ਅੱਜ ਸ: ਭਗਤ ਸਿੰਘ

ਅੱਜ ਸ: ਭਗਤ ਸਿੰਘ ਅਤੇ ਉਨਾ ਦੇ ਸਾਥੀ ਰਾਜਗੁਰੂ,ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ। ਉਨਾ ਦੀ ਜੀਵਨੀ ਸਭ ਨੇ ਪੜੀ ਹੈ ਕਿ ਕਿਸ ਤਰਾਂ ਲਾਹੌਰ ਕਾਲਜ ਵਿਚ ਪੜਦਿਆਂ ਉਨਾ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਜਦੋਂ ਅੰਗਰੇਜ਼ ਸਾਮਰਾਜ ਨੇ ਲਾਲਾ ਲਾਜਪਤ ਰਾਏ ਜੀ ਨੂੰ ਲਾਠੀਆਂ ਨਾਲ ਸ਼ਹੀਦ ਕਰ ਦਿੱਤਾ ਅਤੇ ਸ: ਭਗਤ ਸਿੰਘ ਨੇ ਇਸਦੇ ਜਿੰਮੇਂਵਾਰ ਪੁਲਿਸ ਅਫਸਰ ਤੋਂ ਬਦਲਾ ਲੈਣ ਦੀ ਠਾਣ ਲਈ। ਭਾਵੇਂ ਉਨਾ ਹੱਥੋਂ ਉਸ ਅਫਸਰ ਦੇ ਭੁਲੇਖੇ ਸਾਂਡਰਸ ਨਾ ਦਾ ਹੋਰ ਅੰਗਰੇਜ਼ ਅਫਸਰ ਹੀ ਮਾਰਿਆ ਗਿਆ ਪਰ ਇਸ ਦਿਨ ਤੋਂ ਉਹ ਭਾਰਤ ਮਾਂ ਨੂੰ ਆਜ਼ਾਦ ਕਰਾਉਣ ਲਈ ਸਮਰਪਿਤ ਹੋ ਗਏ ਅਤੇ ਇਸਤੋਂ ਬਾਅਦ ਬੋਲੀ ਸਰਕਾਰ ਦੇ ਕੰਨਾ ਵਿਚ ਆਜ਼ਾਦੀ ਦੀ ਆਵਾਜ਼ ਪਹੁੰਚਾਉਣ ਲਈ ਅਸੈਂਬਲੀ ਵਿਚ ਬੰਬ ਸੁਟਿਆ,ਗ੍ਰਿਫਤਾਰੀ ਦਿੱਤੀ ਅਤੇ ਅੰਤ ਅਸੀਂ ਸਾਰੇ ਜਾਣਦੇ ਹਾਂ ਕਿ ਸ: ਭਗਤ ਸਿੰਘ ਹੋਰਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਚੋਂ ਆਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮਕੇ ਆਪਣੀਆਂ ਜਿੰਦਗੀਆਂ ਵਾਰ ਦਿੱਤੀਆਂ। ਉਨਾ ਨੇ ਇਕ ਅਜਿਹੀ ਆਜ਼ਾਦੀ ਦਾ ਸੁਪਨਾ ਲਿਆ ਸੀ ਜਿਸ ਵਿਚ ਹਰ ਸ਼ਹਿਰੀ ਦੇ ਹੱਕ ਬਰਾਬਰ ਹੋਣ। ਸਭ ਨੂੰ ਕੁੱਲੀ,ਗੁੱਲੀ,ਜੁੱਲੀ ਮਿਲੇ। ਕਿਸੇ ਨਾਲ ਅਨਿਆਂ ਨਾ ਹੋਵੇ। ਹਰ ਕੋਈ ਖੁੱਲੀ ਫਿਜ਼ਾ ਵਿਚ ਸਾਹ ਲੈ ਸਕੇ। ਪਰ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਕੀ ਜੋ ਉਨਾ ਨੇ ਚਿਤਵਿਆ ਸੀ ,ਉਹ ਸੁਪਨਾ ਪੂਰਾ ਹੋ ਗਿਆ ਹੈ ਨਹੀਂ, ਆਜ਼ਾਦੀ ਦੇ 67 ਸਾਲ ਦਾ ਲੰਬਾ ਸਫਰ ਤਹਿ ਕਰਨ ਤੋਂ ਬਾਅਦ ਵੀ ਅੱਜ ਦੀ ਆਜ਼ਾਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਭੈੜੀ ਹੈ। ਬਜ਼ੁਰਗ ਦੱਸਦੇ ਹਨ ਕਿ ਅੰਗਰੇਜ਼ਾਂ ਦੇ ਰਾਜ ਵਿਚ ਕਾਨੂੰਨ ਦੀ ਪੂਰੀ ਪਾਲਣਾ ਹੁੰਦੀ ਸੀ ਅਤੇ ਸਭ ਨੂੰ ਨਿਆਂ ਮਿਲਦਾ ਸੀ ਪਰ ਅੱਜ ਸਾਡੇ ਦੇਸ਼ ਵਿਚ ਫੈਲੇ
bhagat_singh-1.jpg
ਭ੍ਰਿਸ਼ਟਾਚਾਰ ਦੇ ਕੈਂਸਰ ਨੇ ਸਭ ਨੂੰ ਆਪਣਾ ਮਰੀਜ਼ ਬਣਾ ਲਿਆ ਹੈ। ਜਿਸ ਥਾਂ ਵੀ ਕੋਈ ਬੈਠਾ ਹੈ,ਉਸਦੀ ਸੋਚ ਬਿਗਾਨਾ ਹੱਕ ਖਾਣ ਦੀ ਹੈ ਅਤੇ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਹੈ,ਉਹ ਕਿਸੇ ਵੀ ਢੰਗ ਨਾਲ ਹੋਵੇ। ਬਾਕੀਆਂ ਦੀ ਗੱਲ ਛੱਡੋ ਅੱਜ ਸਾਡੀ ਨਿਆਂ ਪ੍ਰਣਾਲੀ ਵੀ ਪੂਰੀ ਤਰਾਂ ਭ੍ਰਿਸ਼ਟਾਚਾਰ ਵਿਚ ਗਲਤਾਨ ਹੋ ਗਈ ਹੈ ,ਫਿਰ ਸਾਨੂੰ ਨਿਆਂ ਕਿੱਥੋਂ ਮਿਲੂ। ਭਾਰਤ ਮਾਂ ਦੇ ਸਿਰ ਦਾ ਤਾਜ ਜੋ ਸ਼ਹੀਦਾਂ ਨੇ ਉਸਨੂੰ ਪਹਿਨਾਇਆ ਸੀ ,ਉਹ ਪੈਰਾਂ ਵਿਚ ਰੁਲ ਰਿਹਾ ਹੈ,ਸਿਰ ਦੇ ਵਾਲ ਖੁੱਲਕੇ ਗਲ ਵਿਚ ਪਏ ਹੋਏ ਹਨ ਅਤੇ ਭਾਰਤ ਮਾਂ ਦੇ ਅਖੌਤੀ ਵਾਰਸ ਇਸਨੂੰ ਠੁੱਡੇ ਮਾਰਕੇ ਉਸਦੀ ਤੌਹੀਨ ਕਰ ਰਹੇ ਹਨ। ਚੋਰਾਂ ਦੇ ਵੱਸ ਪਈ ਭਾਰਤ ਮਾਂ ਰੋ ਕੁਰਲਾ ਰਹੀ ਹੈ,ਜਿਸਨੂੰ ਵੇਖਕੇ ਸ਼ਹੀਦਾਂ ਦੀਆਂ ਆਤਮਾਵਾਂ ਦੁਖੀ ਹੋ ਰਹੀਆਂ ਹਨ। ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਸ਼ਹੀਦਾਂ ਵੱਲੋਂ ਲੈ ਕੇ ਦਿੱਤੀ ਆਜ਼ਾਦੀ ਨੂੰ ਆਪਣੇ ਹੀ ਦੇਸ਼ ਦੇ ਰਾਜਨੀਤਕ ਡਾਕੂਆਂ ਤੋਂ ਆਜ਼ਾਦ ਕਰਾਈਏ। ਅਸੀਂ ਕੀ ਕਰਦੇ ਹਾਂ ਬੱਸ ਸ਼ਹੀਦਾਂ ਦੇ ਸ਼ਹੀਦੀ ਦਿਨ ਤੇ ਇਕੱਠ ਕਰਦੇ ਹਾਂ,ਉਨਾ ਦੀਆਂ ਤਸਵੀਰਾਂ ਨੂੰ ਚਾਰ ਫੁੱਲ ਭੇਂਟ ਕਰਕੇ ਆਪਣਾ ਫਰਜ਼ ਪੂਰਾ ਕਰ ਦਿੰਦੇ ਹਾਂ। ਚਾਰ ਗੀਤ ਗਾ ਲੈਂਦੇ ਹਾਂ,ਨਾਟਕ ਖੇਡ ਲੈਂਦੇ ਹਾਂ ਸਮਾਗਮ ਦੀ ਪ੍ਰਧਾਨਗੀ,ਮੁੱਖ ਮਹਿਮਾਨੀ ਕਰਨ ਆਏ ਚੋਰਾਂ ਤੋਂ ਸ: ਭਗਤ ਸਿੰਘ ਦੀ ਜੀਵਨੀ ਸੁਣ ਲੈਂਦੇ ਹਾਂ ਜੋ ਮਗਰਮੱਛ ਵਾਲੇ ਹੰਝੂ ਵਹਾਕੇ ਚੱਲਦੇ ਬਣਦੇ ਹਨ ਅਤੇ ਅਸੀਂ ਫਿਰ ਸਾਲ ਭਰ ਲਈ ਸੁਰਖਰੂ ਹੋ ਜਾਂਦੇ ਹਾਂ। ਨਹੀਂ ਦੋਸਤੋ ਆਪਣੇ ਆਪ ਨੂੰ ਸੰਭਾਲੋ,ਜੇ ਇਹ ਚੋਰ ਤੁਹਾਨੂੰ 67 ਸਾਲ ਦੇ ਲੰਮੇਂ ਸਮੇਂ ਵਿਚ ਭਗਤ ਸਿੰਘ ਦੀ ਚਿਤਵੀ ਆਜ਼ਾਦੀ ਦਾ ਆਨੰਦ ਨਹੀਂ ਦੇ ਸਕੇ ਤਾਂ ਹੁਣ ਹੋਰ ਇਨਾ ਦੇ ਮੂੰਹ ਵੱਲ ਵੇਖਣ ਦੀ ਜਰੂਰਤ ਨਹੀਂ। ਗੂੜੀ ਨੀਂਦ ਤੋਂ ਜਾਗੋ ਅਤੇ ਇਨਾ ਚੋਰਾਂ ਨੂੰ ਮਜ਼ਬੂਰ ਕਰ ਦਿਉ ਕਿ ਉਹ ਭਗਤ ਸਿੰਘ ਹੋਰਾਂ ਦੀ ਲੈ ਕੇ ਦਿੱਤੀ ਆਜ਼ਾਦੀ ਦੀ ਦੁਰਵਰਤੋਂ ਨਾ ਕਰਨ। ਦੇਸ਼ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥ ਦਿਉ ਜੋ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰ ਸਕਣ। ਸਾਡਾ ਫਰਜ਼ ਸਿਰਫ ਸ਼ਹੀਦਾਂ ਦੇ ਮੇਲੇ ਮਨਾਕੇ ਹੀ ਪੂਰਾ ਨਹੀਂ ਹੋ ਜਾਂਦਾ ,ਸਿਰਫ਼ ਭਗਤ ਸਿੰਘ ਵਰਗੀ ਟੌਰਾ ਛੱਡ ਕੇ ਬੰਨੀ ਪੱਗ , ਕੁੰਡੀ ਮੁੱਛ ਅਤੇ ਖਾਦੀ ਦਾ ਕੁਤਤਾ ਪਾ ਕੇ ਇਨਕਲਾਬ ਦੀਆਂ ਗੱਲਾਂ ਕਰਕੇ ਗੱਲ ਨਹੀਂ ਬਣਨੀ । ਸ਼ਹੀਦ ਭਗਤ ਸਿੰਘ ਨਾਂਮ ਤੇ ਸਭਿਆਚਾਰਕ ਮੇਲੇ ਕਰਵਾ ਕੇ ਲੱਚਰਤਾ ਦਾ ਹੜ੍ਹ ਲਿਆਂਉਣ ਵਾਲੇ ਸੰਵੇਦਨਸ਼ੀਲ ਕਹਾਉਂਦੇ ਸੰਵੇਦਨਾਂ ਦੇ ਠੇਕੇਦਾਰਾਂ ਨੂੰ ਸ਼ਰੇ ਬਾਜ਼ਾਰ ਨੰਗਾ ਕਰਕੇ ਅਖੌਤੀ ਵਿਦਵਤਾ ਦਾ ਲਿਬਾਸ ਲਾ ਕੇ ਨੰਗਾ ਕਰੀਏ ਤਾਂ ਹੀ ਗੱਲ ਬਣੇਗੀ ।ਆਉ ਉਨਾ ਦੀ ਸੋਚ ਨੂੰ ਵੀ ਅਪਨਾਈਏ, ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
 
Top