ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ




ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ, ਜਿਲ੍ਹਾ ਲਾਹੌਰ ਦੇ ਜੰਮ-ਪਲ ਸਨ। ਆਪ ਜੀ ਬੜੇ ਉੱਚੇ-ਲੰਬੇ ਬਲਵਾਨ ਅਤੇ ਦਲੇਰ ਸੂਰਬੀਰ ਸਨ। ਆਪ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਰਿਕਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੋ ਕੇ ਆਪ ਜੀ ਨੇ ਬਹੁਤ ਸਾਰੇ ਜੰਗ ਜਿੱਤੇ।

ਜਿਥੇ ਆਪ ਜੀ ਸੂਰਬੀਰ ਅਤੇ ਨਿਰਭੈ ਜੋਸ਼ੇ ਸਨ ਉਥੇ ਆਪ ਆਪਣੇ ਸਮੇਂ ਦੇ ਸਭ ਤੋਂ ਉੱਚੇ ਸਿੱਖ ਵਿਦਵਾਨਾਂ ਵਿਚੋਂ ਵੀ ਸਨ। ਆਪ ਜੀ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਰੱਖਦੇ ਸਨ। ਆਪ ਜੀ ਨੂੰ ਗੁਰਬਾਣੀ ਲਿਖਣ ਦਾ ਬਹੁਤ ਸ਼ੌਕ ਸੀ।

ਇਨ੍ਹੀਂ ਦਿਨੀਂ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਸ਼ਹਿਰ ਅੰਮ੍ਰਿਤਸਰ ਨੂੰ ਲੁੱਟਿਆ ਗਿਆ, ਸ਼੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਢਾਹਿਆ ਗਿਆ ਤੇ ਸਰੋਵਰ ਨੂੰ ਮਿੱਟੀ ਨਾਲ ਪੂਰਿਆ ਗਿਆ।

ਸ਼੍ਰੀ ਦਰਬਾਰ ਸਾਹਿਬ ਦੀ ਇਸ ਬੇਅਦਬੀ ਦੀ ਖਬਰ ਸ਼੍ਰੀ ਦਮਦਮੇ ਸਾਹਿਬ ਵੀ ਪੁੱਜੀ। ਇਹ ਖ਼ਬਰ ਸੁਣਦਿਆਂ ਹੀ ਬਾਬਾ ਜੀ ਦੇ ਮਰ ਨੂੰ ਤੀਰ ਜਿਹਾ ਵੱਜਾ। ਆਪ ਜੀ ਨੇ ਉਸੇ ਵੇਲੇ ਸ਼੍ਰੀ ਅੰਮ੍ਰਿਤਸਰ ਪਹੁੰਚ ਕੇ ਇਸ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਆਪ ਜੀ ਨੇ ਅਰਦਾਸਾ ਸੋਧਿਆ ਤੇ ਤੁਰ ਪਏ। ਪੰਜ ਸੌ ਸਿੰਘਾਂ ਦਾ ਜਥਾ ਉਹਨਾਂ ਨਾਲ ਤਿਆਰ ਹੋਇਆ। ਰਾਹ ਵਿੱਚ ਬਹੁਤ ਸਾਰੇ ਸਿੰਘ ਆਪ ਜੀ ਦੇ ਨਾਲ ਰਲਦੇ ਗਏ। ਤਰਨ ਤਾਰਨ ਤਾਈਂ ਪਹੁੰਚਣ ਤੀਕ ਉਨ੍ਹਾਂ ਦੇ ਨਾਲ ਪੰਜ ਹਜਾਰ ਸਿੰਘਾਂ ਦਾ ਜਥਾ ਬਣ ਗਿਆ।

ਉਧਰੋਂ ਲਾਹੌਰ ਦੇ ਸੂਬੇ ਨੂੰ ਵੀ ਖ਼ਬਰ ਲੱਗ ਗਈ ਕਿ ਸਿੱਖ ਦੀਵਾਲੀ ਦੇ ਮੌਕੇ ਸ਼੍ਰੀ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਂ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚੱਕਰ ਲਾ ਰਿਹਾ ਸੀ। ਉਸ ਨੂੰ ਹੁਕਮ ਹੋਇਆ ਕਿ ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਓ। ਉਧਰੋਂ ਸੂਬੇ ਨੇ ਲਾਹੌਰ ਵਿੱਚ ਢੋਲ ਵਜਵਾ ਕੇ ਜਹਾਦ ਦਾ ਐਲਾਨ ਕੀਤਾ ਅਤੇ ਸਾਰਿਆਂ ਮੋਮਨਾਂ ਨੂੰ ਨਿੱਤਰਣ ਲਈ ਵੰਗਾਰਿਆ।

ਲਾਹੌਰ ਦਾ ਫੌਜਦਾਰ, ਜਹਾਨ ਖਾਂ, ਹਜਾਰਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਸ਼੍ਰੀ ਅੰਮ੍ਰਿਤਸਰ ਵੱਲ ਵਧਿਆ। ਦੋਹਾਂ ਦਲਾਂ ਦਾ ਗੋਹਲਵੜ੍ਹ ਪਿੰਡ ਲਾਗੇ ਟਾਕਰਾ ਹੋਇਆ। ਸਿੰਘਾਂ ਨੇ ਅਜਿਹੀ ਸੂਰਬੀਰਤਾ ਵਿਖਾਈ ਕਿ ਜਹਾਨ ਖਾਨ ਮਾਰਿਆ ਗਿਆ ਅਤੇ ਸ਼ਾਹੀ ਫੌਜ ਵਿੱਚ ਭਾਜੜ ਪੈ ਗਈ ਪਰ ਇੰਨੇ ਚਿਰ ਨੂੰ ਹਾਜੀ ਅਤਾਈ ਖਾਂ ਵੀ ਦੌਜ ਤੇ ਤੋਪਾਂ ਲੈ ਕੇ ਪਹੁੰਚ ਗਿਆ। ਫਿਰ ਬੜੇ ਘਮਸਾਣ ਦੀ ਲੜਾਈ ਹੋਈ।

ਸਿੱਖ ਲੜਦੇ-ਲੜਦੇ ਅਗਾਂਹ ਵਧਦੇ ਗਏ। ਜਦੋਂ ਉਹ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਾਹਰ ਹੀ ਸਨ ਤਾਂ ਜਮਾਲ ਖਾਨ ਨਾਲ ਹਥੋ-ਹੱਥੀ ਯੁੱਧ ਵਿੱਚ ਬਾਬਾ ਜੀ ਦਾ ਸੀਸ ਕੱਟਿਆ ਗਿਆ। ਉਹ ਡਿੱਗਣ ਹੀ ਲੱਗੇ ਸਨ ਕਿ ਪਾਸੋਂ ਇੱਕ ਸਿੰਘ ਨੇ ਪਿਆਰ ਨਾਲ ਕਿਹਾ ਬਾਬਾ ਜੀ ਤੁਸਾਂ ਅਰਦਾਸਾ ਤਾਂ ਸੋਧਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਸ਼ਹੀਦ ਹੋਈਏ ਪਰ ਆਪ ਉਰੇ ਹੀ ਫਤਹਿ ਗਜਾ ਚਲੋ ਹੋ। ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ਉੱਤੇ ਟਿਕਾਅ ਕੇ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਤੇ ਵੈਰੀਆਂ ਦੇ ਆਹੂ ਲਾਹੁੰਦਿਆਂ ਆਪਣਾ ਸੀਸ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿੱਚ ਪਹੁੰਚ ਕੇ ਭੇਟ ਕੀਤਾ। ਇਹ ਘਟਨਾ ਸੰਨ 1757 ਦੀ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਵਚਨਾਂ ਨੂੰ ਪੂਰਾ ਕੀਤਾ ਅਤੇ ਗੁਰੂ ਘਰ ਦੀ ਐਨੀ ਵੱਡੀ ਸੇਵਾ ਕੀਤੀ।


 
Top