ਬੇੜੀ ਅਤੇ ਪੁੱਤਰ ਦੀ ਦਾਤ

ਬੇੜੀ ਅਤੇ ਪੁੱਤਰ ਦੀ ਦਾਤ




ਇਕ ਦਿਨ ਸ਼੍ਰੀ ਗੋਬਿੰਦ ਰਾਏ ਹੀ ਸਵੇਰੇ ਹੀ ਆਪਣੇ ਹਾਣੀ ਬੱਚਿਆਂ ਨੂੰ ਖਾਣ-ਪਾਣ ਕਰਾ ਕੇ ਗੰਗਾ ਦੇ ਤਟ ਤੇ ਆਗਏ। ਇਕ ਸੇਠ ਨੇ ਨਵੀਂ ਬੇੜੀ ਲਿਆਂਦੀ ਸੀ। ਉਸ ਨੇ ਆਪਣੇ ਬੱਚੇ ਨੂੰ ਸਿਖਾ ਦਿੱਤਾ ਕਿ ਸ਼੍ਰੀ ਗੋਬਿੰਦ ਰਾਏ ਜੀ ਨੂੰ ਬੇਨਤੀ ਕਰ ਕੇ ਆਪਣੀ ਨਵੀਂ ਬੇੜੀ ਵਿਚ ਚਰਨ ਪਵਾ ਦੇ। ਉਸ ਬੱਚੇ ਨੇ ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਨੇ ਨਵੀਂ ਬੇੜੀ ਲਿਆਂਦੀ ਹੈ ਕਿਰਪਾ ਕਰ ਕੇ ਉਸ ਚਰਨ ਪਾ ਦਵੋ।

ਗੁਰੂ ਸਾਹਿਬ ਜੀ ਨੇ ਬੇਨਤੀ ਪਰਵਾਨ ਕੀਤੀ ਅਤੇ ਉਸ ਵਿੱਚ ਵਿਰਾਜਮਾਨ ਹੋ ਗਏ। ਬੇੜੀ ਵਾਲੇ ਨੇ ਬੇੜੀ ਪਾਣੀ ਵਿੱਚ ਠੇਲ ਦਿੱਤੀ। ਇਸ ਤਰ੍ਹਾਂ ਕੋਤਕ ਕਰ ਕੇ ਆਪ ਸ਼ਾਮ ਨੂੰ ਵਾਪਸ ਆ ਗਏ। ਅਗਲੇ ਦਿਨ ਇਕ ਸ਼ਾਹੂਕਾਰਨੀ ਆਪਣੀ ਨੂੰਹ, ਦਰਾਣੀਆਂ-ਜਠਾਣੀਆਂ ਅਤੇ ਆਪਣੀ ਬੇਟੀ ਨੂੰ ਲੈ ਕੇ ਮਾਤਾ ਗੁਜਰ ਕੌਰ ਜੀ ਪਾਸ ਪਹੁੰਚੀ ਅਤੇ ਬੇਨਤੀ ਕੀਤੀ ਕਿ ਮਾਤਾ ਜੀ ਆਪਣੇ ਪੁੱਤਰ ਤੋਂ ਮੇਰੀ ਨੂੰਹ ਨੂੰ ਪੁੱਤਰ ਹੋਣ ਦਾ ਵਰ ਦੁਆ ਦਿਉ।

ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਮਾਤਾ ਗੁਜਰ ਕੋਲ ਜੀ ਆਏ ਤਾਂ ਮਾਤਾ ਜੀ ਨੇ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਪਰਿਵਾਰ ਦੀ ਸਾਰੀ ਇਸਤਰੀਆਂ ਨੇ ਨਮਸ਼ਕਾਰ ਕੀਤੀ ਅਤੇ ਮੱਥਾ ਟੇਕਿਆ। ਫਿਰ ਮਾਤਾ ਜੀ ਨੇ ਗੋਬਿੰਦ ਰਾਏ ਜੀ ਨੂੰ ਕਿਹਾ ਕਿ ਪਰਿਵਾਰ ਬੜਾ ਪ੍ਰੇਮ ਕਰ ਕੇ ਆਇਆ ਹੈ। ਇਹ ਆਪਣੇ ਮਨ ਦੀ ਕਾਮਨਾ ਪੂਰੀ ਕਰਨ ਲਈ ਆਪ ਜੀ ਦੇ ਚਰਨਾਂ ਵਿੱਚ ਆਏ ਹਨ।

ਸ਼ਾਹੂਕਾਰਨੀ ਨੇ ਆਪਣੀ ਨੂੰਹ ਨੂੰ ਅੱਗੇ ਬਿਠਾ ਕੇ ਕਿਹਾ ਕਿ ਇਸ ਨੂੰ ਪੁੱਤਰ ਹੋਣ ਦਾ ਵਰ ਦੇਵੋ। ਉਹ ਵਾਰ-ਵਾਰ ਬੇਨਤੀ ਕਰਦੀ ਰਹੀ, ਪਰ ਗੁਰੂ ਸਾਹਿਬ ਜੀ ਨੇ ਕੋਈ ਬਚਨ ਨਹੀਂ ਕੀਤਾ। ਫਿਰ ਮਾਤਾ ਜੀ ਨੇ ਕਿਹਾ ਕਿ ਪੁੱਤਰ ਸ਼ਰਨੀ ਆਇਆਂ ਦੀ ਲਾਜ ਰੱਖੋ।

ਇਹ ਸੁਣ ਕੇ ਬਾਲਾ ਪ੍ਰੀਤਮ ਜੀ ਨੇ ਫੁਰਮਾਇਆ ਇਹਨਾਂ ਦੇ ਘਰ ਨਵੀਆਂ ਬੇੜੀਆਂ ਸੁੰਦਰ ਬਣੀਆਂ ਹੋਈਆਂ ਹਨ। ਇਹ ਮੈਨੂੰ ਮੇਰੇ ਹਾਣੀਆਂ ਨਾਲ ਖੇਡਣ ਵਾਸਤੇ ਬੇੜੀ ਦੇ ਦੇਣ। ਪਰਮਾਤਮਾ ਇਹਨਾਂ ਨੂੰ ਖੇਡਣ ਵਾਸਤੇ ਪੁੱਤਰ ਦੇ ਦੇਵੇਗਾ। ਇਹ ਗੱਲ ਸੁਣ ਕੇ ਸ਼ਾਹੂਕਾਰਨੀਆਂ ਹੱਸ ਪਈਆਂ ਅਤੇ ਕਹਿਣ ਲੱਗੀ ਐਨਾ ਸਸਤਾ ਸੌਦਾ। ਪੁੱਤਰ ਦੇ ਬਦਲੇ ਬੇੜੀ ਹੁੰਦੀ ਕੀ ਹੈ।

ਉਹਨਾਂ ਨੇ ਸਵੀਕਾਰ ਕਰ ਲਿਆ ਕਿ ਜਿਹੜੀ ਸਭ ਤੋਂ ਉੱਤਮ ਬੇੜੀ ਹੈ, ਉਹ ਤੁਸੀਂ ਲੈ ਲੈਣਾ। ਅਸੀਂ ਸਮਝਾਂਗੇ ਕਿ ਸਾਡੀ ਬੇੜੀ ਸਕਾਰਥ ਹੋ ਗਈ। ਇਸ ਸਭ ਪਦਾਰਥ ਤੁਹਾਡੇ ਹੀ ਦਿੱਤੇ ਹਨ। ਆਪ ਜੀ ਨੇ ਕਿਹਾ ਕਿ ਮਾਤਾ ਕੀ ਤੁਸੀਂ ਜਾਮਨ ਹੋਵੇ, ਜੋ ਇਹਨਾਂ ਨੇ ਬੇੜੀ ਨਾ ਦਿੱਤੀ ਤਾਂ ਮੈਂ ਤੁਹਾਡੇ ਕੋਲੋਂ ਲੈ ਲੈਣੀ ਹੈ। ਸ਼ਾਹੂਕਾਰਨੀ ਨੇ ਕਿਹਾ ਮਾਤਾ ਜੀ ਤੁਸੀਂ ਜਾਮਨ ਦੇ ਦੇਵੋ। ਅਸੀਂ ਮਨ ਤੋਂ ਹੁਣੇ ਹੀ ਅਰਪ ਦਿੱਤਾ ਹੈ। ਮਾਤਾ ਜੀ ਜਾਮਨ ਬਣੇ ਤੇ ਫਿਰ ਗੁਰੂ ਸਾਹਿਬ ਜੀ ਐਨੇ ਦਇਆਲ ਹੋਏ ਕਿ ਹੱਥ ਵਿੱਚ ਜਿਹੜੀ ਸੁੰਦਰ ਤੇ ਪਤਲੀ ਛੜੀ ਫੜੀ ਹੋਈ ਸੀ ਉਸ ਨੂੰ ਉੱਚਾ ਚੁੱਕ ਕੇ ਆਪਣੇ ਹੱਥ ਨਾਲ ਗਿਣਤੀ ਕਰ ਕੇ ਇਕ, ਦੋ, ਤਿੰਨ, ਚਾਰ, ਪੰਜ ਕਿਹਾ ਤਾਂ ਸਤਿਗੁਰੂ ਜੀ ਨੇ ਕਿਹਾ ਤੂੰ ਇਕ ਕਿਹਾ ਸੀ ਤੇਰੇ ਪੰਜ ਪੁੱਤਰ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ! ਧੰਨ ਗੁਰੂ ਗੋਬਿੰਦ ਸਿੰਘ।
 
Top