ਗੁਰੂ ਨਾਨਕ ਦਾ ਸਰਬ ਸਾਂਝਾ 'ਨਾਮ-ਧਰਮ'

yahoo

Member
ਵਿਸ਼ਵ ਭਰ ਵਿਚ ਬਹੁਤ ਸਾਰੇ ਧਾਰਮਿਕ ਰਹਿਬਰ ਹੋਏ ਹਨ, ਜਿਨ੍ਹਾਂ ਆਪਣੀ-ਆਪਣੀ ਸੂਝ ਤੇ ਸਮਰਥਾ ਅਨੁਸਾਰ ਮਨੁਖੀ ਭਾਈਚਾਰੇ ਨੂੰ ਜਿ਼ੰਦਗੀ ਦਾ ਮਨੋਰਥ ਸਮਝਾਉਣ ਅਤੇ ਜੀਵਨ ਜਾਚ ਦਰਸਾਉਣ ਹਿੱਤ ਨਿਰੰਤਰ ਯਤਨ ਕੀਤੇ। ਸਾਡੇ ਲਈ ਉਹ ਸਾਰੇ ਸਤਿਕਾਰ ਦੇ ਪਾਤਰ ਹਨ ਪਰੰਤੂ ਸੋਚਣ ਵਾਲੀ ਗਲ ਇਹ ਹੈ ਕਿ ਜਦ ਰੱਬ ਇਕ ਹੈ ਅਤੇ ਉਸ ਦੇ ਬਣਾਏ ਹੋਏ ਕੁਦਰਤੀ ਨਿਯਮ ਸਾਰਿਆਂ ਲਈ ਇਕ ਸਮਾਨ ਹਨ ਤਾਂ ਫਿਰ ਤਿੰਨ ਸੌ ਦੇ ਲਗਭਗ ਧਰਮ ਅਤੇ ਹਜ਼ਾਰਾਂ ਹੀ ਸੰਪਰਦਾਵਾਂ ਕਿਥੋਂ ਅਤੇ ਕਿਵੇਂ ਪੈਦਾ ਹੋ ਗਈਆਂ? ਜਿਨ੍ਹਾਂ ਵਿਚਲੀ ਆਪਸੀ ਖਿਚੋਤਾਣ ਅੱਜ ਸਮੁਚੇ ਵਿਸ਼ਵ ਲਈ ਇਕ ਖ਼ਤਰਾ ਬਣ ਕੇ ਉਭਰ ਰਹੀ ਹੈ। ਕਿਉਂ ਕਿ ਜਿਸ ਤਰਾਂ ਮਜ਼ਹਬੀ ਕਟੜਤਾ ਦਾ ਪ੍ਰਭਾਵ ਵਧ ਰਿਹਾ ਹੈ, ਉਹ ਇਸ ਐਟਮੀ ਯੁਗ ਵਿਚ ਮਨੁਖਤਾ ਦੇ ਸਰਬ ਨਾਸ਼ ਦਾ ਕਾਰਨ ਬਣ ਸਕਦਾ ਹੈ। ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਉਤਨਾ ਖੂਨ-ਖ਼ਰਾਬਾ ਰਾਜਨੀਤਕ ਜੰਗਾਂ ਕਾਰਨ ਨਹੀਂ ਹੋਇਆ, ਜਿਤਨਾ ਕਿ ਆਪਣੀ ਸੰਪਰਦਾ ਜਾਂ ਮੱਤ ਨੂੰ ਸ੍ਰੇਸ਼ਟ ਦਰਸਾਉਣ ਅਤੇ ਸਾਰਿਆਂ ਨੂੰ ਉਸ ਦੀ ਲਪੇਟ ਵਿਚ ਲਿਆਉਣ ਲਈ।

ਭਾਵੇਂ ਹੁਣ ਵਿਸ਼ਵ ਭਰ ਦੇ ਕੁਝ ਸੂਝਵਾਨ ਧਾਰਮਿਕ ਤੇ ਰਾਜਨੀਤਕ ਆਗੂ 'ਲੀਗ ਆਫ਼ ਨੇਸ਼ਨਜ' ਅਤੇ 'ਯੂਨਾਈਟਡ ਨੇਸ਼ਨਜ' ਵਾਂਗ ਸਾਰੇ ਮਜ਼ਹਬਾਂ ਨੂੰ ਇਕ ਪਲੇਟਫਾਰਮ ਤੇ ਇਕਤਰ ਕਰਕੇ ਮਜ਼ਹਬੀ ਨੇੜਤਾ ਪੈਦਾ ਕਰਨ ਦੇ ਯਤਨ ਕਰ ਰਹੇ ਹਨ, ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਲੰਮੀ ਨਦਰ ਨੇ 500 ਸਾਲ ਪਹਿਲਾਂ ਹੀ ਇਸ ਖ਼ਤਰੇ ਨੂੰ ਭਾਂਪਦਿਆਂ ਸੰਸਾਰ ਦੇ ਸਾਹਮਣੇ ਇਕ ਸਰਬ-ਸਾਂਝੇ 'ਨਾਮ-ਧਰਮ' ਦਾ ਆਸ਼ਾ ਰਖਿਆ। ਇਸ ਨਾਲ ਉਹਨਾਂ ਨੇ ਕੋਈ ਵਿਅਕਤੀਗਤ ਜਾਂ ਕੌਮੀ ਨਾਮ ਨਹੀਂ ਜੋੜਿਆ ਕਿਉਂ ਕਿ ਉਹ ਦੇਖ ਰਹੇ ਸਨ ਕਿ ਅਜਿਹਾ ਕਰਨ ਨਾਲ ਮਾਨਵਤਾ ਵਿਚ ਦੀਵਾਰਾਂ ਖੜੀਆਂ ਹੁੰਦੀਆਂ ਤੇ ਮਜ਼ਹਬੀ ਕਟੜਤਾ ਜਨਮ ਲੈਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਜਗਤ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਇਕ ਚਰਾਗ (ਦੀਵੇ) ਵਾਂਗ ਜਗੇ ਅਤੇ ਉਹਨਾਂ ਦੇ ਦਰਸਾਏ 'ਨਾਮ-ਧਰਮ' ਦੁਆਰਾ ਸਾਰੀ ਸ੍ਰਿਸ਼ਟੀ ਪਾਰ ਉਤਰੀ । ਗੁਰ ਵਾਕ ਹੈ :

ਬਲਿਓ ਚਰਾਗੁ ਅੰਧ੍ਹਾਰ ਮਹਿ, ਸਭ ਕਲਿ ਉਧਰੀ ਇਕ ਨਾਮ ਧਰਮ॥
ਪ੍ਰਗਟੁ ਸਗਲ ਹਰਿ ਭਵਨ ਮਹਿ, ਜਨੁ ਨਾਨਕੁ ਗੁਰੁ ਪਾਰਬ੍ਰਹਮ॥( ਗੁ. ਗੰ੍ਰ. ਪੰਨਾ 1387)

'ਨਾਮ-ਧਰਮ' ਦਾ ਅਰਥ ਹੈ - ਨਾਮ ਸਿਮਰਨ ਦਾ ਧਰਮ ਅਰਥਾਤ ਅਕਾਲ ਪੁਰਖ ਵਾਹਗੁਰੂ ਦੀ ਹੋਂਦ ਦੇ ਵਿਸ਼ਵਾਸ ਵਿਚ ਭਰ ਕੇ ਉਹ ਦੀ ਹਜ਼ੂਰੀ ਅਤੇ ਰਜ਼ਾ ਵਿਚ ਜਿਊਣ ਦੀ ਜੀਵਨ ਜੁਗਤ। ਜੋ ਮਨੁਖ ਇਹ ਯਾਦ ਰਖਦਾ ਹੈ ਕਿ ਪਰਮਾਤਮਾ 'ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਿਰ ॥' ਉਹ ਕੂੜ ਨਹੀਂ ਬੋਲ ਸਕਦਾ ਅਤੇ ਨਾ ਹੀ ਕਿਸੇ ਦਾ ਬੁਰਾ ਕਰ ਸਕਦਾ ਹੈ। ਉਹ ਪਰ ਤਨ ਭੋਗਣ, ਪਰ ਧਨ ਚੁਰਾਉਣ ਅਤੇ ਪਰ ਨਿੰਦਾ ਕਰਨ ਦਾ ਦੋਸ਼ੀ ਨਹੀਂ ਹੋ ਸਕਦਾ। ਇਹ ਸਾਰੀਆਂ ਬਰਿਆਈਆਂ ਤਦੋਂ ਹੀ ਲਾਗੂ ਹੁੰਦੀਆਂ ਹਨ ਜਦੋਂ ਸਾਨੂੰ ਉਸ ਦੀ ਹਜ਼ੂਰੀ ਦੀ ਯਾਦ ਨਹੀਂ ਰਹਿੰਦੀ। ਗੁਰਵਾਕ ਹਨ :

ਨਿਕਟਿ ਬੁਝੈ ਸੁ ਬੁਰਾ ਕਿਉ ਕਰੈ ॥, ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥ ਅਤੇ

ਨਿਕਟਿ ਨ ਜਾਨੈ ਬੋਲੈ ਕੂੜੁ ॥ (ਗੁ. ਗੰ੍ਰ. ਪੰਨਾ 1139 )

ਸਤਿਗੁਰੂ ਜੀ ਨੇ ਰਹਿਮਤ ਕਰਕੇ ਆਪ ਹੀ ਸੋਝੀ ਬਖਸ਼ ਦਿਤੀ ਹੈ ਕਿ 'ਨਾਮੁ' ਅਤੇ 'ਹੁਕਮੁ'(ਰਜ਼ਾ) ਇਕ ਸਮਾਨ ਹਨ । ਉਹਨਾਂ ਦਾ ਅੰਮ੍ਰਿਤ ਬਚਨ ਹੈ : ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ ( ਗੁ. ਗ੍ਰ ਪੰਨਾ 72) ਨਿਰੰਕਾਰ ਦੇ ਹੁਕਮ ਵਿਚ ਚਲਣ ਵਾਲਾ ਹਉਮੈ ਤੋਂ ਰਹਿਤ ਸੰਤੋਖੀ ਤੇ ਕੁਦਰਤੀ ਜੀਵਨ ਜਿਊਂਦਾ ਹੋਇਆ ਸੁਭਾਵਕ ਹੀ ਸਾਬਤ ਸੂਰਤ ਰਹਿੰਦਾ ਅਮਾਨਤ ਵਿਚ ਖਿਆਨਤ ਕਰਨ ਦੇ ਖੋਟ ਤੋਂ ਰਹਤ ਹੋਣ ਕਰਕੇ ਉਸ ਦੇ ਦਰ ਪ੍ਰਵਾਨ ਚੜ੍ਹ ਜਾਂਦਾ ਹੈ ।

ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥ ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਆਧਾਰੁ ॥2॥ ਅਹਿਨਿਸ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥3॥ ਹੁਕਮੁ ਰਜਾਈ ਜੋ ਚਲੈ ਸੁ ਪਵੈ ਖਜਾਨੈ ॥ ਖੋਟੇ ੍ਰਠਵਰ ਨ ਪਾਇਨੀ ਰਲੇ ਜੂਠਾਨੈ ॥4॥ ( ਪੰਨਾ 421)

ਗੁਰਦੇਵ ਜੀ ਸਪਸ਼ਟ ਲਿਖਿਆ ਹੈ ਕਿ ਜਿਹੜਾ ਕੋਈ ਮਨੁਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਇਕੋ ਇਕ ਠੀਕ ਧਰਮ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ ਵਿਕਾਰਾਂ ਦੇ ਟਾਕਰੇ ਤੇ ਅਡੋਲ ਹੋ ਜਾਂਦਾ ਹੈ। ਉਹ ਮਨੁਖ ਇਕ-ਤਾਰ ਸੁਰਤਿ ਜੋੜ ਕੇ ਅਬਿਨਾਸ਼ੀ ਪ੍ਰਭੂ ਵਿਚ ਮਸਤ ਰਹਿੰਦਾ ਹੈ, ਗੁਰੂ ਦੀ ਸ਼ਰਨ ਪੈ ਕੇ ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ਭਾਵ ਉਸ ਨੂੰ ਘਟ ਘਟ ਵਿਚ ਪਹਿਚਾਣ ਲੈਂਦਾ ਹੈ । ਗੁਰ ਵਾਕ ਹੈ :
ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥
ਅਨਹਦਿ ਰਾਤਾ ਏਕ ਲਿਵ ਤਾਰ॥ ਉਹ ਗੁਰਮੁਖਿ ਪਾਵੈ ਅਲਖ ਅਪਾਰ॥( ਗੁ. ਗੰ੍ਰ. ਪੰਨਾ 1188)

ਉਹਨਾਂ ਨੂੰ ਜਦ ਪੰਜਵੇਂ ਸਰੂਪ ਵਿਚ ਕਿਸੇ ਜਗਿਆਸੂ ਨੇ ਪੁਛਿਆ ਕਿ ਮਹਾਰਾਜ! ਜਗਤ ਦਾ ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਹੈ? ਤਾਂ ਹਜ਼ੂਰ ਨੇ ਉਤਰ ਵਿਚ ਫੁਰਮਾਇਆ ਕਿ ਮਨੁਖੀ ਜਿ਼ੰਦਗੀ ਦਾ ਹਰੇਕ ਕੰਮ ਕਾਰ ਅਤੇ ਅਮਲ ਇਕ ਅਕਾਲ ਪੁਰਖ ਵਾਹਿਗੁਰੂ ਦੀ ਲਿਵ ਤੇ ਆਧਾਰਿਤ ਹੋਵੇ। ਮਨੁਖ ਵਾਹਿਗੁਰੂ ਦੀ ਯਾਦ ਵਿਚ ਜੀਵੇ ਅਤੇ ਨਿਰਮਲ ਕਰਮ ਕਰੇ ਕਿਉਂ ਕਿ ਰੱਬੀ-ਯਾਦ ਮਨੁਖ ਨੂੰ ਸੰਨਿਆਸੀ ਤੇ ਵੈਰਾਗੀ ਬਣਾ ਕੇ ਜਿ਼ੰਦਗੀ ਤੋਂ ਦੂਰ ਨਹੀਂ ਲਿਜਾਂਦੀ ਸਗੋਂ ਕਰਮ ਜੋਗੀ ਬਣਾਉਂਦੀ ਹੈ । ਗੁਰ ਸ਼ਬਦ ਹੈ :

ਸਰਬ ਧਰਮ ਮਹਿ ਸ੍ਰੇਸ਼ਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ ( ਗੁ. ਗੰ੍ਰਥ ਪੰਨਾ 266)

ਜਦੋਂ ਕਿਸੇ ਮਨੁਖ ਦਾ ਮਨ ਪਰਮੇਸ਼ਰ ਦੇ ਨਾਮ ਵਿਚ ਪਤੀਜ ਜਾਂਦਾ ਹੈ ਭਾਵ ਰੱਬੀ ਹੋਂਦ ਦੀ ਪ੍ਰਤੀਤ ਵਿਚ ਭਿੱਜ ਜਾਂਦਾ ਹੈ ਤਾਂ ਉਸ ਮਨੁਖ ਦਾ ਧਰਮ ਨਾਲ ਸਿੱਧਾ ਸਬੰਧ ਜੁੜ ਜਾਂਦਾ ਹੈ ਤਾਂ ਫਿਰ ਉਹ ਦੁਨੀਆਂ ਦੇ ਵਖੋ-ਵਖਰੇ ਮਜ਼ਹਬਾਂ ਦੇ ਵਖਰੇਵਿਆਂ ਵਿਚ ਨਹੀਂ ਪੈਂਦਾ ਕਿ ਇਹ ਰਸਤਾ ਚੰਗਾ ਤੇ ਇਹ ਮਾੜਾ ਹੈ। ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਵਖਾਵੇ ਦੇ ਧਰਮ-ਕਰਮ ਅਤੇ ਹੋਰ ਵਹਿਮਾਂ ਤੇ ਆਧਾਰਿਤ ਫੋਕੀਆਂ ਰਸਮਾਂ ਨੂੰ ਨਿੰਦਦਾ ਨਹੀਂ। ਗੁਰੁ ਸਾਹਿਬ ਬੜੀ ਬੇਬਾਕੀ ਨਾਲ ਆਖਦੇ ਹਨ :

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ( ਗੁ. ਗੰ੍ਰ. ਪੰਨਾ 747)

ਉਹਨਾਂ ਨੇ ਪੂਰਬੀ ਤੇ ਪਛਮੀ ਮਤਾਂ-ਮਤਾਂਤਰਾਂ ਵਿਚ ਰੱਬੀ ਹੋਂਦ ਨੂੰ ਪ੍ਰਗਟਾਉਂਦੇ ਸਾਰੇ ਨਾਮਾਂ ਦੀ ਵਰਤੋਂ ਕੀਤੀ, ਪਰ ਕਿਸੇ ਇਕ ਨੂੰ ਵਿਸ਼ੇਸ਼ਤਾ ਨਹੀਂ ਦਿਤੀ ਕਿਉਂ ਕਿ ਉਹ ਦੇਖ ਰਹੇ ਸਨ ਕਿ ਲੋਕ ਰਬੀ ਨਾਵਾਂ ਤੇ ਵੀ ਝਗੜ ਰਹੇ ਹਨ ਜਦੋਂ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇਕ ਹੈ। ਉਸ ਨੂੰ ਯਾਦ ਕਰਨ ਲਈ ਕਿਸੇ ਖ਼ਾਸ ਨਾਮ, ਕਿਸੇ ਖ਼ਾਸ ਦਿਸ਼ਾ, ਕਿਸੇ ਖ਼ਾਸ ਸਥਾਨ ਅਤੇ ਸਰੀਰਕ ਮੁਦਰਾ ਦੀ ਲੋੜ ਨਹੀਂ ਕਿਉਂ ਕਿ ਉਹ ਤਾਂ ਉਹ ਸਰਬ ਵਿਆਪਕ ਤੇ ਸਾਰਿਆਂ ਦਾ ਜੀਵਨ ਹੈ। ਉਸ ਨੂੰ ਧਰਮ ਮੰਦਰਾਂ ਦੀਆਂ ਦੀਵਾਰਾਂ ਵਿਚ ਕੈਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਵਿਸ਼ੇਸ਼ ਕਰਮ ਧਰਮ ਨਾਲ ਉਸ ਨੂੰ ਰੀਝਾਇਆ ਜਾ ਸਕਦਾ ਹੈ। ਉਹ ਵਖ-ਵਖ ਮਜ਼ਹਬੀ ਜਪ-ਤਪ ਅਤੇ ਸਰੀਰਕ ਜੁਗਤੀਆਂ ਦੀ ਪਕੜ ਤੋਂ ਉਚੇਰਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਨੋਰਥ ਨਹੀਂ ਸੀ ਕਿ ਲੋਕਾਂ ਨੂੰ ਇਕ ਧਰਮ ਤੋਂ ਦੂਜੇ ਧਰਮ ਵਲ ਪ੍ਰੇਰਿਆ ਜਾਵੇ, ਸਗੋਂ ਉਹ ਤਾਂ ਸਾਰਿਆਂ ਨੂੰ ਆਪਣੇ ਈਮਾਨ ਵਿਚ ਪੱਕੇ ਰਹਿੰਦਿਆਂ ਮਨੁਖ ਮਾਤਰ ਦੀ ਸੇਵਾ ਲਈ ਇਕ ਸਾਂਝਾ ਮਨੁਖੀ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਸਨ, ਜੋ ਇਕ ਅਕਾਲ ਪੁਰਖ ਦੇ ਪੁਜਾਰੀ ਤੇ ਸ਼ੁਭ ਅਮਲਾਂ ਵਾਲੇ ਹੋਣ। ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਣ ਲਈ ਜਦੋਂ ਉਹ ਇਸਲਾਮ ਦੇ ਕੇਂਦਰੀ ਧਰਮ ਅਸਥਾਨ ਮੱਕੇ ਦੀ ਜਿ਼ਆਰਤ ਲਈ ਗਏ ਅਤੇ ਉਥੇ ਹਾਜੀਆਂ ਨੇ ਪੁਛਿਆ ਕਿ ਤੁਹਾਡੀ ਦ੍ਰਿਸ਼ਟੀ ਵਿਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ? ਤਾਂ ਉਹਨਾਂ ਉਤਰ ਵਿਚ ਕਿਹਾ ਕਿ ਸ਼ੁਭ ਅਮਲਾਂ ਬਾਝੋਂ ਕਿਸੇ ਨੂੰ ਵੀ ਰੱਬੀ ਦਰਗਾਹ ਵਿਚ ਆਦਰ ਨਹੀਂ ਮਿਲ ਸਕਦਾ। ਭਾਈ ਗੁਰਦਾਸ ਜੀ ਲਿਖਦੇ ਹਨ:

ਬਾਬਾ ਆਖੈ ਹਾਜੀਆ ਸੁਭ ਅਮਲਾਂ ਬਾਝਹੁ ਦੋਨੋ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹ ਅੰਦਰ ਲੈਣ ਨਾ ਢੋਈ॥

ਗੁਰਦੇਵ ਜੀ ਲਈ ਇਹ ਪੱਖ ਕੋਈ ਮਹਤਵ ਨਹੀਂ ਰਖਦਾ ਕਿ ਕੋਈ ਮਨੁਖ ਕਿਸ ਮਜ਼ਹਬ ਨਾਲ ਸਬੰਧਤ ਹੈ, ਉਹ ਤਾਂ ਇਹੀ ਦੇਖਣਾ ਚਾਹੁੰਦੇ ਸਨ ਕਿ ਉਹਦਾ ਦੂਸਰਿਆਂ ਨਾਲ ਵਰਤੋਂ ਵਿਹਾਰ ਕੈਸਾ ਹੈ। ਉਹਨਾਂ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਬਹਿਸ਼ਤ (ਸਵਰਗ) ਦੇ ਲਾਰੇ ਅਤੇ ਦੋਜ਼ਕ (ਨਰਕ) ਦੇ ਡਰਾਵੇ ਨਹੀਂ ਦਿਤੇ, ਸਗੋਂ ਆਖਿਆ : 'ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੇ ਨ ਕੋਇ॥' ਉਹ ਮਜ਼ਹਬੀ ਬੰਧਨਾਂ ਤੋਂ ਉਚੇਰੇ ਸਨ। ਉਹਨਾਂ ਨੂੰ ਕਿਸੇ ਇਕ ਸੰਪਰਦਾਇਕ ਦਾਇਰੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ।
 
Top