ਜਉ ਤਉ ਪ੍ਰੇਮ ਖੇਲਣ ਕਾ ਚਾਉ॥

jassmehra

(---: JaSs MeHrA :---)
gurugobindsinghJee-1.jpg

ਸਲੋਕ ਵਾਰਾਂ ਤੇ ਵਧੀਕ ਮਹਲਾ ੧
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ 1412)

ਪਦ ਅਰਥ : ਜਉ-ਜੇਕਰ। ਤਉ-ਤੈਨੂੰ। ਪ੍ਰੇਮ ਖੇਲਣ ਕਾ ਚਾਉ-ਪ੍ਰੇਮ ਦੀ ਖੇਲ ਖੇਲਣ ਦਾ ਚਾਅ ਹੈ, ਜੇਕਰ ਤੂੰ ਪਰਮਾਤਮਾ ਨਾਲ ਪ੍ਰੇਮ ਪਾਉਣਾ ਚਾਹੁੰਦਾ ਹੈਂ। ਸਿਰੁ ਧਰਿ ਤਲੀ-ਸਿਰ ਨੂੰ ਤਲੀ ‘ਤੇ ਰੱਖ ਕੇ, ਸਾਰੇ ਭੈਅ ਡਰ ਦੂਰ ਕਰਕੇ। ਗਲੀ ਮੇਰੀ ਆਉ-ਮੇਰੀ ਗਲੀ ਆਵੋ, ਮੇਰੇ ਪਾਸ ਆਵੋ। ਇਤੁ ਮਾਰਗਿ-ਅਜਿਹੇ ਮਾਰਗ ‘ਤੇ। ਧਰੀਜੈ-ਰੱਖਿਆ ਜਾ ਸਕਦਾ ਹੈ। ਸਿਰੁ ਦੀਜੈ-ਸਿਰ ਦੇ ਕੇ, ਸਿਰ ਭੇਟ ਕਰਕੇ। ਕਾਣਿ-ਝਿਜਕ। ਨ ਕੀਜੈ-ਨਹੀਂ ਕਰਨੀ ਚਾਹੀਦੀ। ਅੱਜ ਸਾਹਿਬ-ਏ-ਆਲਮ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਹੈ। ਅੱਜ ਦੇ ਸ਼ਬਦ ਵਿਚਾਰ ਵਿਚ ਗੁਰੂ ਜੀ ਦੇ ਜੀਵਨ ‘ਤੇ ਸੰਖੇਪ ਰੂਪ ਵਿਚ ਵਿਚਾਰ ਕੀਤੀ ਗਈ ਹੈ। ਸਲੋਕ ਵਿਚ ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਭਾਈ, ਜੇਕਰ ਤੈਨੂੰ ਪਰਮਾਤਮਾ ਨਾਲ ਪ੍ਰੇਮ ਪਾਉਣ ਦਾ ਚਾਅ ਹੈ ਤਾਂ ਆਪਣੇ ਸੀਸ ਨੂੰ ਤਲੀ ‘ਤੇ ਰੱਖ ਕੇ ਮੇਰੇ ਪਾਸ ਆ। ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਜਿਹੇ ਮਾਰਗ ‘ਤੇ ਪੈਰ ਤਾਂ ਹੀ ਧਰਿਆ ਜਾ ਸਕਦਾ ਹੈ ਜੇਕਰ ਸਿਰ ਨੂੰ ਭੇਟ ਕਰਨ ‘ਤੇ ਕੋਈ ਝਿਜਕ ਨਾ ਕੀਤੀ ਜਾਵੇ। ਪ੍ਰੇਮ ਦੇ ਮਾਰਗ ਤੋਂ ਭਾਵ ਹੈ ਪਿਆਰ, ਸਨੇਹ, ਨੇਕੀ, ਸੱਚ ਆਦਿ ਦਾ ਮਾਰਗ। ਇਹ ਮਾਰਗ ਭਾਵੇਂ ਬਿਖਮ ਅਰਥਾਤ ਕਠਿਨ ਜ਼ਰੂਰ ਹੈ, ਜਿਸ ‘ਤੇ ਕੇਵਲ ਸੱਚ ਦੇ ਧਾਰਨੀ ਹੀ ਚੱਲ ਸਕਦੇ ਹਨ ਪਰ ਆਤਮਿਕ ਪੱਖ ਤੋਂ ਇਹ ਸਭ ਤੋਂ ਉੱਤਮ ਮਾਰਗ ਹੈ। ਸੁਖ, ਦੁੱਖ, ਤ੍ਰਿਸ਼ਨਾਵਾਂ ਨੂੰ ਤਿਆਗ ਕੇ ਹੀ ਇਸ ਮਾਰਗ ਦੇ ਪਾਂਧੀ ਬਣਿਆ ਜਾ ਸਕਦਾ ਹੈ ਅਤੇ ਜਗਿਆਸੂ ਹਰ ਅਵਸਥਾ ਵਿਚ ਪ੍ਰਭੂ ਦੀ ਰਜ਼ਾ ਜਾਂ ਭਾਣੇ ਵਿਚ ਵਿਚਰਦਾ ਹੋਇਆ ਆਪਣਾ ਮਨ, ਤਨ ਸਭ ਕੁਝ ਆਪਣੇ ਪਿਆਰੇ ‘ਤੋਂ ਨਿਛਾਵਰ ਕਰ ਦਿੰਦਾ ਹੈ।

ਗੁਰਵਾਕ ਹੈ-
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥ (ਰਾਗੁ ਸੂਹੀ ਮਹਲਾ ੪, ਅੰਗ 757)

ਜਿਥੇ ਇਕ ਗੱਲ ਬੜੀ ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਰਸ ਦੇ ਨਾਲ-ਨਾਲ ਸਿਰ ਤਲੀ ‘ਤੇ ਰੱਖਣ ਜਿਹੀ ਸ਼ਬਦਾਵਲੀ ਦੀ ਵਰਤੋਂ ਅਰੰਭ ਹੋ ਚੁੱਕੀ ਸੀ ਅਤੇ ਪੰਜਵੇਂ ਜਾਮੇ ਵਿਚ ਇਕ ਵਾਰੀ ਇਸੇ ਉਪਦੇਸ਼ ਨੂੰ ਫਿਰ ਦੁਹਰਾਇਆ ਗਿਆ :

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥ (ਰਾਗੁ ਮਾਰੂ ਕੀ ਵਾਰ ਮਹਲਾ ੫, ਅੰਗ 1102)

ਰੇਣਕਾ-ਚਰਨ ਧੂੜ। ਉਥੇ ਬਾਹਰਮੁਖੀ ਤੌਰ ‘ਤੇ ਇਹ ਦ੍ਰਿੜ੍ਹ ਕਰਵਾਇਆ ਗਿਆ ਕਿ ਜੋ ਸੂਰਮਾ ਆਪਣੇ ਹੱਕਾਂ ਲਈ ਲੜ ਮਰਦਾ ਹੈ, ਉਹ ਪ੍ਰਭੂ ਦੀ ਦਰਗਾਹੇ ਪ੍ਰਵਾਨ ਚੜ੍ਹ ਜਾਂਦਾ ਹੈ ਭਾਵ ਦਰਗਾਹੇ ਉਸ ਨੂੰ ਇੱਜ਼ਤ ਤੇ ਮਾਣ ਮਿਲਦਾ ਹੈ-

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਰਾਗੁ ਵਡਹੰਸ ਮਹਲਾ ੧, ਅੰਗ 579-80)

ਮੁਣਸਾ-ਮਨੁੱਖ। ਮਾਣੋ-ਮਾਣ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਅੱਜ ਸੰਸਾਰ ਭਰ ਵਿਚ ਜਨਮ ਦਿਵਸ ਮਨਾਇਆ ਜਾ ਰਿਹਾ ਹੈ, ਦੇ ਬੜੇ ਅਨਮੋਲ ਬਚਨ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਪਿਆਰ ਕੀਤਾ ਹੈ, ਉਨ੍ਹਾਂ ਨੇ ਹੀ ਪਰਮਾਤਮਾ ਨੂੰ ਪਾਇਆ ਹੈ-

ਸਾਚੁ ਕਹੌ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ (ਭ੍ਵਪ੍ਰਸਾਦ ਸਵਯੇ, ਪਾਤਸ਼ਾਹੀ ੧੦)

ਆਪਣੇ ਜਨਮ ਲੈਣ ਦੇ ਉਦੇਸ਼ ਬਾਰੇ ਆਪ ਜੀ ਨੇ ਦਰਸਾਇਆ ਹੈ ਕਿ ਉਨ੍ਹਾਂ ਦਾ ਜਨਮ ਲੈਣ ਦਾ ਉਦੇਸ਼ ਧਰਮ ਦਾ ਪਸਾਰ ਕਰਨਾ, ਸੰਤ ਜਨਾਂ ਅਰਥਾਤ ਧਰਮੀਆਂ ਦੀ ਰੱਖਿਆ ਕਰਨਾ ਅਤੇ ਦੁਸ਼ਟਾਂ ਦਾ ਨਾਸ ਕਰਨਾ ਹੈ-

ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ ਦੁਸਟ ਸਭਨ ਕੋ ਮੂਲ ਉਪਾਰਿਨ॥ (ਬਚਿੱਤ੍ਰ ਨਾਟਕ, ਪਾਤਸ਼ਾਹੀ ੧੦)

ਯਾਹੀ-ਇਹੀ। ਉਬਾਰਨ-ਰੱਖਿਆ ਕਰਨਾ। ਮੂਲ ਉਪਾਰਨ-ਮੁੱਢੋਂ ਪੁੱਟਣਾ, ਨਾਸ ਕਰਨਾ। ਆਪ ਜੀ ਜੀਵਨ ਭਰ ਅਨਿਆਂ ਅਤੇ ਜ਼ੁਲਮ ਵਿਰੁੱਧ ਜੂਝਦੇ ਰਹੇ। ਆਪ ਜੀ 9 ਸਾਲਾਂ ਦੇ ਸਨ ਜਦੋਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਧਰਮ ਦੀ ਰੱਖਿਆ ਕਰਦੇ ਹੋਏ ਅਤੇ ਹਿੰਦ ਦੀ ਡੁੱਬ ਰਹੀ ਨਈਆ ਨੂੰ ਬਚਾਉਣ ਲਈ ਸ਼ਹਾਦਤ ਪਾ ਗਏ, ਜਿਸ ਬਾਰੇ ਆਪ ਜੀ ਦਾ ਕਥਨ ਹੈ-

ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ ਪਰੁ ਸਿਰਰੁ ਨ ਦੀਆ॥
ਅਥਵਾ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥

ਹੇਤ-ਦੀ ਖਾਤਰ। ਸੋਕ-ਸੋਗ, ਗਮ। ਸੁਰ ਲੋਕ-ਦੇਵਲੋਕ, ਸਵਰਗ। ਸਮਾਂ ਆ ਗਿਆ ਜਦੋਂ ਜ਼ੁਲਮ ਅਤੇ ਅਨਿਆਂ ਦਾ ਟਾਕਰਾ ਕਰਨ ਲਈ ਇਕ ਵਾਰੀ ਫਿਰ ਸ਼ਮਸ਼ੀਰ ਚੁੱਕਣੀ ਪਈ (ਪਹਿਲੀ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਸ਼ਮਸ਼ੀਰ ਚੁੱਕਣੀ ਪਈ ਸੀ)। ਸੰਨ 1699 ਦੀ ਵੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਦਸਮੇਸ਼ ਪਿਤਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਿੱਖ ਸੇਵਕਾਂ ਵਿਚ ਭਗਤੀ ਅਤੇ ਬੀਰਤਾ ਦੁਆਰਾ ਉਨ੍ਹਾਂ ਦਾ ਕਾਇਆ ਕਲਪ ਕਰ ਦਿੱਤਾ। ਹੁਣ ਉਹ ਸਿੰਘ ਸੂਰਮੇ ਸਜ ਗਏ ਸਨ, ਜੋ ਸਿਰਾਂ ਨੂੰ ਤਲੀਆਂ ‘ਤੇ ਰੱਖ ਕੇ ਦੀਨਾਂ (ਗਰੀਬਾਂ) ਅਤੇ ਧਰਮ ਦੀ ਰੱਖਿਆ ਕਰਨ ਲਈ ਮੈਦਾਨ ਵਿਚ ਨਿਤਰੇ। ਸ਼ੁਭ ਕਰਮ ਕਰਨਾ ਉਨ੍ਹਾਂ ਦਾ ਲਕਸ਼ ਸੀ, ਜੋ ਉਨ੍ਹਾਂ ਦੇ ਗੁਰੂ ਦਾ ਉਪਦੇਸ਼ ਸੀ-

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋ॥
ਅਰ ਸਿਖ ਹੌ ਅਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ।
( ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈਂ ਤਬੁ ਜੂਝ ਮਰੋਂ॥ (ਚੰਡੀ ਚਰਿਤ੍ਰ, ਪਾਤਸ਼ਾਹੀ ੧੦)

ਆਪ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਬੜਾ ਮਾਣ ਦਿੱਤਾ, ਜੋ ਅੱਜ ਤਾਈਂ ਕਿਸੇ ਧਾਰਮਿਕ ਰਹਿਬਰ ਨੇ ਆਪਣੇ ਸੇਵਕਾਂ ਨੂੰ ਨਹੀਂ ਦਿੱਤਾ। ਆਪ ਜੀ ਦੇ ਪਾਵਨ ਬਚਨ ਹਨ-

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ॥ (ਗਿਆਨ ਬੋਧ ਪਾ: ੧੦)

ਮੋ ਸੇ-ਮੇਰੇ ਵਰਗੇ। ਕਰੋਰ-ਕਰੋੜਾਂ। ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹਉਂ ਕਰਉ ਨਿਵਾਸ॥ (ਸਰਬ ਲੋਹ ਗ੍ਰੰਥ ‘ਚੋਂ) ਗੁਰੂ ਜੀ ਨੇ ਜ਼ਫ਼ਰਨਾਮਾ (ਫਤਹਿ ਦੀ ਚਿੱਠੀ) ਵਿਚ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਜਦੋਂ ਸ਼ਾਂਤੀ ਲਈ ਕੀਤੇ ਹੀਲੇ-ਵਸੀਲੇ ਸਭ ਖਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਉਚਿਤ ਹੈ- ਚੂੰ ਕਾਰ ਅਜ਼ ਹਮਾਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥ ਚਮਕੌਰ ਦੀ ਜੰਗ ਵਿਚ 40 ਸਿੰਘਾਂ ਨੇ ਲਗਭਗ 10 ਲੱਖ ਮੁਗਲੀ ਫੌਜ ਦਾ ਟਾਕਰਾ ਕੀਤਾ। ਇਥੇ ਹੀ 21 ਦਸੰਬਰ 1704 ਨੂੰ ਦਸਮੇਸ਼ ਪਿਤਾ ਦੇ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸੂਰਮਗਤੀ ਨਾਲ ਲੜਦੇ ਹੋਏ ਸ਼ਹੀਦ ਹੋਏ। ਇਸ ਜੰਗ ਵਿਚ ਗੁਰੂ ਜੀ ਦੇ ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਵੀ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ। 26 ਦਸੰਬਰ 1704 ਨੂੰ 7 ਸਾਲ ਅਤੇ 9 ਸਾਲ ਦੇ ਸੂਰਮੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਜ਼ਾਲਮ ਸਰਹਿੰਦ ਦੇ ਸੂਬੇ ਨਵਾਬ ਖਾਂ ਨੇ ਇੱਟਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ। ਸੰਸਾਰ ਦੇ ਇਤਿਹਾਸ ਵਿਚ ਇਸ ਤੋਂ ਵੱਡਾ ਹੋਰ ਕੋਈ ਜ਼ੁਲਮ ਜਾਂ ਕਹਿਰ ਨਹੀਂ ਹੋ ਸਕਦਾ। ਜਦੋਂ ਮਾਤਾ ਜੀਤੋ ਜੀ ਨੇ ਆਪ ਜੀ ਪਾਸੋਂ ਪੁੱਛਿਆ ਸੀ ਕਿ ਚਾਰੇ ਸਾਹਿਬਜ਼ਾਦੇ ਕਿਥੇ ਹਨ ਤਾਂ ਭਰੇ ਦੀਵਾਨ ਵਿਚ ਆਪ ਜੀ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਆਖਿਆ ਸੀ- ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥ ਸੰਸਾਰ ਦੇ ਇਤਿਹਾਸ ਵਿਚ ਕੋਈ ਅਜਿਹਾ ਪੈਗੰਬਰ ਜਾਂ ਸੂਰਮਾ ਪੈਦਾ ਨਹੀਂ ਹੋਇਆ, ਜਿਸ ਨੇ ਲਖਤੇ ਜਿਗਰ ਦੇ ਟੋਟਿਆਂ ਦੀ ਕੁਰਬਾਨੀ ‘ਤੇ ਇਹ ਕੁਝ ਆਖਿਆ ਹੋਵੇ। ਸਮਾਂ ਹੁੰਦਾ ਸੀ ਜਦੋਂ ਗੁਰੂ ਦੇ ਸਿੱਖ ਸੰਗਤੀ ਰੂਪ ਵਿਚ ਢੋਲਕੀ-ਛੈਣਿਆਂ ਨਾਲ ਉੱਚੀ-ਉੱਚੀ ਗਾਇਆ ਕਰਦੇ ਸਨ- ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜੇਹਾ ਹੋਵੇ। ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਨੇ। ਅੱਜ ਇਹ ਭਾਵਨਾ ਅਤੇ ਜਜ਼ਬਾ ਕਿਥੇ ਗਏ? ਜਿਸ ਮਰਦ ਅਗੰਮੜੇ ਨੇ ਕੌਮ ਅਤੇ ਦੇਸ਼ ਦੀ ਪੱਤ ਰੱਖਣ ਲਈ ਸਰਬੰਸ (ਮਾਤਾ, ਪਿਤਾ, ਚਾਰ ਸਾਹਿਬਜ਼ਾਦੇ, ਅਨੇਕਾਂ ਪਿਆਰੇ ਸਿੰਘ) ਵਾਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ, ਉਸ ਦਸਮੇਸ਼ ਪਿਤਾ ਵੱਲੋਂ ਬਖਸ਼ੇ ਹੋਏ ਅਨਮੋਲ ਕੇਸ ਅਤੇ ਦਸਤਾਰ ਅੱਜ ਸਾਨੂੰ ਸਿਰ ‘ਤੇ ਭਾਰੇ ਕਿਉਂ ਲੱਗਣ ਲੱਗ ਪਏ ਹਨ ਅਤੇ ਅਸੀਂ ਪਤਿਤ ਕਿਉਂ ਹੁੰਦੇ ਜਾ ਰਹੇ ਹਾਂ? ਸਿੱਖ ਨੌਜਵਾਨ ਅਜੋਕੀ ਪੀੜ੍ਹੀ ਨੂੰ ਇਹ ਵਿਚਾਰਨ ਵਾਲੀ ਗੱਲ ਹੈ।
 
Top