UNP

ਸੰਤ, ਸਿੱਖ ਅਤੇ ਪੰਥ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 20-Jun-2010
Saini Sa'aB
 
ਸੰਤ, ਸਿੱਖ ਅਤੇ ਪੰਥ

ਸੰਤ, ਸਿੱਖ ਅਤੇ ਪੰਥ
ਡਾ. ਸਤਿਨਾਮ ਸਿੰਘ ਸੰਧੂ
ਸਿੱਖ ਅਤੇ ਪੰਥ ਉਸੇ ਤਰ੍ਹਾਂ ਦਾ ਸ਼ਬਦ- ਜੁੱਟ ਹੈ ਜਿਵੇਂ ਵਿਅਕਤੀ ਅਤੇ ਸਮਾਜ। ਵਿਅਕਤੀਆਂ ਦੇ ਸਭਿਅਕ ਵਿਹਾਰ ਤੋਂ ਸਮਾਜ ਬਣਿਆ ਹੈ। ਇਸੇ ਰੂਪ ਵਿਚ ਦੇਖਿਆਂ, ਸਿੱਖਾਂ ਦੇ ਧਾਰਮਿਕ ਨੈਤਿਕ ਵਿਹਾਰ ਤੋਂ ਪੰਥ ਦੀ ਸਿਰਜਣਾ ਹੋਈ ਹੈ। ਪੰਥ, ਸਿੱਖੀ ਦਾ ਸਾਗਰ ਹੈ ਅਤੇ ਸਿੱਖ ਉਸ ਦੇ ਸਾਗਰ ਦਾ ਆਂਸ਼ਿਕ ਜਾਂ ਤੱਤ ਰੂਪ ਹੈ। ਪਰ ਸਮੇਂ ਦੀ ਤਬਦੀਲੀ ਨਾਲ ਪੰਥ ਦੇ ਅਰਥ ਵੀ ਤਬਦੀਲ ਹੋ ਗਏ ਹਨ। ਪੰਥ ਉਹ ਹੋ ਗਿਆ ਜੋ ਇਕ ਵਿਸ਼ੇਸ਼ ਰਾਜਨੀਤਕ ਪਾਰਟੀ ਦਾ ਅੰਗ ਹੈ ਭਾਵੇਂ ਉਹ ਪਾਰਟੀ ਸਮੁੱਚੇ ਸਿੱਖਾਂ ਦੀ ਪ੍ਰਤੀਨਿਧ ਨਾ ਵੀ ਹੋਵੇ ਪਰ ਉਹ ਆਪਣੇ ਆਪ ਪੰਥ ਬਣ ਗਈ ਹੈ। ਜਦੋਂ ਵਿਸ਼ੇਸ਼ ਰਾਜਨੀਤਕ ਪਾਰਟੀ ਨੂੰ ਖਤਰਾ ਪੈਦਾ ਹੋਇਆ ਤਾਂ ਉਹ ਪੰਥ ਦਾ ਖਤਰਾ ਬਣ ਗਿਆ। ਇਸ ਨਾਲ ਪੰਥ ਦਾ ਕੀ ਤੋਂ ਕੀ ਬਣ ਗਿਆ ਇਹ ਅੱਜ ਸਾਰੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ।
ਪੰਥ ਦੀ ਸਿਰਜਣਾ ਸਮੇਂ ਆਪਸੀ ਭਾਈਚਾਰਾ, ਬਰਾਬਰੀ ਅਤੇ ਇਕ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਜੋ ਬਗੈਰ ਕਿਸੇ ਲੋਭ, ਮੋਹ ਅਤੇ ਹੰਕਾਰ ਤੋਂ ਚੱਲ ਸਕਣ। ਪੰਥ ਦੀ ਸਿਰਜਣਾ ਦਾ ਇਸ ਨੂੰ ਮੁੱਖ ਉਦੇਸ਼ ਬਣਾਇਆ ਗਿਆ ਸੀ। ਇਸ ਵਿਚ ਇਕੋ ਬਾਣਾ, ਇਕੋ ਖਾਣਾ ਪਰਵਾਨ ਹੋਇਆ। ਇਸ ਨੇ ਸਾਰੀਆਂ ਜਾਤਾਂ, ਗੋਤਾਂ, ਰੀਤਾਂ ਅਤੇ ਰਸਮਾਂ ਦੇ ਵਿਅਕਤੀਆਂ ਨੂੰ ਆਪਣੇ ਵੱਲ ਖਿੱਚਿਆ। ਸਾਧਾਰਨ, ਨਿਮਾਣੇ, ਨਿਤਾਣੇ ਤੇ ਲਤਾੜੇ ਵਿਅਕਤੀ; ਸਿੰਘ ਬਣੇ ਅਤੇ ਹੌਲੀ ਹੌਲੀ ਵੱਡਾ ਸਿੱਖ ਪੰਥ ਬਣ ਗਿਆ। ਇਹ ਭਾਰਤ ਦੀਆਂ ਸਾਧਾਰਨ ਜਾਤੀਆਂ ਦੇ ਪੰਥ ਦੀ ਸ਼ਕਤੀ ਹੀ ਸੀ ਜਿਨ੍ਹਾਂ ਨੇ 1000 ਈ. ਤੋਂ ਮੈਦਾਨ ਦੇ ਰਸਤੇ ਤੋਂ ਆਉਣ ਵਾਲੇ ਧਾੜਵੀਆਂ ਨੂੰ ਨਾ ਸਿਰਫ ਰੋਕਿਆ ਹੀ ਬਲਕਿ ਉਨ੍ਹਾਂ ਨੂੰ ਹਰਾਇਆ। ਪੰਥ ਦੇ ਤਾਕਤ ਵਿਚ ਆਉਣ ਤੋਂ ਬਾਅਦ ਸਿੱਖ ਰਾਜ ਦੀਆਂ ਹੱਦਾਂ ਦੱਰਾ ਖੈਬਰ ਤੱਕ ਫੈਲ ਗਈਆਂ ਤੇ ਉਹ ਕੌਮ ਜਿਨ੍ਹਾਂ ਨੇ ਪਹਿਲਾਂ ਰੂਸ ਤੋਂ ਅਤੇ ਹੁਣ ਅਮਰੀਕਾ ਤੋਂ ਈਨ ਨਹੀਂ ਮੰਨੀ, ਪੰਥ ਦੀ ਸ਼ਕਤੀ ਸਾਹਮਣੇ ਉਨ੍ਹਾਂ ਨੇ ਆਪਣੇ ਗੋਡੇ ਟੇਕ ਦਿੱਤੇ ਸਨ, ਇਤਿਹਾਸ ਗਵਾਹ ਹੈ।
ਪੰਥ ਦੀ ਸ਼ਕਤੀ ਬਾਰੇ ਹੈ ? ਇਸ ਬਾਰੇ ਅਕਸਰ ਆਪਣੇ ਭਾਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਸਵਰਨ ਸਿੰਘ ਬੋਪਾਰਾਏ ਬੜੇ ਭਾਵੁਕ ਅੰਦਾਜ਼ ਵਿਚ ਇਤਿਹਾਸਕ ਹਵਾਲੇ ਨਾਲ ਜ਼ਿਕਰ ਕਰਿਆ ਕਰਦੇ ਹਨ ਕਿ ਪੰਥ ਕੀ ਸੀ ? ਉਨ੍ਹਾਂ ਅਨੁਸਾਰ ਇਕ ਵਾਰ ਲੜਾਈ ਦੇ ਮੈਦਾਨ ਵਿਚ, ਘਮਸਾਨ ਯੁੱਧ ਤੋਂ ਬਾਅਦ ਇਕ ਸਿੰਘ ਜ਼ਖਮੀ ਹਾਲਤ ਵਿਚ ਪਿਆ ਸੀ। ਉਸ ਦੇ ਸਰੀਰ ਦੇ ਅੰਗਾਂ ਤੇ ਗੰਭੀਰ ਚੋਟਾਂ ਆਈਆਂ ਹੋਈਆਂ ਸਨ ਅਤੇ ਲੜਾਈ ਖਤਮ ਹੋ ਚੁੱਕੀ ਸੀ। ਇਕ ਗੋਰਾ ਜੋ ਮੈਦਾਨ ਵਿਚ ਘੁੰਮ ਰਿਹਾ ਸੀ, ਉਸ ਵਿਅਕਤੀ ਕੋਲ ਗਿਆ ਤਾਂ ਉਹ ਜ਼ਖਮੀ ਸਿੰਘ ਉਸ ਉਤੇ ਟੁੱਟ ਪਿਆ ਅਤੇ ਗੋਰਾ ਪਿੱਛੇ ਹਟ ਗਿਆ। ਅਖੀਰ ਵਿਚ ਉਸ ਨੇ ਪੁੱਛਿਆ ਤੁਸੀਂ ਜ਼ਖਮੀ ਹੋ, ਲੜਾਈ ਖਤਮ ਹੋ ਚੁੱਕੀ ਹੈ ਅਤੇ ਤੁਸੀਂ ਅਜੇ ਵੀ ਲੜ ਰਹੇ ਹੋ। ਉਸ ਸਿੱਖ ਸਿਪਾਹੀ ਨੇ ਕਿਹਾ ਲੜਾਈ ਭਾਵੇਂ ਖਤਮ ਹੋ ਗਈ ਹੈ, ਮੈਂ ਭਾਵੇਂ ਜੀਵਾਂ ਜਾਂ ਮਰਾਂ ਪਰ ਅਜੇ ਤੱਕ ਮੈਨੂੰ ਪੰਥ ਦਾ ਹੁਕਮ ਨਹੀਂ ਹੋਇਆ, ਜਿਸ ਕਾਰਨ ਮੈਂ ਇਹ ਮੰਨ ਸਕਾਂ ਕਿ ਜੰਗ ਮੁੱਕ ਗਈ ਹੈ। ਕਹਿਣ ਤੋਂ ਭਾਵ ਇਤਿਹਾਸ ਵਿਚ ਪੰਥ ਇਕ ਹੁਕਮ ਸੀ, ਭਾਵਨਾ ਸੀ, ਜੋਸ਼ ਸੀ, ਇਤਿਹਾਸ ਸੀ,ਬਲੀਦਨ ਸੀ, ਨਿਸ਼ਕਾਮਤਾ ਸੀ।
ਗੁਰੂ ਗੋਬਿੰਦ ਸਿੰਘ ਨੇ ਪੰਥ ਦੀ ਸਿਰਜਣਾ ਲਈ ਆਪਣੇ ਪੁੱਤਾਂ ਦੀ, ਭਾਈਆਂ ਦੀ, ਭਤੀਜਿਆਂ ਦੀ ਚੋਣ ਨਹੀਂ ਕੀਤੀ ਸੀ ਜਿਵੇਂ ਅੱਜ ਪੰਥ ਦੇ ਲਈ ਵਾਰਸ ਕਰ ਰਹੇ ਹਨ। ਗੁਰੂ ਨਾਨਕ ਦੇ ਪੰਥ ਵਿਚ ਗੁਰਿਆਈ; ਪੁੱਤਰ ਮੋਹ ਨੂੰ ਨਹੀਂ ਮੈਰਿਟ ਨੂੰ, ਸੇਵਾ ਨੂੰ ਅਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਕੁਰਬਾਨੀ ਕਰਨ ਵਾਲੇ ਨੂੰ ਦਿੱਤੀ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਤੋਂ ਪਿਤਾ, ਪੁੱਤਰ ਅਤੇ ਪਰਿਵਾਰ ਵਾਰ ਦਿੱਤਾ ਪਰ ਪੰਥ ਦੇ ਜੋ ਵਾਰਸ ਪੈਦਾ ਕੀਤੇ, ਉਹ ਨਾ ਤਾਂ ਕਿਸੇ ਵਿਸ਼ੇਸ਼ ਜਾਤ ਵਿਚੋਂ ਲਏ, ਨਾ ਕਿਸੇ ਵਿਸ਼ੇਸ਼ ਸਥਾਨ ਅਤੇ ਨਾ ਹੀ ਕਿਸੇ ਵਿਸ਼ੇਸ਼ ਇਲਾਕੇ ਵਿਚੋਂ ਲਏ ਗਏ ਸਨ। ਉਨ੍ਹਾਂ ਦੀ ਚੋਣ ਦਾ ਆਧਾਰ ਸਿਰਫ ਇਕੋ ਸੀ ਨਿਰਭਓ ਅਤੇ ਨਿਰਵੈਰ, ਉਹ ਵਿਅਕਤੀ ਜੋ ਗੁਰੂ ਦੇ ਸੱਦੇ ਤੇ ਧਰਮ ਦੇ ਕਾਰਜ ਲਈ ਸੀਸ ਬਲੀਦਾਨ ਕਰ ਸਕਣ ਅਜਿਹੇ ਵਿਅਕਤੀਆਂ ਦੀ ਚੋਣ ਕੀਤੀ ਸੀ। ਉਸ ਪੰਥਕ ਚੋਣ ਅੱਗੇ ਆਪ ਝੁਕੇ ਅਤੇ ਉਨ੍ਹਾਂ ਤੋਂ ਅੰਮ੍ਰਿਤਪਾਨ ਕੀਤਾ ਤੇ ਆਪਣਾ ਸਭ ਕੁਝ ਖਾਲਸਾ ਪੰਥ ਨੂੰ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ। ਇਹ ਵਿਰਸਾ ਹੀ ਸੀ ਜਿਸ ਨੇ ਗੁਰੂ ਨਾਨਕ ਵਰਗੇ ਫਕੀਰ ਦੀ ਵਿਚਾਰਧਾਰਾ ਰਾਹੀਂ ਸਾਧਾਰਨ ਵਿਅਕਤੀ ਨੂੰ ਸਦੀਆਂ ਤੋਂ ਚਲੀ ਆ ਰਹੀ ਰਾਜਸ਼ਾਹੀ ਦੇ ਵਿਰੁੱਧ ਨਾ ਸਿਰਫ ਉਨਣ ਲਈ ਪ੍ਰੇਰਿਆ ਬਲਕਿ ਸ਼ਕਤੀ ਨਾਲ ਉਨ੍ਹਾਂ ਦੇ ਸਾਹਮਣੇ ਡਟਣ ਲਈ ਪ੍ਰੇਰਿਆ ਸੀ। ਇਹੋ ਕਾਰਨ ਸੀ ਕਿ ਪੰਥ ਨੇ ਬਿਨਾਂ ਕਿਸੇ ਫਾਈਵ ਸਟਾਰ ਹੋਟਲ ਬਣਾਉਣ ਦੇ ਲਾਲਚ ਤੋਂ, ਫਾਰਮ ਹਾਊਸ ਬਣਾਉਣ ਦੇ ਲਾਲਚ ਤੋਂ ਬਿਨਾਂ, ਬੱਸ ਦੇ ਰੂਟਾਂ ਦੇ ਲਾਲਚ ਤੋਂ ਬਿਨਾਂ ਆਪਣੇ ਪੁੱਤਾਂ ਭਾਈਆਂ ਅਤੇ ਜਵਾਈਆਂ ਨੂੰ ਮੰਤਰੀ ਬਣਾਉਣ ਦੀ ਇੱਛਾ ਤੋਂ ਬਿਨਾਂ ਸਰਬੱਤ ਦੇ ਭਲੇ ਲਈ, ਸਮੁੱਚੀ ਕੌਮ ਲਈ ਅਤੇ ਨਿਰਬਲ ਵਿਅਕਤੀਆਂ ਲਈ ਕੁਰਬਾਨੀਆਂ ਦਿੱਤੀਆਂ ਸਨ।
ਪੰਥ ਉਹ ਸੀ ਜਿਸ ਨੇ ਆਪਣੇ ਸਾਹਮਣੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਜਬਰ ਕਰਨ ਵਾਲਿਆਂ ਦੇ ਛੱਕੇ ਛੁਡਾ ਦਿੱਤੇ ਸਨ। ਮਿਸਲਾਂ ਦੇ ਸਰਦਾਰਾਂ ਨੇ ਆਮ ਵਿਅਕਤੀਆਂ ਨੂੰ ਸਰਦਾਰੀਆਂ ਬਖਸ਼ ਦਿੱਤੀਆਂ ਤਾਂ ਹੀ ਕਿਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਜਿਸ ਨੇ ਹਮੇਸ਼ਾ ਲਈ ਪੰਥ ਦਾ ਸਰੂਪ ਬਦਲ ਕੇ ਰੱਖ ਦਿੱਤਾ ਸੀ। ਇਹ ਪੰਥ ਹੀ ਸੀ ਜਿਸ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ 90 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ ਸਨ। ਇਹ ਪੰਥ ਹੀ ਸੀ ਜਿਸ ਨੇ ਕੂਕਿਆਂ ਵਾਂਗ ਆਪਣੇ ਆਪ ਨੂੰ ਤੋਪਾਂ ਸਾਹਮਣੇ ਖੜ੍ਹਾ ਕਰ ਦਿੱਤਾ ਸੀ। ਪੰਥ ਇਕ ਭਾਵਨਾ, ਦਲੇਰੀ, ਨਿਸ਼ਕਾਮਤਾ ਅਤੇ ਨਿਰਭੈਤਾ ਦਾ ਨਾਂ ਸੀ। ਪਰ ਕਦੇ ਵੀ ਪੰਥ ਨੂੰ ਕਿਸੇ ਹਾਕਮ ਤੋਂ ਖਤਰਾ ਮਹਿਸੂਸ ਨਹੀਂ ਹੋਇਆ ਸੀ। ਅੱਜ ਪੰਥ ਨੂੰ ਖਤਰਾ ਕਿਸੇ ਬਾਹਰਲੇ ਤੋਂ ਨਹੀਂ ਹੈ ਅੱਜ ਤਾਂ ਪੰਥ ਆਪਣੇ ਬੋਝ ਨਾਲ ਹੀ ਥੱਲੇ ਜਾ ਰਿਹਾ ਹੈ। ਅੱਜ ਪੰਥ ਦੀ ਲੜਾਈ ਜਬਰ ਲਈ ਨਹੀਂ, ਧਨ ਦੀ ਵੰਡ ਲਈ ਹੁੰਦੀ ਹੈ। ਅੱਜ ਪੰਥ ਨੂੰ ਨਿਰਭੈਤਾ ਨਹੀਂ ਕਿਉਂਕਿ ਇਸ ਦੇ ਵਾਰਸਾਂ ਨੂੰ ਆਪਣਾ ਵਿਦੇਸ਼ਾਂ ਵਿਚ ਧਨ ਛੁਪਾਉਣ ਦੀ ਸਮੱਸਿਆ ਹੈ। ਅੱਜ ਦਾ ਪੰਥ ਕੁਰਬਾਨੀ ਦੇਣ ਵਿਚ ਨਹੀਂ ਕੁਰਬਾਨੀ ਲੈਣ ਵਿਚ ਯਕੀਨ ਰੱਖਦਾ ਹੈ। ਅੱਜ ਦਾ ਪੰਥ ਕੁਰਬਾਨੀ ਲਈ ਅਤੇ ਨਿਸ਼ਕਾਮ ਸੇਵਾ ਲਈ ਸਰਬਤ ਦੇ ਭਲੇ ਨਹੀਂ ਬਲਕਿ ਐਮ.ਐਲ.ਏ. ਦਾ ਟਿਕਟ, ਐਮ.ਪੀ. ਦਾ ਟਿਕਟ ਅਤੇ ਰੂਟ, ਪਰਮਿਟ ਅਤੇ ਜਥੇਦਾਰੀਆਂ ਮੰਗਦਾ ਹੈ।
ਅੱਜ ਦੇ ਪੰਥ ਵਿਚ ਪੰਜ ਪਿਆਰੇ ਨਹੀਂ ਪਰਿਵਾਰ ਪਿਆਰੇ ਕੌਮ ਦੇ ਵਾਰਸ ਹਨ। ਪੰਥ ਨੇ ਸਾਂਝ ਨੂੰ ਆਪ ਖਤਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਪੰਥ ਦੇ ਬਹੁਤੇ ਮੋਹਰੀ ਆਮ ਸੰਗਤਾਂ ਲਈ ਬਣੇ ਲੰਗਰ ਵਿਚ ਪ੍ਰਸ਼ਾਦਾ ਨਹੀਂ ਛਕਦੇ ਸਗੋਂ ਇਸ ਦੇ ਵਿਸ਼ੇਸ਼ ਸੇਵਾਦਾਰਾਂ ਲਈ ਸੰਗਤ ਤੋਂ ਵੱਖਰਾ ਲੰਗਰ ਬਣਦਾ ਹੈ। ਕਮੇਟੀਆਂ ਦੀਆਂ ਸਰਦਾਰੀਆਂ ਅਤੇ ਪ੍ਰਬੰਧ ਦੇ ਮਾਮਲੇ ਦੇ ਪਦ ਸੇਵਾ ਦੇ ਆਧਾਰ ਤੇ ਨਹੀਂ ਜਾਤਾਂ ਦੇ ਆਧਾਰ ਤੇ ਵੰਡੇ ਜਾਂਦੇ ਹਨ। ਪੰਥ ਦੀਆਂ ਮਹਾਂ ਸ਼ਕਤੀਆਂ ਜੋ ਕੌਮ ਨੂੰ ਸੇਧ ਦੇਣ ਲਈ ਬਣੀਆਂ ਸਨ ਉਹ ਹਉ ਦੀਆਂ ਤੇ ਵਿਅਕਤੀਆਂ ਦੀਆਂ ਗੁਲਾਮ ਹੋ ਗਈਆਂ ਹਨ। ਉਹ ਗੁਰੂ ਘਰ ਜਿਸ ਦੇ ਚਾਰੇ ਦਰ ਹਮੇਸ਼ਾ ਖੁੱਲ੍ਹੇ ਸਨ ਅੱਜ ਉਹ ਇਸ ਗੱਲ ਤੇ ਪਾਬੰਦੀ ਲਗਾ ਰਿਹਾ ਹੈ ਕਿ ਕਿਸ ਨੇ ਪੰਥ ਦਾ ਗਾਇਨ ਕਰਨਾ ਹੈ ਤੇ ਕੌਣ ਪੰਥ ਦਾ ਵਾਰਸ ਹੈ।
ਪੰਥ ਦੇ ਹਮਦਰਦਾਂ ਨੂੰ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ ਕਿ ਗੁਰੂ ਦੀ ਮਾਇਆ ਨੂੰ ਕੀ ਖਤਰਾ ਹੈ ਜੋ ਤੁਸੀਂ ਗੋਲਕ ਨੂੰ ਵੱਡਾ ਜਿੰਦਰਾ ਮਾਰ ਕੇ ਰੱਖਦੇ ਹੋ। ਆਮ ਵਿਅਕਤੀ ਧਨ ਦੀ ਭੇਟਾ ਕਰਦਾ ਹੈ। ਭੇਟਾ ਕਰਨ ਆਇਆ ਵਿਅਕਤੀ ਚੋਰ ਨਹੀਂ ਹੋ ਸਕਦਾ। ਪੰਥ ਦੇ ਸੇਵਾਦਾਰ ਗੁਰੂ ਦੇ ਸਿੰਘ ਹਨ, ਉਹ ਪੰਥ ਦੇ ਨੇਮਾਂ ਅਨੁਸਾਰ ਮੋਹ ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉਪਰ ਹਨ ਤਾਂ ਮਾਇਆ ਨੂੰ ਕਿਸ ਤੋਂ ਖਤਰਾ ਹੈ। ਇਸ ਸਵਾਲ ਦਾ ਕਿਸੇ ਸਾਧਾਰਨ ਸਿੰਘ ਕੋਲ ਕੋਈ ਜਵਾਬ ਨਹੀਂ ਸੀ ਤੇ ਜਵਾਬ ਵੀ ਉਸ ਗੱਲ ਵਿਚ ਪਿਆ ਸੀ ਜੋ ਆਮ ਸਾਰਿਆਂ ਦੀਆਂ ਅੱਖਾਂ ਸਾਹਮਣੇ ਵਾਪਰਦਾ ਹੈ। ਬਹੁਤੇ ਪੰਥ ਦੇ ਕੀਰਤਨੀਏ ਸਿੰਘ ਕੀਰਤਨ ਕਰਨ ਤੋਂ ਬਾਅਦ ਜਦ ਅਰਦਾਸ ਸ਼ੁਰੂ ਹੁੰਦੀ ਹੈ ਉਸ ਵਿਚ ਸ਼ਾਮਲ ਹੋਣ ਕੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਵਾਉਣ ਦੀ ਥਾਂ ਆਪਣੀ ਮਾਇਆ ਸਮੇਤ ਵਾਜੇ ਢੋਲਕ ਬੰਨ੍ਹ ਕੇ ਅਰਦਾਸ ਹੋਣ ਤੋਂ ਪਹਿਲਾਂ ਹੀ ਭੱਜਣ ਦੀ ਕਰਦੇ ਹਨ।
ਜਦੋਂ ਅਸੀਂ ਪੰਥ ਅੱਗੇ ਅਜਿਹੀ ਕੁਰਬਾਨੀ ਦੀ ਮਿਸਾਲ ਰੱਖਾਂਗੇ ਤਾਂ ਉਸ ਦੇ ਸਿੱਟੇ ਸਾਡੇ ਸਾਹਮਣੇ ਹੋਣਗੇ। ਇਕ ਵਾਰ ਸ਼੍ਰੋਮਣੀ ਕਮੇਟੀ ਦੇ ਇਕ ਆਗੂ ਨਾਲ ਕੁਝ ਸ਼ਬਦ ਸਾਂਝੇ ਹੋਏ। ਉਨ੍ਹਾਂ ਦੀ ਧਾਰਣਾ ਸੀ ਕਿ ਅੱਜ ਬੱਚਿਆਂ ਨੂੰ ਗੁਰੂਆਂ ਦੇ ਨਾਮ ਪਤਾ ਨਹੀਂ ਹਨ, ਉਨ੍ਹਾਂ ਨੂੰ ਬਾਣੀ ਬਾਰੇ ਪਤਾ ਨਹੀਂ ਹੈ, ਉਹ ਖੰਡਿਤ ਹੋ ਰਹੇ ਹਨ ਅਤੇ ਨਸ਼ਿਆਂ ਵੱਲ ਜਾ ਰਹੇ ਹਨ। ਮੈਂ ਬੇਨਤੀ ਕੀਤੀ ਕਿ ਅੱਜ ਬੱਚਿਆਂ ਨੂੰ ਖਿਡਾਰੀਆਂ, ਐਕਟਰਾਂ ਅਤੇ ਕਾਰਟੂਨਾਂ ਦੇ ਸੈਂਕੜੇ ਨਾਂ ਯਾਦ ਹਨ। ਉਹ ਕਿਸੇ ਨੇ ਯਾਦ ਕਰਨ ਲਈ ਪ੍ਰੇਰਿਤ ਨਹੀਂ ਕੀਤਾ ਬਲਕਿ ਉਸ ਲਈ ਟੀ.ਵੀ., ਅਖਬਾਰ ਅਤੇ ਮਾਹਵਾਰੀ ਰਸਾਲਿਆਂ ਦਾ ਉਨ੍ਹਾਂ ਦੁਆਰਾ ਸਹਾਰਾ ਲਿਆ ਜਾਂਦਾ ਹੈ। ਪਰ ਅੱਜ ਦੀ ਕੌਮ ਕੋਲ ਕਿਹੜਾ ਅਜਿਹਾ ਰੋਲ ਮਾਡਲ ਸਿੰਘ ਦਿਸਦਾ ਹੈ ਜਿਸ ਤੋਂ ਬੱਚੇ ਪ੍ਰੇਰਣਾ ਲੈਣ ਤੇ ਅਸੀਂ ਕਹਿ ਸਕੀਏ ਕਿ ਬੇਟਾ ਤੁਸੀਂ ਉਸ ਵਿਅਕਤੀ ਵਰਗੇ ਸਿੰਘ ਬਣੋ। ਅੱਜ ਦੀ ਪੜ੍ਹੀ ਲਿਖੀ ਤੇ ਅਮੀਰ ਕੌਮ ਕੋਲ ਨਾ ਤਾਂ ਸਰਬੱਤ ਦੇ ਭਲੇ ਦੀ ਅਤੇ ਪੰਥ ਦੀ ਵਿਚਾਰਧਾਰਾ ਨੂੰ ਆਮ ਵਿਅਕਤੀਆਂ ਕੋਲ ਲੈ ਜਾਣ ਵਾਲਾ ਕੋਈ ਰਾਸ਼ਟਰੀ ਅੰਗਰੇਜ਼ੀ ਅਤੇ ਪੰਜਾਬੀ ਅਖਬਾਰ ਹੈ ਅਤੇ ਨਾ ਹੀ ਅਜਿਹੇ ਵਿਅਕਤੀਆਂ ਦਾ ਜਥਾ ਹੈ ਜੋ ਵਿਦੇਸ਼ੀ ਅਤੇ ਹੋਰ ਥਾਵਾਂ ਤੇ ਜਾ ਕੇ ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਚਾਰ ਕਰ ਸਕੇ। ਨਹੀਂ ਤਾਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਕੋਈ ਹੋਰ ਵਿਅਕਤੀ ਸਮਝ ਕੇ ਮਾਰਿਆ ਜਾਂਦਾ ਰਹੇਗਾ ਅਤੇ ਪੰਥ ਦੀਆਂ ਨਿਸ਼ਾਨੀਆਂ (ਪਗੜੀ ਅਤੇ ਕਿਰਪਾਨ) ਨੂੰ ਫਰਾਂਸ ਵਾਂਗ ਹੋਰ ਦੇਸ਼ਾਂ ਵਿਚ ਵੀ ਪਹਿਨਣ ਤੋਂ ਰੋਕ ਦਿੱਤਾ ਜਾਵੇਗਾ। ਅੱਜ ਪੰਥ ਇਕ ਪਾਸੇ, ਸਿੱਖ ਇਕ ਪਾਸੇ ਤੇ ਸੰਤ ਦੂਸਰੇ ਪਾਸੇ ਚੱਲ ਰਹੇ ਹਨ। ਹਰੇਕ ਦਾ ਆਪਣਾ ਪੰਥ ਹੋ ਗਿਆ ਹੈ। ਜਿੰਨਾ ਚਿਰ ਸੰਤ, ਸਿੱਖ ਤੇ ਪੰਥ ਨਿਰਭੈ ਅਤੇ ਨਿਰਭਉ ਨਹੀਂ ਹੁੰਦੇ ਤਾਂ ਸਾਡਾ ਸਭ ਦਾ ਰੱਬ ਰਾਖਾ।


 
Old 20-Jun-2010
pps309
 
Re: ਸੰਤ, ਸਿੱਖ ਅਤੇ ਪੰਥ

Bohat vadia lekh aa.....

Post New Thread  Reply

« ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ' | Historical Hatred between Hindus and Sikhs »
UNP