ਮਹਿੰਗਾਈ ਸੱਚ ਸਸਤਾਈ ਝੂਠ

'MANISH'

yaara naal bahara
ਗੁਰੂ ਨਾਨਕ ਦੇਵ ਜੀ ਨੇ ਇਕ ਵਾਰ ਭਾਈ ਮਰਦਾਨੇ ਨੂੰ ਇਕ ਪੈਸੇ ਦਾ ਸੱਚ ਤੇ ਇਕ ਪੈਸੇ ਦਾ ਝੂਠ ਖਰੀਦਣ ਲਈ ਭੇਜਿਆ। ਮਰਦਾਨਾ ਹੱਟੀਓ ਹੱਟੀ ਘੁੰਮਿਆ। ਲੋਕਾਂ ਦੇ ਮਖੌਲ ਦਾ ਕੇਂਦਰ ਬਣਿਆ। ਸੱਚਜ ਤੇ ਝੂਠ ਦੀ ਸੌਦਾਗਰੀ ਕੌਣ ਕਰੇ? ਆਖਰ ਮਰਦਾਨਾ ਇਕ ਬ੍ਰਹਮ ਗਿਆਨੀ ਦੀ ਹੱਟੀ 'ਤੇ ਪੁੱਜ ਗਿਆ। ਸੌਦੇ ਦੀ ਮੰਗ ਕੀਤੀ। ਹੱਟੀ ਵਾਲੇ ਨੇ ਪਹਿਲਾਂ ਤਾਂ ਭਾਈ ਮਰਦਾਨੇ ਨੂੰ ਨਮਸਕਾਰਿਆ। ਧੰਨਵਾਦ ਕਰਦਿਆਂ ਬੋਲਿਆ, ''ਭਾਈ ਸ਼ਖਸਾ ਮਰਨਾ ਸੱਚ ਤੇ ਜੀਣਾ ਝੂਠ।''
ਇਹ ਸਾਖੀ ਅਸੀਂ ਪਿਛਲੇ ਪੰਜ ਸੌ ਸਾਲ ਤੋਂ ਸੁਣ ਰਹੇ ਹਾਂ ਤੇ ਸੁਣਾ ਰਹੇ ਹਾਂ। ਮੌਤ ਬਰਾਬਰ ਸੱਚ ਤੇ ਜ਼ਿੰਦਗੀ ਬਰਾਬਰ ਝੂਠ ਦਾ ਬਦਲ ਲੱਭ ਨਹੀਂ ਸਕੇ। ਸ਼ਾਇਦ ਇਸੇ ਤੇ ਸਿਰਫ਼ ਇਸੇ ਕਾਰਨ ਨਾ ਅਸੀਂ ਸੱਚਾ ਸੁੱਚਾ ਜੀਅ ਸਕੇ ਅਤੇ ਨਾ ਹੀ ਝੂਠੀ ਮੂਠੀ ਮਰਨ ਲਈ ਅਸੀਂ ਤਿਆਰ ਹੋ ਸਕੇ। ਅਸੀਂ ਇਹ ਸ਼ਿਅਰ :
ਲਾਈ ਹਿਆਤਆਏ, ਕਜ਼ਾ ਲੇ ਚਲੀ ਚਲੇ
ਆਪਣੀ ਖੁਸ਼ੀ ਨਾ ਆਏ, ਨਾ ਆਪਣੀ ਖੁਸ਼ੀ ਚਲੇ।
ਪੜ੍ਹਦੇ ਤਾਂ ਰਹੇ ਪਰ ਨਾ ਤੇ ਖੁਸ਼ ਖੁਸ਼ਹਾਲ ਜ਼ਿੰਦਗੀ ਜੀਅ ਸਕੇ ਅਤੇ ਨਾ ਹੀ ਮਰਦਾਂ ਵਾਂਗ ਮਰ ਸਕੇ। ਮਰਦਾਂ ਦੇ ਜਨਾਜ਼ੇ ਨਾਲ ਜਾਣ ਦਾ ਸਾਨੂੰ ਵਿਹਲ ਮਿਲਿਆ ਹੀ ਨਹੀਂ ਤੇ ਮੂਜ਼ੀਆਂ ਦੀ ਜਨੇਤ ਵਿਚ ਮੁਫ਼ਤ ਦੀ ਸ਼ਰਾਬ ਪੀ ਕੇ ਅਬਦੁਲੇ ਦੀਵਾਨੇ ਬਣ ਕੇ ਅਸੀਂ ਨੱਚਦੇ ਰਹੇ।
ਅਜੇ ਅਸੀਂ ਮੌਤ ਦੀ ਪਰਵਾਨਾਗੀਰੀ ਤੇ ਜ਼ਿੰਦਗੀ ਦਾ ਦੀਵਾਨਾਪਣ ਕੀ ਹੈ, ਜਾਨਣਾ ਹੀ ਸੀ ਕਿ ਸੱਚ ਤੇ ਝੂਠ ਦੀ ਇਕ ਨਵੀਂ ਅਸਾਨ, ਸਮਝਣ ਯੋਗ ਤੇ ਪਿਛਲੇ ਛੇ ਦਹਾਕਿਆਂ ਤੋਂ ਸਾਡੇ 'ਤੇ ਵਿਅੰਗ ਕੱਸ ਰਹੀ ਇਕ ਹੋਰ ਪ੍ਰੀਭਾਸ਼ਾ ਬਾਜ਼ਾਰਾਂ, ਮੰਡੀਆਂ ਤੇ ਹੱਟੀਆਂ ਵਿਚ ਮੁਫ਼ਤੋ ਮੁਫ਼ਤੀ ਅਰਥਾਤ :
ਯੂੰ ਤੋ ਹਮਾਰੀ ਕੋਈ ਕੀਮਤ ਨਹੀਂ,
ਚਾਹਨੇ ਵਾਲਾ ਹੋ ਤੋ ਹਮ ਮੁਫ਼ਤ ਮੇਂ ਬਿਕ ਜਾਤੇ ਹੈਂ।
ਸਾਡੇ ਦਿਮਾਗ ਵਿਚ ਵਾੜ ਦਿੱਤੀ ਗਈ। ਬ੍ਰਹਮ ਗਿਆਨੀ ਹਟਵਾਣੀਏ ਦੀ ਸੱਚ ਝੂਠ ਦੀ ਪ੍ਰੀਭਾਸ਼ਾ ਦਿਲ 'ਚੋਂ ਯਾਨੀਕਿ :
ਦਿਲ ਸੇ ਜੋ ਬਾਤ ਨਿਕਲਤੀ ਹੈ।
ਪਰ ਨਹੀਂ ਤਾਕਤੇ ਪਰਵਾਜ਼ ਮਗਰ ਰਖਤੀ ਹੈ।
ਨਿਕਲੀ ਸੀ ਪਰ ਨਵੀਂ ਪ੍ਰੀਭਾਸ਼ਾ ਘੱਟ ਵੱਟਿਆਂ, ਪਾਸਕੂ ਵਾਲੀ ਡੰਡੀ ਮਾਰ ਤੱਕੜੀ ਤੇ ਬੇਈਮਾਨ ਦੁਕਾਨਦਾਰ ਅਤੇ ਸਰਕਾਰ ਦੀਆਂ ਬੇਕਾਰ ਨੀਤੀਆਂ ਵਿਚੋਂ ਨਿਕਲੀ ਹੈ।
ਪ੍ਰੀਭਾਸ਼ਾ ਹੈ, ''ਮਹਿੰਗਾਈ ਸੱਚ ਤੇ ਸਸਤਾਈ ਝੂਠ।'' ਅੱਜ ਲੋਕਾਂ ਨੂੰ ਇਤਬਾਰ ਹੀ ਨਹੀਂ ਆਉਂਦਾ ਕਿ ਮਹਿੰਗਾਈ ਰੁਕ ਸਕਦੀ ਹੈ। ਸਰਕਾਰ ਜਿੰਨਾ ਰੌਲਾ ਪਾਉਂਦੀ ਹੈ ਕਿ ਮਹਿੰਗਾਈ ਹਰ ਹਾਲ ਘੱਟ ਹੋਵੇਗੀ, ਮਹਿੰਗਾਈ ਸਿਰ ਹੋਰ ਉਪਰ ਚੁੱਕਦੀ ਹੈ। ਸਰਕਾਰ ਦਿੱਲੀ ਵਿਚ ਬੁਕਦੀ ਹੈ, ਮਹਿੰਗਾਈ ਬਾਜ਼ਾਰਾਂ ਵਿਚ ਬੁਕਦੀ ਹੈ ਤੇ ਸਰਕਾਰ ਦੇ ਮੋਢਿਆਂ ਉਪਰ ਦੀ ਬੁਕਦੀ ਹੈ-
ਨਾ ਖੰਜਰ ਚਲੇਗਾ ਨਾ ਤਲਵਾਰ ਇਨਸੇ,
ਯੇ ਬਾਜ਼ੂ ਮੇਰੇ ਆਜ਼ਮਾਏ ਹੂਏ ਹੈਂ।
ਜਦ ਤੱਕ ਮਹਿੰਗਾਈ ਦੇ ਚੂਹੇ ਦੀ ਇਕ ਡੁੱਡ ਸਰਕਾਰ ਬੰਦ ਕਰਦੀ ਹੈ ਤਦ ਤਕ ਉਹ ਦਸ ਹੋਰ ਡੁੱਡਾ ਕੱਢ ਲੈਂਦਾ ਹੈ। ਸਰਕਾਰ ਮਹਿੰਗਾਈ ਦਾ ਇਕ ਚੂਹਾ ਜਦ ਤਕ ਕੁੜਿੱਕੀ ਵਿਚ ਫਸਾਉਂਦੀ ਹੈ ਤਦ ਤਕ ਚੂਹੇ ਚੂਹੀਆਂ ਦਾ ਸੁਮੇਲ ਨਵੇਂ ਬੱਚੇ ਦੇ ਦਿੰਦਾ ਹੈ।
ਮਹਿੰਗਾਈ ਦਾ 'ਸੱਚ' ਐਨਾ ਬਲਵਾਨ ਹੋ ਗਿਆ ਹੈ ਕਿ ਉਹ ਜਿਹਨੂੰ ਚਾਹੇ ਖਰੀਦ ਸਕਦਾ ਹੈ ਤੇ ਉਹ ਵੀ ਮੂੰਹ ਮੰਗੀ ਕੀਮਤ 'ਤੇ। ਵੋਟ ਵਿਕ ਰਹੇ ਹਨ ਐਮ. ਸੀ. ਤੋਂ ਸੀ. ਐਮ. ਤੱਕ ਦੇ ਐਮ. ਪੀ. ਤੋਂ ਪੀ. ਐਮ. ਤੱਕ ਮੰਡੀ ਦਾ ਮਾਲ ਬਣੀ ਬੈਠੇ ਹਨ। ਮਹਾਤਮਾ ਗਾਂਧੀ ਦੀ ਗਾਂਧੀਗਿਰੀ ਦੇ ਰੂਪ ਵਿਹ ਪਛਾਣ ਅਲੋਪ ਹੈ ਜੋ ਨੋਟ ਦੇ ਰੂਪ ਵਿਚ ਹਰ ਕੋਈ ਜਾਣਦਾ ਹੈ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਗਾਂਧੀਆਂ ਵੱਟੇ ਵਿਕਣਾ ਹੈ। ਕੀ ਕਰੀਏ ਨੋਟ ਵਾਲਾ ਗਾਂਧੀ ਲਾਠੀ ਮਾਰਨ ਜੋਗਾ ਵੀ ਨਹੀਂ ਹੈ ਤੇ ਬਗਾਵਤ ਕਰਨ ਜੋਗਾ ਵੀ ਨਹੀਂ।
ਨੋਟ 'ਤੇ 'ਸਤਿਆ ਮੇਵ ਜਯਤੇ' ਲਿਖ ਕੇ ਜਿੱਤ ਨੋਟ ਨੂੰ ਬਖਸ਼ ਦਿੱਤੀ। ਇਸ ਨੋਟ ਦਾ ਫੈਲਾਅ (ਅਰਥਾਤ ਗਾਂਧੀ ਦੀ ਮੂਰਤ ਦਾ ਕਰੰਸੀਆਨਾ ਪ੍ਰਯੋਗ) ਹੀ ਮਹਿੰਗਾਈ ਦੇ ਸੱਚ ਨੂੰ ਜਿਊਂਦਾ ਹੀ ਨਹੀਂ ਬਲਵਾਨ ਬਣਾ ਰਿਹਾ ਹੈ।
ਗੱਲ ਸਸਤੇਪਣ ਦੀ ਲਈਏ ਤਾਂ ਹਰ ਬੀਤਿਆ ਦਿਨ ਸਸਤਾ ਹੈ। ਉਹ ਦਿਹਾੜੇ ਸੁਪਨਾ ਹੋ ਗਏ ਜਦੋਂ ਸੋਨਾ 45 ਰੁਪਏ ਤੋਲਾ ਸੀ। ਉਹ ਸਮੇਂ ਕਿੱਧਰ ਗੁੰਮ ਹੋ ਗਏ ਜਦ ਕਣਕ ਇਕ ਰੁਪਏ ਸੇਰ, ਖੰਡ ਬਾਰਾਂ ਆਨੇ ਸੇਰ ਤੇ ਦੁੱਧ ਅੱਠ ਆਨੇ ਸੇਰ ਸੀ। 'ਸੋਨੇ ਦੀ ਚਿੜੀ' ਭਾਰਤ ਹੁਣ ਖੰਭ ਖੁੱਸੀ ਮਿੱਟੀ ਦੀ ਚਿੜੀ ਵੀ ਨਹੀਂ ਰਿਹਾ। ਦੁੱਧ, ਦਹੀਂ ਤੇ ਘਿਓ ਦੀਆਂ ਨਹਿਰਾਂ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਨਿਗਲ ਗਏ।
ਬਾਜ਼ਾਰ ਵਿਚ ਜੇ ਕੋਈ ਹਿੰਮਤ ਕਰਕੇ ਪੁੱਛ ਹੀ ਲਵੇ 'ਲਾਲਾ ਜੀ ਅੱਜ ਕਲ ਸਸਤਾ ਕੀ ਹੈ?' ਉੱਤਰ ਮਿਲੇਗਾ 'ਬਾਬੂ ਜੀ ਰੱਬ ਦਾ ਨਾਂ' ਪਰ ਰੱਬ ਦਾ ਨਾਂ ਕਿਹੜਾ ਸਸਤ ਹੈ। ਪੁਜਾਰੀ ਪੂਜਾ ਦੇ ਪੈਸੇ ਚੜ੍ਹਦੇ ਸਨਸੈਕਸ ਦੇ ਰੇਟ ਅਨੁਸਾਰ ਮੰਗਦਾ ਹੈ। ਮੰਗੇ ਵੀ ਕਿਉਂ ਨਾ। ਭੁੱਖੇ ਰਹਿ ਕੇ ਤਾਂ ਕਬੀਰ ਜੀ ਨੇ ਭਗਤੀ ਕਰਨ ਤੋਂ ਸਿਰ ਫੇਰ ਦਿੱਤਾ ਸੀ।
ਭੂਖੇ ਭਗਤਿ ਨਾ ਕੀਜੈ।
ਯੇਹ ਮਾਲਾ ਆਪਣੀ ਲੀਜੈ।
ਪੁਜਾਰੀ ਚਾਹੇ ਕਿਸੇ ਵੀ ਧਾਰਮਿਕ ਅਸਥਾਨ ਦਾ ਹੋਵੇ ਰੋਟੀ ਤਾਂ ਉਸ ਨੇ ਖਾਣੀ ਹੀ ਹੈ। ਜੇ ਪੁਜਾਰੀ ਦੀ ਇਹ ਹਾਲਤ ਹੈ ਤਾਂ ਫਿਰ ਸੰਸਾਰ ਵਿਚਾਰਾ ਕੀ ਕਰੇ। ਠੰਡਾ ਪਾਣੀ ਪੀ ਮਰੇ। ਤੇ ਮਰਨ ਲਈ ਠੰਡਾ ਪਾਣੀ ਕਿਹੜਾ ਮੁਫ਼ਤ ਮਿਲਦਾ ਹੈ। ਉਹ ਵੀ ਸਸਤਾਈ ਦੇ ਝੂਠ ਦੇ ਪੰਜੇ ਵਿਚ ਛਟਪਟਾ ਰਿਹਾ ਹੈ। ਮਹਿੰਗਾਈ ਦਾ ਸੱਚ ਦਿਨ-ਬ-ਦਿਨ ਲਲਕਾਰ ਕੇ ਕਹਿ ਰਿਹਾ ਹੈ-
ਮਾਰ ਦੀਆ ਜਾਏ ਕਿ ਛੋੜ ਦੀਆ ਜਾਏ
ਬੋਲ ਤੇਰੇ ਸਾਥ ਕਿਆ ਸਲੂਕ ਕੀਆ ਜਾਏ
ਸਸਤਾਪਣ ਐਸੀ ਮਾਰ ਛੱਲ ਵਿਚ ਬਿੱਜੂ ਬਣੀ ਖੜ੍ਹਾ ਹੈ। ਕਬੂਤਰ ਵਾਂਗ ਅੱਖਾਂ ਮੀਟ ਬੈਠਾ। ਇੱਲ ਦੇ ਪੰਜਿਆਂ ਵਿਚ ਫਸੇ ਚੂਹੇ ਵਾਂਗ ਇਹ ਸਮਝ ਰਿਹਾ ਕਿ ਮੈਂ ਅਸਮਾਨੀਂ ਉੜ ਰਿਹਾ ਹਾਂ।
ਜੇਬ ਤੇ ਸੇਵਾ ਬਰੋ ਬਰਾਬਰ ਨਹੀਂ ਚੱਲ ਰਹੇ। ਬੀਮਾਰੀ ਤੇ ਇਲਾਜ ਬਾਹਾਂ ਟੁੰਗੀ ਖੜ੍ਹੇ ਹਨ।
ਬਾਜ਼ਾਰ ਸਰਕਾਰ ਤੇ ਭਾਰੂ ਹੈ ਤਕੜੇ ਤੇ ਤੱਕੜੀ ਦੀ ਇਕਜੁੱਟਤਾ ਹੈ। ਕੁੱਤੀ ਤੇ ਚੋਰ ਘਿਓ ਖਿਚੜੀ ਹਨ। ਦਰਬਾਨ ਦਰਵਾਜ਼ਾ ਛੱਡ ਚੁੱਕਾ ਹੈ। ਵਾੜ ਖੇਤ ਨੂੰ ਡਰਾ ਧਮਕਾ ਰਹੀ ਹੈ ਤੇ ਨੇਤਾ ਸ਼ਹੀਦਾਂ ਦੇ ਕਫ਼ਨ ਵਿਚੋਂ ਕਮਿਸ਼ਨ ਖਾ ਰਿਹਾ ਹੈ।
ਵਿਕੇ ਹੋਏ ਵੋਟਰੋ, ਵਿਕਣੋ ਬੰਦ ਕਰੋ। ਟਿਕਣ ਦੀ ਆਦਤ ਪਾਓ। ਸਰਕਾਰਾਂ ਦੀ ਨੀਤੀ ਤੇ ਨੀਤੀਆਂ ਦਾ ਖੋਟ ਜਾਣੋ। ਵਰਨਾ-
ਮਹਿੰਗਾਈ ਸੱਚ ਰਹੇਗੀ ਸਸਤਾਈ ਝੂਠ ਰਹੇਗਾ।
ਤੇ ਤੁਸੀਂ ਤੁਰਦੀਆਂ ਫਿਰਦੀਆਂ ਲਾਸ਼ਾਂ ਰਹੋਗੇ।
 
Thx.gif
 
Top