ਗੋਬਿੰਦ ਸਿੰਘ ਦਾ ਪਿਆਰਾ ਦੋਸਤੋ।

ਗੋਬਿੰਦ ਸਿੰਘ ਦਾ ਪਿਆਰਾ ਦੋਸਤੋ।
ਖ਼ਾਲਸਾ ਏ ਸਭ ਤੋਂ ਨਿਆਰਾ ਦੋਸਤੋ।
ਜ਼ਾਲਮਾਂ ਦੀ ਫੜ ਕੇ ਘੁਮਾਵੇ ਚੱਕਰੀ,
ਫੌਜ ਇਹ ਅਕਾਲ ਦੀ ਏ ਜੱਗੋਂ ਵੱਖਰੀ।
ਗਊ ਤੇ ਗਰੀਬ ਦਾ ਸਹਾਰਾ ਦੋਸਤੋ।
ਖ਼ਾਲਸਾ ਏ ਸਭ ਤੋਂ ਪਿਆਰਾ ਦੋਸਤੋ।
ਗੁਰੂ ਦਾ ਪਿਆਰ ਹਿਰਦੇ 'ਚ ਵੱਸਿਆ,
ਬਾਣੀ ਦੇ ਇਹ ਰੱਸ ਵਿਚ ਰਹੇ ਰੱਸਿਆ।
ਕਰੇ ਸੱਚ-ਝੂਠ ਦਾ ਨਿਤਾਰਾ ਦੋਸਤੋ।
ਖ਼ਾਲਸਾ ਏ ਸਭ ਤੋਂ ਪਿਆਰਾ ਦੋਸਤੋ।
ਤਾਕਤਾਂ ਦੇ ਅੱਗੇ ਇਹ ਕਦੀ ਨਹੀਂ ਝੁੱਕਦਾ,
ਲੋਭ ਲਾਲਚਾਂ ਦੇ ਉੱਤੇ ਇਹ ਨਹੀਂ ਥੁੱਕਦਾ।
ਸ਼ਹਾਦਤਾਂ ਨੂੰ ਕਰੇ ਇਹ ਗਵਾਰਾ ਦੋਸਤੋ,
ਖਾਲਸਾ ਏ ਸਭ ਤੋਂ ਨਿਆਰਾ ਦੋਸਤੋ।
ਹਰ ਵੇਲੇ ਘੋੜੇ 'ਤੇ ਸਵਾਰ ਰਹਿੰਦਾ ਏ,
ਮੌਤ ਵਿਆਹੁਣ ਲਈ ਤਿਆਰ ਰਹਿੰਦਾ ਏ।
ਬਿਨਾਂ ਕਿਸੇ ਢੋਲ 'ਤੇ ਨਗਾਰਾ ਦੋਸਤੋ,
ਖਾਲਸਾ ਏ ਸਭ ਤੋਂ ਨਿਆਰਾ ਦੋਸਤੋ।
ਜੰਗ ਦੇ ਮੈਦਾਨ 'ਚ ਵੀ ਬਾਣੀ ਪੜ੍ਹਦਾ,
ਵੈਰੀਆਂ 'ਤੇ ਜਾਵੇ ਇਹ ਚੜ੍ਹਾਈਆਂ ਚੜ੍ਹਦਾ।
ਵੈਰੀਆਂ ਨੂੰ ਸੋਧਦਾ ਕਰਾਰਾ ਦੋਸਤੋ,
ਖ਼ਾਲਸਾ ਏ ਸਭ ਤੋਂ ਪਿਆਰਾ ਦੋਸਤੋ।
ਈਨ ਇਹ ਕਦੀ ਵੀ ਨਾ ਕਿਸੇ ਦੀ ਮੰਨਦਾ,
ਤੱਤੀਆਂ ਲੋਹਾਂ 'ਤੇ ਬਹਿ ਕੇ ਭਾਣਾ ਮੰਨਦਾ।
ਭਾਵੇਂ ਚੱਲੇ ਤਨ ਉੱਤੇ ਆਰਾ ਦੋਸਤੋ,
ਖ਼ਾਲਸਾ ਏ ਸਭ ਤੋਂ ਨਿਆਰਾ ਦੋਸਤੋ।
ਖ਼ਾਲਸਾ ਏ ਗੁਰੂ, ਗੁਰੂ ਰੂਪ ਖ਼ਾਲਸਾ,
ਵੱਸਦਾ ਏ ਗੁਰੂ ਆਪ, ਵਿੱਚ ਖਾਲਸਾ।
ਤੇਜ ਇਹਨੂੰ ਦਿੱਤਾ ਗੁਰੂ ਸਾਰਾ ਦੋਸਤੋ,
ਖਾਲਸਾ ਏ ਸਭ ਤੋਂ ਨਿਆਰਾ ਦੋਸਤੋ।
 
Top