ਮਦਹੋਸ਼ ਪੰਜਾਬ ਹੋਸ਼ ਵਿਚ ਆ

Yaar Punjabi

Prime VIP
ਪੰਜਾਬ ਪੰਜਾਬੀ ਪੰਜਾਬੀਅਤ ਦੀ ਸਿਆਸਤ ਅਤੇ ਲੁਕਾਈ
ਮਦਹੋਸ਼ ਪੰਜਾਬ ਹੋਸ਼ ਵਿਚ ਆ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਜੋਕੇ ਸਮੇਂ ਵਿਚ ਲੁਕਾਈ ਆਪਣੇ ਜਿਊਣ ਹਿਤ ਭੁੱਲ ਕੇ ਮਨ ਦੀਆਂ ਮਰਜ਼ੀਆਂ ਨੂੰ ਹਰ ਹਰਬਾ ਵਰਤ ਕੇ ਪੁਗਾਉਣ ਦੀ ਮੁਹਾਰਤ ਹਾਸਲ ਕਰਨ ਵਲ ਪ੍ਰੇਰਿਤ ਹਨ। ਅੱਜ ਕਲ ਪੰਜਾਬ ਵਿਚ ਇਸੇ ਨੂੰ ਹੀ ਸਿਆਸਤ ਮੰਨਦੇ ਹਨ। ਜੋ ਇੰਜ ਕਰਵਾ ਸਕਦਾ ਹੈ ਉਸ ਨੂੰ ਹੀ ਸਿਆਸਤਦਾਨ ਸਵੀਕਾਰਦੇ ਹਨ।
ਪਿੰਡ ਦੀ ਪੰਚਾਇਤੀ ਦੀ ਚੌਧਰ ਲੈਣ ਲਈ ਪਿਛਲੀਆਂ ਪੰਚਾਇਤੀ ਚੋਣਾਂ ਦੇ ਗੈਰ ਸਰਕਾਰੀ ਅੰਕੜਿਆਂ ਮੁਤਾਬਿਕ ਔਸਤਨ 25 ਲੱਖ ਰੁਪਿਆ ਹਰ ਪੰਚਾਇਤ ਨੇ ਆਪੋ ਆਪਣੇ ਧੜੇ ਦੀ ਪੁਗਾਉਣ ਲਈ ਪੰਚ ਖ਼ਰੀਦਣ ਅਤੇ ਸ਼ਰਾਬ ਪਿਆਉਣ ਤੇ ਅਜਾਈਂ ਖ਼ਰਚ ਦਿੱਤਾ। ਪਰ ਉਹ ਆਪਣੇ ਪਿੰਡ ਲਈ ਇਤਨੇ ਹੀ ਪੈਸੇ ਨਾਲ ਸਾਫ਼ ਸਫ਼ਾਈ ਅਤੇ ਗੈਸ ਸਪਲਾਈ ਦੇਣ ਦੇ ਨਾਲ ਹੀ ਨਾਲ ਆਪਣਾ ਨਿੱਕਾ ਜਿਹਾ ਬਿਜਲੀ ਸਪਲਾਈ ਲਈ ਪਾਵਰ ਪਲਾਂਟ ਆਪਣੇ ਘਰ ਦੇ ਨੌਜਵਾਨ ਨੂੰ ਰੁਜ਼ਗਾਰ ਦੇਣ ਲਈ ਆਪਣਾ ਬਾਇਓ ਗੈਸ ਪਲਾਂਟ ਨਹੀਂ ਲਾ ਸਕਦੇ। ਕਿਉਂ ? ਸਿਰਫ਼ ਇਹੋ ਹੀ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹੈਂਕੜਬਾਜ਼ੀ ਵਾਲੀ ਚੌਧਰਾਹਟ ਹੈ। ਜਿਸ ਨੇ ਪੰਜਾਬ ਵਿਚੋਂ ਅਸਲ ਲੋਕ ਮੁੱਦੇ ਮੁਕਾ ਦਿੱਤੇ ਹਨ ਤੇ ਲੁਕਾਈ ਨੂੰ ਆਵਾਰਾ ਕੁੱਤਿਆਂ ਵਾਂਗ ਪੰਜਾਬੀਅਤ ਦੀ ਸੱਥ ਵਿਚ ਇੱਕ ਦੂਜੇ ਦਾ ਦੁਸ਼ਮਣ ਬਣਾ ਕੇ ਮੁਕਾਬਲੇਬਾਜ਼ੀ ਪੈਦਾ ਕਰਵਾ ਦਿੱਤੀ ਹੈ। ਜੋ ਕੂੜੇ ਤੇ ਅਤੇ ਰਹਿੰਦ ਖੂੰਹਦ ਤੇ ਕਬਜ਼ੇ ਕਰ ਕੇ ਆਪੋ ਆਪਣੀ ਲੀਡਰੀ ਚਮਕਾਉਣ ਦਾ ਕੰਮ ਕਰਦੇ ਨੇ। ਇਸ ਤੋਂ ਕਿਸੇ ਨੂੰ ਵਿਹਲ ਨਹੀਂ ਹੈ । ਜੇ ਸੱਥ ਤੇ ਤਾਸ਼ ਕੁੱਟਦੇ ਬਜ਼ੁਰਗਾਂ ਨੂੰ ਜਾਂ ਅੱਡਿਆਂ ਤੇ ਖੜੇ ਜਾਂ ਰਾਤਾਂ ਨੂੰ ਸੜਕਾਂ ਤੇ ਦੂਰ ਦੁਰੇਡੇ ਪਿੰਡ ਤੋਂ ਬਹਿ ਕੇ ਨਸ਼ਾ ਪੱਤਾ ਕਰਦੇ ਨੌਜਵਾਨਾਂ ਨੂੰ ਵੀ ਪੁੱਛ ਲਓ ਤਾਂ ਜਵਾਬ ਇੱਕੋ ਹੈ ‘ਵਿਹਲ ਕਿੱਥੇ ਭਾਈ’ ! ਹਾਂ ਇਨ੍ਹਾਂ ਨੂੰ ਪੰਜਾਬੀਅਤ ਦੀ ਸਿਆਸਤ ਪੁਗਾਉਣ ਲਈ ਟਰਾਲੀਆਂ ਭਰ ਕੇ ਚਾਹੇ ਜਿੱਥੇ ਮਰਜ਼ੀ ਲੈ ਜਾਓ।
ਜੇ ਅੱਜ ਦੇ ਪੰਜਾਬ ਵਿਚ ਤੁਸੀਂ ਕਿਸੇ ਨੂੰ ਪੁੱਛ ਲਓ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਸਿਆਸੀ, ਆਰਥਕ, ਲੋਕ ਹਿਤਕਾਰੀ ਅਤੇ ਰਾਜ ਕਲਿਆਣਕਾਰੀ ਮੁੱਦੇ ਕੀ ਹਨ ? ਇਸ ਦੇ ਜਵਾਬ ਵਿਚ ਅਫ਼ਸਰ ਤੋਂ ਮੀਡੀਏ ਤਕ, ਪ੍ਰਸ਼ਾਸਕ ਤੋਂ ਬੁੱਧੀਜੀਵੀ ਤਕ ਅਤੇ ਸੱਤਾ ਤੋਂ ਵਿਰੋਧੀ ਧਿਰ ਤਕ ਸਭ ਬਗਲੇ ਝਾਕਦੇ ਮਿਲਣਗੇ ? ਅਜਿਹੇ ਬਣਾਏ ਜਾ ਚੁੱਕੇ ਹਨ ਸਿੱਖ ਤੋਂ ਪੰਜਾਬੀ, ਜਿਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ
1. ਪੰਜਾਬ ਵਿਚ ਪੂਰੇ ਭਾਰਤ ਨਾਲੋਂ ਪੈਟਰੋਲ ਸਭ ਤੋਂ ਮਹਿੰਗਾ ਹੈ ਅਤੇ ਗੁਆਂਢੀ ਰਾਜਾਂ ਨਾਲੋਂ ਤਾਂ 5 ਤੋਂ 6 ਰੁਪਏ ਤਕ ਵੱਧ ਪੰਜਾਬ ਸਰਕਾਰ ਦਾ ਟੈਕਸ ਹੀ ਹੈ। ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ।


2. ਪੰਜਾਬ ਵਿਚ ਹੁਣ ਡੀਜ਼ਲ ਵੀ ਪੂਰੇ ਭਾਰਤ ਨਾਲੋਂ ਸਭ ਤੋਂ ਮਹਿੰਗਾ ਹੈ।


3. ਪੰਜਾਬ ਵਿਚ ਬਿਜਲੀ ਪ੍ਰਤਿ ਯੂਨਿਟ ਪੂਰੇ ਭਾਰਤ ਨਾਲੋਂ ਸਭ ਤੋਂ ਮਹਿੰਗੀ ਹੈ ? ਤੇ ਰਾਜ ਦਾ ਪਾਵਰ ਕਾਮ ਸਭ ਤੋਂ ਵੱਧ ਘਾਟੇ ਵਿਚ ਹੈ। ਪਿਛਲੇ ਚਾਰ ਮਹੀਨਿਆਂ ਵਿਚ ਤਿੰਨ ਵਾਰ ਰੇਟ ਵਧਾਏ ਜਾ ਚੁੱਕੇ ਹਨ।


4. ਪੰਜਾਬ ਵਿਚ ਉੱਚ ਵਿੱਦਿਆ ਭਾਰਤ ਦੀਆਂ ਸਾਰੀਆਂ ਹੀ ਰਾਜ ਸਰਕਾਰਾਂ ਨਾਲੋਂ ਸਭ ਤੋਂ ਮਹਿੰਗੀ ਹੈ।


5. ਪੰਜਾਬ ਵਿਚ ਡਾਕਟਰੀ ਇਲਾਜ ਪੂਰੇ ਭਾਰਤ ਨਾਲੋਂ ਸਭ ਤੋਂ ਮਹਿੰਗਾ ਹੈ ਅਤੇ ਸਭ ਤੋਂ ਵੱਧ ਡੁਪਲੀਕੇਟ ਦਵਾਈਆਂ ਪੰਜਾਬ ਦੀ ਧਰਤੀ ਤੇ ਵਿਕਦੀਆਂ ਹਨ। ਵੱਡੇ ਹਸਪਤਾਲ ਡਾਕਟਰਾਂ ਦੇ ਖ਼ਰਚੇ ਪੁਰੇ ਕਰਨ ਲਈ ਉਨ੍ਹਾਂ ਨੂੰ ਉਪਰੇਸ਼ਨਾਂ ਦੇ ‘ਟਾਰਗੈਟ’ ਦਿੰਦੇ ਹਨ ਤੇ ਇੰਜ ਨਾ ਹੋਣ ਤੇ ਵੀ ਡਾਕਟਰ ਆਪਣੀਆਂ ਸਹੂਲਤਾਂ ਤੇ ਰਿਸ਼ਵਤਾਂ ਲਈ ਓਪਰੇਸ਼ਨ ਕਰ ਰਹੇ ਹਨ।


6. ਪੰਜਾਬ ਵਿਚ ਖੇਤੀਬਾੜੀ ਦੀਆਂ ਦਵਾਈਆਂ ਦੀ ਖਪਤ ਪੂਰੇ ਭਾਰਤ ਦੀ ਔਸਤ ਨਾਲੋਂ ਸਭ ਤੋਂ ਵੱਧ ਹੈ।ਤੇ ਮਿਆਰ ਸਭ ਤੋਂ ਘੱਟ। ਨਕਲੀ ਦਵਾਈਆਂ ਦੀ ਭਰਮਾਰ ਸਭ ਤੋਂ ਵੱਧ। 80% ਕੰਪਨੀਆਂ ਪੰਜਾਬ ਵਿਚ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਦੇ ਮੁੱਲ ਭਾਰਤ ਦੇ ਹੋਰ ਇਲਾਕਿਆਂ ਨਾਲੋਂ 50% ਤੋਂ 130% ਤਕ ਵੱਧ ਹਨ ।


7. ਪੰਜਾਬ ਵਿਚ ਪੂਰੇ ਭਾਰਤ ਨਾਲੋਂ ਮੋਬਾਈਲ ਫ਼ੋਨ ਸਭ ਤੋਂ ਵੱਧ ਵਰਤੇ ਜਾਂਦੇ ਹਨ। ਸਭ ਤੋਂ ਵੱਧ ਮੁਨਾਫ਼ਾ ਮੋਬਾਈਲ ਕੰਪਨੀਆਂ ਨੂੰ ਪੰਜਾਬ ਤੋਂ ਹੁੰਦਾ ਹੈ। ਤੇ ਪੰਜਾਬ ਵਿਚ ਕਾਲ ਰੇਟ ਤੇ ਹੋਰ ਸੁਵਿਧਾਵਾਂ ਸਭ ਤੋਂ ਮਹਿੰਗੀਆਂ ਹਨ ।


8. ਸਭ ਤੋਂ ਵੱਧ ਕਾਰਾਂ, ਮੋਟਰ ਸਾਈਕਲਾਂ ਪੰਜਾਬ ਵਿਚ ਵਿਕਦੀਆਂ ਹਨ। ਸਭ ਤੋਂ ਘੱਟ ਸਰਵਿਸ ਅਤੇ ਗਾਹਕਾਂ ਦੀ ਸਹੂਲਤ ਤੇ ਖ਼ਰਚਾ ਇਹ ਕੰਪਨੀਆਂ ਪੰਜਾਬ ਵਿਚ ਕਰਦੀਆਂ ਹਨ। ਤੇ ਪੰਜਾਬ ਵਿਚ ਪ੍ਰਤਿ ਵਾਹਨ ਬਾਕੀ ਭਾਰਤ ਨਾਲੋਂ ਕੀਮਤਾਂ 5 ਤੋਂ 8% ਵੱਧ ਵਸੂਲਦੀਆਂ ਹਨ ।


9. ਪੰਜਾਬ ਵਿਚ ਵਾਹਨ ਰਜਿਸਟ੍ਰੇਸ਼ਨ ਫ਼ੀਸ ਪੂਰੇ ਭਾਰਤ ਨਾਲੋਂ ਸਭ ਤੋਂ ਵੱਧ ਹੈ।
10. ਪੰਜਾਬ ਵਿਚ ਪੂਰੇ ਭਾਰਤ ਨਾਲੋਂ ਟੋਲ ਟੈਕਸ ਪ੍ਰਤਿ ਜੀਅ ਅਤੇ ਪ੍ਰਤੀ ਕਿੱਲੋਮੀਟਰ ਦੋਹਾਂ ਹੀ ਮਿਆਰਾਂ ਵਿਚ ਸਭ ਤੋਂ ਵੱਧ ਹੈ।


11. ਪੂਰੇ ਭਾਰਤ ਵਿਚਲੀਆਂ ਪੰਚਾਇਤਾਂ ਅਤੇ ਪੇਂਡੂ ਰਾਜ ਦੇ ਆਧਾਰਤ ਪ੍ਰਣਾਲੀ ਵਿਚੋਂ ਸਭ ਤੋਂ ਘੱਟ ਸਹੂਲਤਾਂ ਪੰਜਾਬ ਦੇ ਪਿੰਡਾਂ ਨੂੰ ਹਨ ।


12. ਸਭ ਤੋਂ ਘੱਟ ਪੰਚਾਇਤੀ ਅਧਿਕਾਰ ਪੰਜਾਬ ਦੀਆਂ ਪੰਚਾਇਤਾਂ ਕੋਲ ਹਨ।


13. ਪੂਰੇ ਭਾਰਤ ਵਿਚੋਂ ਸਭ ਤੋਂ ਵੱਧ ਪ੍ਰਤਿ ਜੀਅ ਪ੍ਰਤਿ ਪਰਿਵਾਰ ਪ੍ਰਤਿ ਨਿਆਣਾ ਪੜ੍ਹਾਈ ਤੇ ਖ਼ਰਚਾ ਪੰਜਾਬ ਦੀ ਲੁਕਾਈ ਕਰਦੀ ਹੈ । ਬਨਿਸਬਤ ਇਸ ਦੇ ਸਭ ਤੋਂ ਵੱਧ ਪੜ੍ਹੀ ਲਿਖੀ ਬੇਰੁਜ਼ਗਾਰੀ ਅਤੇ ਹੁਨਰਮੰਦੀ ਲਈ ਪ੍ਰਾਈਵੇਟ ਖੇਤਰ ਵਿਚ ਸਭ ਤੋਂ ਘੱਟ ਉਜਰਤ ਪੰਜਾਬ ਦੀ ਧਰਤੀ ਤੇ ਹੈ।


14. ਪੂਰੇ ਭਾਰਤ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਪੰਜਾਬ ਦੀ ਆਮ ਲੁਕਾਈ, ਵੋਟਰ, ਲੋਕ ਤੰਤਰ, ਸਿਆਸੀ ਲੀਡਰ ਤੋਂ ਸਰਕਾਰੀ, ਮੁੱਖ ਮੰਤਰੀ ਤੋਂ ਚਪੜਾਸੀ ਅਤੇ ਨਿਆਂ ਪਾਲਕਾਂ ਦੀ ਜੱਜੀ ਤੋਂ ਪੁਕਾਰ ਲਾਉਂਦੇ ਦਵਾਰਪਾਲ ਤਕ ਦੇ ਮੁਲਾਜ਼ਮ ਵਿਚ ਹੈ।


15. ਪੂਰੇ ਭਾਰਤ ਵਿਚ ਸਭ ਤੋਂ ਵੱਧ ਕੈਂਸਰ ਪੰਜਾਬ ਦੀ ਧਰਤੀ ਤੇ ਪਿਛਲੇ 20 ਸਾਲਾਂ ਵਿਚ ਪੈਦਾ ਕੀਤਾ ਗਿਆ ਹੈ।


16. ਪੂਰੇ ਭਾਰਤ ਨਾਲੋਂ ਸਭ ਤੋਂ ਵੱਧ ਔਰਤਾਂ ਖ਼ਿਲਾਫ਼ ਅਪਰਾਧ ਪੰਜਾਬ ਦੀ ਧਰਤੀ ਤੇ ਹਨ। ਹਰ ਰੋਜ਼ ਅੱਠ ਔਰਤਾਂ ਨਾਲ ਥਾਣਿਆਂ ਵਿਚ ਰਜਿਸਟਰਡ ਅਪਰਾਧ ਹੁੰਦੇ ਹਨ।


17. ਸੰਸਾਰ ਪੱਧਰ ਤੇ ਸਭ ਤੋਂ ਵੱਧ ਮਨੁੱਖਤਾ ਲਈ ਘਾਤਕ ਨਸ਼ਿਆਂ ਦੀ ਵਰਤੋਂ ਪੰਜਾਬ ਦੀ ਧਰਤੀ ਤੇ ਹੈ।


18. ਪ੍ਰਤਿ ਜੀਅ ਸਭ ਤੋਂ ਵੱਧ ਸਰਕਾਰੀ ਸ਼ਰਾਬ ਦੀ ਖਪਤ ਪੰਜਾਬ ਦੀ ਧਰਤੀ ਤੇ ਹੈ।


19. ਪ੍ਰਤਿ ਜੀਅ ਸਭ ਤੋਂ ਵੱਧ ਤੰਬਾਕੂ ਆਧਾਰਤ ਪਦਾਰਥਾਂ ਦੀ ਖਪਤ ਪੰਜਾਬ ਦੀ ਧਰਤੀ ਤੇ ਹੈ ਅਤੇ ਇਸ ਦੇ ਉਤਪਾਦਕਾਂ ਅਤੇ ਫ਼ੈਕਟਰੀ ਮਾਲਕਾਂ ਵੱਲੋਂ ਭਾਰਤੀ ਰਾਜਨੀਤਕ ਦਲਾਂ ਵਿਚੋਂ ਸਭ ਤੋਂ ਵੱਧ ਸਿਆਸੀ ਦਾਨ ਅਕਾਲੀ ਦਲ ਬਾਦਲ ਨੂੰ ਦਿੱਤਾ ਜਾਂਦਾ ਹੈ।


20. ਸਭ ਤੋਂ ਵੱਧ ਟੀਚਰਾਂ ਦੀਆਂ ਤਨਖ਼ਾਹਾਂ ਪੰਜਾਬ ਦੀ ਧਰਤੀ ਹਨ ਅਤੇ ਸਭ ਤੋਂ ਘੱਟ ਪੰਜਾਬ ਦੇ ਲੁਕਾਈ ਦਾ ਆਈ ਕਿਯੂ ਅਤੇ ਵਿੱਦਿਆ ਦਾ ਮਿਆਰ ਹੈ।


21. ਸਭ ਤੋਂ ਵੱਧ ਰੇਤ, ਬਜਰੀ, ਇੱਟ ਅਤੇ ਦਿਹਾੜੀ ਦਾਰ ਮਜ਼ਦੂਰ ਦਾ ਰੇਟ ਪੰਜਾਬ ਵਿਚ ਹੈ ।


22. ਸਭ ਤੋਂ ਵੱਧ ਮਹਿੰਗੀ ਕੇਬਲ ਨੈੱਟ ਵਰਕ ਪੰਜਾਬ ਵਿਚ ਹੈ।


23. ਪੂਰੇ ਦੇਸ਼ ਵਿਚ ਖੇਤੀ ਯੋਗ ਰਕਬਾ ਵੱਧ ਰਿਹਾ ਹੈ ਅਤੇ ਪੰਜਾਬ ਵਿਚ ਘੱਟ ਰਿਹਾ ਹੈ। ਪੰਜਾਬ ਦੀ ਅਮੀਰੀ ਧਰਤੀ ਵੇਚਣ ਕਰ ਕੇ ਹੈ। ਕਮਾਈ ਜਾਂ ਉਤਪਾਦਕਤਾ ਵਧਾਉਣ ਕਰ ਕੇ ਨਹੀਂ।


24. ਪੰਜਾਬ ਹਰ ਰੋਜ਼ 100 ਕਰੋੜ ਰੁਪਏ ਦੀ ਵਿਦੇਸ਼ਾਂ ਤੋਂ ਆ ਰਹੀ ਪਰਿਵਾਰਕ ਮਦਦ ਨਿਮਿਤ ਵਿਦੇਸ਼ੀ ਕਰੰਸੀ ਉਜਾੜ ਦਿੰਦਾ ਹੈ। ਜਿਸ ਤੋਂ ਕੋਈ ਵੀ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਹੁੰਦੇ ਸਗੋਂ ਸ਼ਰਾਬ ਅਤੇ ਸ਼ਬਾਬ ਵਿਚ ਵਾਧਾ ਹੁੰਦਾ ਹੈ।


ਮੈਂ ਕਿਸ ਕਿਸ ਦੀ ਗੱਲ ਕਰਾਂ । ਆਵਾ ਹੀ ਉਤਿਆ ਪਿਆ ਹੈ। ਪੰਜਾਬ ਵਿਚ ਕੋਈ ਵਿਰੋਧੀ ਧਿਰ ਨਹੀਂ ਹੈ। ਪੰਜਾਬ ਵਿਚ ਹੁਣ ਕੋਈ ਲੋਕ ਹਿਤਕਾਰੀ ਧਿਰ ਨਹੀਂ ਹੈ। ਜੋ ਲੁਕਾਈ ਨੂੰ ਜਾਗਰੂਕ ਕਰੇ। ਇਹ ਸਾਰੇ ਉਹ ਨੁਕਤੇ ਹਨ ਜੋ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਖੋਰਾ ਲਾ ਕੇ ਮੁਕਾਈ ਜਾ ਰਹੇ ਹਨ। ਹਰ ਵਰਗ, ਹਰ ਪੱਧਰ, ਹਰ ਮਹਿਕਮੇ ਅਤੇ ਹਰ ਕੋਨੇ ਵਿਚਲੇ ਇਮਾਨਦਾਰ, ਸੱਚ, ਹੱਕ, ਨਿਆਂ, ਅਸੂਲਾਂ ਅਤੇ ਮਾਨਵਤਾ ਨੂੰ ਅਪਣਾਉਣ ਵਾਲੇ ਹਰ ਸ਼ਖ਼ਸ ਨੂੰ ਪੰਜਾਬ ਵਿਚ ਸੱਚ, ਹੱਕ, ਨਿਆਂ ਅਤੇ ਲੋਕ ਹਿਤਕਾਰੀ ਸਵਾਰਥ ਹੀਣ ਸਿਆਸਤਦਾਨ ਤੇ ਸਮਾਜਿਕ ਕਾਰਜ ਕਰਤਾ ਨੂੰ ‘‘ਮੂਰਖ, ਬੇਵਕੂਫ਼ ਵਕਤ ਦਾ ਨਕਾਰਿਆ ਅਤੇ ਧਿਰਕਾਰਿਆ’’ ਮੰਨਿਆ ਅਤੇ ਬੇਇੱਜ਼ਤੀ ਲਾਇਕ ਸਮਝਿਆ ਜਾਂਦਾ ਹੈ। ਜਿਸ ਤੋਂ ਸਭ ਕਿਨਾਰਾ ਕਰ ਕੇ ਚੱਲਦੇ ਹਨ।
ਜਿਵੇਂ ਇਨ੍ਹਾਂ ਮੁੱਦਿਆਂ ਵਿਚ ਆਪਣਾ ਆਪ ਮੁਕਾਉਂਦੇ ਲੋਕ ਅਤੇ ਮੀਡੀਆ ਵੀ ਇਨ੍ਹਾਂ ਮੁੱਦਿਆਂ ਨੂੰ ‘ਖ਼ਬਰ’ ਨਹੀਂ ਸਮਝਦਾ ਤੇ ਕੋਈ ਅਹਿਮੀਅਤ ਨਹੀਂ ਦਿੰਦਾ। ਦਰਅਸਲ ਉਹ ਖ਼ੁਦ ‘ਸਪਲੀਮੈਂਟਾ ਅਤੇ ਪੇਡ ਨਿਊਜ਼’ ਵਿਚ ਆਪਣੇ ਆਪ ਨੂੰ ਖ਼ੁਦ ਆਪ ਵਿਕਾਊ ਪੁਣੇ ਦੇ ਕੋਠੇ ਤੇ ਚਾੜ੍ਹ ਚੁਕਾ ਹੈ। ਜਿੱਥੇ ਦੱਲਿਆਂ ਤੋਂ ਸਿਵਾ ਓਵੇਂ ਹੀ ਕਿਸੇ ਵੀ ਨਿਰਪੱਖ ਸੱਚ ਦੀ ਕੋਈ ਹੈਸੀਅਤ ਨਹੀਂ ਹੁੰਦੀ ਜਿਵੇਂ ਸੱਤਾ ਦੇ ਦਰਬਾਰ ਵਿਚ।
ਕਾਰਨ ? ਇਹ ਸੱਚ ਸਥਾਪਿਕਤਾ, ਸਤਾ ਅਤੇ ਅਪਣਾਏ ਜਾ ਚੁੱਕੇ ਭ੍ਰਿਸ਼ਟ ਹਿਤਕਾਰੀ ਸਮਾਜ ਦੇ ਆਪਸੀ ਲਾਭਾਂ ਤੇ ਸਵਾਰਥਾਂ ਦੇ ਵਿਪਰੀਤ ਜੋ ਜਾਂਦਾ ਹੈ।
ਹੁਣ ਲੋਕ ਆਪਣੇ ਭਲੇ ਨਾਲ ਨਹੀਂ ਸਗੋਂ ਭ੍ਰਿਸ਼ਟਾਚਾਰ ਰਾਹੀਂ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਨੂੰ ਆਪਣਾ ਸੰਵਿਧਾਨਿਕ, ਕਾਨੂੰਨੀ ਅਤੇ ਨੈਤਿਕ ਹੱਕ ਸਮਝਦੇ, ਮੰਨਦੇ ਅਤੇ ਇਸੇ ਤੇ ਚੱਲਦੇ ਹਨ। ਇਹੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਉਦੇਸ਼ ਹੈ ਜਿਸ ਦੀ ਸਥਾਪਨਾ ਲਾਲ ਬੱਤੀ, ਨੀਲੀ ਬੱਤੀ, ਪੀਲੀ ਬੱਤੀ ਰਾਹੀਂ ਪਲੀਤਤਾ ਦੀਆਂ ਹੱਦਾਂ ਟੱਪ ਕੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਕਰ ਰਹੇ ਹਨ। ਇਸ ਕਾਰਜ ਪ੍ਰਣਾਲੀ ਅਤੇ ਸਭਿਆਚਾਰ ਨੂੰ ਪੰਜਾਬੀਅਤ ਨੇ ਆਪਣਾ ਜਮਾਂਦਰੂ ਹੱਕ ਅਤੇ ਫ਼ਰਜ਼ ਮੰਨ ਕੇ ਪੰਜਾਬ ਦੀ ਲੁਕਾਈ ਨੇ ਅਪਣਾ ਲਿਆ ਹੈ। ਪੰਜਾਬ ਆਪਣੇ ਲਈ ਖ਼ੁਦ ਆਪਣੀ ਇੱਛਾ ਨਾਲ ਆਤਮ ਮੌਤੇ ਮਰ ਰਿਹਾ ਹੈ।
ਜਿਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ….
 
Top