UNP

ਭਾਈ ਗੁਰਦਾਸ ਜੀ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 11-Sep-2015
jassmehra
 
ਭਾਈ ਗੁਰਦਾਸ ਜੀਸ਼ਰਧਾਲੂਆਂ ਦੀ ਅਧਿਆਤਮਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਅਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਦੇਣ ਹਿਤ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਵਿਚ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਅਤੇ ਇਸ ਗ੍ਰੰਥ ਵਿਚ ਗੁਰੂਜਨਾਂ ਦੀ ਬਾਣੀ ਦੇ ਨਾਲ-ਨਾਲ ਕਈ ਹਿੰਦੂ, ਮੁਸਲਿਮ ਸੰਤਾਂ, ਫਕੀਰਾਂ ਦੀਆਂ ਬਾਣੀਆਂ ਵੀ ਸੰਕਲਿਤ ਕੀਤੀਆਂ। ਗੁਰੂ ਜੀ ਨੇ ਭਾਈ ਗੁਰਦਾਸ ਨੂੰ ਪਰਮ ਸਹਿਯੋਗੀ ਦੇ ਰੂਪ ਵਿਚ ਨਿਯੁਕਤ ਕੀਤਾ, ਕਿਉਂਕਿ ਭਾਈ ਸਾਹਿਬ ਸੰਸਕ੍ਰਿਤ, ਫਾਰਸੀ, ਬ੍ਰਿਜ ਭਾਸ਼ਾ, ਪੰਜਾਬੀ ਆਦਿ ਦੇ ਡੂੰਘੇ ਵਿਦਵਾਨ ਅਤੇ ਭਾਰਤੀ ਸੰਸਕ੍ਰਿਤੀ ਦੇ ਗਹਿਨ ਚਿੰਤਕ ਸਨ। ਇਨ੍ਹਾਂ ਨੇ ਇਸ ਕਾਰਜ ਨੂੰ ਪੂਰੀ ਨਿਸ਼ਠਾ ਅਤੇ ਕੁਸ਼ਲਤਾ ਨਾਲ ਜਨਹਿਤ ਵਿਚ ਪੂਰਾ ਕੀਤਾ ਅਤੇ ਨਾਲ ਹੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਕਥਾ ਵਿਆਖਿਆ ਵੀ ਕਰਦੇ ਰਹੇ। ਇਨ੍ਹਾਂ ਦਾ ਸਤਿਓਨੁਮੁਖੀ ਅਤੇ ਲੋਪੋਪਕਾਰਕ ਜੀਵਨ ਕੁਝ ਲੋਕਾਂ ਦੀਆਂ ਅੱਖਾਂ ਵਿਚ ਰੜਕਣ ਵੀ ਲੱਗ ਪਿਆ। ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਅਤੇ ਉਨ੍ਹਾਂ ਦੇ ਬੱਚਿਆਂ ਨੇ ਭਾਈ ਸਾਹਿਬ ਦੀ ਮਹਿਮਾ ਘਟਾਉਣ ਲਈ ਦੂਰੋਂ-ਦੂਰੋਂ ਆਉਣ ਵਾਲੀ ਸੰਗਤ ਨੂੰ ਗੁਮਰਾਹ ਕਰਨ ਦਾ ਪੂਰਾ ਯਤਨ ਕੀਤਾ ਅਤੇ ਉਨ੍ਹਾਂ ਕੋਲੋਂ ਉਗਰਾਹੀ ਕਰਕੇ ਅਤੇ ਕੱਚੀ ਬਾਣੀ ਰਚ ਕੇ ਸੰਗਤਾਂ ਨੂੰ ਗੁਰੂ-ਘਰ ਨਾਲੋਂ ਤੋੜਨ ਦਾ ਯਤਨ ਕੀਤਾ। ਕੁਝ ਫਰਕ ਤਾਂ ਪਿਆ ਪਰ ਭਾਈ ਗੁਰਦਾਸ ਜੀ ਦੀ ਕੁਸ਼ਾਗਰਤਾ ਨਾਲ ਸੰਗਤ ਦੀ ਸੇਵਾ ਵਿਚ ਆ ਰਹੀ ਕਮੀ ਪੂਰੀ ਹੋ ਗਈ। ਭਾਈ ਗੁਰਦਾਸ ਜੀ ਨੇ ਦਸਵੰਧ ਦੀ ਪ੍ਰਥਾ ਚਾਲੂ ਕਰਕੇ ਇਸ ਕਮੀ ਨੂੰ ਦੂਰ ਕਰਵਾ ਦਿੱਤਾ ਅਤੇ ਗੁਰੂ-ਘਰ ਦੇ ਕੰਮ-ਕਾਜ ਨੂੰ ਸੁਚਾਰੂ ਰੂਪ ਵਿਚ ਜਾਰੀ ਰੱਖਿਆ।
ਗੁਰਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਦੇ ਸੰਦਰਭ ਵਿਚ ਜੇਕਰ ਸਿੱਖ ਸਾਹਿਤ ਨੂੰ ਦੇਖਿਆ-ਪਰਖਿਆ ਜਾਵੇ ਤਾਂ ਸਾਨੂੰ ਸੱਤ ਪ੍ਰਣਾਲੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਸਹਜ ਪ੍ਰਣਾਲੀ ਵਿਚ ਗੁਰੂਜਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਰਥਾਂ ਨੂੰ ਸਹਜ ਭਾਵ ਨਾਲ ਸਮਝਾਇਆ ਹੈ ਅਤੇ ਅਰਥਾਂ ਦੀ ਵਿਆਖਿਆ ਕੀਤੀ ਹੈ। ਭਾਈ ਪ੍ਰਣਾਲੀ, ਪਰਮਾਰਥ ਪ੍ਰਣਾਲੀ ਅਤੇ ਉਦਾਸੀ ਪ੍ਰਣਾਲੀ ਵਿਚ ਅਧਿਕਤਰ ਸ਼ਬਦਾਰਥ, ਕੋਸ਼ ਰਚਨਾ ਅਤੇ ਵਿਆਖਿਆ ਤੇ ਜ਼ੋਰ ਦਿੱਤਾ ਗਿਆ ਹੈ ਅਤੇ ਗੁਰਬਾਣੀ ਦੇ ਸੰਕੇਤਾਂ, ਪ੍ਰਤੀਕਾਂ ਅਤੇ ਬਿੰਬ ਵਿਧਾਨ ਨੂੰ ਸਪੱਸ਼ਟਤਾ ਪ੍ਰਦਾਨ ਕੀਤੀ ਗਈ ਹੈ। ਜੀਵਨ ਦੇ ਵਿਹਾਰਕ ਪੱਖਾਂ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਸਤਿਕਰਮ ਅਤੇ ਅਧਿਆਤਮ ਦਾ ਸਮੰਜਸ ਕਰਨ ਵਾਲੀਆਂ ਰਚਨਾਵਾਂ ਇਸ ਪ੍ਰਣਾਲੀ ਦੀ ਦੇਣ ਹਨ।
ਇਨ੍ਹਾਂ ਤਿੰਨਾਂ ਪ੍ਰਣਾਲੀਆਂ ਵਿਚ ਭਾਈ ਗੁਰਦਾਸ, ਸੋਢੀ ਮਿਹਰਬਾਨ ਅਤੇ ਸਾਧੂ ਅਨੰਦਘਨ ਪ੍ਰਮੁੱਖ ਹਨ। ਨਿਰਮਲਾ ਪ੍ਰਣਾਲੀ ਵਿਚ ਪੰਡਤ ਤਾਰਾ ਸਿੰਘ ਨਰੋਤਮ, ਭਾਈ ਸੰਤੋਖ ਸਿੰਘ, ਪੰਡਿਤ ਗੁਲਾਬ ਸਿੰਘ ਆਦਿ ਆਉਂਦੇ ਹਨ। ਇਨ੍ਹਾਂ ਦੇ ਵੇਦ ਵੇਦਾਂਗ ਨੂੰ ਆਧਾਰ ਮੰਨ ਕੇ ਗੁਰੂਮਤ ਦੀ ਵਿਆਖਿਆ ਕੀਤੀ ਹੈ ਅਤੇ ਜ਼ਿਆਦਾ ਬਲ ਗੁਰਬਾਣੀ ਦੀ ਵਿਸ਼ਿਸ਼ਟਤਾ ਨੂੰ ਨਾ ਦਿਖਾ ਕੇ ਉਸ ਨੂੰ ਵੇਦਾਂਤ ਦਾ ਹੀ ਵਿਸਥਾਰ ਦਿਖਾਉਣ ਵਿਚ ਲਗਾਇਆ ਹੈ। ਭਾਈ ਮਨੀ ਸਿੰਘ, ਗਿਆਨੀ ਬਦਨ ਸਿੰਘ, ਸੰਤ ਅਮੀਰ ਸਿੰਘ, ਪੰਡਿਤ ਕਰਤਾਰ ਸਿੰਘ ਦਾਖਾ ਆਦਿ ਵਿਦਵਾਨਾਂ ਨੇ ਜਨ ਸਾਧਾਰਨ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿਚ ਰੱਖ ਕੇ ਸਰਲ ਭਾਸ਼ਾ ਸ਼ੈਲੀ ਨੂੰ ਅਪਣਾਇਆ ਅਤੇ ਹੋਰ ਕਿਸੇ ਵੀ ਪ੍ਰਭਾਵ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੱਤਾ। ਸਿੰਘ ਸਭਾ ਪ੍ਰਣਾਲੀ 20ਵੀਂ ਸਦੀ ਦੀ ਉਪਜ ਹੈ, ਜਿਸ ਵਿਚ ਪੱਛਮੀ ਵਿੱਦਿਆ ਤੋਂ ਪ੍ਰਭਾਵਿਤ ਸਿੱਖ ਵਿਦਵਾਨਾਂ ਨੇ ਤਰਕ-ਵਿਤਰਕ ਦਾ ਸਹਾਰਾ ਲੈ ਕੇ ਸਿੱਖ ਧਰਮ ਦੇ ਨਿਆਰੇਪਣ ਨੂੰ ਉਜਾਗਰ ਕਰਨ ਹਿਤ ਭਰਪੂਰ ਯਤਨ ਕੀਤੇ। ਇਨ੍ਹਾਂ ਵਿਦਵਾਨਾਂ ਦੇ ਸਮੂਹ ਵਿਚ ਪ੍ਰਿੰ: ਤੇਜਾ ਸਿੰਘ, ਭਾਈ ਵੀਰ ਸਿੰਘ, ਡਾ: ਸ਼ੇਰ ਸਿੰਘ, ਡਾ: ਮੋਹਨ ਸਿੰਘ ਦੀਵਾਨਾ ਆਦਿ ਪ੍ਰਮੁੱਖ ਵਿਦਵਾਨ ਹਨ।
ਇਨ੍ਹਾਂ ਸਾਰੇ ਵਿਦਵਾਨਾਂ ਦੀ ਸੂਚੀ ਵਿਚ ਭਾਈ ਗੁਰਦਾਸ ਜੀ ਦਾ ਇਕ ਉਚੇਚਾ ਸਥਾਨ ਹੈ ਅਤੇ ਗੁਰਬਾਣੀ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਨੂੰ ਸਾਰਿਆਂ ਤੋਂ ਵੱਧ ਅਧਿਕਾਰੀ ਰਚਨਾਵਾਂ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਦੇਸ਼-ਦੇਸ਼ਾਂਤਰ ਵਿਚ ਦੂਰ-ਦੂਰ ਤੱਕ ਆ-ਜਾ ਚੁੱਕੇ ਹਨ ਅਤੇ ਮਨੁੱਖੀ ਮਨ ਦੀਆਂ ਗਹਿਰਾਈਆਂ ਅਤੇ ਚਤੁਰਾਈਆਂ ਤੇ ਉਨ੍ਹਾਂ ਦੀ ਪੂਰੀ ਪਕੜ ਸੀ। ਪੰਜਾਬ ਵਿਚ ਰਹਿੰਦੇ ਸਮੇਂ ਉਨ੍ਹਾਂ ਨੇ ਗੁਰਮਤਿ ਦੀ ਵਿਆਖਿਆ ਲਈ ਵਾਰਾਂ ਦੀ ਰਚਨਾ ਕੀਤੀ ਅਤੇ ਜਦੋਂ ਆਗਰਾ-ਕਾਸ਼ੀ ਆਦਿ ਸਥਾਨਾਂ ਤੇ ਪਹੁੰਚੇ ਅਤੇ ਇਨ੍ਹਾਂ ਸਥਾਨਾਂ ਤੇ ਕਾਫੀ ਸਮਾਂ ਬਿਤਾਇਆ ਤਾਂ ਸਮੇਂ-ਸਥਾਨ ਦੇ ਹਿਸਾਬ ਨਾਲ ਗੁਰਬਾਣੀ ਦਾ ਸੰਦੇਸ਼ ਜਨ-ਸਾਧਾਰਨ ਤੱਕ ਪਹੁੰਚਾਉਣ ਲਈ ਉਨ੍ਹਾਂ ਤਤਕਾਲੀਨ ਬ੍ਰਿਜ ਭਾਸ਼ਾ ਨੂੰ ਵਰਤਿਆ ਅਤੇ ਕਬਿੱਤ-ਸਵੈਯੇ ਦੀ ਰਚਨਾ ਕੀਤੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗਿਣਤੀ 40 ਹੈ ਅਤੇ ਇਨ੍ਹਾਂ ਦੀ ਪਹਿਲੀ ਵਾਰ ਦਾ ਇਸ ਲਈ ਇਤਿਹਾਸਕ ਮਹੱਤਵ ਹੈ, ਕਿਉਂਕਿ ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਗੁਰੂ ਹਰਿਗੋਬਿੰਦ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨ ਦਾ ਸਿਲਸਿਲੇਵਾਰ ਵਰਨਣ ਹੈ ਅਤੇ ਨਾਲ ਹੀ ਨਾਲ ਭਾਈ ਗੁਰਦਾਸ ਸ਼ਾਸਤਰਾਂ ਅਤੇ ਉਨ੍ਹਾਂ ਦੇ ਮਤਾਂ ਬਾਰੇ ਆਪਣੇ ਵਿਚਾਰ ਨਿਰਸੰਕੋਚ ਹੋ ਕੇ ਦੱਸਦੇ ਹਨ। ਭਾਈ ਗੁਰਦਾਸ ਇਸੇ ਹੀ ਵਾਰ ਵਿਚ ਸ਼ੇਸ਼ਨਾਗ ਦੇ ਅਵਤਾਰ ਪਤੰਜਲਿ ਨੂੰ ਗੁਰਮੁਖ ਪਦਵੀ ਨਾਲ ਸੰਬੋਧਤ ਕਰਦੇ ਹਨ, ਸੇਖਨਾਗ ਪਾਤੰਜਲ ਮਥਿਆ ਗੁਰਮੁਖ ਸਾਸਤ੍ਰ ਨਾਗ ਸੁਣਾਈ। ਇਸ ਦੇ ਨਾਲ ਹੀ ਹੋਰ ਵਾਰਾਂ ਵਿਚ ਭਾਈ ਗੁਰਦਾਸ ਠੇਠ ਪੰਜਾਬੀ ਵਿਚ ਗੁਰਮੁਖ, ਗੁਰੂ ਸ਼ਿਸ਼, ਭਗਤ ਅਤੇ ਸੰਸਾਰਿਕ ਵਿਅਕਤੀਆਂ ਦੇ ਭੇਦ ਸਤਿਗੁਰੂ ਦੇ ਉਪਕਾਰਾਂ ਤੋਂ ਇਲਾਵਾ ਧਰੂ ਪ੍ਰਹਿਲਾਦ, ਬਲਿ, ਵਾਮਨ, ਅੰਬਰੀਸ਼, ਦ੍ਰੋਪਦੀ, ਸੁਦਾਮਾ, ਨਾਮਦੇਵ, ਜੈਦੇਵ, ਅਜਾਮਿਲ ਆਦਿ ਕਈ ਪੌਰਾਣਿਕ ਅਤੇ ਪ੍ਰਾਗਇਤਿਹਾਸਕ ਸੰਤਾਂ-ਭਗਤਾਂ ਦੇ ਸਦਕਰਮਾਂ ਦਾ ਵਰਨਣ ਕਰਦੇ ਹਨ। ਸਤਸੰਗਤਿ, ਸੇਵਾ, ਗੁਰਦੁਆਰਾ ਆਦਿ ਸ਼ੁੱਧ ਸਿੱਖ ਅਵਧਾਰਣਾਵਾਂ ਦੀ ਵੀ ਖੁੱਲ੍ਹ ਕੇ ਵਿਆਖਿਆ ਕਰਦੇ ਹਨ ਅਤੇ ਖਾਸ ਤੌਰ ਤੇ ਇਸ ਤੱਥ ਵੱਲ ਵੀ ਸੰਕੇਤ ਦਿੰਦੇ ਹਨ ਕਿ ਸਾਰੇ ਗੁਰੂਜਨਾਂ ਵਿਚ ਇਕ ਹੀ ਜੋਤਿ ਵਿਦਵਾਨ ਸੀ ਅਤੇ ਗੁਰਮੁਖ ਬਣ ਕੇ ਇਸ ਤੱਥ ਨੂੰ ਭਲੀਭਾਂਤ ਸਮਝਿਆ ਜਾ ਸਕਦਾ ਹੈ।

UNP