'ਤਾਂ ਇਸ ਦੇ ਉਤਰ ਵਿੱਚ ਟੈਗੋਰ ਦੀ ਨਜ਼ਰ ' ਗਗਨ ਮੈ ਥਾਲ &#26

gunnu13

Member
ਨੋਬਿਲ ਇਨਾਮ ਜੇਤੂ ਸ੍ਰੀ ਰਵਿੰਦਰ ਨਾਥ ਟੈਗੋਰ,ਜਿੰਨਾਂ ਦਾ ਲਿਖਿਆ ਗੀਤ 'ਜਨ ਗਨ ਮਨ....'ਭਾਰਤ ਦਾ ਕੌਮੀ ਤਰਾਨਾ ਬਣਿਆ ਹੈ,ਕਹਿੰਦੇ ਹਨ ਜਦ ਇਹ ਪੁਛਿਆ ਗਿਆ ਕਿ ਜੇਕਰ ਤੁਹਾਨੂੰ ਕੋਈ ਇਹ ਪੁਛੇ ਕਿ ਵਿਸ਼ਵ ਭਰ ਲਈ ਜੇ ਇਕ ਅੰਤਰ ਰਾਸ਼ਟਰੀ ਕੌਮੀ ਗੀਤ ਚਾਹੀਦਾ ਹੋਵੇ,ਜਿਸ ਵਿੱਚ ਸੁਮੱਚੇ ਸੰਸਾਰ ਦੇ ਪਸਾਰੇ ਦੀ ਤਰਜ਼ਮਾਨੀ ਹੋ ਸਕੇ ਤਾਂ ਅਜਿਹਾ ਵਿਸ਼ਵ ਕੌਮਾਤਰੀ ਗੀਤ ਕਿਹੋ ਜਿਹਾ ਹੋ ਸਕਦਾ ਹੈ । ਤਾਂ ਇਸ ਦੇ ਉਤਰ ਵਿੱਚ ਟੈਗੋਰ ਦੀ ਨਜ਼ਰ ' ਗਗਨ ਮੈ ਥਾਲ ਰਵਿ ਚੰਦ ' ਵਾਲੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵੱਲ ਹੀ ਗਈ।

ਟੈਗੋਰ ਸਿੱਖ ਧਰਮ ਅਤੇ ਇਸ ਦੇ ਸ਼ਾਨਦਾਰ ਅਮਲੀ ਫ਼ਲਸਫੇ ਤੋਂ ਜ਼ਿਦਗੀ ਭਰ ਬਹਤ ਮੁਤਾਸਰ ਰਹੇ ਹਨ,ਉਹ ਜਦ ਵੀ ਪੰਜਾਬ ਆਉਦੇ ਵਿਸ਼ੇਸ਼ ਰਾਗੀ ਜੱਥਿਆ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੀ ਆਤਮਾ ਨੂੰ ਤ੍ਰਿਪਤ ਕਰਦੇ । ਸਿੱਖ ਧਰਮ ਅਤੇ ਸਿੱਖ ਗੁ੍ਰੂਆ ਦੀ ਕਰਮ ਭੂਮੀ ਪੰਜਾਬ ਪ੍ਰਤੀ ਡੂੰਘੇ ਸਨੇਹ ਸਦਕਾ ਹੀ ਉਨ੍ਹਾਂ ਦੀਆਂ ਲਿਖਤਾਂ ਵਿੱਚ ਗੁਰੂ ਸਾਹਿਬਾਨ ਅਤੇਪੰਜਾਬ ਬਾਰੇ ਭਰਪੂਰ ਛੋਹਾਂ ਮਿਲਦੀਆਂ ਹਨ । ਕੌਮੀ ਤਰਾਨੇ ਵਿੱਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦਾ ਹੀ ਜ਼ਿਕਰ ਕਰਕੇ ,ਇਸ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਕੀਤਾ ਹੈ। 1919 ਦੇ ਜਲ੍ਹਿਆਂ ਵਾਲੇ ਬਾਗ਼ ਦੇ ਘਿਨੌਣੇ ਸਾਕੇ ਦੀ ਖ਼ਬਰ ਜਦ ਸ੍ਰੀ ਟੈਗੋਰ ਕੋਲ ਪਹੁੰਚੀ ਤਾਂ ਉਹਨਾਂ ਇਕ ਪੱਤਰ ਦੁਆਰਾ ਅੰਗਰੇਜ਼ ਸਰਕਾਰ ਨੂੰ ਆਪਣਾ 'ਨਾਈਟ-ਹੁਡ ' ਦਾ ਮਿਲਿਆ ਖਿਤਾਬ ਵਾਪਿਸ ਕਰਦਿਆਂ ਇਹ ਲਿਖਿਆ 'ਇਹ ਖਿਤਾਬ ਮੇਰੇ ਲਈ ਬਾਇਸ ਸ਼ਰਮ ਹੈ ਕਿਉਂਕਿ ਇਹ ਉਸ ਅੰਗਰੇਜ਼ ਸਰਕਾਰ ਦਾ ਦਿੱਤਾ ਹੋਇਆ ਹੈ ,ਜਿਸ ਨੇ ਮੇਰੇ ਨਿਹੱਥੇ ਪੰਜਾਬੀ ਵੀਰਾਂ ਦਾ ਕਤਲੇਆਮ ਕਰਕੇ ਆਪਣੇ ਹੱਥ ਖੂਨ ਨਾਲ ਰੰਗੇ ਹਨ।"

ਆਪਣੀ 'ਬੰਦਾਦਿਰ' ਨਾਮੀ ਕਵਿਤਾ ਵਿੱਚ ਟੈਗੋਰ ਸਾਹਿਬ ਨੇ ਬੰਦਾ ਸਿੰਘ ਬਹਾਦਰ ਦੇ ਦਲੇਰਨਾਮੇ ਕਾਰਨਾਮਿਆ ਦਾ ਡਾਢਾ ਸੁਹਣਾ ਚਿਤਰਣ ਕੀਤਾ ਹੈ ।ਉਸ ਦੇ ਬੰਦੀ ਬਣਾਏ ਜਾਣ ਤੇ ਉਸ ਨਾਲ ਕੈਦ ਕੀਤੇ ਗਏ 700 ਹੋਰ ਸਿੰਘ ਸੂਰਮਿਆਂ ਨੂੰ 100,100 ਦੇ ਹਿਸਾਬ ਨਾਲ ਰੋਜ਼ ਕਤਲ ਕੀਤੇ ਜਾਣ ਦੀ ਦਾਸਤਾਨ ਨੂੰ ਅੰਕਤ ਕਰਦਿਆਂ ,ਸਿੱਖਾ ਦੀ ਬੇਪਨਾਹ ਦਲੇਰੀ ਤੇ ਧਾਰਮਿਕ ਉਚਤਾ ਦਾ ਭਰਪੂਰ ਵਰਨਣ ਕੀਤਾ। ਸ਼ਹਾਦਤ ਤੇ ਦਲੇਰੀ ਲਾ-ਮਿਸਾਲ ਹੋਣ ਕਾਰਨ ,ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਇਹ ਕਵਿਤਾ ਬੰਗਾਲ ਪ੍ਰਾਂਤ ਦੇ ਹਰ ਵਿੱਦਿਆਰਥੀ ਨੂੰ ਸਕੂ਼ਲ ਵਿੱਚ ਜ਼ੁਬਾਨੀ ਯਾਦ ਕਰਵਾਈ ਜਾਂਦੀ ਹੈ। ਕੀ ਇਹ ਸਿੱਖੀ ਦੀ ਸ਼ਾਨ ਨਹੀ?
ਆਪਣੀ ਦੂਸਰੀ ਅਜਿਹੀ ਕਵਿਤਾ ਟੈਗੋਰ ਨੇ ਭਾਈ ਤਾਰੂ ਸਿੰਘ ਬਾਰੇ ਲਿਖੀ ਤੇ ਬੜੇ ਹੀ ਭਾਵਪੂਰਵਕ ਢੰਗ ਨਾਲ ਉਨ੍ਹਾਂ ਦੀ ਉਚੀ ਅਧਿਆਤਮਕ ਅਵਸਥਾ ਨੂੰ ਮੂਰਤੀਮਾਨ ਕਰਦਿਆਂ ਕਿਹਾ ਕਿ ਗੁਰੂ ਦੇ ਮਾਰਗ ਤੇ ਚਲਦਿਆਂ ਹੋਇਆਂ ਇਸ ਸ਼ਹੀਦ ਨੇ ਆਪਣੇ ਕੇਸਾਂ ਦੀ ਬੇਅਦਬੀ ਨਹੀ ਹੋਣ ਦਿੱਤੀ,ਪਰ ਆਪਣੀ ਖੋਪਰੀ ਹੱਸ ਹੱਸ ਕੇ ਉਤਰਵਾ ਦਿੱਤੀ।
ਆਪਣੀਆਂ ਦੋ ਹੋਰ ਨਜ਼ਮਾਂ 'ਗੁਰੂ ਗੋਬਿੰਦੇ' ਤੇ 'ਸ਼ੇਸ਼ ਸ਼ਿਖਾ'(ਆਖਰੀ ਸਿਖਿਆ)ਵਿੱਚ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਨਵਤਾ ਪ੍ਰਤੀ ਕੀਤੇ ਅਹਿਸਾਨਾਂ ,ਕੁਰਬਾਨੀਆਂ ,ਤਿਆਗਾਂ ਦਾ ਦਿਲ ਖਿਚਵਾਂ ਵਰਨਣ ਕਰਕੇ ਉਨ੍ਹਾਂ ਨੂੰ ਮਾਨਵਤਾ ਦਾ ਅਨਮੋਲ ਰਹਿਬਰ ਐਲਾਨਿਆ ਹੈ। ਟੈਗੋਰ ਅਨੁਸਾਰ ਗੁਰੂ ਸਾਹਿਬ ਵੱਲੋਂ ਖਾਲਸਾ ਸਾਜਣ ਤੋ ਪਹਿਲਾਂ ਤਪ ,ਸਿਮਰਨ ਦੇ ਨਾਲ ਡੂੰਘੀਆਂ ਸੋਚਾਂ ਕੀਤੀਆਂ ਗਈਆਂ। ਇਹ ਵਰਨਣ ਇਸ ਗੱਲ ਦਾ ਲਖਾਇਕ ਹੈ ਕਿ ਖ਼ਾਲਸੇ ਦੀ ਸਿਰਜਨਾਂ ਬਹੁਤ ਉੱਚੇ ਸੁੱਚੇ ਆਦਰਸ਼ਾਂ ਨੂੰ ਸਾਹਮਣੇ ਰੱਖ ਕੇ ਹੀ ਗੁ੍ਰੂ ਸਾਹਿਬ ਨੇ ਕੀਤੀ ਅਤੇ ਇਸ ਖ਼ਾਲਸੇ ਨੇ ਗੁਰੂ ਆਸ਼ੇ ਅਨੁਸਾਰ ਪੂਰਾ ਉਤਰ ਕੇ ਆਪਣੀ ਕੌਮ ਅਤੇ ਦੇਸ਼ ਦੀ ਆਭਾ ਨੂੰ ਚਮਕਾਇਆ।'ਸ਼ੇਸ਼ ਸ਼ਿਖਾ' ਵਿੱਚ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦਾ ਚਿਤਰਣ ਕਰਕੇ ਉਨ੍ਹਾਂ ਨੂੰ ਆਪਣਾ ਸਤਿਕਾਰ ਅਰਪਿਤ ਕੀਤਾ ਹੈ। ਟੈਗੋਰ ਅਨੁਸਾਰ "ਉਹ ਅਕਾਲ ਰੂਪ ਸਨ ਅਤੇ ਅਕਾਲ ਪੁਰਖ ਦੇ ਮਿਸ਼ਨ ਨੂੰ ਉਜਾਗਰ ਕਰਕੇ ਆਪਣਾ ਸਭ ਕੁਝ ਦੇਸ਼ ਕੌਮ ਅਤੇ ਮਾਨਵਤਾ ਤੋਂ ਕੁਰਬਾਨ ਕਰਕੇ ਇਲਾਹੀ ਜੋਤ ਵਿਚ ਸਮਾ ਗਏ।"
ਟੈਗੋਰ ਦੀਆਂ ਉਕਤ ਨਜ਼ਮਾਂ ਪੜ੍ਹਨ ਤੋਂ ਪਰਤੀਤ ਹੁੰਦਾ ਹੈ ਕਿ ਉਹ ਗੁਰਸਿੱਖੀ ਰੰਗ ਵਿੱਚ ਰੰਗੇ ਹੋਏ ਸਨ। ਸਿੱਖ ਇਤਿਹਾਸ ਦੇ ਪੰਨੇ ਤੇ ਸਜੀਆਂ ਅਣ-ਗਿਣਤ ਸ਼ਹੀਦੀਆਂ ਉਨ੍ਹਾਂ ਨੂੰ ਹਮੇਸ਼ਾਂ ਉਤਸ਼ਾਹਿਤ ਕਰਦੀਆਂ ਰਹੀਆਂ । ਕੀ ਇਹ ਸਾਡੇ ਲਈ ਮਾਣ ਵਾਲੀ ਗੱਲ ਨਹੀ ਕਿ ਉਨ੍ਹਾਂ ਵੱਲੋਂ ਪੂਜਾ ਸਮੇਂ ਗਾਏ ਜਾਂਦੇ ਭਜਨਾਂ ਵਿੱਚ ਪੰਜ ਸ਼ਬਦ ਗੁਰਬਾਣੀ ਦੇ ਵੀ ਸਨ(ਹਵਾਲਾ Influence of sikhism in Bengal-Guru Nanak,His life,Time and teachings ,By Gurmukh Nihal Singh)ਇਥੇ ਹੀ ਬਸ ਨਹੀ ਡਾ: ਲਲਵਾਨੀ ਆਪਣੀ ਪੁਸਤਕ 'ਗੁਰੂ ਨਾਨਕ' ਦੇ ਪੰਨਾ 17 ਤੇ ਇਹ ਵੀ ਲਿਖਦਾ ਹੈ ਕਿ ਟੈਗੋਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਈ ਸ਼ਬਦ ਬੰਗਾਲੀ ਵਿੱਚ ਅਨੁਵਾਦ ਕੀਤੇ ਜਿੰਨਾਂ ਨੂੰ ਉਹ' ਬਰਹਮ ਸੰਗੀਤ ' ਕਹਿੰਦੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਸ਼ਬਦਾਂ ਨੂੰ ਆਪਣੀ ਪੁਸਤਕ 'ਗੀਤਾਬਤਾਂ ' ਵਿੱਚ ਸ਼ਾਮਿਲ ਕਰ ਲਿਆ।
 
Top