ਧਰਮ

ਧਰਮ ਅਤੇ ਖਤਰਾ ਸ਼ਬਦ ਦੇਖ ਕੇ ਹੈਰਾਨ ਹੋਣਗੇ ਕਿ ਧਰਮ ਦਾ ਖਤਰੇ ਨਾਲ ਕੀ ਸਬੰਧ ਹੈ? ਸਬੰਧ ਨਾ ਵੀ ਹੋਵੇ ਤਾਂ ਵੀ ਸਬੰਧ ਪੈਦਾ ਕਰਨ ਵਾਲੇ ਲੋਕ ਕੁੱਝ ਅਜਿਹੀਆਂ ਰਹੁ ਰੀਤਾਂ ਆਪਣੇ ਮੁਫਾਦਾਂ ਲਈ ਚਲਾ ਦਿੰਦੇ ਹਨ ਜੋ ਧਰਮ ਦੇ ਰਾਹ ਵਿੱਚ ਰੋੜਾ ਬਣ ਜਾਂਦੀਆਂ ਹਨ ਹਨ। ਤੁਸੀਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਤੋਂ ਆਏ ਦਿਨ ਇਹ ਪ੍ਰਚਾਰ ਸੁਣਦੇ ਹੋ ਕਿ ਹੁਣ ਧਰਮ ਨੂੰ ਫਲਾਨੇ ਤੋਂ ਖਤਰਾ ਹੈ। ਆਓ ਜਰਾ ਇਸ ਬਾਰੇ ਓਪਨ ਮਾਈਂਡ ਹੋ ਖੁੱਲ੍ਹ ਕੇ ਵੀਚਾਰ ਕਰੀਏ। ਧਰਮ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦਾ ਅਰਥ ਹੈ ਉਹ ਨਿਯਮ ਜਿਸ ਦੇ ਅਧਾਰ ਤੇ ਸਾਰਾ ਸੰਸਾਰ ਚੱਲ ਰਿਹਾ ਹੈ। ਹੁਕਮ ਰਜ਼ਾਈ ਚਲਣਾ, ਇਨਸਾਨੀ ਫਰਜਾਂ ਦੀ ਪਾਲਣਾ ਕਰਨਾ, ਸਚਾਈ, ਨੇਕੀ, ਪਿਆਰ, ਸੇਵਾ-ਸਿਮਰਨ, ਪਰਉਪਕਾਰ ਅਤੇ ਕਿਰਤ ਆਦਿ ਸ਼ੁਭ ਗੁਣਾਂ ਦਾ ਸਮਦਾਇ ਹੀ ਧਰਮ ਹੈ। ਜਿਵੇਂ ਰੱਬ ਇੱਕ ਹੈ ਇਵੇਂ ਹੀ ਉਸ ਦਾ ਧਰਮ (ਅਟੱਲ ਨਿਯਮ) ਵੀ ਇੱਕ ਹੀ ਹੈ। ਵਿਰਲੇ ਹੀ ਇਸ ਗੱਲ ਨੂੰ ਸਮਝਦੇ ਹਨ ਪਰ ਬਹੁਤੇ ਲੋਕ ਕਾਵਾਂ ਰੌਲੀ ਹੀ ਪਾਉਂਦੇ ਰਹਿੰਦੇ ਹਨ। ਧਰਮ ਦੇ ਨਾਂ ਤੇ ਕੀਤੇ ਕਰਾਏ ਜਾ ਰਹੇ ਨਿਰਾਰਥਕ ਕਸਟਮ, ਫੋਕਟ ਰੀਤੀ-ਰਿਵਾਜ, ਵੇਸ-ਭੇਖ ਆਦਿ ਹੀ ਧਰਮ ਸਮਝੇ ਜਾ ਰਹੇ ਹਨ। ਹਾਂ ਦੇਸ਼ ਕਾਲ ਅਤੇ ਬੋਲੀ ਦੇ ਅਧਾਰ ਤੇ ਕਈ ਮਜ਼ਹਬ (ਮੱਤ) ਹਨ। ਇਨ੍ਹਾਂ ਨੂੰ ਚਲਾਉਣ ਵਾਲੇ ਵਕਤੀ ਰਹਿਬਰ ਵੀ ਕਈ ਹਨ। ਉਨ੍ਹਾਂ ਨੂੰ ਉਸ ਸਮੇਂ ਜੋ ਸਮਝ ਲੱਗੀ ਅਤੇ ਸਮੇਂ ਅਨੁਸਾਰ ਜੋ ਢੁੱਕਵਾਂ ਸੀ ਉਸ ਦਾ ਪ੍ਰਚਾਰ ਕਰਦੇ ਰਹੇ। ਬਾਅਦ ਵਿੱਚ ਉਨ੍ਹਾਂ ਦੇ ਖਲੀਫਿਆਂ ਜਾਂ ਉਤਰਾਧਿਕਾਰੀਆਂ ਨੇ ਮਜ਼ਹਬ ਦੇ ਨਾਂ ਤੇ ਵੱਖ ਵੱਖ ਰਹੁ ਰੀਤਾਂ ਚਲਾ ਦਿੱਤੀਆਂ ਅਤੇ ਉਨ੍ਹਾਂ ਨੂੰ ਧਰਮ ਦਾ ਅੰਗ ਬਣਾ ਦਿੱਤਾ ਗਿਆ। ਵਾਸਤਵ ਵਿੱਚ ਧਰਮ ਇੱਕ ਹੀ ਹੈ-ਏਕੋ ਧਰਮੁ ਦ੍ਰਿੜੈ ਸਚੁ ਸੋਈ॥ (1188) ਗੁਰੂ ਗ੍ਰੰਥ ਸਾਹਿਬ ਵਿਖੇ-ਏਕੁ ਪਿਤਾ ਏਕਸੁ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (611) ਦਾ ਉਪਦੇਸ਼ ਦਿੱਤਾ ਗਿਆ ਹੈ। ਭਾਵ ਜੇ ਰੱਬ ਇੱਕ ਹੈ ਅਤੇ ਅਸੀਂ ਸਾਰੇ ਉੇਸ ਦੇ ਬੱਚੇ ਬੱਚੀਆਂ ਹਾਂ ਫਿਰ ਸਾਡਾ ਧਰਮ ਵੀ ਇੱਕ ਹੀ ਹੈ ਹਾਂ ਮਜ਼ਹਬ ਵੱਖ ਵੱਖ ਹਨ। ਜਿਵੇਂ ਸਕੂਲ ਕਈ ਹਨ ਪਰ ਸਾਰਿਆਂ ਵਿੱਚ ਵਿਦਿਆ ਪੜ੍ਹਾਈ ਜਾਂਦੀ ਹੈ। ਇਵੇਂ ਹੀ ਮਜ਼ਹਬ ਵੀ ਸਕੂਲ ਹਨ ਜਿਨ੍ਹਾਂ ਵਿੱਚ ਧਰਮ ਰੂਪ ਪੜ੍ਹਾਈ ਵੱਖ ਵੱਖ ਬੋਲੀਆਂ ਵਿੱਚ ਕਰਾਈ ਜਾਂਦੀ ਹੈ।

ਧਰਮ ਦੀ ਮੰਜ਼ਿਲ ਇੱਕ ਹੈ ਪਰ ਰਸਤੇ ਵੱਖ ਵੱਖ ਹਨ।

ਸੰਸਾਰ ਵਿੱਚ ਕਈ ਮਜ਼ਹਬ ਹਨ ਸਭ ਦੇ ਰਾਹ ਵੱਖਰੇ ਵੱਖਰੇ ਹਨ ਪਰ ਮੰਨੇ ਜਾਂਦੇ ਮੇਨ ਧਰਮ ਸਨਾਤਨ, ਬੁੱਧ, ਈਸਾਈ, ਇਸਲਾਮ, ਯਹੂਦੀ ਅਤੇ ਸਿੱਖ ਹਨ। ਹਰੇਕ ਆਪਣੇ ਆਪ ਨੂੰ ਦੂਸਰੇ ਤੋਂ ਚੰਗਾ ਦੱਸ ਰਿਹਾ ਹੈ, ਗੁਣਾਂ ਦੀ ਸਾਂਝ ਵਿਰਲੇ ਹੀ ਕਰਦੇ ਹਨ। ਦੁਨੀਆਂ ਵਿੱਚ ਬਹੁਤੀਆਂ ਲੜਾਈਆਂ ਧਰਮ ਦੇ ਨਾਂ ਤੇ ਹੀ ਹੋਈਆਂ ਅਤੇ ਹੋ ਰਹੀਆਂ ਹਨ। ਅੱਜ ਧਰਮ ਨੂੰ ਰਾਜ ਨੀਤੀ ਲਈ ਵੀ ਵਰਤਿਆ ਜਾ ਰਿਹਾ ਹੈ ਜਿਸ ਕਰਕੇ ਇੱਕ ਧਰਮ ਦੂਜੇ ਦਾ ਵੈਰੀ ਨਜ਼ਰ ਆ ਰਿਹਾ ਹੈ। ਧਰਮ ਦੇ ਨਾਂ ਤੇ ਧਰਮ ਯੁੱਧ ਅਤੇ ਯਹਾਦ ਚੱਲ ਰਹੇ ਹਨ। ਕੀ ਇੱਕ ਸਕੂਲ ਦੇ ਵਿਦਿਆਰਥੀਆਂ ਨੂੰ ਦੁਜੇ ਸਕੂਲ ਦੇ ਵਿਦਿਆਰਥੀਆਂ ਨਾਲ ਲੜਨ ਲਈ ਸਿਖਾਇਆ ਜਾਂਦਾ ਹੈ? ਜਵਾਬ ਹੈ ਨਹੀਂ ਤਾਂ ਫਿਰ ਧਰਮ ਰੂਪੀ ਸਕੂਲਾਂ ਵਿੱਚ ਐਸਾ ਕਿਉਂ ਹੈ? ਕੀ ਇੱਕ ਪ੍ਰਵਾਰ ਦੇ ਮੈਂਬਰ ਰੋਜ਼ਾਨਾਂ ਲੜਦੇ ਹਨ? ਜਰਾ ਸੋਚੋ ਜੇ ਰੱਬ ਇੱਕ ਹੈ ਅਤੇ ਅਸੀਂ ਸਾਰੇ ਬੱਚੇ ਬੱਚੀਆਂ ਉਸ ਦੇ ਸਰਬਸਾਂਝੇ ਸੰਸਾਰ ਪ੍ਰਵਾਰ ਦੇ ਮੈਂਬਰ ਹਾਂ, ਤਾਂ ਸਾਡਾ ਸਰਬਸਾਂਝਾ ਧਰਮ ਵੀ ਇੱਕ ਹੀ ਹੈ ਜਿਸ ਨੂੰ ਅਸੀਂ ਭੁੱਲੇ ਫਿਰਦੇ ਹਾਂ। ਸ਼ਾਇਦ ਇਹ ਗੱਲ ਬਾਬਾ ਨਾਨਕ ਨੇ ਸੰਸਾਰ ਨੂੰ ਸਮਝਾਉਣ ਲਈ ਹੀ “ਏਕੁ ਪਿਤਾ ਏਕਸੁ ਕੇ ਹਮ ਬਾਰਿਕ (661) ਅਤੇ ਨਾ ਹਮ ਹਿੰਦੂ ਨ ਮੁਸਲਮਾਨ” (1136) ਦਾ ਹੋਕਾ ਦਿੰਦੇ ਹੋਏ ਸੰਸਾਰ ਯਾਤਰਾ ਸਮੇਂ ਵੱਖ ਵੱਖ ਮਜ਼ਹਬਾਂ ਦੇ ਆਗੂਆਂ ਨੂੰ ਉਨ੍ਹਾਂ ਨਾਲ ਮੁਲਾਕਾਤਾਂ ਕਰਕੇ ਕਹੀ। ਇਹ ਗੱਲ ਸਾਂਝੀ ਕਰਨ ਲਈ ਬਾਬਾ ਜੀ ਮੰਦਰਾਂ, ਮਸਜਦਾਂ ਅਤੇ ਮੱਠਾਂ ਵਿੱਚ ਵੀ ਗਏ। ਸਭ ਨੂੰ ਸਰਬਸਾਂਝਾ ਇਨਸਾਨੀਅਤ ਦਾ ਉਪਦੇਸ਼ ਦਿੱਤਾ। ਸਭ ਨੂੰ ਆਪੋ ਆਪਣੇ ਧਰਮ ਦੇ ਚੰਗੇ ਅਸੂਲਾਂ ਨੂੰ ਧਾਰਨ ਲਈ ਪ੍ਰੇਰਨਾ ਦਿੱਤੀ ਅਤੇ ਕਿਹਾ ਰਸਤੇ ਤੰਗ ਨਾਂ ਕਰੋ ਸਗੋਂ ਖੁਲ੍ਹੇ ਰੱਖੋ ਇੱਕ ਸਕੂਲ ਦਾ ਵਿਦਿਆਰਥੀ ਦੂਜੇ ਸਕੂਲ ਦੀ ਵਿਦਿਆ ਵੀ ਲੈ ਸੱਕੇ।
ਸਰਬਸਾਂਝੇ ਇੰਨਸਾਨੀਅਤ ਦੇ ਰੱਬੀ ਧਰਮ ਨੂੰ ਤਾਂ ਕੋਈ ਖਤਰਾ ਨਹੀਂ ਪਰ ਵੱਖ ਵੱਖ ਮਜ਼ਹਬਾਂ ਨੂੰ ਜੇ ਖਤਰਾ ਹੈ ਤਾਂ ਧਰਮ ਦੇ ਨਾਂ ਤੇ ਕਰਾਏ ਜਾ ਰਹੇ ਫੋਕਟ ਕਰਮਾਂ ਤੋਂ ਹੈ ਜੋ ਵਿਗਿਆਨਕ ਯੁੱਗ ਵਿੱਚ ਸਾਰਥਕ ਨਹੀਂ ਹਨ। ਜਾਤਾਂ ਪਾਤਾਂ ਤੋਂ ਖਤਰਾ ਹੈ ਜੋ ਮਨੁੱਖਤਾ ਵਿੱਚ ਊਚ-ਨੀਚ ਪੈਦਾ ਕਰਦੀਆਂ ਹਨ। ਛੂਆ-ਛਾਤ ਅਖੌਤੀ ਸੁੱਚ-ਭਿੱਟ ਤੋਂ ਖਤਰਾ ਹੈ ਛੂਆ-ਛਾਤ ਅਤੇ ਸੁੱਚ ਭਿੱਟ ਰੱਖਣਾ ਧਰਮ ਨਹੀਂ ਸਗੋਂ ਸਫਾਈ ਰੱਖਣੀ ਸਾਡਾ ਫਰਜ਼ ਹੈ।
 
Top