੁਰੂ ਦੇ ਚਰਨਾਂ ਵਿਚ ਸੀਸ ਝੁਕਾਇਆ ਤਾਂ ਗੁਰਾਂ ਨੇ ਹੋਣਹਾਰ ਮਨੀਏ ਨੂੰ ਦੇਖ ਕੇ ਫਰਮਾਇਆ ਕਿ ਇਹ ਬਾਲਕ ਸਾਰੇ ਜਗਤ ਵਿਚ ਪ੍ਰਸਿੱਧੀ ਹਾਸਿਲ ਕਰੇਗਾ।
ਜਦੋਂ ਆਪ 15 ਸਾਲ ਦੇ ਹੋਏ ਤਾਂ ਆਪ ਦਾ ਵਿਆਹ ਭਾਈ ਲੱਖੀ ਰਾਏ ਦੀ ਸਪੁੱਤਰੀ ਬੀਬੀ ਸੀਤੋ ਬਾਈ ਨਾਲ ਹੋਇਆ, ਜਿਨ੍ਹਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ।
ਭਾਈ ਮਨੀ ਸਿੰਘ ਜੀ ਗੁਰੂ ਹਰਿਰਾਏ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿਚ ਰਹੇ, ਫਿਰ ਗੁਰੂ ਸਾਹਿਬ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿਚ ਬਕਾਲੇ ਪਿੰਡ ਆ ਹਾਜ਼ਰ ਹੋਏ। ਜਦੋਂ ਗੁਰੂ ਤੇਗ ਬਹਾਦਰ ਜੀ ਪੂਰਬ ਦੇ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਕੇ ਵਾਪਿਸ ਆਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਆਨੰਦਪੁਰ ਆ ਗਏ। ਇਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ।
ਸੰਨ 1688 ਈ. ਵਿਚ ਭੰਗਾਣੀ ਦਾ ਯੁੱਧ ਹੋਇਆ। ਇਸ ਯੁੱਧ ਵਿਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਦਿਖਾਏ। ਇਸੇ ਜੰਗ ਵਿਚ ਆਪ ਦੇ ਭਰਾ ਭਾਈ ਹਰੀ ਚੰਦ ਜੀ ਸ਼ਹੀਦੀ ਪਾ ਗਏ। ਸੰਨ 1690 ਨੂੰ ਨਦੌਣ ਦੀ ਜੰਗ ਵਿਚ ਆਪ ਦੀ ਬਹਾਦਰੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਿਸ਼ਾਹ ਨੇ ਆਪ ਜੀ ਨੂੰ 'ਦੀਵਾਨ' ਦੀ ਉਪਾਧੀ ਬਖਸ਼ੀ। ਜਦੋਂ ਸੰਨ 1699 ਈ. ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਸਾਜਿਆ ਤਾਂ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ ਤਾਂ ਆਪ ਦਾ ਨਾਮ ਮਨੀਏ ਤੋਂ 'ਮਨੀ ਸਿੰਘ' ਹੋਇਆ।
ਆਨੰਦਪੁਰ ਸਾਹਿਬ ਦੀ ਪਹਿਲੀ ਜੰਗ, ਜਿਸ ਵਿਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ। ਭਾਈ ਮਨੀ ਸਿੰਘ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਮੁਕਾਬਲਾ ਕੀਤਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੰਜ ਪੁੱਤਰ ਸ਼ਾਮਿਲ ਸਨ। ਸੰਮਤ 1761, ਸੰਨ 1704 ਈ. ਵਿਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਤੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹੇ। ਸੰਮਤ 1762-63, ਸੰਨ 1705-06 ਵਿਚ ਭਾਈ ਮਨੀ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਨਾਲ ਦਮਦਮਾ ਸਾਹਿਬ ਪੁੱਜੇ। ਇਥੇ ਹੀ ਕਲਗੀਧਰ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾਈ। ਇਸ ਗ੍ਰੰਥ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸੇ ਬੀੜ ਨੂੰ ਮਗਰੋਂ ਨਾਂਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਜਦੋਂ ਸਿੱਖਾਂ ਵਿਚ ਤੱਤ ਖਾਲਸਾ ਤੇ ਬੰਦਈ ਖਾਲਸਾ ਵਿਚ ਮੱਤਭੇਦ ਹੋ ਗਏ ਤਾਂ ਝਗੜਾ ਨਿਬੇੜਨ ਲਈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ। ਜਦੋਂ ਉਹ ਅੰਮ੍ਰਿਤਸਰ ਆਏ ਤਾਂ ਦੋਹਾਂ ਧੜਿਆਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਜੀ ਦੇ ਸੰਭਾਲਣ 'ਤੇ ਹੀ ਝਗੜਾ ਨਿੱਬੜ ਸਕਦਾ ਹੈ। ਸੋ ਸੰਨ 1721 ਈ., ਸੰਮਤ 1778 ਬਿਕ੍ਰਮੀ ਵਿਚ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ।
ਭਾਈ ਮਨੀ ਸਿੰਘ ਜੀ ਤਪੱਸਵੀ, ਕੁਸ਼ਲ ਲਿਖਾਰੀ, ਗੁਰਬਾਣੀ ਅਰਥ-ਬੋਧ ਦੇ ਗਿਆਤਾ, ਤੀਰਅੰਦਾਜ਼ੀ ਤੇ ਤਲਵਾਰ ਚਲਾਉਣ ਵਿਚ ਨਿਪੁੰਨ ਸਨ। ਭਾਈ ਮਨੀ ਸਿੰਘ ਜੀ ਦਾ ਸਾਰਾ ਪਰਿਵਾਰ 11 ਭਰਾ, 10 ਪੁੱਤਰਾਂ 'ਚੋਂ 7 ਪੁੱਤਰ ਤੇ ਕਈ ਪੋਤਰੇ ਸਿੱਖੀ ਸਿਦਕ ਨੂੰ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।ਉਨ੍ਹਾਂ ਦੇ ਪਰਿਵਾਰ ‘ਚੋਂ 52 ਜੀਆਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ।
18ਵੀਂ ਸਦੀ ਦੇ ਆਰੰਭ ਵਿਚ ਇਕ ਪਾਸੇ ਸਿੱਖਾਂ 'ਤੇ ਅੱਤਿਆਚਾਰ ਹੋ ਰਹੇ ਸਨ, ਦੂਜੇ ਪਾਸੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਜੀ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਦੀਵਾਲੀ ਦੇ ਮੌਕੇ 'ਤੇ ਅੰਮ੍ਰਿਤਸਰ ਵਿਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ ਇਕ ਸ਼ਰਤ 'ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਤੌਰ ਮੇਲਾ ਟੈਕਸ 5000 ਰੁਪਏ, ਕੁਝ ਇਤਿਹਾਸਕਾਰਾਂ ਅਨੁਸਾਰ 10,000 ਰੁਪਏ ਅਦਾ ਕੀਤਾ ਜਾਵੇ।
ਭਾਈ ਮਨੀ ਸਿੰਘ ਜੀ ਨੇ ਦੂਰ-ਨੇੜੇ ਸਿੱਖ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਦੀਵਾਲੀ 'ਤੇ ਆਉਣ ਲਈ ਸੱਦੇ ਭੇਜ ਦਿੱਤੇ , ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਦੂਜੇ ਪਾਸੇ ਮੁਗਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਲੋਕ ਮੇਲੇ 'ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ। ਭਾਈ ਮਨੀ ਸਿੰਘ ਜੀ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ। ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ (ਜਜ਼ੀਆ) ਅਦਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਕਿਹਾ ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਕਿ ਜਦੋਂ ਮੇਲਾ ਲੱਗਾ ਹੀ ਨਹੀਂ, ਫਿਰ ਟੈਕਸ ਕਾਹਦਾ ਅਦਾ ਕਰਾਂ।
ਭਾਈ ਮਨੀ ਸਿੰਘ ਤੇ ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸੰਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਤੇ ਭਾਰੀ ਲਾਲਚ ਦਿੱਤੇ ਗਏ। ਭਾਈ ਸਾਹਿਬ ਲਾਹੌਰ ਜੇਲ ਵਿਚ ਵੀ ਸਵੇਰੇ-ਸ਼ਾਮ ਨਿੱਤਨੇਮ ਤੇ ਕਥਾ ਜ਼ਰੂਰ ਕਰਦੇ। ਜਦੋਂ ਭਾਈ ਸਾਹਿਬ ਨੇ ਲਾਹੌਰ ਦੇ ਸੂਬੇਦਾਰਾਂ ਦੇ ਦਿੱਤੇ ਲਾਲਚ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਲਾਹੌਰ ਦੇ ਸੂਬੇਦਾਰ ਨੂੰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਕੱਟ ਦਿਓ ਪਰ ਮੈਂ ਸਿੱਖੀ ਸਿਦਕ ਨਹੀਂ ਛੱਡ ਸਕਦਾ।
ਲਾਹੌਰ ਦੇ ਸੂਬੇਦਾਰ (ਗਵਰਨਰ) ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਜਦੋਂ ਜਲਾਦਾਂ ਨੇ ਭਾਈ ਮਨੀ ਸਿੰਘ ਜੀ ਦਾ ਹੱਥ ਪੱਥਰ 'ਤੇ ਰੱਖ ਕੇ ਵੀਣੀ ਕੋਲੋਂ ਵੱਢਣਾ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਸ ਨੇ ਉਂਗਲੀਆਂ ਦੇ ਕਿੰਨੇ ਜੋੜ ਛੱਡ ਦਿੱਤੇ ਹਨ। ਜਦੋਂ ਉਸ ਨੂੰ ਬੰਦ-ਬੰਦ ਕੱਟਣ ਲਈ ਕਿਹਾ ਗਿਆ ਹੈ ਤਾਂ ਮਾਲਕ ਦੇ ਹੁਕਮ ਦੀ ਪਾਲਣਾ ਕਿਉਂ ਨਹੀਂ ਕਰਦਾ। ਭਾਈ ਮਨੀ ਸਿੰਘ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ 1734 ਈ. ਨੂੰ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ ਪਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794 ਹਾੜ ਸੁਦੀ ਪੰਚਮੀ ਨੂੰ 1737 ਈ. (93 ਸਾਲ ਦੀ ਉਮਰ) ਲਾਹੌਰ ਦੇ ਨਿਖਾਸ ਚੌਕ 'ਤੇ ਬੰਦ-ਬੰਦ ਕਟਵਾ ਕੇ ਸ਼ਹੀਦ ਕੀਤਾ ਗਿਆ।
unp ਵਲੋਂ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਾਹਦਤ ਨੂੰ ਕੋਟ ਕੋਟ ਪ੍ਰਨਾਮ _/\_
4445673829_4f10baef07_b-1.jpg

 
Top