ਵਾਦੀ, ਬਰਬਾਦੀ ਤੇ ਸਾਜ਼ਿਸ਼ਾਂ

'MANISH'

yaara naal bahara
ਜਿਸ ਕਿਸੇ ਆਬਾਦੀ ਜਾਂ ਵਾਦੀ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੋਵੇ, ਉੱਥੋਂ ਦੀ ਸਾਰੀ ਫ਼ਿਜ਼ਾ ਪ੍ਰਦੂਸ਼ਤ ਹੁੰਦੀ ਏ ਜਿਸ ਕਰਕੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।
ਜਿਹੜੇ ਨੇਕ ਦਿਲ ਇਨਸਾਨ ‘ਪੌੜੀ ਪੌੜੀ ਚੜ੍ਹਦਾ ਜਾ…’ ਦਾ ਜਾਪ ਕਰਦੇ ਅੱਗੇ ਵਧਦੇ ਹਨ, ਉਹ ਆਖ਼ਰ ਮੰਜ਼ਿਲ ’ਤੇ ਪਹੁੰਚ ਜਾਂਦੇ ਹਨ। ਜਿਹੜੇ ਪੌੜੀ ਦੇ ਆਖ਼ਰੀ ਡੰਡੇ ’ਤੇ ਪੈਰ ਰੱਖ ਕੇ ਆਪਣੇ ਸਫ਼ਰ ਦਾ ਆਗਾਜ਼ ਕਰਨਾ ਲੋਚਦੇ ਹਨ, ਉਨ੍ਹਾਂ ਦਾ ਮੂੰਹ ਪਰਨੇ ਡਿੱਗਣਾ ਸੁਭਾਵਿਕ ਹੁੰਦਾ ਹੈ। ਉਸ ਦੀ ਰਜ਼ਾ ਵਿੱਚ ਰਹਿਣ ਵਾਲੇ ਦੇ ਮੂੰਹ ’ਤੇ ਕੋਈ ਚੋਟ ਨਹੀਂ ਲੱਗਦੀ (ਮੰਨੇ ਮੁਹਿ ਚੋਟਾ ਨਾ ਖਾਇ)। ਮਲੀਨ ਬਿਰਤੀ ਵਾਲੇ ਲੋਕ ਦੂਜਿਆਂ ਦੀਆਂ ਲੱਤਾਂ ਛਾਂਗ ਕੇ ਆਪਣਾ ਕੱਦ ਵਧਾਉਣ ਦਾ ਭਰਮ ਪਾਲਦੇ ਹਨ। ਅਜਿਹੇ ਬੌਣੇ ਲੋਕਾਂ ਤੇ ਸ਼ਾਸਕਾਂ ਨੇ ਸੂਹੀਆਤੰਤਰ ਦਾ ਜਾਲ ਵਿਛਾਇਆ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੇ ਤਖ਼ਤ ਨੂੰ ਠੁਮ੍ਹਣਾ ਮਿਲਦਾ ਰਹਿੰਦਾ ਹੈ। ਆਪਣੇ ਦੁਸ਼ਮਣ ਦਾ ਹਰ ਹੀਲੇ ਬੀਜ ਨਾਸ ਕਰਨ ਲਈ ਸੂਹੀਆਤੰਤਰ ਦੀ ਲੋੜ ਪੈਂਦੀ ਹੈ। ਦੁਸ਼ਮਣ ਦਾ ਨਾਸ਼ ਕਰਨ ਲਈ ਵਰਤੇ ਗਏ ਅਜੀਬੋ-ਗਰੀਬ ਹਥਿਆਰਾਂ ਦੇ ਅਣਗਿਣਤ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਮਿਲਦੇ ਹਨ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ (321-185) ਮੌਰੀਆ ਸਲਤਨਤ ਵੱਲੋਂ ਵਿਸ਼ ਕੰਨਿਆਂ ਰੱਖਣ ਦਾ ਖ਼ਿਆਲ ਵੀ ਅਜਿਹੀ ਮਾਨਸਿਕਤਾ ਦੀ ਉਪਜ ਸੀ। ਵਿਸ਼ ਕੰਨਿਆਵਾਂ ਦੇ ਕਾਰਨਾਮਿਆਂ ਦਾ ਹਵਾਲਾ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਮਿਥਿਹਾਸ ਅਨੁਸਾਰ ਖੂਬਸੂਰਤ ਵਿਸ਼ ਕੰਨਿਆਵਾਂ ਨੂੰ ਅੱਲ੍ਹੜ ਉਮਰ ਵਿੱਚ ਮਿੱਠੀ-ਮਿੱਠੀ ਜ਼ਹਿਰ ਦੇ ਕੇ ਜ਼ਹਿਰੀਲਾ ਬਣਾਇਆ ਜਾਂਦਾ ਸੀ ਜਿਹੜੀਆਂ ਸੱਪਣੀ ਵਾਂਗ ਦੁਸ਼ਮਣ ਨੂੰ ਡੱਸਦੀਆਂ ਸਨ। ਅਣਗਿਣਤ ਕੁੜੀਆਂ ਵਿਸ਼ ਕੰਨਿਆ ਬਣਨ ਦੀ ਪ੍ਰਕਿਰਿਆ ਵਿੱਚ ਹੀ ਦਮ ਤੋੜ ਜਾਂਦੀਆਂ ਸਨ। ਅਜੋਕੇ ਸਮੇਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਸ਼ਕਤੀਸ਼ਾਲੀ ਸਾਮਰਾਜੀ ਸ਼ਕਤੀਆਂ ਵੱਲੋਂ ਕਿਊਬਾ ਦੇ ਸਰਬਰਾਹ ਫੀਦਲ ਕਾਸਤਰੋ ਨੂੰ ਮਾਰਨ ਲਈ ਵੀ ਹੋਈਆਂ ਸਨ ਜਿਹੜੀਆਂ ਉਨ੍ਹਾਂ ਦੁਆਲੇ ਭਾਰੀ ਸੁਰੱਖਿਆ ਵਿਉਂਤਬੰਦੀ ਕਾਰਨ ਅਸਫ਼ਲ ਰਹੀਆਂ।
ਕਹਿੰਦੇ ਹਨ ਜੇ 1954 ਤੋਂ 1991 ਤੱਕ ਸਰਗਰਮ ਰਹੀ ਸੋਵੀਅਤ ਸੰਘ ਦੀ ਸੂਹੀਆ ਏਜੰਸੀ ਕੇ.ਜੀ.ਬੀ., ਦੂਜੇ ਸੰਸਾਰ ਯੁੱਧ ਦੌਰਾਨ ਹੋਂਦ ਵਿੱਚ ਆਈ ਅਮਰੀਕਾ ਦੀ ਸਟਰੈਟੇਜਿਕ ਸਰਵਿਸ, ਜਿਹੜੀ ਬਾਅਦ ਵਿੱਚ ਸੀ.ਆਈ.ਏ. ਦੇ ਜਾਮੇ ਵਿੱਚ ਦੁਨੀਆਂ ਭਰ ਦੇ ਤਖ਼ਤੇ ਉਲਟਾਉਣ ਲੱਗ ਪਈ, ਪਾਕਿਸਤਾਨ ਦੀ ਬਦਨਾਮ ਖੁਫ਼ੀਆ ਏਜੰਸੀ, ਆਈ.ਐਸ.ਆਈ. ਅਤੇ ਭਾਰਤ ਦੀ ਰਾਅ ਅਤੇ ਇੰਟੈਲੀਜੈਂਸ ਬਿਊਰੋ ’ਤੇ ਬਾਕੀ ਦੇਸ਼ਾਂ ਦੇ ਖੁਫ਼ੀਆਤੰਤਰ ’ਤੇ ਅਰਬਾਂ-ਖ਼ਰਬਾਂ ਰੁਪਏ ਨਾ ਖਰਚੇ ਗਏ ਹੁੰਦੇ ਤਾਂ ਅੱਜ ਦੁਨੀਆਂ ਵਿੱਚ ਇੱਕ ਵੀ ਗਰੀਬ ਨਾ ਦਿਸਦਾ।
ਭਾਰਤ ਦੇ ਅਣਗਿਣਤ ਖਿੱਤਿਆਂ ਵਿੱਚ ਖੁਫ਼ੀਆ ਏਜੰਸੀਆਂ ਦੀ ਭੂਮਿਕਾ ਨਾਂਹ-ਪੱਖੀ ਰਹੀ ਹੈ ਜਿਸ ਕਰਕੇ ਦੇਸ਼ ਦੀ ਮਣਾਂ-ਮੂੰਹੀਂ ਪੂੰਜੀ ਖਰਚ ਕੇ ਵੀ ਹਾਲਾਤ ਕਾਬੂ ਹੇਠ ਨਹੀਂ ਆ ਰਹੇ। ਰਾਅ ਅਤੇ ਆਈ.ਬੀ. ਦੇ ਸਾਬਕਾ ਅਧਿਕਾਰੀਆਂ ਵੱਲੋਂ ਆਪਣੀ ਸੇਵਾਮੁਕਤੀ ਤੋਂ ਬਾਅਦ ਲਿਖੀਆਂ ਗਈਆਂ ਕੁਝ ਕਿਤਾਬਾਂ ਨੇ ਅਣਗਿਣਤ ਪਾਜ ਉਘਾੜੇ ਹਨ ਜਿਸ ਨਾਲ ਦੁਨੀਆਂ ਭਰ ਵਿੱਚ ਸਨਸਨੀ ਪੈਦਾ ਹੋ ਗਈ। ਇਸੇ ਕਰਕੇ ਕੇਂਦਰੀ ਸਰਕਾਰ ਨੂੰ ਫ਼ੌਰੀ ਕਦਮ ਚੁੱਕ ਕੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ’ਤੇ ਸੇਵਾਮੁਕਤੀ ਤੋਂ ਬਾਅਦ ਵੀ ਆਪਣੇ ਵਿਭਾਗਾਂ ਦੀ ਕਿਸੇ ਕਾਰਗੁਜ਼ਾਰੀ ਦਾ ਖੁਲਾਸਾ ਕਰਨ ’ਤੇ ਸਖ਼ਤ ਪਾਬੰਦੀ ਲਗਾਉਣੀ ਪਈ।
ਪੰਜਾਬ ਦੇ ਕਾਲੇ ਦਿਨਾਂ ਵੇਲੇ ਪਾਕਿਸਤਾਨ ਤੇ ਭਾਰਤ ਦੀਆਂ ਖੁਫ਼ੀਆ ਏਜੰਸੀਆਂ ਦੇ ਕੁਝ ਅਧਿਕਾਰੀਆਂ ਵੱਲੋਂ ਸਾਜੇ ਗਏ ਅਣਗਿਣਤ ‘ਮਰਜੀਵੜਿਆਂ’ ਤੇ ਪਾਲੀਆਂ ਗਈਆਂ ‘ਕਾਲੀਆਂ ਬਿੱਲੀਆਂ’ ਨੇ ਵੱਖ-ਵੱਖ ਫਿਰਕਿਆਂ ਵਿੱਚ ਬਦਮਗਜ਼ੀ ਪੈਦਾ ਕਰਨ ਲਈ ਹੋਛੇ ਹਥਿਆਰ ਵਰਤੇ। ਤੀਰਥ ਅਸਥਾਨਾਂ ’ਤੇ ਮੁੱਖ ਫਿਰਕਿਆਂ ਵੱਲੋਂ ਪੂਜੇ ਜਾਂਦੇ ਜਾਨਵਰਾਂ ਦੇ ਸਿਰ ਤੇ ਪੂਛਾਂ ਸੁੱਟੀਆਂ ਗਈਆਂ, ਜਿਸ ਨਾਲ ਚਾਰ-ਚੁਫੇਰੇ ਭਾਂਬੜ ਮੱਚ ਗਏ। ‘ਅੱਗ ਲਾਈ ਤੇ ਡੱਬੂ ਕੰਧ ‘ਤੇ’ ਵਾਂਗ ਖੁਫ਼ੀਆ ਏਜੰਸੀਆਂ ‘ਬਸੰਤਰ’ ਦਾ ਆਨੰਦ ਮਾਨਣ ਲੱਗ ਪਈਆਂ। ਇਹ ਸਪਸ਼ਟ ਸੀ ਕਿ ਕੋਈ ਵੀ ਨਾਨਕ ਨਾਮ-ਲੇਵਾ ਤੀਰਥ ਅਸਥਾਨਾਂ ਨੂੰ ਪਲੀਤ ਕਰਨ ਵਾਲਾ ਕੰਮ ਨਹੀਂ ਕਰ ਸਕਦਾ। ਗੁਰਬਾਣੀ ਵਿੱਚ ਪਰਾਏ ਹੱਕ ਨੂੰ ਮਾਰਨ ਵਾਲੇ ਨੂੰ ਨਿੰਦਣ ਲਈ ਸੂਰ ਤੇ ਗਾਂ ਦੀ ਤੁਲਨਾ ਦਿੱਤੀ ਗਈ ਹੈ:
ਹਕ ਪਰਾਇਆ ਨਾਨਕਾ
ਉਸੁ ਸੂਅਰ ਉਸ ਗਾਇ।।
ਜਿਸ ਦਾ ਇਨਸਾਨੀਅਤ ਵਿੱਚ ਵਿਸ਼ਵਾਸ ਨਹੀਂ, ਓਹੀ ਦੂਜਿਆਂ ਦੇ ਧਰਮ ਅਸਥਾਨਾਂ ’ਤੇ ‘ਕਾਇਰਤਾ ਭਰਪੂਰ’ ਹਮਲੇ ਕਰਨ ਦੀ ਸਾਜ਼ਿਸ਼ ਘੜ ਸਕਦਾ ਹੈ ਜਾਂ ਅਜਿਹਾ ਕਾਰਾ ਪਾਕਿਸਤਾਨ ਜਾਂ ਦੇਸ਼-ਵਿਦੇਸ਼ ਦੀ ਏਜੰਸੀ ਦੇ ਇਸ਼ਾਰੇ ’ਤੇ ਹੁੰਦਾ ਹੈ। ਅਜਿਹੇ ਲੋਕ ਹਨੇਰੇ ਦੇ ਹਮਸਫ਼ਰ ਹੁੰਦੇ ਹਨ। ਆਪਣੇ ਮੋਢਿਆਂ ’ਤੇ ਗੈਂਤੀਆਂ ਚੁੱਕੀ ਫਿਰਦੇ ਇਹ ਲੋਕ ਕਬਰਾਂ ਪੁੱਟਣ ਲਈ ਸਮੇਂ ਤੇ ਸਥਾਨ ਦੀ ਭਾਲ ਵਿੱਚ ਹੁੰਦੇ ਹਨ। ਪੰਜਾਬ ਤੋਂ ਬਾਅਦ ਹੁਣ ਕਸ਼ਮੀਰ ਦੀ ਵਾਰੀ ਹੈ। ਸਿੱਖਾਂ ਨੂੰ ਕਸ਼ਮੀਰ ਛੱਡਣ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਦੇਸ਼ ਭਰ ਵਿੱਚ ਨਿੰਦਿਆਂ ਹੋ ਰਹੀ ਹੈ। ਵਾਦੀ ਦੇ ਸਿੱਖਾਂ ਨੂੰ ਇਸਲਾਮ ਕਬੂਲਣ ਅਤੇ ਵੱਖਵਾਦੀਆਂ ਵੱਲੋਂ ਵਿੱਢੇ ਗਏ ‘ਆਜ਼ਾਦੀ ਸੰਗਰਾਮ’ ਵਿੱਚ ਕੁੱਦਣ ਲਈ ਉੱਥੋਂ ਦੇ ਵਸਨੀਕਾਂ ਦੇ ਘਰਾਂ ਅਤੇ ਵਾਦੀ ਦੇ ਗੁਰਦੁਆਰਿਆਂ ਦੀਆਂ ਕੰਧਾਂ ’ਤੇ ਇਸ਼ਤਿਹਾਰ ਚਿਪਕਾਏ ਗਏ ਹਨ। ਮੁੱਖ ਮੰਤਰੀ, ਉਨ੍ਹਾਂ ਦੇ ਪਿਤਾ ਡਾ.ਫਾਰੂਕ ਅਬਦੁੱਲਾ ਅਤੇ ਹੁਰੀਅਤ ਕਾਨਫ਼ਰੰਸ ਦੇ ਦੋਹਾਂ ਧੜਿਆਂ ਸਮੇਤ ਹਰੇਕ ਮੁਸਲਿਮ ਤਨਜ਼ੀਮ ਨੇ ਅਜਿਹੀਆਂ ਧਮਕੀਆਂ ਤੋਂ ਇਨਕਾਰ ਕੀਤਾ ਹੈ। ਧਮਕੀ-ਪੱਤਰਾਂ ’ਤੇ ਨਾ ਕਿਸੇ ਮੁਸਲਿਮ ਤਨਜ਼ੀਮ ਦੇ ਤੇ ਨਾ ਹੀ ਕਿਸੇ ਜੱਹਾਦੀ ਜਥੇਬੰਦੀ ਦੇ ਕਾਰਕੁਨ ਦੇ ਦਸਤਖ਼ਤ ਹਨ। ਜੱਹਾਦੀ ਕਹਿੰਦੇ ਹਨ, ਇਹ ਕੰਮ ਕਿਸੇ ‘ਤੀਜੀ ਧਿਰ’ ਦਾ ਹੈ ਜਿਹੜੀ ਵੱਖ-ਵੱਖ ਫਿਰਕਿਆਂ ਵਿੱਚ ਤਣਾਅ ਪੈਦਾ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੀ ਹੈ। ਇਹ ਸਾਜ਼ਿਸ਼ ਉਸ ਵੇਲੇ ਘੜੀ ਗਈ ਜਦੋਂ ਕਈ ਦਿਨਾਂ ਦੇ ਬੰਦਾਂ ਤੇ ਹੜਤਾਲਾਂ ਤੋਂ ਬਾਅਦ ਕਸ਼ਮੀਰ ਵਾਦੀ ਦੇ ਲੋਕਾਂ ਨੇ ਵੱਖਵਾਦੀਆਂ ’ਤੇ ਪੱਥਰ ਸੁੱਟਣੇ ਸ਼ੁਰੂ ਕੀਤੇ ਹਨ। ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਜਦੋਂ ਕੁਝ ਵੱਖਵਾਦੀ ਧੜੇ ਸਥਾਨਕ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਗਏ ਤਾਂ ਦੁਕਾਨ ਮਾਲਕਾਂ ਨੇ ਉਨ੍ਹਾਂ ’ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਅਜਿਹੀਆਂ ਝੜਪਾਂ ਮੱਧ-ਕਸ਼ਮੀਰ ਦੇ ਓਮਪੁਰਾ ਇਲਾਕੇ ਵਿੱਚ ਵੀ ਹੋਈਆਂ ਹਨ। ਇੱਟ ਦਾ ਜਵਾਬ ਪੱਥਰ ਮਿਲੇ ਤਾਂ ਹਮਲਾਵਰ ਠਠੰਬਰ ਜਾਂਦਾ ਹੈ। ਜੇ ਪੱਥਰ ਦਾ ਜਵਾਬ ਪੱਥਰ ਮਿਲੇ ਤਾਂ ਚੰਗਿਆੜੇ ਨਿਕਲਦੇ ਹਨ ਪਰ ਜੇ ਪੱਥਰ ਇਨਸਾਨਾਂ ’ਤੇ ਪੈਣ ਲੱਗ ਜਾਣ ਤਾਂ ਅੱਗ ਦੇ ਭਾਂਬੜ ਸਾਰੇ ਇਲਾਕੇ ਨੂੰ ਕਲਾਵੇ ਵਿੱਚ ਲੈ ਲੈਂਦੇ ਹਨ।
ਸਾਜ਼ਿਸ਼ਾਂ ਘੜਨ ਵਾਲੇ ਅੱਜ ਕੱਲ੍ਹ ਬੇੜੀਆਂ ਵਿੱਚ ਵੱਟੇ ਪਾਉਣ ਦੀ ਬਜਾਏ ਛੋਟੇ-ਛੋਟੇ ਛੇਕ ਕਰਦੇ ਹਨ ਜਿਸ ਦੀ ਬਦੌਲਤ ਵੱਡੇ ਤੋਂ ਵੱਡਾ ਬੇੜਾ ਦੇਖਦਿਆਂ-ਦੇਖਦਿਆਂ ਡੁੱਬ ਜਾਂਦਾ ਹੈ। ਸਾਜ਼ਿਸ਼ੀ ਲੋਕ ਸਭ ਤੋਂ ਪਹਿਲਾਂ ਹਵਾ ਵਿੱਚ ਜ਼ਹਿਰ ਘੋਲਦੇ ਹਨ, ਫਿਰ ਮਰਨ ਵਾਲਿਆਂ ਦੀ ਗਿਣਤੀ ਜਾਨਣ ਲਈ ਸਮਾਂ ਗਵਾਉਣ ਦੀ ਬਜਾਏ ਅਖ਼ਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਹਨ।
ਕਈ ਲੋਕ ਆਪਣੇ ਦੇਸ਼ ਲਈ ਤੇ ਕੁਝ ਪੇਟ ਖਾਤਰ ਜਾਸੂਸੀ ਵਰਗਾ ਜ਼ੋਖ਼ਮ ਭਰਿਆ ਧੰਦਾ ਅਪਣਾ ਲੈਂਦੇ ਹਨ। ਪਾਕਿਸਤਾਨ ਤੇ ਹਿੰਦੁਸਤਾਨ ਦੀ ਸਰਹੱਦੀ ਪੱਟੀ ਦੇ ਗਰੀਬ ਵਰਗ ਦੇ ਬੇਰੁਜ਼ਗਾਰ ਲੋਕ ਮਜਬੂਰੀ ਵਸ ਇਸ ਧੰਦੇ ਦੀ ਦਲਦਲ ਵਿੱਚ ਡੂੰਘੇ ਧੱਸ ਜਾਂਦੇ ਹਨ। ਦੋਹਾਂ ਦੇਸ਼ਾਂ ਦੀਆਂ ਜੇਲ੍ਹਾਂ ਅਜਿਹੇ ਕੈਦੀਆਂ ਨਾਲ ਭਰੀਆਂ ਪਈਆਂ ਹਨ। ਜਾਸੂਸੀ ਕਰਦਾ ਕੋਈ ਫੜਿਆ ਜਾਵੇ ਤਾਂ ਕੋਈ ਦੇਸ਼ ਨਹੀਂ ਮੰਨਦਾ ਕਿ ਉਹ ਉਨ੍ਹਾਂ ਦਾ ਬੰਦਾ ਹੈ। ਫੜੇ ਗਏ ਜਾਸੂਸਾਂ ਦੇ ਪਰਿਵਾਰਾਂ ਨੂੰ ਵਾਅਦੇ ਮੁਤਾਬਕ ‘ਸੇਵਾਫਲ’ ਵੀ ਮੁਹੱਈਆ ਨਹੀਂ ਕਰਾਇਆ ਜਾਂਦਾ। ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਅਣਗਿਣਤ ਹਿੰਦੁਸਤਾਨੀ ਗੁੰਮਨਾਮੀ ਵਿੱਚ ਮਰ ਗਏ। ਲਾਹੌਰ ਦੀ ਲਖਪੱਤ ਜੇਲ੍ਹ ਵਿੱਚ ਅਣਗਿਣਤ ਗੁੰਮਨਾਮ ਭਾਰਤੀਆਂ ਦੀਆਂ ਅਸਥੀਆਂ ਵਾਲੇ ਕਲਸ਼ ਸਾਂਭੇ ਹੋਏ ਹਨ, ਜਿਨ੍ਹਾਂ ਦਾ ਸਸਕਾਰ ਜੇਲ੍ਹ ਅਧਿਕਾਰੀਆਂ ਨੇ ਕੀਤਾ ਹੈ। ਜਾਸੂਸਾਂ ਦੀ ਵਿਥਿਆ ਰੌਂਗਟੇ ਖੜ੍ਹੇ ਕਰਨ ਵਾਲੀ ਹੈ।
ਕਸ਼ਮੀਰ ਵਾਦੀ ਤੇ ਉੱਥੋਂ ਦੇ ਵਸਨੀਕ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਪਹਿਲਾਂ ਚਿੱਠੀ ਸਿੰਘਪੁਰਾ ਵਿੱਚ ਸਿੱਖਾਂ ਦਾ ਕਤਲੇਆਮ ਵੀ ਅਜਿਹੀ ਕਿਸੇ ਸਾਜ਼ਿਸ਼ ਦਾ ਹਿੱਸਾ ਸੀ। ਇਸ ਬਾਰੇ ਇਸ਼ਾਰਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਵੀ ਕੀਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਕਸ਼ਮੀਰ ਵੀ ਵੰਡਿਆ ਗਿਆ। ਕਸ਼ਮੀਰ ਦਾ ਦੂਜਾ ਹਿੱਸਾ ਇੱਕ ਲਈ ‘ਆਜ਼ਾਦ’ ਹੈ ਤੇ ਦੂਜੀ ਲਈ ‘ਮਕਬੂਜਾ’। ਦੋਹਾਂ ਪੁੜਾਂ ਵਿੱਚ ਅਵਾਮ ਨਪੀੜਿਆ ਜਾ ਰਿਹਾ ਹੈ। ਨਫ਼ਰਤ ਦੀਆਂ ਲਪਟਾਂ ਵਾਦੀ ਦੇ ਹੁਸਨ ਨੂੰ ਭਸਮ ਕਰਨ ’ਤੇ ਤੁਲੀਆਂ ਹੋਈਆਂ ਹਨ।
ਜੰਮੂ-ਕਸ਼ਮੀਰ ਵਿੱਚ ਡੋਗਰਿਆਂ ਦਾ ਸ਼ਾਸਨ ਲਗਪਗ ਇੱਕ ਸਦੀ (1846 ਤੋਂ 1952) ਤੱਕ ਰਿਹਾ। ਕਸ਼ਮੀਰੀਆਂ ’ਤੇ ਬੇਤਹਾਸ਼ਾ ਤਸ਼ੱਦਦ ਵੀ ਹੋਇਆ। ਜੰਮੂ ਨਾਲ ਸਬੰਧਤ ਰਾਜਾ ਗੁਲਾਬ ਸਿੰਘ ਡੋਗਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵੱਡੇ ਅਹੁਦੇ ਨਾਲ ਨਿਵਾਜਿਆ ਗਿਆ। ਇੱਕ ਸਮਾਂ ਆਇਆ ਜਦੋਂ ਆਪਣਿਆਂ (ਪਹਾੜਾ ਸਿੰਘ ਸੀ ਰਾਜ ਫਰੰਗੀਆਂ ਦਾ…) ਵੱਲੋਂ ਘੜੀਆਂ ਗਈਆਂ ਸਾਜ਼ਿਸ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਨੂੰ ਤਬਾਹ ਕਰ ਦਿੱਤਾ। ਜੇ ਹਿੰਦੁਸਤਾਨ ਦੀ ਸਰ-ਜ਼ਮੀਨ ਨੇ ਪਹਾੜਾ ਸਿੰਘ ਤੇ ਗੁਲਾਬ ਸਿੰਘ ਵਰਗੇ ਸਾਜ਼ਿਸ਼ੀਆਂ ਤੇ ਗਦਾਰਾਂ ਨੂੰ ਜਨਮ ਨਾ ਦਿੱਤਾ ਹੁੰਦਾ ਤਾਂ ਫਰੰਗੀ ਸੱਤ ਸਮੁੰਦਰੋਂ ਪਾਰ ਕਰ ਕੇ ਏਨੇ ਵਿਸ਼ਾਲ ਦੇਸ਼ ਨੂੰ ਗੁਲਾਮ ਨਾ ਬਣਾ ਸਕਦੇ।
 
Top