ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਚੋਣਵੇਂ ਸ਼ਬਦਾਂ ਦ&#26

harmanjit_kaur

Waheguru Waheguru
ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਚੋਣਵੇਂ ਸ਼ਬਦਾਂ ਦੀ ਵਿਆਖਿਆ - ਸੁਰਗ ਬਾਸੁ ਨ ਬਾਛੀਐ

ਗਉੜੀ ਪੂਰਬੀ (ਕਬੀਰ ਜੀਉ)
ਸੁਰਗ ਬਾਸੁ ਨ ਬਾਛੀਐ, ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ॥1॥
ਰਮਈਆ ਗੁਨ ਗਾਈਐ॥
ਜਾ ਤੇ ਪਾਈਐ, ਪਰਮ ਨਿਧਾਨੁ॥1॥ ਰਹਾਉ॥
ਕਿਆ ਜਪੁ, ਕਿਆ ਤਪੁ ਸੰਜਮੋ, ਕਿਆ ਬਰਤੁ, ਕਿਆ ਇਸਨਾਨੁ॥
ਜਬ ਲਗੁ, ਜੁਗਤਿ ਨ ਜਾਨੀਐ, ਭਾਉ ਭਗਤਿ ਭਗਵਾਨ॥2॥
ਸੰਪੈ ਦੇਖਿ ਨ ਹਰਖੀਐ, ਬਿਪਤਿ ਦੇਖ ਨ ਰੋਇ॥
ਜਿਉ ਸੰਪੈ, ਤਿਉ ਬਿਪਤਿ ਹੈ, ਬਿਧਨੇ ਰਚਿਆ ਸੋ ਹੋਇ॥ 3॥
ਕਹਿ ਕਬੀਰ ਅਬ ਜਾਨਿਆ, ਸੰਤਨ ਰਿਦੈ ਮਝਾਰਿ॥
ਸੇਵਕ ਸੋ ਸੇਵਾ ਭੁਲੇ, ਜਿਹ ਘਟ ਬਸੈ ਮੁਰਾਰਿ॥ 4॥ 1॥
(ਪੰਨਾ 337)
ਭੂਮਿਕਾ-ਆਦਿ ਕਾਲ ਤੋਂ ਹੀ ਮਨੁੱਖ, ਮਨ ਦੀ ਸ਼ਾਂਤੀ ਅਤੇ ਸੁਖ ਪ੍ਰਾਪਤ ਕਰਨ ਲਈ, ਇਧਰ ਉਧਰ ਟੱਕਰਾਂ ਮਾਰਦਾ ਚਲਿਆ ਆ ਰਿਹਾ ਹੈ ਅਤੇ ਇਸ ਦੀ ਪ੍ਰਾਪਤੀ ਦੇ ਢੰਗਾਂ ਸੰਬੰਧੀ ਆਪਣੇ ਵਿਚਾਰ ਘੜਦਾ ਆਇਆ ਹੈ। ਇਨ੍ਹਾਂ ਆਪਣੇ ਘੜੇ ਹੋਏ ਵਿਚਾਰਾਂ ਨੂੰ ਆਧਾਰ ਬਣਾ ਕੇ ਉਸ ਨੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ; ਤਾਂ ਜੋ ਮਨ ਨੂੰ ਸ਼ਾਂਤੀ ਮਿਲ ਸਕੇ; ਪਰ ਸ਼ਾਂਤੀ ਤਾਂ ਕੇਵਲ ਪ੍ਰਭੂ ਦਾ ਨਾਮ ਜਪਿਆਂ ਹੀ ਮਿਲ ਸਕਦੀ ਸੀ, ਨਾ ਕਿ ਆਪਣੀ ਅਲਪ ਬੁੱਧੀ ਨਾਲ ਮਿਥੇ ਹੋਏ ਵਿਚਾਰਾਂ ’ਤੇ ਚੱਲਣ ਨਾਲ।
ਹਿੰਦੂ ਸਮਾਜ ਬ੍ਰਾਹਮਣ ਦੀ ਅਗਵਾਈ ਦਾ ਮੁਥਾਜ ਹੋਣ ਦੇ ਕਾਰਨ ਜਨਮ ਤੋਂ ਲੈ ਕੇ ਮਰਨ ਤਕ ਸਾਰੇ ਧਾਰਮਿਕ ਕਾਰ-ਵਿਹਾਰ ਬ੍ਰਾਹਮਣ ਦੇ ਅਧੀਨ ਕਰਦਾ ਹੈ। ਇਸ ਚਤੁਰ ਆਗੂ ਨੇ ਇਹ ਤਾਂ ਦੱਸ ਦਿੱਤਾ ਕਿ ਪ੍ਰਮਾਤਮਾ ਦੀ ਭਗਤੀ ਕੀਤਿਆਂ ਸ਼ਾਂਤੀ ਮਿਲ ਸਕਦੀ ਹੈ ਪਰ ਉਸ ਦੀ ਪ੍ਰਾਪਤੀ ਦੇ ਠੀਕ ਢੰਗ ਨਾ ਦੱਸ ਕੇ ਗਲਤ ਕਰਮ-ਕਾਂਡਾਂ ਵਿਚ ਇਤਨਾ ਫਸਾਇਆ ਕਿ ਇਹਨਾਂ ਦੇ ਪੈਰੋਕਾਰ ਆਪਣਾ ਨਿਸ਼ਾਨਾ ਹੀ ਭੁੱਲ ਗਏ।
ਅੱਜ ਵੀ ਅਸੀਂ ਆਪਣੇ ਦੁਆਲੇ ਅਜਿਹੇ ਲੋਕਾਂ ਦੀ ਭਰਮਾਰ ਵੇਖਦੇ ਹਾਂ ਜੋ ਸਦੀਆਂ ਤੋਂ ਚਲੇ ਆ ਰਹੇ ਇਨ੍ਹਾਂ ਕਰਮ-ਕਾਂਡਾਂ ਨੂੰ ਹੀ ਜੀਵਨ ਢੰਗ ਮੰਨੀ ਬੈਠੇ ਹਨ ਅਤੇ ਉਹਨਾਂ ਦੇ ਜੀਵਨ ਵਿਚ ਅਧਿਆਤਮਕ ਤੇ ਸਦਾਚਾਰਕ ਕੋਈ ਤਬਦੀਲੀ ਨਹੀਂ ਆਉਂਦੀ। ਹੋਰਨਾਂ ਦੀ ਤਰ੍ਹਾਂ ਉਹ ਭੀ ਦੁੱਖ ਵੇਲੇ ਦੁਖੀ ਤੇ ਨਿਰਾਸ਼ ਨਜ਼ਰ ਆਉਂਦੇ ਹਨ ਅਤੇ ਖੁਸ਼ੀ ਵੇਲੇ ਇਤਨੇ ਪਾਗਲ ਹੋ ਜਾਂਦੇ ਹਨ ਕਿ ਆਪਾ ਵਿਸਾਰ ਦਿੰਦੇ ਹਨ ਤੇ ਇਹ ਹੀਰਾ ਰੂਪੀ ਜੀਵਨ ਸਿਨਮਿਆਂ, ਕਲੱਬਾਂ ਅਤੇ ਸ਼ਰਾਬ ਵਿਚ ਮਸਤ ਹੋ ਕੇ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਹਨ।
ਜਿਸ ਕਿਸੇ ਨੇ ਵੀ ਪ੍ਰਭੂ-ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਉਸ ਨੇ ਫੋਕਟ ਕਰਮਾਂ ਦੀ ਰੱਜਵੀਂ ਨਿਖੇਧੀ ਕੀਤੀ ਹੈ। ਭਗਤ ਕਬੀਰ ਜੀ ਨੇ ਵੀ ਫੋਕਟ ਕਰਮਾਂ ਦੇ ਖਿਲਾਫ ਬੜੇ ਜ਼ੋਰ ਨਾਲ ਆਵਾਜ਼ ਉਠਾਈ ਸੀ। ਭਗਤ ਜੀ ਇਸ ਸ਼ਬਦ ਵਿਚ ਦੱਸ ਰਹੇ ਹਨ ਕਿ ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਫਜ਼ੂਲ ਦੇ ਕਰਮ-ਕਾਂਡਾਂ ਵਿਚ ਕੁਝ ਨਹੀਂ ਪਿਆ। ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ (ਗੁਰਮਤਿ ਨੂੰ ਸਮਝਣਾ, ਵਿਚਾਰਨਾ ਤੇ ਉਸ ਅਨੁਸਾਰ ਹੀ ਜੀਵਨ ਜੀਉਣਾ) ਉਸ ਦੇ ਮਨ ਦੀ ਅਵਸਥਾ ਐਸੀ ਉ¤ਚੀ ਬਣ ਜਾਂਦੀ ਹੈ ਕਿ ਜਗਤ ਦੇ ਦੁਖ ਸੁਖ ਪ੍ਰਭੂ ਦੀ ਰਜ਼ਾ ਵਿਚ ਹੀ ਨਜ਼ਰ ਆਉਂਦੇ ਦਿਸਦੇ ਹਨ, ਇਸ ਵਾਸਤੇ ਉਹ ਮਨੁੱਖ ਨਾ ਕਿਸੇ ਸੁਰਗ ਲਈ ਤਾਂਘਦਾ ਹੈ ਨਾ ਕਿਸੇ ਨਰਕ ਤੋਂ ਡਰਦਾ ਹੈ।
ਸ਼ਬਦ ਦੇ ਅਰਥ
ਰਮਈਆ ਗੁਨ ਗਾਈਐ॥
ਜਾ ਤੇ ਪਾਈਐ ਪਰਮ ਨਿਧਾਨੁ॥1॥ ਰਹਾਉ॥
ਪਦ-ਅਰਥ-ਰਮਈਆ-ਸੋਹਣਾ ਰਾਮ। ਜਾ ਤੇ-ਜਿਸ ਤੋਂ। ਪਰਮ-ਸਭ ਤੋਂ ਉ¤ਚਾ। ਨਿਧਾਨੁ-ਖ਼ਜ਼ਾਨਾ।
ਅਰਥ-ਸ਼ਬਦ ਦੇ ਰਹਾਉ ਦੇ ਬੰਦ ਵਿਚ ਭਗਤ ਕਬੀਰ ਜੀ ਫੁਰਮਾਉਂਦੇ ਹਨ-
ਅਕਾਲ ਪੁਰਖ ਦੀ ਸਿਫ਼ਤ ਸਲਾਹ ਕਰਨੀ ਚਾਹੀਦੀ ਹੈ ਅਤੇ ਇਸੇ ਉ¤ਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ ਸੁਖਾਂ ਨਾਲੋਂ ਉ¤ਚਾ ਹੈ।
ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
ਏਕੁ ਧਿਆਵਹੁ, ਮੂੜ੍ਹ ਮਨਾ॥
ਪਾਰਿ ਉਤਰਿ ਜਾਹਿ, ਇਕ ਖਿਨਾ॥
(ਬਸੰਤ, ਮ: 3-1169)
‘ਭਾਵ’ ਹੇ ਮੂਰਖ ਮਨ! ਛੱਡ ਦੇ ਹੋਰਾਂ ਤੇ ਧਿਆਨ ਲਾਣੇ, ਕੇਵਲ ਇੱਕ ਦਾ ਧਿਆਨ ਧਰ। ਲਾਭ ਕੀ ਹੋਵੇਗਾ-ਇੱਕ ਦਾ ਧਿਆਨ ਧਰਨ ਨਾਲ ਮਾਇਆ ਦੇ ਸਮੁੰਦਰ ਤੋਂ ਪਾਰ ਉਤਰ ਜਾਵੇਂਗਾ। ਦੂਜੇ ਧਿਆਨ ਮਾਇਆ ਆਦਿ ਦੇ ਜੱਫੇ ਵਿਚੋਂ ਨਹੀਂ ਨਿਕਲਣ ਦਿੰਦੇ। ਗੁਰੂ ਨਾਨਕ ਸਾਹਿਬ ਦੱਸ ਰਹੇ ਹਨ-
ਪ੍ਰਾਣੀ, ਏਕੋ ਨਾਮੁ ਧਿਆਵਹੁ॥
ਅਪਨੀ ਪਤਿ ਸੇਤੀ, ਘਰਿ ਜਾਵਹੁ॥
(ਮਲਾਰ, ਮ: 1-1254)
‘ਭਾਵ’ ਹੇ ਪ੍ਰਾਣੀ! ਕੇਵਲ ਇੱਕੋ ਨਾਮ ਵਿਚ ਧਿਆਨ ਜੋੜੋ। ਲਾਭ ਕੀ ਹੋਵੇਗਾ? ਆਪਣੀ ਇੱਜ਼ਤ ਨਾਲ ਨਿਰੰਕਾਰ ਵਿਚ ਲੀਨ ਹੋ ਜਾਓਗੇ।
ਸੁਰਗ ਬਾਸੁ ਨ ਬਾਛੀਐ, ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ॥1॥
ਪਦ-ਅਰਥ-ਸੁਰਗ ਬਾਸ-ਸੁਰਗ ਦਾ ਵਾਸਾ। ਬਾਛੀਐ-ਖ਼ਾਹਸ਼ ਕਰੀਏ। ਨਰਕਿ-ਨਰਕ ਵਿਚ। ਸੋ ਹੋਈ ਹੈ-ਉਹੀ ਹੋਵੇਗਾ। ਮਨਹਿ-ਮਨ ਵਿਚ। ਨ ਕੀਜੈ-ਨਾ ਕਰੀਏ।
ਅਰਥ-ਨਾ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ ਮਰਨ ਪਿੱਛੋਂ ਸੁਰਗ ਦਾ ਵਸੇਬਾ ਮਿਲ ਜਾਏ, ਅਤੇ ਨਾ ਇਸ ਗੱਲੋਂ ਡਰਦੇ ਰਹੀਏ ਕਿ ਕਿਸੇ ਨਰਕ ਵਿਚ ਨਿਵਾਸ ਨਾ ਮਿਲ ਜਾਏ। ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ ਮਨ ਵਿਚ ਐਸੀਆਂ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ।
ਨਰਕ ਤੇ ਸੁਰਗ ਬਾਰੇ ਗੁਰਮਤਿ ਸਿਧਾਂਤ ਬਹੁਤ ਸੋਹਣੀ ਅਗਵਾਈ ਦਿੰਦੇ ਹਨ। ਯਥਾ-
ਧਨੁ ਨਹੀ ਬਾਛਹਿ, ਸੁਰਗ ਨ ਆਛਹਿ॥
ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ॥
(ਗਉੜੀ, ਬਾਵਨ ਅਖਰੀ ਪਵੜੀ, ਮ: 5, ਪੰਨਾ 251)
(ਰਜ ਰਾਚਹਿ-ਚਰਨ ਧੂੜ ਵਿਚ ਮਸਤ ਰਹਿੰਦੇ ਹਨ)
ਕਵਨੁ ਨਰਕੁ, ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ॥
ਹਮ ਕਾਹੂ ਕੀ ਕਾਣਿ ਨ ਕਢਤੇ, ਅਪਨੇ ਗੁਰ ਪਰਸਾਦੇ॥
(ਰਾਮਕਲੀ, ਕਬੀਰ ਜੀ, ਪੰਨਾ 969)
(ਰਾਦੇ-ਰੱਦ ਕਰ ਦਿੱਤੇ ਹਨ। ਕਾਣਿ-ਮੁਥਾਜੀ)
ਕਬੀਰ, ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ,
ਰਹਉ ਅੰਤਿ ਅਰੁ ਆਦਿ॥120॥
(ਸਲੋਕ, ਕਬੀਰ ਜੀ, ਪੰਨਾ 1370)
ਕਿਆ ਜਪੁ ਕਿਆ ਤਪੁ ਸੰਜਮੋ,
ਕਿਆ ਬਰਤੁ ਕਿਆ ਇਸਨਾਨੁ॥
ਜਬ ਲਗੁ ਜੁਗਤਿ ਨ ਜਾਨੀਐ, ਭਾਉ ਭਗਤਿ ਭਗਵਾਨ॥ 2॥
ਪਦ-ਅਰਥ-ਕਿਆ-ਕਿਸ ਅਰਥ, ਕੀ ਲਾਭ? ਸੰਜਮੋ-ਮਨ ਅਤੇ ਇੰਦ੍ਰੀਆਂ ਨੂੰ ਰੋਕਣ ਦਾ ਯਤਨ। ਜੁਗਤਿ-ਜਾਚ, ਤਰੀਕਾ। ਭਾਉ-ਪ੍ਰੇਮ।
ਅਰਥ-ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤ ਨਹੀਂ ਸਮਝੀ (ਭਾਵ ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ) ਜਪ, ਤਪ, ਸੰਜਮ, ਵਰਤ ਇਸ਼ਨਾਨ-ਇਹ ਸਭ ਫੋਕਟ ਕਰਮ ਹਨ।
ਜਪ-ਮੰਤ੍ਰ ਸ਼ਾਸਤਰਾਂ ਵਿਚ ਅਨੇਕਾਂ ਹੀ ਕਾਮਨਾਪੂਰਨ ਜਪਾਂ ਦਾ ਵਰਨਣ ਮਿਲਦਾ ਹੈ। (ਇੱਕ ਮੰਤਰ ਨੂੰ ਦੂਜੇ ਮੰਤਰ ਦੇ ਆਦਿ-ਅੰਤ ਦੇ ਕੇ ਜਪਣਾ) ਯਥਾਕ੍ਰਮ ਸਿੱਧ ਮੰਤਰ ਦਾ ਪਾਠ ਕਰਨਾ। ਜਪੁ ਦੇ ਅਨੇਕਾਂ ਤਰੀਕੇ ਹਨ ਅਤੇ ਉਹਨਾਂ ਦੇ ਫਲ ਭੀ ਹਿੰਦੂ ਸ਼ਾਸਤਰਾਂ ਵਿਚ ਦਿੱਤੇ ਹੋਏ ਹਨ ਅਤੇ ਭੈਰਵ ਕਾਲੀ ਮਾਈ, ਲਛਮੀ, ਸਰਸਵਤੀ, ਦੁਰਗਾ, ਚੰਡੀ ਆਦਿਕ ਦੇਵੀ ਦੇਵਤਿਆਂ ਦੇ ਮੰਤ੍ਰ ਜਪਣ ਨਾਲ ਅਨੇਕਾਂ ਸ਼ਕਤੀਆਐਂ ਦੀ ਪ੍ਰਾਪਤੀ ਹੋਈ ਦੱਸੀ ਗਈ ਹੈ, ਪਰ ਗੁਰਮਤਿ ਇਨ੍ਹਾਂ ਜਪਾਂ ਨੂੰ ਨਿਸਫਲ ਜਾਣ ਕੇ ਇਨ੍ਹਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦਾ ਹੈ ਤੇ ਸਿਰਫ਼ ਇੱਕ ਅਕਾਲ ਪੁਰਖ ਦਾ ਪਿਆਰ ਹੀ ਸਰਬ ਸ੍ਰੇਸ਼ਟ ਦਰਸਾਉਂਦੀ ਹੈ-
ਜਿਨੀ ਨਾਮੁ ਵਿਸਾਰਿਆ, ਕਿਆ ਜਪੁ ਜਾਪਹਿ ਹੋਰਿ॥
ਬਿਸਟਾ ਅੰਦਰਿ ਕੀਟ ਸੇ, ਮੁਠੇ ਧੰਧੈ ਚੋਰਿ॥
ਨਾਨਕ, ਨਾਮੁ ਨ ਵੀਸਰੈ, ਝੂਠੇ ਲਾਲਚ ਹੋਰਿ॥
(ਸਾਰੰਗ ਕੀ ਵਾਰ, ਮ: 3-1247)
ਕਿਆ ਜਪੁ, ਕਿਆ ਤਪੁ, ਕਿਆ ਬ੍ਰਤ ਪੂਜਾ॥
ਜਾ ਕੈ ਰਿਦੈ ਭਾਉ ਹੈ ਦੂਜਾ॥1॥
(ਗਉੜੀ, ਕਬੀਰ ਜੀ, ਪੰਨਾ 324)
ਤਪ-ਕਈ ਲੋਕੀਂ ਇਹ ਭੀ ਸਮਝਦੇ ਹਨ ਕਿ ਸਰੀਰ ਨੂੰ ਦੁੱਖ ਦੇਣ ਨਾਲ ਮਨ ਵੱਸ ਵਿਚ ਆ ਜਾਂਦਾ ਹੈ ਤੇ ਪ੍ਰਭੂ ਪ੍ਰਾਪਤੀ ਹੁੰਦੀ ਹੈ। ਜਿਵੇਂ ਕਈ ਸਾਧ ਸੰਤ ਹਾੜ੍ਹ ਦੀ ਗਰਮੀ ਵਿਚ ਹੀ ਚੌਗਿਰਦੇ ਅੱਗ ਬਾਲ ਕੇ ਬੈਠੇ ਰਹਿੰਦੇ ਹਨ। ਪਾਣੀ ਵਿਚ ਇੱਕ ਟੰਗ ’ਤੇ ਖੜ੍ਹੋ ਕੇ ਮਗਨ ਰਹਿੰਦੇ ਹਨ। ਪੁਰਾਤਨ ਸਮੇਂ ਵਿਚ ਪੁੱਠੇ ਲਟਕ ਕੇ ਤਪ ਕਰਨ ਦੀਆਂ ਉਦਾਹਰਨਾਂ ਭੀ ਮਿਲਦੀਆਂ ਹਨ, ਪਰ ਗੁਰਮਤਿ ਵਿਚ ਨਿਰਾਰਥਕ ਸਰੀਰ ਨੂੰ ਤਪਾਉਣਾ ਤਪ ਨਹੀਂ-
ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥
ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਸਮ੍ਰਾਲਿ॥
(ਸਲੋਕ, ਵਾਰਾਂ ਤੇ ਵਧੀਕ, ਮ: 1-1411)
(ਫੇੜਿਆ-ਕੀ ਵਿਗਾੜਿਆ ਹੈ। ਪਿਰੀ-ਵਾਹਿਗੁਰੂ)।
ਗੁਰਮਤਿ ਅਨੁਸਾਰ, ਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਹੀ ‘ਤਪ’ ਹੈ-
ਗੁਰ ਸੇਵਾ, ਤਪਾਂ ਸਿਰਿ ਤਪੁ ਸਾਰੁ॥
ਹਰਿ ਜੀਉ ਮਨਿ ਵਸੈ, ਸਭ ਦੂਖ ਵਿਸਾਰਣਹਾਰੁ॥
ਦਰਿ ਸਾਚੈ, ਦੀਸੈ ਸਚਿਆਰੁ॥ 4॥
(ਆਸਾ, ਮ: 3, ਪੰਨਾ 423)
ਵਰਤ-ਵਰਤ ਦੇ ਅਰਥ ਹਨ, ਅੰਨ ਦਾ ਤਿਆਗ ਕਰਨਾ, ਅਨਮਤੀਆਂ ਦਾ ਖਿਆਲ ਹੈ ਵਰਤਾਂ ਨਾਲ ਮਨ ਦੀ ਸ਼ੁੱਧੀ ਹੋ ਜਾਂਦੀ ਹੈ ਪਰ ਬਾਣੀ ਸਪੱਸ਼ਟ ਕਰਕੇ ਨਿਬੇੜਾ ਕਰਦੀ ਹੈ ਕਿ ਅੰਨ ਨਾ ਖਾਣ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਉਲਟਾ ਸਰੀਰ ਨੂੰ ਦੁੱਖ ਹੁੰਦਾ ਹੈ ਅਸਲ ਵਿਚ ਸਿਰਫ ਗੁਰੂ-ਗਿਆਨ ਨਾਲ ਹੀ ਮਨ ਸ਼ੁੱਧ ਤੇ ਬਲਵਾਨ ਹੁੰਦਾ ਹੈ-
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥
ਬਿਨੁ ਗੁਰ ਗਿਆਨ, ਤ੍ਰਿਪਤਿ ਨਹੀ ਥੀਜੈ॥
(ਰਾਮਕਲੀ, ਮ: 1-905)
ਵਰਤ ਰੱਖਣ ਨੂੰ ਗੁਰਬਾਣੀ ਵਿਚ ਪਾਖੰਡ ਕਰਨਾ ਮੰਨਿਆ ਗਿਆ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਵਰਤ ਰੱਖਣ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ-
ਛੋਡਹਿ ਅੰਨੁ, ਕਰਹਿ ਪਾਖੰਡ॥
ਨਾ ਸੋਹਾਗਨਿ, ਨਾ ਓਹਿ ਰੰਡ॥…..
ਅੰਨੈ ਬਿਨਾ, ਨ ਹੋਇ ਸੁਕਾਲੁ॥
ਤਜਿਐ ਅੰਨਿ, ਨ ਮਿਲੈ ਗੁਪਾਲੁ॥
(ਗੌਂਡ, ਕਬੀਰ ਜੀ 873)
ਬਰਤ ਨੇਮ ਸੰਜਮ ਮਹਿ ਰਹਤਾ, ਤਿਨ ਕਾ ਆਢੁ ਨ ਪਾਇਆ॥
ਆਗੈ ਚਲਣੁ ਅਉਰੁ ਹੈ ਭਾਈ, ਊਂਹਾ ਕਾਮਿ ਨ ਆਇਆ॥1॥
(ਗਉੜੀ, ਮ: 5-216)
ਇਸ਼ਨਾਨ-ਬ੍ਰਾਹਮਣੀ ਮੱਤ ਅਨੁਸਾਰ ਸਰੀਰ ਨੂੰ ਧੋਣ ਨਾਲ ਮਨ ਭੀ ਸ਼ੁੱਧ ਹੋ ਜਾਂਦਾ ਹੈ। ਪਰ ਗੁਰਮਤਿ ਤਾਂ ਇਹ ਦੱਸਦੀ ਹੈ ਕਿ ਤਨ ਨੂੰ ਧੋਣ ਨਾਲ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਜਾਂਦੀ। ਯਥਾ-
ਮਨਿ ਮੈਲੈ, ਸਭੁ ਕਿਛੁ ਮੈਲਾ, ਤਨਿ ਧੋਤੈ, ਮਨੁ ਹਛਾ ਨ ਹੋਇ॥
(ਵਡਹੰਸ, ਮ: 3-558)
ਕਬੀਰ ਜੀ ਫੁਰਮਾਉਂਦੇ ਹਨ-
ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥
ਜੈਸੇ ਮੇਂਡੁਕ ਤੈਸੇ ਓੁਇ ਨਰ, ਫਿਰਿ ਫਿਰਿ ਜੋਨੀ ਆਵਹਿ॥2॥
(ਆਸਾ, ਕਬੀਰ ਜੀਉ-484)
ਤੀਰਥਾਂ ਉ¤ਤੇ ਜਾ ਕੇ ਇਸ਼ਨਾਨ ਕਰਨ ਦਾ ਭੀ ਗੁਰਮਤਿ ਨੇ ਵਿਰੋਧ ਕੀਤਾ ਹੈ। ਗੁਰਮਤਿ ਅਨੁਸਾਰ ਗੁਰ-ਸ਼ਬਦ ਦੀ ਵਿਚਾਰ ਅਤੇ ਕਮਾਈ ਹੀ ਅਸਲ ਤੀਰਥ-ਇਸ਼ਨਾਨ ਹੈ-
ਤੀਰਥ ਨਾਵਣ ਜਾਉ, ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ, ਅੰਤਰਿ ਗਿਆਨੁ ਹੈ॥
(ਧਨਾਸਰੀ, ਮ: 1-687)
ਸੰਪੈ ਦੇਖਿ ਨ ਹਰਖੀਐ, ਬਿਪਤਿ ਦੇਖਿ ਨ ਰੋਇ॥
ਜਿਉ ਸੰਪੈ ਤਿਉ ਬਿਪਤਿ ਹੈ, ਬਿਧ ਨੇ ਰਚਿਆ ਸੋ ਹੋਇ॥ 3॥
ਪਦ-ਅਰਥ-ਨ ਹਰਖੀਐ-ਖੁਸ਼ ਨਾ ਹੋਈਏ, ਫੁੱਲੇ ਨਾ ਫਿਰੀਏ। ਬਿਪਤਿ-ਬਿਪਤ, ਮੁਸੀਬਤ। ਬਿਧ ਨੇ-ਪਰਮਾਤਮਾ ਨੇ।
ਅਰਥ-ਰਾਜ-ਭਾਗ ਵੇਖ ਕੇ ਬਹੁਤ ਜ਼ਿਆਦਾ ਖੁਸ਼ ਨਾ ਹੋਈਏ, ਮੁਸੀਬਤ ਨੂੰ ਦੇਖ ਕੇ ਦੁਖੀ ਨਾ ਹੋਈਏ। ਜੋ ਕੁਝ ਪਰਮਾਤਮਾ ਕਰਦਾ ਹੈ ਓਹੀ ਹੁੰਦਾ ਹੈ, ਜਿਵੇਂ ਰਾਜ-ਭਾਗ ਪ੍ਰਭੂ ਦਾ ਦਿੱਤਾ ਹੀ ਮਿਲਦਾ ਹੈ, ਤਿਵੇਂ ਬਿਪਤਾ ਭੀ ਉਸੇ ਦੀ ਪਾਈ ਪੈਂਦੀ ਹੈ।
ਗੁਰੂ ਅਰਜੁਨ ਦੇਵ ਜੀ ਗਉੜੀ ਰਾਗ ਵਿਚ ਫੁਰਮਾਨ ਕਰਦੇ ਹਨ-
ਮਾਨੁ ਅਭਿਮਾਨੁ ਦੋਊ ਸਮਾਨੇ, ਮਸਤਕੁ ਡਾਰਿ ਗੁਰ ਪਾਗਿਓ॥
ਸੰਪਤ ਹਰਖੁ ਨ ਆਪਤ ਦੂਖਾ, ਰੰਗੁ ਠਾਕੁਰੈ ਲਾਗਿਓ॥1॥
(ਗਉੜੀ, ਮ: 5-215)
ਦੁਖੁ ਸੁਖੁ, ਗੁਰਮੁਖਿ ਸਮ ਕਰਿ ਜਾਣਾ,
ਹਰਖ ਸੋਗ ਤੇ ਬਿਰਕਤੁ ਭਇਆ॥
ਆਪੁ ਮਾਰਿ, ਗੁਰਮੁਖਿ ਹਰਿ ਪਾਏ,
ਨਾਨਕ, ਸਹਜਿ ਸਮਾਇ ਲਾਇਆ॥
(ਰਾਮਕਲੀ, ਮ: 1-907)
ਆਵਤ ਹਰਖ, ਨ ਜਾਵਤ ਦੂਖਾ,
ਨਹ ਬਿਆਪੈ ਮਨ ਰੋਗਨੀ॥
ਸਦਾ ਅਨੰਦੁ ਗੁਰੁ ਪੂਰਾ ਪਾਇਆ,
ਤਉ ਉਤਰੀ ਸਗਲ ਬਿਓਗਨੀ॥1॥
(ਰਾਮਕਲੀ, ਮ: 5-883)
ਕਹਿ ਕਬੀਰ ਅਬ ਜਾਨਿਆ, ਸੰਤਨ ਰਿਦੈ ਮਝਾਰਿ॥
ਸੇਵਕ ਸੋ ਸੇਵਾ ਭਲੇ, ਜਿਹ ਘਟ ਬਸੈ ਮੁਰਾਰਿ॥ 4॥
ਪਦ-ਅਰਥ-ਮਝਾਰਿ-ਵਿਚ। ਭਲੇ-ਚੰਗੇ। ਜਿਹ ਘਟ-ਜਿਨ੍ਹਾਂ ਦੇ ਹਿਰਦੇ ਵਿਚ।
ਅਰਥ-ਕਬੀਰ ਸਾਹਿਬ ਆਖਦੇ ਹਨ ਕਿ ਹੁਣ ਇਹ ਸਮਝ ਆਈ ਹੈ ਕਿ ਪਰਮਾਤਮਾ ਕਿਸੇ ਬੈਕੁੰਠ-ਸੁਰਗ ਵਿਚ ਨਹੀਂ ਵਸਦਾ, ਸੰਤਾਂ ਦੇ ਹਿਰਦੇ ਵਿਚ ਵਸਦਾ ਹੈ। ਓਹੀ ਸੇਵਕ ਸੇਵਾ ਕਰਦੇ ਸੋਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵਸਦਾ ਹੈ। ਭਾਵ, ਜੋ ਪ੍ਰਭੂ ਦੀ ਸਿਫ਼ਤ ਸਲਾਹ ਕਰਦੇ ਹਨ।
ਭਾਵ-ਇਹ ਸ਼ਬਦ ਦੀ ਵਿਚਾਰ ਤੋਂ ਸਪੱਸ਼ਟ ਹੋਇਆ ਕਿ ਜੋ ਮਨੁੱਖ ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਆਸਰੇ ਛੱਡ ਕੇ ਅਕਾਲ ਪੁਰਖ ਦੀ ਭਗਤੀ ਕਰਦਾ ਹੈ, ਉਸ ਦੀ ਐਸੀ ਉ¤ਚੀ ਅਵਸਥਾ ਬਣਦੀ ਹੈ ਕਿ ਉਹ ਦੁਖ-ਸੁਖ ਤੋਂ ਉਤਾਂਹ ਉਠ ਾਜੰਦਾ ਹੈ ਤੇ ਪ੍ਰਭੂ ਪ੍ਰੀਤੀ ਵਿਚ ਐਸਾ ਲੀਨ ਹੁੰਦਾ ਹੈ ਕਿ ਉਹ ਨਾ ਸੁਰਗ ਦੀ ਤਾਂਘ ਰੱਖਦਾ ਹੈ ਤੇ ਨਾ ਹੀ ਨਰਕ ਕੋਲੋਂ ਡਰਦਾ ਹੈ। (ਪੜ੍ਹੋ ਜੀਵਨ-ਗੁਰੂ ਦੇ ਸਿੱਖ ਭਾਈ ਤਿਲਕਾ ਜੀ ਦਾ)
 

pps309

Prime VIP
Re: ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਚੋਣਵੇਂ ਸ਼ਬਦਾਂ ਦ

thanks a lot...
Please keep sharing more
 
Re: ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਚੋਣਵੇਂ ਸ਼ਬਦਾਂ ਦ

ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥
 
Re: ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਚੋਣਵੇਂ ਸ਼ਬਦਾਂ ਦ

Keep it up :shabash
 
Top