ਕਦਰ ਨਹੀਂ ਪਈ ਮਨਮੋਹਨ ਸਿੰਘ ਦੀ

Yaar Punjabi

Prime VIP


ਪਹਿਲਾ ਸਿੱਖ ਪ੍ਰਧਾਨ ਮੰਤਰੀ। ਉਹ ਵੀ ਦਸ ਸਾਲ। ਬਾਕੀਆਂ ਦੀ ਤਾਂ ਛੱਡੋ, ਪੰਜਾਬੀਆਂ ਵੀ ਉਸ ‘ਤੇ ਖ਼ਾਸ ਫਖ਼ਰ ਨਹੀਂ ਕੀਤਾ। ਦੁਨੀਆਂ ਭਰ ਵਿੱਚ ਪੱਗ ਵਾਲੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਜਾਣ-ਪਛਾਣ ਕਰਵਾਈ ਪਰ ਬਹੁਤੇ ਪੰਜਾਬੀਆਂ ਨੇ ਉਸ ਦੀ ਪਰਵਾਹ ਨਹੀਂ ਕੀਤੀ। ਕੁਝ ਤਾਂ ਇਹ ਵੀ ਮਿਹਣਾ ਦਿੰਦੇ ਨੇ ਕਿ ‘ਐਨੇ ਉੱਚੇ ਅਹੁਦਿਆਂ ‘ਤੇ ਰਿਹਾ ਪਰ ਪੰਜਾਬ ਦਾ ਕੀ ਸਵਾਰਿਆ? ਅਸੀਂ ਉਸ ਦੀ ਸ਼ਰਾਫ਼ਤ ਅਤੇ ਇਮਾਨਦਾਰੀ ਤੋਂ ਕੀ ਲੈਣਾ?’ ਉਂਜ ਵੀ ਧੜੱਲੇਦਾਰ ਪੰਜਾਬੀਆਂ ਨੂੰ ਇੱਕ ਘੱਟ ਅਤੇ ਹੌਲੀ ਬੋਲਣ ਵਾਲਾ ਦੱਬੂ ਜਿਹਾ ਬੰਦਾ ਕਿਵੇਂ ਚੰਗਾ ਲੱਗ ਸਕਦਾ ਹੈ? ਪੜ੍ਹਾਕੂ ਨੂੰ ਕੌਣ ਪਸੰਦ ਕਰਦੈ? ਨਿੱਕਾ ਜਿਹਾ ਕੱਦ ਨਾ ਜੁਅਰਤ, ਨਾ ਟੌਹਰ।
ਪਰ ਜੇ ਗਹੁ ਨਾਲ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਵੇਖੀਏ ਤਾਂ ਹਮਦਰਦੀ ਅਤੇ ਸਤਿਕਾਰ ਵਧਦਾ ਹੈ। ਲੱਗਦੈ ਉਸ ਨਾਲ ਬਹੁਤ ਜ਼ਿਆਦਤੀ ਹੋਈ ਹੈ। ਉਹ ਇੱਕ ਸਧਾਰਨ ਜਿਹੇ ਪਿੰਡ ਦੇ ਆਮ ਜਿਹੇ ਪਰਿਵਾਰ ਵਿੱਚ ਜੰਮਿਆ ਜਿੱਥੇ ਨਾ ਬਿਜਲੀ ਸੀ, ਪੀਣ ਲਈ ਨਾ ਸਾਫ਼ ਪਾਣੀ। ਨਾ ਹਸਪਤਾਲ, ਨਾ ਸੜਕ। ਕਈ ਮੀਲ ਤੁਰ ਕੇ ਸਕੂਲ ਜਾਣਾ ਤੇ ਰਾਤ ਨੂੰ ਲਾਲਟੈਣ ਜਗਾ ਕੇ ਪੜ੍ਹਨਾ। ਫਿਰ ਵੀ ਹਮੇਸ਼ਾਂ ਪਹਿਲੇ ਨੰਬਰ ‘ਤੇ ਆਉਣਾ। ਭਾਰਤ-ਪਾਕਿ ਵੰਡ ਵੇਲੇ ਆਪਣਾ ਪਿੰਡ ‘ਗਾਹ’ ਛੱਡ ਕੇ ਅੰਬਰਸਰ ਦੇ ਹਿੰਦੂ ਕਾਲਜ ਵਿੱਚ ਪੜ੍ਹਿਆ ਤੇ ਫਿਰ ਹੁਸ਼ਿਆਰਪੁਰ ਰਹਿ ਕੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਵਜ਼ੀਫ਼ਾ ਮਿਲ ਗਿਆ ਤੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਦੀ ਐੱਮ.ਏ. ਕੀਤੀ। ਯੂਨੀਵਰਸਿਟੀ ਵਿੱਚ ਠੰਢੇ ਪਾਣੀ ਨਾਲ ਨਹਾਉਂਦਾ ਸੀ ਕਿਉਂਕਿ ਗਰਮ ਪਾਣੀ ਨਾਲ ਨਹਾਉਣ ਲਈ ਅੰਗਰੇਜ਼ ਮੁੰਡਿਆਂ ਸਾਹਮਣੇ ਪੱਗ ਉਤਾਰਨੀ ਪੈਂਦੀ ਸੀ। ਗੋਰਿਆਂ ਦੀ ਯੂਨੀਵਰਸਿਟੀ ਵਿੱਚ ਇਕੱਲਾ ਸਰਦਾਰ। ਉਹ ਵੀ ਸੰਗਾਊ। ਫਿਰ ਵਜ਼ੀਫ਼ਾ ਲੈ ਕੇ ਆਕਸਫੋਰਡ ਤੋਂ ਡੀ.ਫਿਲ. ਦੀ ਡਿਗਰੀ ਲਈ। ਜੇ ਪੰਜਾਬ ਸਕੂਲ ਬੋਰਡ ਵਿੱਚ ਕੋਈ ਸਿਆਣਾ ਹੁੰਦਾ ਤਾਂ ਮਨਮੋਹਨ ਸਿੰਘ ਦੀ ਮੁਢਲੀ ਜਦੋ-ਜਹਿਦ ‘ਤੇ ਕੋਈ ਲੇਖ ਜਾਂ ਕਿਤਾਬ ਲਿਖਾ ਕੇ ਸਿਲੇਬਸ ਵਿੱਚ ਪਾ ਦਿੰਦਾ। ਅੱਜ ਦੇ ਨਿਆਣੇ ਸ਼ਾਇਦ ਉਸ ਤੋਂ ਪ੍ਰੇਰਨਾ ਲੈਂਦੇ।
ਸਾਊ ਹੋਣ ਕਰਕੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਪਰ ਇਸੇ ਕਰਕੇ ਉਸ ਨੂੰ ਕਈ ਵਾਰ ਜ਼ਲੀਲ ਵੀ ਹੋਣਾ ਪਿਆ। ਜਿੱਥੇ ਬੋਲਣ ਦੀ ਲੋੜ ਸੀ, ਬੋਲਿਆ ਨਹੀਂ। ਨਾਂਹ ਕਰਨ ਦੀ ਲੋੜ ਸੀ, ਚੁੱਪ ਰਿਹਾ। ਸਾਲ 2004 ਦੀਆਂ ਚੋਣਾਂ ਵਿੱਚ ਸੋਨੀਆ ਦੀ ਜਿੱਤ ਹੋਈ। ਵਿਦੇਸ਼ੀ ਔਰਤ ਨੇ ਭੂਤਰੇ ਕਾਂਗਰਸੀ ਤਾਂ ਇਕੱਠੇ ਕਰ ਲਏ ਪਰ ਪ੍ਰਧਾਨ ਮੰਤਰੀ ਫਿਰ ਵੀ ਨਾ ਬਣ ਸਕੀ। ਇਟਲੀ ਤੋਂ ਆਈ ਹੋਣ ਕਰਕੇ ਉਸ ਦਾ ਵਿਰੋਧ ਹੋਇਆ। ਸੁਸ਼ਮਾ ਸਵਰਾਜ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਜੇ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੀ ਤਾਂ ਉਹ ਸਿਰ ਮੁਨਾ ਲਏਗੀ। ਸੋਨੀਆ ਨੇ ਕੁਰਸੀ ਤਿਆਗ ਕੇ ਵਾਹ-ਵਾਹ ਖੱਟੀ। ਉਸ ਦਾ ਕੱਦ ਵੱਡਾ ਹੋ ਗਿਆ। ਉਸ ਨੇ ਦੋ ਹੋਰ ਫ਼ੈਸਲੇ ਸਹੀ ਲਏ। ਪਹਿਲਾ, ਪ੍ਰਣਬ ਮੁਖਰਜੀ ਦੀ ਥਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ। ਪ੍ਰਣਬ ਚਲਾਕ ਸੀ। ਐਨੀ ਤਾਕਤ ਦੇਣਾ ਖ਼ਤਰਨਾਕ ਹੋ ਸਕਦਾ ਸੀ। ਮਨਮੋਹਨ ਸਿੰਘ ਲਾਇਕ ਤੇ ਭੋਲਾ ਸੀ। ਜਦੋਂ ਕਿਹਾ, ਕੁਰਸੀ ਛੱਡ ਦੇਣਗੇ। ਦੂਜਾ ਸੋਨੀਆ ਨੇ ਆਪਣੇ ਜੁਆਕ ਨੂੰ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਨਾ ਦਿੱਤਾ।
ਪਰ ਬਹੁਤੇ ਫ਼ੈਸਲੇ ਸੋਨੀਆ ਨੇ ਗ਼ਲਤ ਲਏ ਜਿਸ ਦਾ ਨੁਕਸਾਨ ਉਸ ਨੂੰ, ਕਾਂਗਰਸ ਤੇ ਮਨਮੋਹਨ ਸਿੰਘ ਸਰਕਾਰ ਨੂੰ ਹੋਇਆ। ਕਾਬਿਲ ਕੁੜੀ ਪ੍ਰਿਅੰਕਾ ਨੂੰ ਛੱਡ ਕੇ ਮੁੰਡੇ ਨੂੰ ਅੱਗੇ ਕੀਤਾ। ਸਿੱਧੜ ਜਿਹੀ ਪ੍ਰਤਿਭਾ ਪਾਟਿਲ ਨੂੰ ਰਾਸ਼ਟਰਪਤੀ ਬਣਾਇਆ। ਦੋ ਚਹੇਤਿਆਂ ਸ਼ਿਵਰਾਜ ਪਾਟਿਲ ਤੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਗ੍ਰਹਿ ਮੰਤਰੀ ਬਣਾਇਆ। ਦੋਵੇਂ ਨਖਿੱਧ ਸਾਬਤ ਹੋਏ। ਪ੍ਰਣਬ ਮੁਖਰਜੀ ਨੂੰ ਪਹਿਲਾਂ ਵਿਦੇਸ਼ ਮੰਤਰੀ ਤੇ ਫਿਰ ਵਿੱਤ ਮੰਤਰੀ ਬਣਾਇਆ।
ਪ੍ਰਣਬ ਮਨਮੋਹਨ ਦਾ ਬੌਸ ਰਿਹਾ ਸੀ। ਵਿੱਤ ਮੰਤਰੀ ਦੇ ਤੌਰ ‘ਤੇ ਉਸ ਨੇ ਮਨਮੋਹਨ ਸਿੰਘ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਲਾਇਆ ਸੀ। ਜਦੋਂ ਪ੍ਰਧਾਨ ਮੰਤਰੀ ਬਣ ਕੇ ਮਨਮੋਹਨ ਸਿੰਘ ਉਸ ਦਾ ਬੌਸ ਬਣਿਆ ਤਾਂ ਉਹ ਚਿੜ ਗਿਆ। ਵਿਦੇਸ਼ਾਂ ਦੇ ਦੌਰਿਆਂ ਤੋਂ ਆ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਜਾਂਦਾ ਸੀ। ਵਿੱਤ ਮੰਤਰੀ ਵਜੋਂ ਸਾਲ 2012 ਦੇ ਬਜਟ ਵਿੱਚ ਉਸ ਨੇ ਵਿਦੇਸ਼ੀ ਕੰਪਨੀਆਂ ‘ਤੇ ਟੈਕਸ ਲਾਏ ਜਿਸ ਨਾਲ ਵਿਦੇਸ਼ੀ ਪੈਸਾ ਭਾਰਤ ਤੋਂ ਬਾਹਰ ਜਾਣ ਲੱਗ ਪਿਆ ਤੇ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰ ਹੋ ਗਿਆ। ਫਿਰ ਚਿਦੰਬਰਮ ਨੇ ਆ ਕੇ ਆਰਥਿਕ ਗਿਰਾਵਟ ਰੋਕੀ। ਮਨਮੋਹਨ, ਪ੍ਰਣਬ ਤੋਂ ਝਕਦਾ ਹੀ ਰਿਹਾ।
ਮਨਮੋਹਨ ਸਰਕਾਰ ਅਤੇ ਕਾਂਗਰਸ ਦਾ ਸਭ ਤੋਂ ਵੱਧ ਨੁਕਸਾਨ ਚਾਰ ਘੁਟਾਲਿਆਂ ਨੇ ਕੀਤਾ। ਸੋਨੀਆ ਨੇ ਮਨਮੋਹਨ ਨੂੰ ਕਾਰਵਾਈ ਨਾ ਕਰਨ ਦਿੱਤੀ ਤੇ ਮਨਮੋਹਨ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਾਲਚ ਕਰਕੇ ਜਾਂ ਆਪਣੀ ਕਮਜ਼ੋਰੀ ਕਰਕੇ ਚੁੱਪ ਰਿਹਾ। ਚਿੱਕੜ ਵਿੱਚ ਰਹਿ ਕੇ ਆਪਣੇ ਕੱਪੜੇ ਵੀ ਗੰਦੇ ਕਰ ਲਏ।
ਪਹਿਲਾ ਘੁਟਾਲਾ ਸੀ ਕਾਮਨਵੈਲਥ ਖੇਡਾਂ ਦਾ। ਕਲਮਾਡੀ ਨੂੰ ਇੱਕਦਮ ਅੰਦਰ ਕਰਨ ਦੀ ਥਾਂ ਮਸਲੇ ਨੂੰ ਲਟਕਣ ਦਿੱਤਾ। ਦੂਜਾ ਸੀ ਮੋਬਾਈਲ ਸੇਵਾਵਾਂ ਲਈ ਸਪੈਕਟਰਮ ਵੇਚਣ ਦਾ। ਏ. ਰਾਜਾ ਮੰਤਰੀ ਸੀ ਅਤੇ ਉਸ ਨੇ ਕੁਝ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਇਆ। ਕੰਪਟਰੋਲਰ ਤੇ ਆਡੀਟਰ ਜਨਰਲ ਨੇ 1.68 ਲੱਖ ਕਰੋੜ ਦਾ ਘਾਟਾ ਦੱਸਿਆ। ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਖ਼ੂਬ ਚੁੱਕਿਆ। ਇਹ ਕਿਆਸ ਕੀਤਾ ਘਾਟਾ ਸੀ। ਸਸਤਾ ਸਪੈਕਟਰਮ ਵੇਚਣ ਨਾਲ ਦੇਸ਼ ਵਿੱਚ ਮੋਬਾਈਲ ਸੇਵਾਵਾਂ ਸਸਤੀਆਂ ਤੇ ਹਰ ਇੱਕ ਦੀ ਪਹੁੰਚ ਵਿੱਚ ਹੋ ਗਈਆਂ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਇਹ ਕਿਹਾ ਜਾਵੇ ਕਿ ਸਰਕਾਰ ਨੇ ਬਿਜਲੀ 10 ਰੁਪਏ ਯੂਨਿਟ ਦੀ ਥਾਂ ਪੰਜ ਰੁਪਏ ਯੂਨਿਟ ਵੇਚ ਕੇ ਖ਼ਜ਼ਾਨੇ ਨੂੰ ਲੱਖਾਂ ਕਰੋੜਾਂ ਦਾ ਘਾਟਾ ਪਾਇਆ।
ਤੀਜਾ ਘੁਟਾਲਾ ਸੀ ਕੋਲੇ ਦਾ। ਕੋਲੇ ਦੀਆਂ ਖਾਣਾਂ ਬੋਲੀ ਨਾਲ ਵੇਚਣ ਦੀ ਥਾਂ ਅਲਾਟ ਕੀਤੀਆਂ ਗਈਆਂ। ਕੋਲਾ ਵਿਭਾਗ ਮਨਮੋਹਨ ਸਿੰਘ ਕੋਲ ਸੀ ਅਤੇ ਇਸ ਦੀ ਜ਼ਿੰਮੇਵਾਰੀ ਸਿੱਧੀ ਉਸ ‘ਤੇ ਆਉਂਦੀ ਸੀ। ਉਹ ਬੋਲੀ ਦੇ ਹੱਕ ਵਿੱਚ ਸੀ ਪਰ ਸਿਆਸੀ ਦਬਾਅ ਹੋਣ ਕਰਕੇ ਅਲਾਟਮੈਂਟ ਦੀ ਨੀਤੀ ਜਾਰੀ ਰੱਖੀ।
ਮਨਮੋਹਨ ਸਿੰਘ ਦੇ ਦੋ ਪੰਜਾਬੀ ਮੰਤਰੀ ਸਨ ਜਿਨ੍ਹਾਂ ਉਸ ਦਾ ਅਕਸ ਵਿਗਾੜਿਆ। ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕੋਲਾ ਕਾਂਡ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੇ ਕੰਮ ਵਿੱਚ ਦਖ਼ਲ ਦੇ ਕੇ ਸੁਪਰੀਮ ਕੋਰਟ ਤੋਂ ਫਟਕਾਰ ਪੁਆਈ ਤੇ ਅਰਥ ਇਹ ਕੱਢਿਆ ਗਿਆ ਕਿ ਉਹ ਮਨਮੋਹਨ ਸਿੰਘ ਦੇ ਕਹਿਣ ‘ਤੇ ਜਾਂ ਉਸ ਨੂੰ ਬਚਾਉਣ ਲਈ ਇਹ ਕੁਝ ਕਰ ਰਿਹਾ ਸੀ। ਅਸ਼ਵਨੀ ਨੂੰ ਅਸਤੀਫ਼ਾ ਦੇਣਾ ਪਿਆ ਪਰ ਬੇਰੁਜ਼ਗਾਰ ਅਸ਼ਵਨੀ ਨੂੰ ਮਨਮੋਹਨ ਨੇ ਇੱਕ ਖਾਹਮਖਾਹ ਦੀ ਮੰਤਰੀ ਦੇ ਦਰਜੇ ਵਾਲੀ ਪਦਵੀ ਦੇ ਕੇ ਆਪਣਾ ਵਕਾਰ ਖ਼ਰਾਬ ਕੀਤਾ। ਦੂਜਾ ਪੰਜਾਬੀ ਮੰਤਰੀ ਸੀ ਪਵਨ ਬਾਂਸਲ ਜਿਸਦਾ ਭਣੇਵਾ ਪੈਸੇ ਲੈ ਕੇ ਪੋਸਟਾਂ ਵੇਚਦਾ ਫੜਿਆ ਗਿਆ। ਬਾਂਸਲ ਕਹਿੰਦਾ ਹੈ ਕਿ ਮੇਰਾ ਉਸ ਨਾਲ ਕੋਈ ਵਾਹ ਨਹੀਂ। ਭਣੇਵਾ ਬਾਂਸਲ ਦੀਆਂ ਚੋਣਾਂ ਤੇ ਖ਼ਰਚੇ ਦਾ ਪ੍ਰਬੰਧ ਕਰਦਾ ਸੀ। ਜੇ ਭਣੇਵਾ ਰੇਲਵੇ ਵਿਭਾਗ ਵਿੱਚ ਪੈਸੇ ਲੈ ਨਿਯੁਕਤੀਆਂ ਕਰਦਾ ਹੈ ਤਾਂ ਮਾਮੇ ਨੂੰ ਪਤਾ ਹੀ ਨਹੀਂ ਤਾਂ ਮਾਮਾ ਕਾਹਦਾ ਮੰਤਰੀ ਹੋਇਆ? ਬਾਂਸਲ ਦੇ ਅਸਤੀਫ਼ੇ ਨਾਲ ਵੀ ਮਨਮੋਹਨ ਨੂੰ ਇੱਕ ਹੋਰ ਧੱਕਾ ਲੱਗਿਆ।
ਚੌਥਾ ਸੀ ਆਦਰਸ਼ ਘੁਟਾਲਾ। ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਲਈ ਮੁੰਬਈ ਵਿੱਚ ਫਲੈਟ ਬਣਾਏ ਗਏ ਪਰ ਸਿਆਸਤਦਾਨਾਂ ਤੇ ਅਫ਼ਸਰਾਂ ਨੇ ਆਪਣਿਆਂ ਰਿਸ਼ਤੇਦਾਰਾਂ ਨੂੰ ਅਲਾਟ ਕਰ ਲਏ। ਰੌਲਾ ਪਿਆ ਤਾਂ ਮਹਾਰਾਸ਼ਟਰ ਸਰਕਾਰ ਨੇ ਫ਼ੈਸਲਾ ਲਿਆ ਕਿ ਸਿਆਸਤਦਾਨਾਂ ਦਾ ਕੋਈ ਕਸੂਰ ਨਹੀਂ, ਦੋਸ਼ੀ ਅਫ਼ਸਰਾਂ ‘ਤੇ ਕਾਰਵਾਈ ਹੋਵੇਗੀ। ਕਾਂਗਰਸ ਨੇ ਅਸ਼ੋਕ ਚਵਾਨ ਨੂੰ ਟਿਕਟ ਦੇ ਕੇ ਲੋਕਮੱਤ ਆਪਣੇ ਖ਼ਿਲਾਫ਼ ਕੀਤਾ।
ਇਨ੍ਹਾਂ ਚਾਰੇ ਸਕੈਂਡਲਾਂ ਨਾਲ ਸ਼ਾਇਦ ਇਸ ਕਰਕੇ ਠੀਕ ਤਰ੍ਹਾਂ ਨਜਿੱਠਿਆ ਨਹੀਂ ਜਾ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਕਾਂਗਰਸ ਦੇ ਪ੍ਰਧਾਨ ਨੇ ਕਮਜ਼ੋਰ ਕਰ ਦਿੱਤਾ ਸੀ। ਮੰਤਰੀ ਸੋਨੀਆ ਦੀ ਸੁਣਦੇ ਸੀ, ਮਨਮੋਹਨ ਦੀ ਨਹੀਂ। ਪ੍ਰਧਾਨ ਮੰਤਰੀ ਨੇ ਇੱਕ ਮੰਤਰੀ ਨੂੰ ਜਦੋਂ ਰੇਲ ਹਾਦਸੇ ਵਾਲੀ ਥਾਂ ਜਾਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਵਾਤਾਵਰਨ ਮੰਤਰੀ ਨੇ ਉਦਯੋਗਾਂ ਨੂੰ ਮਨਜ਼ੂਰੀ ਨਾ ਦਿੱਤੀ। ਸੜਕਾਂ ਬਣਾਉਣ ਦਾ ਕੰਮ ਢਿੱਲਾ ਪੈ ਗਿਆ। ਨਿਕੰਮੇ ਮੰਤਰੀਆਂ ‘ਤੇ ਪ੍ਰਧਾਨ ਮੰਤਰੀ ਕਾਰਵਾਈ ਨਾ ਕਰ ਸਕਿਆ।
ਮਨਮੋਹਨ ਸਿੰਘ ਨੂੰ ਦਸ ਸਾਲਾਂ ਵਿੱਚ ਸਭ ਤੋਂ ਵੱਧ ਨਮੋਸ਼ੀ ਉਦੋਂ ਹੋਈ ਜਦੋਂ ਰਾਹੁਲ ਗਾਂਧੀ ਨੇ ਆਪਣੀ ਹੀ ਸਰਕਾਰ ਵੱਲੋਂ ਜਾਰੀ ਕੀਤਾ ਆਰਡੀਨੈਂਸ ਦਿੱਲੀ ਪ੍ਰੈਸ ਕਲੱਬ ਵਿੱਚ ਪਾੜ ਦਿੱਤਾ। ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਵਿਰੁੱਧ ਸੀ ਜਿਸ ਮੁਤਾਬਿਕ ਸਜ਼ਾ ਹੋਣ ‘ਤੇ ਪਾਰਲੀਮੈਂਟ ਤੋਂ ਬਾਹਰ ਹੋਣਾ ਪੈਣਾ ਸੀ। ਮਨਮੋਹਨ ਸਿੰਘ ਨੂੰ ਇਹ ਆਰਡੀਨੈਂਸ ਜਾਰੀ ਹੀ ਨਹੀਂ ਕਰਨਾ ਚਾਹੀਦਾ ਸੀ ਪਰ ਪਾਰਟੀ ਨੇ ਰਾਹੁਲ ਨੂੰ ਉੱਚਾ ਚੁੱਕਣ ਲਈ ਮਨਮੋਹਨ ਸਿੰਘ ਨੂੰ ਨੀਵਾਂ ਦਿਖਾਇਆ।
ਸੋਨੀਆ ਦੀ ਕਾਂਗਰਸ ਨੇ ਚੋਣਾਂ ਜਿੱਤਣ ਲਈ ਸਰਕਾਰ ਤੋਂ ਅਜਿਹੇ ਕੰਮ ਕਰਵਾਏ ਜੋ ਮਨਮੋਹਨ ਦੇ ਆਰਥਿਕ ਸੁਧਾਰਾਂ ਤੇ ਫ਼ਲਸਫ਼ੇ ਦੇ ਉਲਟ ਸਨ। ਮਨਰੇਗਾ ਅਤੇ ਭਾਰਤ ਨਿਰਮਾਣ ਸਕੀਮਾਂ ਅਧੀਨ ਪੇਂਡੂ ਲੋਕਾਂ ਨੂੰ ਰੁਜ਼ਗਾਰ ਤਾਂ ਮਿਲਿਆ ਪਰ ਕੰਮ ਠੀਕ ਨਹੀਂ ਹੋਇਆ। ਮੁਫ਼ਤ ਖਾਣੇ ਅਤੇ ਪੜ੍ਹਾਈ ਦਾ ਕਾਨੂੰਨੀ ਅਧਿਕਾਰ ਤਾਂ ਦਿੱਤਾ ਪਰ ਅਨਾਜ ਮੀਂਹ-ਕਣੀ ਵਿੱਚ ਬਰਬਾਦ ਹੁੰਦਾ ਰਿਹਾ। ਸਰਕਾਰੀ ਸਕੂਲਾਂ ਦੀ ਹਾਲਤ ਨਾ ਸੁਧਰੀ। ਇੱਕ ਹੋਰ ਕਾਨੂੰਨ ਬਣਾ ਕੇ ਕਿਸਾਨਾਂ ਦੀ ਜ਼ਮੀਨ ਖ਼ਰੀਦਣ ਤੇ ਮੁਆਵਜ਼ਾ ਤਾਂ ਠੀਕ ਕਰ ਦਿੱਤਾ ਪਰ ਜ਼ਮੀਨਾਂ ਵਿਕਣੀਆਂ ਬੰਦ ਹੋ ਗਈਆਂ ਤੇ ਉਦਯੋਗ ਲੱਗਣੋਂ ਹਟ ਗਏ। ਮੁਫ਼ਤਖੋਰੀ ਵਧਾਉਣ ਦੀ ਥਾਂ ਤਕਨੀਕੀ ਸਿੱਖਿਆ ਤੇ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨਾ ਚਾਹੀਦਾ ਸੀ।
ਇੱਕ ਆਰਥਿਕ ਮਾਹਰ ਪ੍ਰਧਾਨ ਮੰਤਰੀ ਤਾਂ ਬਣਾ ਦਿੱਤਾ ਪਰ ਨਾ ਉਸ ਦੀ ਸੁਣੀ, ਨਾ ਉਸ ਨੂੰ ਮਰਜ਼ੀ ਨਾਲ ਸਰਕਾਰ ਚਲਾਉਣ ਦਿੱਤੀ। ਸਾਲ 2005 ਵਿੱਚ ਏਸ਼ੀਆ ਦੇ ਦੇਸ਼ਾਂ ਦੀ ਇੱਕ ਬੈਠਕ ਮਲੇਸ਼ੀਆ ਵਿੱਚ ਹੋਈ, ਉੱਥੇ ਮਨਮੋਹਨ ਸਿੰਘ ਦਾ ਦੁਨੀਆਂ ਦਾ ਸਭ ਤੋਂ ਵੱਧ ਪੜ੍ਹਿਆ-ਲਿਖਿਆ ਸਰਕਾਰ ਦਾ ਮੁਖੀ ਵਜੋਂ ਤੁਆਰਫ਼ ਹੋਇਆ। ਦੁਨੀਆਂ ਦੇ ਅਮੀਰ ਮੁਲਕ ਜਦੋਂ ਇਕੱਠੇ ਹੁੰਦੇ ਤਾਂ ਮਨਮੋਹਨ ਸਿੰਘ ਦੀ ਗੱਲ ਧਿਆਨ ਨਾਲ ਸੁਣਦੇ। ਅਮਰੀਕਾ ਅਤੇ ਯੂਰਪ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਪਰ ਭਾਰਤ ਬਚਿਆ ਰਿਹਾ। ਅੱਜ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਹੈ। ਆਜ਼ਾਦੀ ਤੋਂ ਬਾਅਦ ਸਾਲ 1991 ਤਕ ਭਾਰਤ ਦੀ ਵਿਕਾਸ ਦਰ 2 ਤੋਂ 3 ਫ਼ੀਸਦੀ ਸੀ। ਆਰਥਿਕ ਸੁਧਾਰਾਂ ਤੋਂ ਬਾਅਦ 9 ਫ਼ੀਸਦੀ ਪਹੁੰਚ ਗਈ। ਆਰਥਿਕ ਸੁਧਾਰਾਂ ਲਈ ਇਤਿਹਾਸ ਮਨਮੋਹਨ ਸਿੰਘ ਨੂੰ ਹਮੇਸ਼ਾਂ ਯਾਦ ਰੱਖੇਗਾ।
ਮਨਮੋਹਨ ਸਰਕਾਰ ਦੀਆਂ ਪੰਜ ਵੱਡੀਆਂ ਪ੍ਰਾਪਤੀਆਂ ਹਨ: ਅਮਰੀਕਾ ਨਾਲ ਪਰਮਾਣੂ ਬਿਜਲੀ ਲਈ ਸਮਝੌਤਾ, ਪਾਕਿਸਤਾਨ ਨਾਲ ਸਬੰਧ ਸੁਧਾਰੇ, ਆਧਾਰ ਕਾਰਡ ਜਿਸ ਨਾਲ ਗ਼ਰੀਬ ਬੈਂਕ ਖਾਤਾ ਖੋਲ੍ਹ ਸਕਣਗੇ ਤੇ ਸਰਕਾਰੀ ਮਦਦ ਸਿੱਧੀ ਬੈਂਕ ਵਿੱਚ ਮਿਲ ਜਾਵੇਗੀ ਅਤੇ ਸੂਚਨਾ ਦਾ ਕਾਨੂੰਨੀ ਅਧਿਕਾਰ ਤੇ ਲੋਕਪਾਲ ਬਿੱਲ ਪਾਸ ਕਰਨਾ।
ਨਹਿਰੂ ਤੋਂ ਬਾਅਦ ਮਨਮੋਹਨ ਸਿੰਘ ਲਗਾਤਾਰ ਦੋ ਵਾਰ ਬਣਨ ਵਾਲਾ ਦੂਜਾ ਪ੍ਰਧਾਨ ਮੰਤਰੀ ਹੈ। ਉਸ ਦੇ ਰਾਜ ਵਿੱਚ ਕੋਈ ਅਜਿਹਾ ਵੱਡਾ ਹਾਦਸਾ ਨਹੀਂ ਹੋਇਆ ਜਿਸ ਲਈ ਉਹ ਆਪ ਜ਼ਿੰਮੇਵਾਰ ਹੋਵੇ। ਨਹਿਰੂ ਵੇਲੇ ਭਾਰਤ ਨੂੰ ਚੀਨ ਤੋਂ ਹਾਰਨ ਲਈ ਸ਼ਰਮਿੰਦਾ ਹੋਣਾ ਪਿਆ ਸੀ। ਇੰਦਰਾ ਗਾਂਧੀ ਨੇ ਬਲਿਊ ਸਟਾਰ ਕਰ ਕੇ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਜਾਨ ਲਈ। ਰਾਜੀਵ ਗਾਂਧੀ ਵੇਲੇ ਬੋਫ਼ੋਰਜ਼ ਤੋਪਾਂ ਦਾ ਸਕੈਂਡਲ ਹੋਇਆ। ਨਰਸਿਮਹਾ ਰਾਓ ਵੇਲੇ ਬਾਬਰੀ ਮਸਜਿਦ ਡੇਗੀ ਗਈ ਤੇ ਸੰਨ 1984 ਦੇ ਦੰਗਿਆਂ ਵੇਲੇ ਉਹ ਗ੍ਰਹਿ ਮੰਤਰੀ ਸੀ। ਵਾਜਪਾਈ ਵੇਲੇ ਗੁਜਰਾਤ ਦੇ ਦੰਗੇ ਹੋਏ।
ਇਸ ਦੇ ਉਲਟ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਵਿੱਚ ਭਾਰਤ ਤੇ ਭਾਰਤੀਆਂ ਦੀ ਆਰਥਿਕ ਖ਼ੁਸ਼ਹਾਲੀ ਹੋਈ। ਦੁਨੀਆਂ ਭਰ ਵਿੱਚ ਭਾਰਤ ਅਤੇ ਸਿੱਖਾਂ ਦਾ ਨਾਂ ਉੱਚਾ ਹੋਇਆ। ਇਸ ਦੇ ਬਾਵਜੂਦ ਅੱਜ ਉਹ ਇਕੱਲਾ ਹੈ। ਘੱਟ ਬੋਲਣ ਦੀ ਆਦਤ ਕਰਕੇ ਉਹ ਨਰਿੰਦਰ ਮੋਦੀ ਵਾਂਗ ਫੜ੍ਹਾਂ ਨਹੀਂ ਮਾਰਦਾ। ਝੂਠ ਨਹੀਂ ਬੋਲਦਾ। ਮਨਮੋਹਨ ਸਿੰਘ ਨੇ ਆਪਣੇ ਕਿਸੇ ਧੀ-ਜਵਾਈ ਜਾਂ ਹੋਰ ਰਿਸ਼ਤੇਦਾਰ ਨੂੰ ਕੋਈ ਸਰਕਾਰੀ ਅਹੁਦਾ ਨਹੀਂ ਦਿੱਤਾ। ਬਾਦਲਾਂ, ਅਕਾਲੀਆਂ ਤਾਂ ਕੀ, ਪੰਜਾਬ ਦੇ ਕਾਂਗਰਸੀਆਂ ਨੇ ਵੀ ਮਨਮੋਹਨ ਸਿੰਘ ਦਾ ਬਣਦਾ ਆਦਰ ਸਤਿਕਾਰ ਨਹੀਂ ਕੀਤਾ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਨੇ ਮੋਦੀ ਨੂੰ ਲੋੜੋਂ ਵੱਧ ਚੁੱਕਿਆ ਹੈ ਤੇ ਮਨਮੋਹਨ ਸਿੰਘ ਨੂੰ ਹੇਠਾਂ ਡੇਗ ਦਿੱਤਾ ਹੈ। ਜਨਵਰੀ ਵਿੱਚ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਮਨਮੋਹਨ ਸਿੰਘ ਨੇ ਖ਼ੁਦ ਕਿਹਾ ਸੀ,”ਮੀਡੀਆ ਨਾਲੋਂ ਇਤਿਹਾਸ ਮੈਨੂੰ ਵਧੇਰੇ ਚੰਗੀ ਤਰ੍ਹਾਂ ਪਰਖੇਗਾ।” ਇਹ ਗੱਲ ਠੀਕ ਹੀ ਸਿੱਧ ਹੋਵੇਗੀ।
Manmohansingh-1.jpg
 
Top