ਮਹਾਨ ਤਿਆਗੀ,ਤਪੱਸਵੀ ਤੇ ਵਿਦਵਾਨ ਬਾਬਾ ਸ਼ੇਖ ਫ਼ਰੀਦ

ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ ਫਰੀਦ ਜੀ ਦਾ ਸਥਾਨ ਪੰਜਾਬੀ ਸਾਹਿਤ ਵਿਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਵਿਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿਚ ਹੀ ਵਿਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਨ੍ਹਾਂ ਦਿਨਾਂ ਵਿਚ ਮੁਲਤਾਨ, ਸੰਸਾਰਕ ਤੇ ਰੂਹਾਨੀ ਵਿਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿਦਿਆ ਮੁਲਤਾਨ ਵਿਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਇਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜਬਰਾ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਛੁੱਟ (ਇਲਾਵਾ) ਤਿੰਨ ਹੋਰ ਇਸਤਰੀਆਂ ਫਰੀਦ ਜੀ ਦੀਆਂ ਪਹਿਲਾਂ ਸਨ। ਆਪ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ ਫਰੀਦ ਜੀ ਦਾ ਦੇਹਾਂਤ ਸੰਮਤ 1323, ਸੰਨ 1266 ਈ. ਨੂੰ ਪਾਕਪਟਨ ਵਿਚ ਹੋਇਆ। ਸ਼ੇਖ ਫਰੀਦ ਜੀ ਨੇ 93 ਸਾਲ ਉਮਰ ਭੋਗੀ। ਬਾਬਾ ਫਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ:
1. ਸ਼ੇਖ ਜਮਾਲੁਦੀਨ, 2. ਬਾਬਾ ਫਰੀਦੁਦੀਨ ਮਸਊਦ ਸ਼ਕਰਗੰਜ, 3. ਦੀਵਾਨ ਬਦਰੁਦੀਨ ਸੁਲੇਮਾਨ, 4. ਖਵਾਜਾ ਪੀਰ ਅਲਾਉਦੀਨ, 5. ਖਵਾਜਾ ਦੀਵਾਨ ਪੀਰ ਮੁਇਜ਼ਦੀਨ, 6. ਖਵਾਜਾ ਦੀਵਾਨ ਪੀਰ ਫਜ਼ਲ, 7. ਖਵਾਜਾ ਮੁਨੱਵਰ ਸ਼ਾਹ, 8. ਦੀਵਾਨ ਪੀਰ ਬਹਉਦੀਨ, 9. ਦੀਵਾਨ ਸ਼ੇਖ ਅਹਿਮਦ ਸ਼ਾਹ, 10. ਦੀਵਾਨ ਪੀਰ ਅਤਾਉਲਾ, 11. ਖਵਾਜਾ ਸ਼ੇਖ ਮੁਹੰਮਦ, 12. ਸ਼ੇਖ ਬ੍ਰਹਮ (ਇਬਰਾਹੀਮ)
ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਾਰ ਸ਼ਬਦ ਦਰਜ ਹਨ। ਰਾਗ ਆਸਾ ਵਿਚ ਇਕ ਚਉਪਦਾ ਤੇ ਇਕ ਆਸ਼ਟਪਦੀ ਅਤੇ ਰਾਗ ਸੂਚੀ ਵਿਚ ਇਕ ਚਉਪਦਾ ਅਤੇ ਇਕ ਤਿਪਦਾ। ਸ਼ੇਖ ਫਰੀਦ ਜੀ ਦੇ 130 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਗ 1377 ਤੋਂ 1384 ਤਕ ਸੁਭਾਇਮਾਨ ਹਨ। ਸ਼ੇਖ ਫਰੀਦ ਜੀ ਪਹਿਲੇ ਕਵੀ ਹਨ ਜਿਨ੍ਹਾਂ ਨੇ ਆਪਣੇ ਖ਼ਿਆਲ ਪੰਜਾਬੀ ਵਿਚ ਪ੍ਰਗਟ ਕੀਤੇ। ਪੰਜਾਬ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿਚ ਪਹਿਲਾਂ ਫਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ ਫਰੀਦ ਜੀ ਲਹਿੰਦਾ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ। ਪਾਕਿਸਤਾਨ ਵਿਚ ਬਾਬਾ ਫਰੀਦ ਜੀ ਦਾ ਮਕਬਰਾ ਅੱਜ ਵੀ ਕਾਇਮ ਹੈ। ਉੱਥੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭ ਨੂੰ ਸ਼ਾਮਲ ਕਰਕੇ ਇਕ ਟਰੱਸਟ ਕਾਇਮ ਕੀਤਾ ਗਿਆ ਹੈ ਜਿਸ ਦਾ ਨਾਂ ਹੈ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟਰੱਸਟ’ ਇਸ ਟਰੱਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
ਫਰੀਦਕੋਟ ਦਾ ਨਾਂ ਸ਼ੇਖ ਫਰੀਦ ਦੇ ਨਾਂ ਨਾਲ ਸਬੰਧਤ ਹੈ। ਇਸ ਨਗਰ ਦਾ ਪਹਿਲਾਂ ਨਾਂ ‘ਮੋਕਲਹਰ’ ਸੀ। ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਜੀ ਜਦੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਠਹਿਰੇ। ਉਸ ਵੇਲੇ ਇੱਥੋਂ ਦੇ ਰਾਜੇ ਵੱਲੋਂ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜ਼ਮਾਂ ਵੱਲੋਂ ਬਾਬਾ ਫਰੀਦ ਜੀ ਨੂੰ ਵੀ ਵਗਾਰ ਵਿਚ ਲਾ ਲਿਆ ਗਿਆ ਅਤੇ ਉਹ ਕਿਲੇ ਦੀ ਉਸਾਰੀ ਵਿਚ ਗਾਰਾ ਫੜਾਉਣ ਲੱਗੇ। ਅਚਾਨਕ ਰਾਜੇ ਦੀ ਨਿਗ੍ਹਾ ਫਰੀਦ ਜੀ ‘ਤੇ ਪਈ। ਉਨ੍ਹਾਂ ਦੇਖਿਆ ਕਿ ਜਦੋਂ ਬਾਬਾ ਫਰੀਦ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਠਲ, ਤਸਲਾ) ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ‘ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫਕੀਰ ਹੈ। ਇਸ ਨੇ ਬਾਬਾ ਫਰੀਦ ਜੀ ਦੇ ਚਰਨ (ਪੈਰ ਫੜ) ਕੇ ਮੁਆਫੀ ਮੰਗੀ। ਇਸ ਪਿੱਛੋਂ ਰਾਜੇ ਨੇ ਆਪਣਾ ਨਾਂ ਹਟਾ ਕੇ ਦਰਵੇਸ਼ ਦੇ ਨਾਂ ‘ਤੇ ਨਗਰ ਦਾ ਨਾਂ ‘ਫਰੀਦਕੋਟ’ ਰੱਖ ਦਿੱਤਾ।
ਇਸ ਸ਼ਹਿਰ ਨੂੰ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਇੱਥੇ ਲੰਮਾ ਸਮਾਂ ਇਕ ਛੋਟਾ ਜਿਹਾ ਵਣ ਦਾ ਦਰੱਖਤ ਖੜਾ ਰਿਹਾ, ਜਿਸ ਨਾਲ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿਬੜੇ ਹੋਏ ਹੱਥ ਪੂੰਝੇ ਸਨ। ਹਰ ਵੀਰਵਾਰ ਨੂੰ ਬਾਬਾ ਫਰੀਦ ਜੀ ਦੇ ਅਸਥਾਨ ‘ਤੇ (ਕਿਲੇ ਦੇ ਨੇੜੇ) ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿਚ ਵੀ ਖੂਬ ਚਹਿਲ-ਪਹਿਲ ਹੁੰਦੀ ਹੈ।
ਬਾਬਾ ਫਰੀਦ ਜੀ ਇਕ ਧਾਰਮਿਕ ਸ਼ਖਸੀਅਤ ਸਨ, ਪਰ ਅਜੋਕੇ ਸਮੇਂ ਵਿਚ ਬਾਬਾ ਫਰੀਦ ਜੀ ਦੇ ਨਾਂ ‘ਤੇ ਅਨੇਕਾਂ ਸੰਸਥਾਵਾਂ ਫਰੀਦਕੋਟ ਵਿਚ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਸ਼ਹਿਰਾਂ, ਪਿੰਡਾਂ ਵਿਚ ਵੀ ਬਣ ਚੁੱਕੀਆਂ ਹਨ। ਬਾਬਾ ਫਰੀਦ ਹੈਲਥ ਯੂਨੀਵਰਸਿਟੀ, ਬਾਬਾ ਫਰੀਦ ਸਭਿਆਚਾਰਕ ਕੇਂਦਰ, ਬਾਬਾ ਫਰੀਦ, ਪਬਲਿਕ ਸਕੂਲ, ਬਾਬਾ ਫਰੀਦ ਹਾਕੀ, ਫੁਟਬਾਲ, ਕਬੱਡੀ, ਬਾਸਕਟਬਾਲ ਕਲੱਬਾਂ, ਬਾਬਾ ਫਰੀਦ ਆਰਟ ਸੁਸਾਇਟੀ, ਬਾਬਾ ਫਰੀਦ ਕੁਸ਼ਤੀ ਅਖਾੜਾ ਆਦਿ ਸਥਾਪਤ ਹਨ।
 
Top