ਕ੍ਰਿਸ਼ਨ ਭਗਤੀ ਲਹਿਰ ਦੀ ਮਹਾਨ ਕਵਿੱਤਰੀ

ਕ੍ਰਿਸ਼ਨ ਭਗਤੀ ਲਹਿਰ ਦੀ ਹਿੰਦੀ ਦੀ ਮਹਾਨ ਤੇ ਪ੍ਰਮੁੱਖ ਕਵਿੱਤਰੀ ਮੀਰਾ ਬਾਈ ਦੇ ਨਾਂ ਨੂੰ ਕੌਣ ਨਹੀਂ ਜਾਣਦਾ। ਰਾਓ ਦੂਦਾ ਜੀ ਦੀ ਪੋਤੀ ਤੇ ਸ੍ਰੀ ਰਤਨ ਸਿੰਘ ਰਾਠੌਰ ਦੀ ਇਕਲੌਤੀ ਪੁਤਰੀ ਮੀਰਾ ਦਾ ਜਨਮ ਜੋਧਪੁਰ ਦੇ ਕੁੜਕੀ (ਨਾਨਕੇ) ਪਿੰਡ ਵਿੱਚ ਹੋਇਆ ਸੀ। ਜਦੋਂ ਉਹ ਤਿੰਨ-ਚਾਰ ਸਾਲਾਂ ਦੀ ਸੀ ਤਾਂ ਇਕ ਦਿਨ ਕਿਸੇ ਅਮੀਰ ਆਦਮੀ ਦੇ ਘਰ ਬਰਾਤ ਆਈ ਹੋਈ ਸੀ। ਲੋਕ ਬਰਾਤ ਦੇਖਣ ਲਈ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਮੀਰਾ ਭੱਜੀ-ਭੱਜੀ ਮਾਂ ਕੋਲ ਗਈ ਤੇ ਪੁੱਛਿਆ ਕਿ ਉਸ ਦਾ ਦੁਲਹਾ ਕੌਣ ਹੈ? ਉਸ ਦੀ ਮਾਂ ਨੇ ਗਿਰਧਾਰੀ ਲਾਲ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਤੇਰਾ ਦੁਲਹਾ ਹੈ। ਮੀਰਾ ਨੇ ਮਾਂ ਦੀ ਗੱਲ ਨੂੰ ਅਜਿਹੀ ਗੰਢ ਮਾਰੀ ਕਿ ਗਿਰਧਾਰੀ ਲਾਲ ਦੇ ਦਰਸ਼ਨਾਂ ਬਿਨਾ ਕੋਈ ਪਲ ਨਾ ਬਿਤਾਉਂਦੀ। ਉਹ ਕ੍ਰਿਸ਼ਨ ਭਗਤੀ ਵਲ ਰੁਚਿਤ ਹੋ ਗਈ ਸੀ। ਮੀਰਾ ਦੀ ਅਜਿਹੀ ਭਗਤੀ-ਭਾਵਨਾ ਤੇ ਲਗਨ ਵੇਖ ਕੇ ਮਾਪਿਆਂ ਨੇ ਉਸ ਦਾ ਵਿਆਹ ਮੇਵਾੜ (ਉਦੈਪੁਰ) ਦੇ ਸਿਸੋਦੀਆ ਰਾਜਕੁਲ ਦੇ ਮਹਾਰਾਣਾ ਸਾਂਗਾ ਦੇ ਵੱਡੇ ਪੁੱਤਰ ਕੁਮਾਰ ਭੋਜਰਾਜ ਨਾਲ ਕਰ ਦਿੱਤਾ। ਜਦੋਂ ਵਿਆਹ ਸਬੰਧੀ ਧਾਰਮਕ ਰਸਮ ਨਿਭਾਈ ਜਾ ਰਹੀ ਸੀ ਤਾਂ ਉਹ ਮਨ ਹੀ ਮਨ ਆਪਣਾ ਵਿਆਹ ਕ੍ਰਿਸ਼ਨ ਕਨ੍ਹੱਈਏ ਨਾਲ ਕਰਦੀ ਰਹੀ ਤੇ ਅੰਤ ਵਿੱਚ ਰੋਂਦੀ ਰੋਂਦੀ ਬੇਹੋਸ਼ ਹੋ ਗਈ। ਵਿਦਾ ਹੋਣ ਵੇਲੇ ਉਸ ਨੇ ਗਿਰਧਾਰੀ ਲਾਲ ਨੂੰ ਮੰਗ ਲਿਆ ਤੇ ਆਪਣੇ ਡੋਲੇ ਵਿਚ ਰੱਖ ਕੇ ਰੋਂਦੀ ਰੋਂਦੀ ਸਹੁਰੇ ਘਰ ਪੁੱਜ ਗਈ। ਸੱਸ ਨੇ ਦੁਰਗਾ ਪੂਜਾ ਲਈ ਬੁਲਾਇਆ ਤੇ ਮੱਥਾ ਟੇਕਣ ਲਈ ਕਿਹਾ ਪਰ ਉਸ ਨੇ ਅਜਿਹਾ ਕਰਨੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਹ ਕ੍ਰਿਸ਼ਨ ਕਨ੍ਹਈਏ ਤੋਂ ਬਿਨਾਂ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਏਗੀ। ਉਸ ਦੀ ਸੱਸ ਨੂੰ ਬੜਾ ਗੁੱਸਾ ਆਇਆ। ਉਸ ਨੇ ਮਹਾਰਾਣਾ ਸਾਂਗਾ ਨੂੰ ਦੱਸਿਆ ਪਰ ਮੀਰਾ ਨੇ ਫਿਰ ਵੀ ਅਜਿਹਾ ਨਾ ਕੀਤਾ। ਇਸ ਤਰ੍ਹਾਂ ਰਾਜ ਘਰਾਣੇ ਦੀ ਪਰੰਪਰਾ ਤੇ ਲੱਜਾ ਦਾ ਤਿਆਗ ਕਰਦਿਆਂ ਮੀਰਾ ਨੇ ਆਪਣੇ ਅਨੋਖੇ ਪਿਆਰ ਤੇ ਭਗਤੀ ਦਾ ਸਬੂਤ ਦਿੱਤਾ।
ਮੀਰਾ ਬਾਈ ਆਪਣੇ ਪਤੀ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਪਰ ਉਸ ਦਾ ਜ਼ਿਆਦਾ ਮਨ ਭਜਨ-ਬੰਦਗੀ ਵਿਚ ਲੱਗਦਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਹ ਵਿਧਵਾ ਹੋ ਗਈ। ਉਸ ਨੂੰ ਪਤੀ ਦੇ ਨਾਲ ਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਜਿਹਾ ਕਰਨ ਲਈ ਸਹਿਮਤ ਨਾ ਹੋਈ। ਪਤੀ ਦੀ ਮੌਤ ਉਪਰੰਤ ਪਦਾਰਥਕ ਜਗਤ ਨਾਲੋਂ ਮੋਹ ਘਟਣ ਲੱਗਾ ਤੇ ਉਸ ਅੰਦਰ ਭਗਤੀ-ਭਾਵਨਾ ਦਿਨੋਂ ਦਿਨ ਵਧਣ ਲੱਗੀ। ਪਤੀ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੇ ਤਿੰਨੋਂ ਦਿਉਰ ਵਾਰੀ ਸਿਰ ਗੱਦੀ ’ਤੇ ਬੈਠਦੇ ਰਹੇ ਪਰ ਉਹ ਮੰਦਰਾਂ ਵਿਚ ਜਾ ਕੇ ਕ੍ਰਿਸ਼ਨ ਭਗਤਾਂ ਦੇ ਸਾਹਮਣੇ ਕ੍ਰਿਸ਼ਨ ਦੀ ਮੂਰਤੀ ਅੱਗੇ ਨੱਚਦੀ ਰਹਿੰਦੀ। ਉਹ ਸਾਧੂ-ਸੰਤਾਂ ਦੀ ਸੰਗਤ ਵਿੱਚ ਹਰੀ ਕੀਰਤਨ ਕਰਦਿਆਂ ਆਪਣਾ ਸਮਾਂ ਬਿਤਾਉਣ ਲੱਗੀ। ਪਰਿਵਾਰ ਨੂੰ ਉਸ ਦਾ ਅਜਿਹਾ ਕਰਨਾ ਚੰਗਾ ਨਾ ਲੱਗਦਾ। ਉਸ ਦੇ ਦਿਉਰ ਰਾਣਾ ਵਿਕ੍ਰਮਜੀਤ ਸਿੰਘ ਨੂੰ ਉਨ੍ਹਾਂ ਘਰ ਸਾਧੂ-ਸੰਤਾਂ ਦਾ ਆਉਣਾ-ਜਾਣਾ ਚੰਗਾ ਨਹੀਂ ਸੀ ਲਗਦਾ। ਉਸ ਨੇ ਚੰਪਾ ਤੇ ਚਮੇਲੀ ਨਾਂ ਦੀਆਂ ਦੋ ਔਰਤਾਂ ਨੂੰ ਮੀਰਾ ਦੀ ਨਿਗਰਾਨੀ ਲਈ ਭੇਜ ਦਿੱਤਾ। ਕੁਝ ਸਮੇਂ ਵਿੱਚ ਉਹ ਦੋਵੇਂ ਵੀ ਭਗਤੀ ਦੇ ਰੰਗ ਵਿਚ ਰੰਗੀਆਂ ਗਈਆਂ। ਇਸ ਉਪਰੰਤ ਵਿਕ੍ਰਮਜੀਤ ਨੇ ਆਪਣੀ ਭੈਣ ਊਦਾ ਬਾਈ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਊਦਾ ਆਪਣੀ ਭਾਬੀ ਨੂੰ ਵੱਡੇ ਕੁੱਲ ਦੀ ਬੇਟੀ ਹੋਣ ਕਰਕੇ ਅਤੇ ਮਰਯਾਦਾ ਦਾ ਵਾਸਤਾ ਪਾ ਕੇ ਸਾਧੂਆਂ, ਸੰਤਾਂ ਤੇ ਬੈਰਾਗੀਆਂ ਦਾ ਸਾਥ ਛੱਡਣ ਲਈ ਸਮਝਾਉਂਦੀ ਰਹੀ ਪਰ ਮੀਰਾ ’ਤੇ ਉਸ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਪਰਿਵਾਰ ਵਾਲਿਆਂ ਕਈ ਵਾਰ ਜ਼ਹਿਰ ਦੇ ਕੇ ਮੀਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਰਾਣੇ ਨੇ ਅੰਮ੍ਰਿਤ ਦਾ ਨਾਂ ਲੈ ਕੇ ਜ਼ਹਿਰ ਦਾ ਕਟੋਰਾ ਉਸ ਕੋਲ ਭੇਜਿਆ। ਭਾਵੇਂ ਊਦਾ ਬਾਈ ਨੇ ਇਸ ਸਬੰਧੀ ਦੱਸ ਦਿੱਤਾ ਸੀ ਫਿਰ ਵੀ ਪ੍ਰਭੂ ਭਗਤੀ ਦੇ ਨਾਂ ’ਤੇ ਆਏ ਪ੍ਰਸ਼ਾਦ ਨੂੰ ਲੈਣ ਤੋਂ ਇਨਕਾਰੀ ਹੋਣਾ ਉਸ ਨੂੰ ਅਪਰਾਧ ਜਾਪਿਆ। ਉਸ ਨੇ ਉਹ ਪਿਆਲਾ ਫੜ ਲਿਆ ਤੇ ਜ਼ਹਿਰ ਪੀ ਕੇ ਭਜਨ ਗਾਉਣ ਲੱਗੀ। ਉਸ ਦੇ ਚਿਹਰੇ ’ਤੇ ਨੂਰ ਵਧਦਾ ਗਿਆ। ਕੁਝ ਲੋਕਾਂ ਦੇ ਕਹਿਣ ਅਨੁਸਾਰ ਕੁਝ ਸਮੇਂ ਬਾਅਦ ਉਸ ਨੇ ਪ੍ਰਾਣ ਤਿਆਗ ਦਿੱਤੇ। ਕੁਝ ਲੋਕ ਆਖਦੇ ਹਨ ਕਿ ਜ਼ਹਿਰ ਨੇ ਉਲਟਾ ਅਸਰ ਦਿਖਾਇਆ ਕਿ ਉਹ ਪ੍ਰਭੂ ਦੀ ਭਗਤੀ ਵਿਚ ਹੋਰ ਲੀਨ ਹੋ ਗਈ। ਫਿਰ ਇਕ ਦਿਨ ਰਾਣਾ ਨੇ ਪਟਾਰੀ ਵਿਚ ਸੱਪ ਬੰਦ ਕਰਕੇ ਉਸ ਕੋਲ ਇਹ ਕਹਿ ਕੇ ਭੇਜਿਆ ਕਿ ਇਸ ਵਿਚ ਫੁੱਲ ਹਨ। ਜਦੋਂ ਮੀਰਾ ਨੇ ਪਟਾਰੀ ਖੋਲ੍ਹੀ ਤਾਂ ਵਿਚੋਂ ਸਾਲਗ੍ਰਾਮ ਦੀ ਮੂਰਤੀ ਤੇ ਸੁਗੰਧਿਤ ਹਾਰ ਨਿਕਲੇ। ਆਪਣੀ ਘਰੇਲੂ ਸਥਿਤੀ ਬਾਰੇ ਉਸ ਨੇ ਤੁਲਸੀਦਾਸ ਨੂੰ ਖਤ ਲਿਖਿਆ ਤੇ ਮਾਰਗ-ਦਰਸ਼ਨ ਕਰਨ ਲਈ ਬੇਨਤੀ ਕੀਤੀ :
ਸ੍ਰੀ ਤੁਲਸੀ ਸੁਖ ਨਿਧਾਨ, ਦੁਖ-ਹਰਨ ਗੁਸਾਈ।
ਬਾਰਹਿੰ ਬਾਰ ਪ੍ਰਣਾਮ ਕਰੂੰ, ਅਬ ਹਰੋ ਸੋਕ-ਸਮੁਦਾਈ।
ਮੇਰੇ ਮਾਤ-ਪਿਤਾ ਕੇ ਸਮ ਹੋ, ਹਰੀ ਭਗਤਨ ਸੁਖਦਾਈ।
ਹਮਕੋ ਕਹਾ ਉਚਿਤ ਕਰਬੋ ਹੈ, ਸੋ ਲਿਖਿਓ ਸਮਝਾਈ।
ਉਸ ਦੀ ਚਿੱਠੀ ਪ੍ਰਾਪਤ ਕਰਕੇ ਤੁਲਸੀਦਾਸ ਜੀ ਨੇ ਪਦ ਵਿਚ ਇਸ ਤਰ੍ਹਾਂ ਜਵਾਬ ਦਿੱਤਾ ਸੀ:
ਜਾ ਕੇ ਪ੍ਰਿਯ ਨ ਰਾਮ ਵੈਦੇਹੀ।
ਤਜੀਏ ਤਾਹਿ ਕੋਟ ਬੈਰੀ ਸਮ ਯਦਪਿ ਪਰਮ ਸਨੇਹੀ।

ਤੁਲਸੀਦਾਸ ਜੀ ਦਾ ਜਵਾਬ ਪੜ੍ਹ ਕੇ ਮੀਰਾ ਨੇ ਚਿਤੌੜ ਛੱਡਣ ਦਾ ਫੈਸਲਾ ਕਰ ਲਿਆ। ਇਕ ਦਿਨ ਉਹ ਘਰ ਦਾ ਤਿਆਗ ਕਰਕੇ ਤੀਰਥ ਸਥਾਨਾਂ ਦੀ ਯਾਤਰਾ ਲਈ ਚੱਲ ਪਈ। ਪਹਿਲਾਂ ਉਸ ਨੇ ਕਾਫ਼ੀ ਸਮਾਂ ਬ੍ਰਿੰਦਾਬਨ ਵਿਚ ਬਿਤਾਇਆ ਤੇ ਫੇਰ ਉਹ ਦਵਾਰਕਾ ਚਲੀ ਗਈ। ਉਹ ਜਿੱਥੇ ਵੀ ਜਾਂਦੀ ਲੋਕ ਉਸ ਨੂੰ ਦੇਵੀਆਂ ਵਾਂਗ ਪਿਆਰ-ਸਤਿਕਾਰ ਦਿੰਦੇ। ਕਹਿੰਦੇ ਨੇ ਅਕਬਰ ਬਾਦਸ਼ਾਹ ਮੀਰਾ ਦੀ ਭਗਤੀ-ਭਾਵਨਾ ਤੋਂ ਪ੍ਰਸੰਨ ਹੋ ਕੇ ਤਾਨਸੇਨ ਦੇ ਨਾਲ ਉਸ ਦੇ ਦਰਸ਼ਨ ਕਰਨ ਆਇਆ ਸੀ। ਉਧਰ ਰਾਣਾ ਦੇ ਨਗਰ ਵਿਚ ਮੁਸੀਬਤਾਂ ਸਿਰ ਚੁੱਕਣ ਲੱਗੀਆਂ। ਸਾਧੂ-ਸੰਤਾਂ ਨੇ ਮੀਰਾ ਕੋਲ ਜਾ ਕੇ ਉਸ ਨੂੰ ਮੁੜ ਆਉਣ ਦੀ ਬੇਨਤੀ ਕੀਤੀ। ਮੀਰਾ ਨੇ ਕਿਹਾ ਕਿ ਉਸ ਦਾ ਨਿਵਾਸ ਦਵਾਰਕਾ ਵਿੱਚ ਰਣਛੋੜ ਜੀ ਦੀ ਕ੍ਰਿਪਾ ਕਰਕੇ ਹੋਇਆ ਹੈ, ਇਸ ਲਈ ਉਹ ਨਹੀਂ ਜਾਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਆਖ਼ਰੀ ਸਮੇਂ ਜਿਹੜੀ ਸਾੜੀ ਪਾਈ ਹੋਈ ਸੀ ਉਹ ਅੰਤ ਵਿੱਚ ਭਗਵਤ ਦੇ ਅੰਗਾਂ ’ਤੇ ਸੀ। ਉਸ ਤੋਂ ਬਾਅਦ ਕਿਸੇ ਨੇ ਮੀਰਾ ਨੂੰ ਨਾ ਦੇਖਿਆ।
ਮੀਰਾ ਵੱਲੋਂ ਰਾਜਸਥਾਨੀ ਮਿਸ਼ਰਤ ਭਾਸ਼ਾ ਵਿਚ ਰਚੀ ਬਹੁਤੀ ਕਾਵਿ-ਰਚਨਾ ਕ੍ਰਿਸ਼ਨ-ਭਗਤੀ ਦਾ ਸੁੰਦਰ ਨਮੂਨਾ ਹੈ। ਉਸ ਨੇ ਸ਼ੁੱਧ ਬ੍ਰਜ ਭਾਸ਼ਾ ਵਿੱਚ ਵੀ ਕਾਵਿ-ਰਚਨਾ ਕੀਤੀ। ਪਤੀ ਦੀ ਮੌਤ ਤੋਂ ਬਾਅਦ ਉਸ ਨੇ ਰਵੀਦਾਸ ਜੀ ਨੂੰ ਆਪਣਾ ਗੁਰੂ ਮੰਨ ਲਿਆ ਸੀ ਤੇ ਉਹ ਕਹਿੰਦੀ ਸੀ, ‘ਗੁਰ ਮਿਲਿਆ ਰੈਦਾਸ, ਦੀਨੀ ਪਿਆਰ ਕੀ ਗੁਟਕੀ।’ ਉਸ ਨੇ ਚਾਰ ਗ੍ਰੰਥਾਂ (ਗੀਤ ਗੋਵਿੰਦ ਟੀਕਾ, ਰਾਗ ਗੋਵਿੰਦ, ਰਾਗ ਸੋਰਠ ਕੇ ਪਦ, ਬਰਸੀ ਕਾ ਮਾਇਰਾ) ਦੀ ਸਿਰਜਣਾ ਕੀਤੀ। ਉਸ ਦੇ ਗੀਤਾਂ ਦਾ ਸੰਕਲਨ ‘ਮੀਰਾਬਾਈ ਕੀ ਪਦਾਵਲੀ’ ਨਾਮੀ ਗ੍ਰੰਥ ਵਿੱਚ ਕੀਤਾ ਗਿਆ। ਉਸ ਦੀ ਕਵਿਤਾ ਵਿੱਚ ਕੋਮਲ ਭਾਵ, ਸ਼ਿੰਗਾਰ ਤੇ ਸ਼ਾਂਤ ਰਸ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਉਹ ਆਪਣੇ ਕਾਵਿ-ਪਦਿਆਂ ਰਾਹੀਂ ਇਸ਼ਟ ਕ੍ਰਿਸ਼ਨ ਨੂੰ ਪਤੀ ਦੇ ਰੂਪ ਵਿੱਚ ਬਿਆਣਦੀ ਸੀ :
ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨ ਕੋਈ
ਜਾ ਕੇ ਸਿਰ ਮੋਰ ਮੁਕਟ ਮੇਰੋ ਪਤੀ ਸੋਈ।

ਸਰਗੁਣ ਭਗਤੀ ਦੀ ਉਪਾਸ਼ਕ ਮੀਰਾ ਬਾਈ ਨੂੰ ਸੰਸਾਰ ਵਿੱਚ ਕ੍ਰਿਸ਼ਨ ਤੋਂ ਬਿਨਾਂ ਹੋਰ ਕੋਈ ਪੁਰਸ਼ ਨਜ਼ਰ ਨਹੀਂ ਸੀ ਆਉਂਦਾ। ਸਮਕਾਲੀ ਕਵੀਆਂ ਦੀ ਨਿਸਬਤ ਮੀਰਾ ਦੇ ਬਿਰਹਾ ਗੀਤਾਂ ਵਿੱਚ ਸੁਭਾਵਿਕਤਾ ਪਾਈ ਜਾਂਦੀ ਹੈ। ਕ੍ਰਿਸ਼ਨ ਦੇ ਰੂਪ ਦੀ ਦੀਵਾਨੀ ਹੋਈ ਉਹ ਆਖਦੀ ਰਹੀ :
ਬਸੋ ਮੇਰੇ ਨੈਨਨ ਮੇਂ ਨੰਦਲਾਲ।
ਮੋਹਨੀ ਮੂਰਤ, ਸਾਂਵਰੀ ਸੂਰਤੀ, ਨੈਨਾਂ ਬਨੇ ਵਿਸਾਲ।
ਮੀਰਾ ਪ੍ਰਭੂ ਸੰਤਨ ਸੁਖਦਾਈ, ਭਗਤ ਵਛਲ ਗੋਪਾਲ।

1948 ਵਿੱਚ ਬਣੀ ‘ਗੋਪੀਨਾਥ’ ਫਿਲਮ ਵਿਚ ਮੀਨਾ ਕਪੂਰ ਨੇ ਮਨ ਨੂੰ ਅਨੰਦਿਤ ਅਵਸਥਾ ਤਕ ਪਹੁੰਚਾਉਣ ਵਾਲਾ ਮੀਰਾ ਦਾ ਇਹ ਭਜਨ ਗਾਇਆ ਸੀ ਜਿਸ ਨੂੰ ਨੀਨੂ ਮਜੂਮਦਾਰ ਨੇ ਸੰਗੀਤ ਦਿੱਤਾ ਸੀ :
ਮੈਂ ਬਿਰਹਨ ਬੈਠੀ ਜਾਗੂੰ, ਜਗਤ ਸਭ ਸੋਵੇ ਰੀ ਆਲੀ।
ਦੁਲਹਨ ਬੈਠੀ ਰੰਗ ਮਹਿਲ ਮੇਂ ਮੋਤੀਅਨ ਕੀ ਲੜ ਪੋਵੇ।
ਏਕ ਦੁਲਹਨ ਹਮ ਐਸੀ ਦੇਖੀ ਅੰਸੁਵਨ ਮਾਲਾ ਪੋਵੇ।
ਰੀ ਮੈਂ ਦੁਲਹਨ ਬੈਠੀ ….।
ਤਾਰੇ ਗਿਨ ਗਿਨ ਰੈਨ ਬਿਹਾਨੀ ਸੁਖ ਕੀ ਘੜੀ ਕਬ ਆਵੇ।
ਮੀਰਾ ਕੇ ਪ੍ਰਭੂ ਗਿਰਧਰ ਨਾਗਰ ਜਬ ਮੋਹੇ ਦਰਸ ਦਿਖਾਵੇ
ਮੈਂ ਬਿਰਹਨ ਬੈਠੀ ….।

ਮੀਰਾ ਬਾਈ ਨੇ ਜਨਮਜਾਤ ਕਵਿਤਰੀ ਨਾ ਹੋਣ ਦੇ ਬਾਵਜੂਦ ਭਗਤੀ ਅੰਦੋਲਨ ਦੀ ਵੱਡੀ ਕਵਿਤਰੀ ਰਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਮੀਰਾ ਬਾਈ ਦੇ ਕਾਵਿ ਪਦਿਆਂ ਵਿੱਚੋਂ ਪਿਆਰ ਤੇ ਭਗਤੀ ਨਾਲ ਭਰਪੂਰ ਕ੍ਰਿਸ਼ਨ ਭਗਤੀ ਸਾਫ਼ ਝਲਕਦੀ ਹੈ :
ਜਨਮ ਜਨਮ ਕੋ ਪਤੀ ਪ੍ਰਮੇਸਰ ਥਾਰੀ ਨਹੀਂ ਲੁਗਾਈ।
ਥ੍ਹਾਰੋ ਮ੍ਹਾਰੋ ਝੂਠੋ ਸਨੇਸੋ ਗਾਂਵ ਮੀਰਾਬਾਈ।
ਰਾਣਾ ਜੀ ਮੈਂ ਗਿਰਧਰ ਕੇ ਘਰ ਜਾਊਂ।
ਗਿਰਧਰ ਮਾਰੋ ਸਾਂਚੋ ਪ੍ਰੀਤਮ, ਦੇਖਤ ਰੂਪ ਲੁਭਾਊਂ।
 
  • Like
Reactions: kyl
Top